ਡਾ: ਸੰਦੀਪ ਸਿੰਘ ਮੁੰਡੇ ਨੂੰ ਮਹਾਰਾਜਾ ਗੰਗਾ ਸਿੰਘ ਯੂਨੀਵਰਸਿਟੀ, ਬੀਕਾਨੇਰ ਨੇ ਬੋਰਡ ਆਫ਼ ਸਟੱਡੀਜ਼, ਪੰਜਾਬੀ ਦਾ ਕਨਵੀਨਰ ਨਿਯੁਕਤ ਕੀਤਾ

ਸ੍ਰੀ ਗੰਗਾਨਗਰ - ਗੁਰੂ ਹਰਗੋਬਿੰਦ ਸਾਹਿਬ ਪੀਜੀ ਕਾਲਜ, ਸੀ.ਸੀ. ਹੈਡ ਦੇ ਪ੍ਰਿੰਸੀਪਲ ਅਤੇ ਪੰਜਾਬੀ ਸਾਹਿਤਕਾਰ ਡਾ. ਸੰਦੀਪ ਸਿੰਘ ਮੁੰਡੇ ਨੂੰ ਮਹਾਰਾਜਾ ਗੰਗਾ ਸਿੰਘ ਯੂਨੀਵਰਸਿਟੀ, ਬੀਕਾਨੇਰ ਵੱਲੋਂ ਬੋਰਡ ਆਫ਼ ਸਟੱਡੀਜ਼, ਪੰਜਾਬੀ ਦਾ ਕਨਵੀਨਰ ਨਿਯੁਕਤ ਕੀਤਾ ਗਿਆ ਹੈ। ਪਿਛਲੇ ਅੱਠ ਸਾਲਾਂ ਤੋਂ ਡਾ: ਮੁੰਡੇ ਨਿਰੰਤਰ ਇਸ ਯੂਨੀਵਰਸਿਟੀ ਦੇ ਬੋਰਡ ਆਫ਼ ਸਟੱਡੀਜ਼, ਪੰਜਾਬੀ ਦੇ ਮੈਂਬਰ ਵਜੋਂ ਸੇਵਾਵਾਂ ਦੇ ਰਹੇ ਸਨ । ਕੁਝ ਸਮਾਂ ਪਹਿਲਾਂ ਹੀ ਡਾ: ਮੁੰਡੇ ਇਸ ਯੂਨੀਵਰਸਿਟੀ ਵਿਖੇ ਪੰਜਾਬੀ ਵਿਸ਼ੇ ਦੇ ਪਹਿਲੇ ਖੋਜ ਨਿਗਰਾਨ ਬਣੇ ਹਨ। ਡਾ: ਮੁੰਡੇ ਰਾਜਸਥਾਨ ਵਿੱਚ ਕਿਸੇ ਸਰਕਾਰੀ ਯੂਨੀਵਰਸਿਟੀ ਵਿੱਚ ਨਿਯੁਕਤ ਹੋਣ ਵਾਲੇ ਪੰਜਾਬੀ ਵਿਸ਼ੇ ਦੇ ਪਹਿਲੇ ਖੋਜ ਨਿਗਰਾਨ ਹਨ। ਉਨ੍ਹਾਂ ਦੇ ਰਿਸਰਚ ਸੁਪਰਵਾਈਜ਼ਰ ਬਣਨ ਨਾਲ ਰਾਜਸਥਾਨ ਵਿੱਚ ਪੰਜਾਬੀ ਵਿਸ਼ੇ ਵਿੱਚ ਖੋਜ ਕਾਰਜ (ਪੀ.ਐੱਚ.ਡੀ.) ਕਰਨ ਦਾ ਰਾਹ ਖੁੱਲ ਗਿਆ ਹੈ। ਪੰਜਾਬੀ ਮਾਂ ਬੋਲੀ ਨੂੰ ਪ੍ਰਫੁੱਲਤ ਕਰਨ ਅਤੇ ਪੰਜਾਬੀ ਸਾਹਿਤ ਦੇ ਖੇਤਰ ਵਿੱਚ ਸ਼ਲਾਘਾਯੋਗ ਯੋਗਦਾਨ ਪਾਉਣ ਲਈ ਡਾ: ਸੰਦੀਪ ਸਿੰਘ ਮੁੰਡੇ ਨੂੰ ਵੱਖ-ਵੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸੰਸਥਾਵਾਂ ਵੱਲੋਂ ਸਨਮਾਨਿਤ ਕੀਤਾ ਜਾ ਚੁੱਕਾ ਹੈ। ਹਾਲ ਹੀ ਵਿੱਚ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਨੇ ਡਾ: ਮੁੰਡੇ ਨੂੰ ਪ੍ਰਬੰਧਕੀ ਬੋਰਡ ਦੀ ਸਟੇਟ ਤਾਲਮੇਲ ਕਮੇਟੀ, ਰਾਜਸਥਾਨ ਦਾ ਮੈਂਬਰ ਬਣਾਇਆ ਹੈ। ਇਨ੍ਹਾਂ ਤੋਂ ਇਲਾਵਾ ਡਾ: ਸੰਦੀਪ ਸਿੰਘ ਰਾਜ ਪੱਧਰੀ ਸੰਸਥਾ 'ਰਾਜਸਥਾਨ ਪੰਜਾਬੀ ਐਸੋਸੀਏਸ਼ਨ' ਦੇ ਪ੍ਰਧਾਨ, ਕੈਨੇਡਾ ਦੀ 'ਇੰਟਰਨੈਸ਼ਨਲ ਪੀਸ ਹੈਰੀਟੇਜ ਐਂਡ ਇਨਵਾਇਰਮੈਂਟ ਵੈਲਫੇਅਰ ਆਰਗੇਨਾਈਜ਼ੇਸ਼ਨ' ਦੇ ਰਾਜਸਥਾਨ ਸਟੇਟ ਕੋਆਰਡੀਨੇਟਰ, ਅੰਤਰਰਾਸ਼ਟਰੀ ਸੰਸਥਾ 'ਪੰਜਾਬੀ ਭਾਸ਼ਾ ਪਸਾਰ ਭਾਈਚਾਰਾ' ਦੀ ਰਾਜਸਥਾਨ ਇਕਾਈ ਦੇ ਡਾਇਰੈਕਟਰ ਵਜੋਂ ਸੇਵਾਵਾਂ ਨਿਭਾ ਰਹੇ ਹਨ। ਡਾ: ਮੁੰਡੇ ਨੇ ਪੰਜ ਵਿਸ਼ਿਆਂ: ਪੰਜਾਬੀ, ਅਰਥਸ਼ਾਸਤਰ, ਮਨੋਵਿਗਿਆਨ, ਭੂਗੋਲ ਤੇ ਸਿੱਖਿਆ ਵਿੱਚ ਐਮ.ਏ., ਤਿੰਨ ਵਿਸ਼ਿਆਂ: ਪੰਜਾਬੀ, ਅਰਥ ਸ਼ਾਸਤਰ ਤੇ ਸਿੱਖਿਆ ਵਿੱਚ ਯੂਜੀਸੀ ਨੈੱਟ ਅਤੇ ਪੰਜਾਬੀ ਤੇ ਅਰਥਸ਼ਾਸਤਰ ਵਿਸ਼ਿਆਂ ਵਿੱਚ ਪੀਐਚ.ਡੀ. ਕੀਤੀ ਹੋਈ ਹੈ। ਉਨ੍ਹਾਂ ਦੇ ਖੋਜ ਪੇਪਰ ਅਤੇ ਲੇਖ ਹਿੰਦੀ ਅਤੇ ਪੰਜਾਬੀ ਦੇ ਵੱਖ-ਵੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਅਖਬਾਰਾਂ ਅਤੇ ਰਸਾਲਿਆਂ ਵਿੱਚ ਲਗਾਤਾਰ ਪ੍ਰਕਾਸ਼ਿਤ ਹੁੰਦੇ ਹਨ। ਡਾ: ਲਖਵਿੰਦਰ ਸਿੰਘ, ਪ੍ਰੋ. ਦਰਸ਼ਨ ਸਿੰਘ, ਪ੍ਰੋ. ਸ਼ਰਨਜੀਤ ਸਿੰਘ ਸਮੇਤ ਸਮੁੱਚੇ ਕਾਲਜ ਪਰਿਵਾਰ ਅਤੇ ਪ੍ਰਬੰਧਕ ਕਮੇਟੀ ਨੇ ਡਾ: ਸੰਦੀਪ ਸਿੰਘ ਨੂੰ ਨਵੀਂ ਪ੍ਰਾਪਤੀ 'ਤੇ ਵਧਾਈ ਦਿੱਤੀ ਹੈ |