ਸਿੱਖ ਗਾਰਡਾਂ ਨੂੰ ਦਾੜ੍ਹੀ ਕੱਟਣ ਲਈ ਮਜਬੂਰ ਕਰਨ ਵਾਲੀ ਕੈਲੀਫੋਰਨੀਆ ਜੇਲ੍ਹ ਏਜੰਸੀ ਵਿਰੁਧ ਅਦਾਲਤ ਪੁੱਜਾ ਅਮਰੀਕਾ ਨਿਆਂ ਵਿਭਾਗ
  ਅਮਰੀਕਾ ਦੇ ਨਿਆਂ ਵਿਭਾਗ ਨੇ ਇਕ ਜੱਜ ਕੋਲ ਅਪੀਲ ਕੀਤੀ ਹੈ ਕਿ ਉਹ ਕੈਲੀਫੋਰਨੀਆ ਦੇ ਸੁਧਾਰ ਅਤੇ ਮੁੜ ਵਸੇਬਾ ਵਿਭਾਗ (ਸੀ.ਡੀ.ਸੀ.ਆਰ.) ਨੂੰ ਅਪਣੇ ਗਾਰਡਾਂ ਦੇ ਧਾਰਮਕ ਅਧਿਕਾਰਾਂ ਦਾ ਸਨਮਾਨ ਕਰਨ ਅਤੇ ਸਿੱਖਾਂ, ਮੁਸਲਮਾਨਾਂ ਅਤੇ ਹੋਰਾਂ ਦੇ ਦਾੜ੍ਹੀ ਰੱਖਣ &rsquoਤੇ ਪਾਬੰਦੀ ਲਗਾਉਣ ਵਾਲੀ ਨੀਤੀ ਨੂੰ ਲਾਗੂ ਕਰਨ ਤੋਂ ਰੋਕੇ। ਸੀ.ਡੀ.ਸੀ.ਆਰ. ਨੇ 2022 ਤੋਂ ਜ਼ਿਆਦਾਤਰ ਗਾਰਡਾਂ ਦੇ ਚਿਹਰੇ &rsquoਤੇ ਵਾਲ ਰੱਖਣ &rsquoਤੇ ਪਾਬੰਦੀ ਲਗਾ ਦਿਤੀ ਹੈ। ਸੀ.ਡੀ.ਸੀ.ਆਰ. ਨੇ ਇਹ ਦਲੀਲ ਦਿਤੀ ਹੈ ਕਿ ਉਨ੍ਹਾਂ ਨੂੰ ਮੂੰਹ &rsquoਤੇ ਪੂਰੀ ਤਰ੍ਹਾਂ ਫ਼ਿੱਟ ਮਾਸਕ ਪਹਿਨਣ ਲਈ ਕਲੀਨਸ਼ੇਵ ਹੋਣ ਦੀ ਜ਼ਰੂਰਤ ਹੈ ਜੋ ਉਨ੍ਹਾਂ ਨੂੰ ਕੋਰੋਨਾ ਵਾਇਰਸ ਵਰਗੀਆਂ ਬਿਮਾਰੀਆਂ ਅਤੇ ਰਸਾਇਣਕ ਏਜੰਟਾਂ ਤੋਂ ਬਚਾ ਸਕਦੇ ਹਨ।
ਹਾਲਾਂਕਿ, ਨਿਆਂ ਵਿਭਾਗ ਦੀ ਦਲੀਲ ਹੈ ਕਿ ਜੇਲ੍ਹ ਏਜੰਸੀ ਨੇ ਇਸ ਦੇ ਬਦਲ ਲੱਭਣ ਲਈ ਲੋੜੀਂਦਾ ਕੰਮ ਨਹੀਂ ਕੀਤਾ ਹੈ ਜਿਸ ਨਾਲ ਗਾਰਡਾਂ ਅਪਣੇ ਧਰਮਾਂ ਦੀ ਪਾਲਣਾ ਵੀ ਕਰੀ ਜਾਣ ਅਤੇ ਨਿਯਮਾਂ ਦੀ ਉਲੰਘਣਾ ਵੀ ਨਾ ਹੋਵੇ। ਅਮਰੀਕਨ ਸਿਵਲ ਲਿਬਰਟੀਜ਼ ਯੂਨੀਅਨ ਅਤੇ ਸਿੱਖ ਕੋਲੀਸ਼ਨ ਨੇ ਇਸ ਨੀਤੀ ਦੀ ਆਲੋਚਨਾ ਕਰਦਿਆਂ ਕਿਹਾ ਹੈ ਕਿ ਇਹ ਗੈਰ-ਗੋਰੇ ਅਧਿਕਾਰੀਆਂ ਅਤੇ ਗਾਰਡਾਂ ਨੂੰ ਅਪਣੇ ਧਰਮ ਅਤੇ ਉਨ੍ਹਾਂ ਦੀਆਂ ਨੌਕਰੀਆਂ ਵਿਚੋਂ ਕਿਸੇ ਇਕ ਦੀ ਚੋਣ ਕਰਨ ਲਈ ਮਜਬੂਰ ਕਰਦੀ ਹੈ।