image caption:

ਪਾਰਟੀ ਪੰਜਾਬ 'ਚ ਜਿੱਥੋਂ ਕਹੇਗੀ ਚੋਣ ਲੜਾਂਗਾ : ਚੰਨੀ

 ਜਲੰਧਰ : ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸ਼ੁੱਕਰਵਾਰ ਸ਼ਾਮ ਨੂੰ ਜਲੰਧਰ 'ਚ ਕਿਹਾ ਕਿ ਪਾਰਟੀ ਉਨ੍ਹਾਂ ਨੂੰ ਜਿੱਥੋਂ ਕਹੇਗੀ ਚੋਣ ਲੜ ਲਵਾਂਗਾ, ਬੱਸ ਉਨ੍ਹਾਂ ਨੂੰ ਪੰਜਾਬ ਤੋਂ ਬਾਹਰ ਨਾ ਭੇਜੇ। ਉਹ ਜਲੰਧਰ ਲੋਕ ਸਭਾ ਸੀਟ ਤੋਂ ਚੋਣ ਲੜਨਗੇ ਜਾਂ ਨਹੀਂ ਇਸ ਦਾ ਫ਼ੈਸਲਾ ਪਾਰਟੀ ਨੂੰ ਕਰਨਾ ਹੈ। ਉਨ੍ਹਾਂ ਦੇ ਨਾਮ ਦੀ ਚਰਚਾ ਜਲੰਧਰ 'ਚ ਹੀ ਨਹੀਂ ਹੁਸ਼ਿਆਰਪੁਰ, ਫਤਿਹਗੜ੍ਹ ਸਾਹਿਬ ਤੇ ਪੰਜਾਬ ਤੋਂ ਬਾਹਰ ਗੰਗਾਨਗਰ ਤੋਂ ਵੀ ਹੋ ਰਹੀ ਹੈ। ਇਹ ਚਰਚਾਵਾਂ ਹੁੰਦੀਆਂ ਰਹਿੰਦੀਆਂ ਹਨ। ਪਾਰਟੀ ਦੇ ਆਗੂਆਂ ਦੇ ਦੂਸਰੀ ਪਾਰਟੀਆਂ 'ਚ ਸ਼ਾਮਲ ਹੋਣ 'ਤੇ ਚੰਨੀ ਨੇ ਕਿਹਾ ਕਿ ਇਸ ਵਾਰ ਲੋਕ ਸਭਾ ਚੋਣਾਂ 'ਚ ਕਾਂਗਰਸ ਦੀ 'ਏ' ਟੀਮ ਹੀ ਉਤਰੇਗੀ। ਹੁਣ ਕੋਈ 'ਬੀ' ਟੀਮ ਨਹੀਂ ਹੈ। ਚੰਨੀ ਜਲੰਧਰ 'ਚ ਰੋਜ਼ਾ ਇਫਤਾਰ ਪਾਰਟੀ 'ਚ ਸ਼ਾਮਲ ਹੋ ਕੇ ਮੁਸਲਮ ਭਾਈਚਾਰੇ ਨੂੰ ਵਧਾਈ ਦੇਣ ਪਹੁੰਚੇ ਸਨ।

ਇਸ ਮੌਕੇ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਖੁਦ ਗੱਦਾਰਾਂ ਦੀ ਪਾਰਟੀ ਹੈ। ਇਸ 'ਚ ਇਨ੍ਹਾਂ ਦਾ ਆਪਣਾ ਆਗੂ ਕੌਣ ਹੈ? ਇਹ ਖ਼ੁਦ ਦੂਸਰੀ ਪਾਰਟੀਆਂ ਦੇ ਆਗੂਆਂ ਨੂੰ ਲੈ ਕੇ ਆਉਂਦੇ ਹਨ। ਜਦੋਂ ਕੋਈ ਆਗੂ ਇਨ੍ਹਾਂ ਦੀ ਪਾਰਟੀ 'ਚ ਆਉਂਦਾ ਹੈ ਤਾਂ ਇਹ ਉਸ ਨੂੰ 'ਦੇਸ਼ ਭਗਤ' ਦੱਸਦੇ ਹਨ। ਉਹੀ ਆਗੂ ਜਦੋਂ ਪਾਰਟੀ ਛੱਡ ਕੇ ਚਲਾ ਜਾਂਦਾ ਹੈ ਤਾਂ ਉਸ ਨੂੰ 'ਗੱਦਾਰ' ਕਹਿਣ ਲੱਗਦੇ ਹਨ। ਸਵਾਰੀ ਆਪਣੇ ਸਾਮਾਨ ਦੀ ਆਪ ਜ਼ਿੰਮੇਵਾਰ ਹੁੰਦੀ ਹੈ। ਜੇਕਰ ਉਹ ਆਪਣੇ ਸਾਮਾਨ ਨੂੰ ਨਹੀਂ ਸੰਭਾਲ ਸਕਦੇ ਤਾਂ ਕੀ ਹੋਇਆ। ਜੋ ਇਕ ਵਾਰ ਗੱਦਾਰੀ ਕਰਦਾ ਹੈ, ਉਹ ਵਾਰ-ਵਾਰ ਗੱਦਾਰੀ ਕਰਦਾ ਹੈ। ਇੱਜ਼ਤ ਕਮਾਉਣ 'ਚ ਸਾਲਾਂ ਲੱਗ ਜਾਂਦੇ ਹਨ ਪਰ ਗਵਾਉਣ ਲਈ ਕੁਝ ਪਲ਼ ਹੀ ਕਾਫੀ ਹਨ।