ਅਮਰੀਕਾ ਵਿਚ ਲੰਬੇ ਸਮੇ ਤੋਂ ਲੱਖਾਂ ਭਾਰਤੀ ਗਰੀਨ ਕਾਰਡ ਦੀ ਉਡੀਕ ਵਿੱਚ
 ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਅਮਰੀਕਾ ਵਿਚ ਯੂ ਐਸ ਸਿਟੀਜ਼ਨ ਐਂਡ ਇਮੀਗ੍ਰੇਸ਼ਨ ਸਰਵਿਸਜ ਪਿਛਲੇ ਲੰਬੇ ਸਮੇ ਤੋਂ ਉਨਾਂ  ਲੱਖਾਂ ਭਾਰਤੀਆਂ ਦੀਆਂ ਆਸਾਂ ਉੱਤੇ ਖਰੀ ਨਹੀਂ ਉੱਤਰੀ ਜੋ ਗਰੀਨ ਕਾਰਡ ਦੀ ਉਡੀਕ ਵਿਚ ਹਨ।  10 ਲੱਖ ਤੋਂ ਵਧ ਭਾਰਤੀ ਜਿਨਾਂ ਵਿਚ ਉੱਚ ਪੱਧਰ ਦੇ ਹੁਨਰਮੰਦ ਪੇਸ਼ਾਵਰ ਲੋਕ ਸ਼ਾਮਿਲ ਹਨ, ਦਹਾਕਿਆਂ ਤੋਂ ਗਰੀਨ ਕਾਰਡ ਦੀ ਉਡੀਕ ਵਿਚ ਹਨ। ਇਹ ਸਮੱਸਿਆ ਹਰ ਦੇਸ਼ ਲਈ ਨਿਰਧਾਰਤ ਹੱਦ ਤੇ ਗਰੀਨ ਕਾਰਡਾਂ ਦਾ ਸਲਾਨਾ ਕੋਟਾ ਘੱਟ ਹੋਣ ਕਾਰਨ ਪੈਦਾ ਹੋਈ ਹੈ। ਫਾਰਬਸ ਮੈਗਜ਼ੀਨ ਦੀ ਰਿਪੋਰਟ ਅਨੁਸਾਰ 12 ਲੱਖ ਭਾਰਤੀ ਜਿਨਾਂ ਵਿਚ ਉਨਾਂ ਦੇ ਆਸ਼ਰਤ ਵੀ ਸ਼ਾਮਿਲ ਹਨ, ਰੁਜ਼ਗਾਰ ਅਧਾਰਤ ਪਹਿਲੀ, ਦੂਜੀ ਤੇ ਤੀਸਰੀ ਗਰੀਨ ਕਾਰਡ ਸ਼੍ਰੇਣੀ ਵਿਚ ਗਰੀਨ ਕਾਰਡਾਂ ਦੀ ਉਡੀਕ ਵਿਚ ਹਨ। ਯੂ ਐਸ ਸਿਟੀਜ਼ਨ ਐਂਡ ਇਮੀਗ੍ਰੇਸ਼ਨ ਸਰਵਿਸਜ ਨਾਲ ਸਬੰਧਤ ਨੈਸ਼ਨਲ ਫਾਊਂਡੇਸ਼ਨ ਫਾਰ  ਅਮੈਰੀਕਨ ਪਾਲਸੀ ਅਨੁਸਾਰ ਪਹਿਲੀ  ਤਰਜੀਹੀ ਸ਼੍ਰੇਣੀ ਜਿਸ ਨੂੰ ਈ ਬੀ-1 ਵੀ ਕਿਹਾ ਜਾਂਦਾ ਹੈ, ਵਿਚ ਕੁਲ 143497 ਭਾਰਤੀਆਂ ਨੂੰ ਗਰੀਨ ਕਾਰਡ ਨਹੀਂ ਮਿਲਿਆ। ਇਸ ਸ਼੍ਰੇਣੀ ਵਿਚ ਅਸਧਾਰਨ ਸਮਰਥਾ ਵਾਲੇ ਪ੍ਰੋਫੈਸਰ, ਖੋਜੀ ਤੇ ਬਹੁ ਰਾਸ਼ਟਰੀ ਅਧਿਕਾਰੀ ਜਾਂ ਮੈਨੇਜਰ ਸ਼ਾਮਿਲ ਹਨ। ਰੁਜ਼ਗਾਰ ਅਧਾਰਤ ਦੂਸਰੀ ਤਰਜੀਹੀ ਸ਼੍ਰੇਣੀ ਜਿਸ ਨੂੰ ਈ ਬੀ-2 ਵੀ ਕਿਹਾ ਜਾਂਦਾ ਹੈ, ਵਿਚ 419392 ਭਾਰਤੀ ਤੇ ਏਨੇ ਹੀ ਉਨਾਂ 'ਤੇ ਨਿਰਭਰ ਭਾਰਤੀ ਸ਼ਾਮਿਲ ਹਨ । ਕੁਲ ਮਿਲਾ ਕੇ ਇਸ ਸ਼ੇਣੀ ਵਿਚ 838784 ਭਾਰਤੀਆਂ ਨੂੰ ਗਰੀਨ ਕਾਰਡ ਦੀ ਉਡੀਕ ਹੈ। ਇਸ ਸ਼੍ਰੇਣੀ ਵਿਚ ਐਡਵਾਂਸ ਡਿਗਰੀ ਵਾਲੇ ਤੇ ਸਾਇੰਸ, ਆਰਟਸ ਤੇ ਬਿਜਨਸ ਵਿਚ ਵਿਸ਼ੇਸ਼ ਮੁਹਾਰਤ ਰਖਣ ਵਾਲੇ ਲੋਕ ਸ਼ਾਮਿਲ ਹਨ।  ਰੁਜ਼ਗਾਰ ਅਧਾਰਤ ਤੀਸਰੀ ਤਰਜੀਹੀ ਸ਼੍ਰੇਣੀ ਵਿਚ 138581 ਭਾਰਤੀ ਸ਼ਾਮਿਲ ਹਨ, ਜੋ ਗਰੀਨ ਕਾਰਡ ਦੀ ਉਡੀਕ ਵਿਚ ਹਨ। ਯੂ ਐਸ ਸਿਟੀਜ਼ਨ ਐਂਡ ਇਮੀਗ੍ਰੇਸ਼ਨ ਸਰਵਿਸਜ ਦੇ 2020 ਦੇ ਅੰਕੜਿਆਂ ਅਨੁਸਾਰ ਈ ਬੀ-2 ਸ਼੍ਰੇਣੀ ਵਿਚ ਭਾਰਤੀਆਂ ਜਿਨਾਂ ਨੂੰ ਗਰੀਨ ਕਾਰਡ ਨਹੀਂ ਮਿਲਿਆ, ਦੀ ਗਿਣਤੀ ਵਿਚ ਪਿਛਲੇ 3 ਸਾਲਾਂ ਦੌਰਾਨ 40% ਵਾਧਾ ਹੋਇਆ ਸੀ। ਵਿਸ਼ਲੇਸ਼ਣਕਾਰਾਂ ਦਾ ਮੰਨਣਾ ਹੈ ਕਿ ਜੇਕਰ ਇਸ ਤਰਾਂ ਹੀ ਚੱਲਦਾ ਰਿਹਾ ਤਾਂ ਭਵਿੱਖ ਵਿਚ ਇਹ ਗਿਣਤੀ ਬਹੁਤ ਜਿਆਦਾ ਹੋ ਜਾਵੇਗੀ। ਹੋ ਸਕਦਾ ਹੈ ਕਿ ਬਹੁਤ ਸਾਰਿਆਂ ਨੂੰ ਆਪਣੀ ਇਸ ਜਿੰਦਗੀ ਵਿਚ ਗਰੀਨ ਕਾਰਡ ਨਸੀਬ ਹੀ ਨਾ  ਹੋਵੇ।