image caption: -ਰਜਿੰਦਰ ਸਿੰਘ ਪੁਰੇਵਾਲ

ਨਵੇਂ ਪੰਥਕ ਬਦਲ ਲਈ ਪੰਥਕ ਏਕਤਾ ਦੀ ਲੋੜ

ਖਡੂਰ ਸਾਹਿਬ ਸੀਟ ਤੇ ਮੁਕਾਬਲਾ ਸ਼ੁਰੂ ਵਿਚ ਜਿੰਨਾ ਆਸਾਨ ਲੱਗਦਾ ਸੀ, ਚੋਣਾਂ ਨੇੜੇ ਆਉਣ ਨਾਲ ਇਹ ਹੋਰ ਵੀ ਪੇਚੀਦਾ ਹੁੰਦਾ ਜਾ ਰਿਹਾ ਹੈ| ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਵੱਲੋਂ ਆਜ਼ਾਦ ਉਮੀਦਵਾਰ ਵਜੋਂ ਲੋਕ ਸਭਾ ਚੋਣ ਲੜਨ ਨਾਲ ਸ਼੍ਰੋਮਣੀ ਅਕਾਲੀ ਦਲ ਸਮੇਤ ਸਾਰੀਆਂ ਪਾਰਟੀਆਂ ਪੰਥਕ ਸਿਆਸਤ ਦੇ ਚੱਕਰਵਿਊ ਵਿੱਚ ਫਸ ਗਈਆਂ ਹਨ| ਸ਼੍ਰੋਮਣੀ ਅਕਾਲੀ ਦਲ ਲਈ ਸਥਿਤੀ ਇਹ ਬਣ ਗਈ ਹੈ ਕਿ ਇੱਕ ਪਾਸੇ ਸ਼੍ਰੋਮਣੀ ਕਮੇਟੀ ਅੰਮ੍ਰਿਤਪਾਲ ਸਿੰਘ ਦੇ ਕੇਸ ਦੀ ਵਕਾਲਤ ਕਰ ਰਹੀ ਹੈ, ਜਦਕਿ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਲਗਾਤਾਰ ਕਹਿ ਰਹੇ ਹਨ ਕਿ ਅੰਮ੍ਰਿਤਪਾਲ ਬੰਦੀ ਸਿੰਘ ਨਹੀਂ ਹੈ| ਉਸਦੀ ਲੜਾਈ ਸਿਰਫ ਆਪਣੇ ਲਈ ਹੈ| 
ਪੰਥਕ ਧਿਰਾਂ ਦਾ ਮੰਨਣਾ ਹੈ ਕਿ ਜੇਕਰ ਬਾਦਲ ਅਕਾਲੀ ਦਲ ਸੰਗਰੂਰ, ਫਰੀਦਕੋਟ, ਖਡੂਰ ਸਾਹਿਬ ਸੀਟਾਂ ਪੰਥਕ ਧਿਰਾਂ ਲਈ ਖਾਲੀ ਛਡ ਦਿੰਦਾ ਤਾਂ ਇਸ ਨਾਲ ਪੰਥਕ ਏਕਤਾ ਤੇ ਰਾਜਨੀਤੀ ਦਾ ਵਿਕਾਸ ਹੋਣਾ ਸੀ| ਹੁਣ ਅਕਾਲੀ ਦਲ ਪੰਥਕ ਧਿਰਾਂ, ਬਾਦਲ ਦਲ ਦੇ ਆਗੂਆਂ ਸਿੰਕਦਰ ਸਿੰਘ ਮਲੂਕਾ, ਬੀਬੀ ਜਾਗੀਰ ਕੌਰ, ਸੁਖਦੇਵ ਸਿੰਘ ਢੀਂਡਸਾ, ਭਾਈ ਮਨਜੀਤ ਸਿੰਘ ਵਲੋਂ ਆਲੋਚਨਾ ਕਾਰਣ ਸਿਆਸੀ ਚੱਕਰਵਿਊ ਵਿਚ ਫਸਿਆ ਹੋਇਆ ਹੈ|
ਸੱਚ ਇਹ ਵੀ ਹੈ ਜੋ ਅਕਾਲੀ ਦਲ ਨੂੰ ਤਬਾਹ ਕਰਨ ਵਿਚ ਰੁਝੇ ਹਨ ਉਹ ਨਵਾਂ ਪੰਥਕ ਬਦਲ ਵੀ ਨਹੀਂ ਸਿਰਜ ਸਕੇ| ਇਸ ਦੇ ਨਾਲ ਹੀ ਪਿਛਲੀਆਂ ਦੋ ਚੋਣਾਂ ਆਮ ਆਦਮੀ ਪਾਰਟੀ ਲਈ ਚੰਗੀਆਂ ਨਹੀਂ ਰਹੀਆਂ| ਉਹ ਡੇਢ ਫੀਸਦੀ ਤੋਂ ਵੱਧ ਵੋਟਾਂ ਹਾਸਲ ਨਹੀਂ ਕਰ ਸਕੀ| ਇਸ ਵਾਰ ਆਪ ਪਾਰਟੀ ਨੇ ਮੰਤਰੀ ਲਾਲਜੀਤ ਸਿੰਘ ਭੁੱਲਰ ਤੇ ਦਾਅ ਖੇਡਿਆ ਹੈ| ਇਸ ਤੋਂ ਇਲਾਵਾ ਪੰਜਾਬ ਵਿੱਚ ਆਪਣੀ ਸਰਕਾਰ ਹੋਣ ਦਾ ਵੀ ਪਾਰਟੀ ਨੂੰ ਫਾਇਦਾ ਹੋ ਸਕਦਾ ਹੈ| ਫਿਰ ਵੀ ਮੁਕਾਬਲਾ ਸਖ਼ਤ ਹੈ| 
ਕਾਂਗਰਸ ਨੇ ਸਾਬਕਾ ਵਿਧਾਇਕ ਕੁਲਬੀਰ ਜ਼ੀਰਾ ਅਤੇ ਭਾਜਪਾ ਨੇ ਮਨਜੀਤ ਸਿੰਘ ਮੰਨਾ ਨੂੰ ਮੈਦਾਨ ਵਿੱਚ ਉਤਾਰਿਆ ਹੈ| ਪਿਛਲੀ ਵਾਰ ਇੱਥੇ ਕਾਂਗਰਸ ਦੇ ਜਸਬੀਰ ਡਿੰਪਾ ਨੂੰ 43 ਫੀਸਦੀ ਵੋਟਾਂ ਮਿਲੀਆਂ ਸਨ| ਭਾਜਪਾ ਲਈ ਇੱਥੇ ਲੜਾਈ ਬਹੁਤ ਔਖੀ ਲੱਗ ਰਹੀ ਹੈ| ਹਾਲਾਂਕਿ ਮੋਦੀ ਦੀਆਂ ਤਿੰਨ ਰੈਲੀਆਂ ਤੋਂ ਬਾਅਦ ਇੱਥੇ ਮਾਹੌਲ ਵਿਚ ਤਬਦੀਲੀ ਨਹੀਂ ਆਈ|
ਦੂਜੇ ਪਾਸੇ ਸਿਮਰਨਜੀਤ ਮਾਨ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅੰਮ੍ਰਿਤਪਾਲ ਨੂੰ ਸਮਰਥਨ ਦੇ ਕੇ ਅਕਾਲੀ ਦਲ ਲਈ ਮੁਸੀਬਤ ਖੜ੍ਹੀ ਕਰ ਦਿੱਤੀ ਹੈ| ਉਨ੍ਹਾਂ ਨੇ ਵੀ ਆਪਣਾ ਉਮੀਦਵਾਰ ਵਾਪਸ ਲੈ ਕੇ ਅੰਮ੍ਰਿਤਪਾਲ ਦੀ ਹਮਾਇਤ ਕੀਤੀ ਹੈ|  2019 ਦੀਆਂ ਲੋਕ ਸਭਾ ਚੋਣਾਂ ਵਿੱਚ ਮਨੁੱਖੀ ਅਧਿਕਾਰ ਕਾਰਕੁਨ ਮਰਹੂਮ ਜਸਵੰਤ ਸਿੰਘ ਖਾਲੜਾ ਦੀ ਪਤਨੀ ਪਰਮਜੀਤ ਕੌਰ ਖਾਲੜਾ ਨੇ ਪੰਜਾਬ ਏਕਤਾ ਪਾਰਟੀ ਵੱਲੋਂ ਖਡੂਰ ਸਾਹਿਬ ਤੋਂ ਚੋਣ ਲੜੀ ਸੀ ਅਤੇ ਦੋ ਲੱਖ ਤੋਂ ਵੱਧ ਵੋਟਾਂ ਲੈ ਕੇ ਤੀਜੇ ਨੰਬਰ ਤੇ ਰਹੇ ਸੀ ਤੇ ਇਸ ਵਾਰ ਉਨ੍ਹਾਂ ਨੇ ਅੰਮ੍ਰਿਤਪਾਲ ਸਿੰਘ ਦੀ ਚੋਣ ਮਹਿੰਮ ਸਾਂਭੀ ਹੋਈ ਹੈ| 
ਸਿਆਸੀ ਗਲਿਆਰਿਆਂ ਵਿੱਚ ਲੋਕ ਸਭਾ ਹਲਕਾ ਖਡੂਰ ਸਾਹਿਬ ਨੂੰ ਪੰਥਕ ਹਲਕੇ ਵਜੋਂ ਜਾਣਿਆ ਜਾਂਦਾ ਹੈ|ਇਸ ਦਾ ਪ੍ਰਭਾਵ ਫਰੀਦਕੋਟ ਸੀਟ ਉਪਰ ਪੰਥਕ ਉਮੀਦਵਾਰ ਸਰਬਜੀਤ ਸਿੰਘ ਖਾਲਸਾ ਉਪਰ ਵੀ ਪਵੇਗਾ ਤੇ ਉਸਦੀ ਲਹਿਰ ਭੱਖੀ ਹੋਈ ਹੈ| ਸੰਗਰੂਰ, ਖਡੂਰ ਸਾਹਿਬ, ਫਰੀਦਕੋਟ ਉਪਰ ਪੰਥਕ ਉਮੀਦਵਾਰਾਂ ਨੂੰ ਲੋਕਾਂ ਦਾ ਭਰਵਾਂ ਹੁੰਗਾਰਾ ਇਸ ਗੱਲ ਦਾ ਪ੍ਰਗਟਾਵਾ ਕਰਦਾ ਹੈ ਕਿ ਸਿਖ ਪੰਥ ਤੇ ਪੰਜਾਬ ਬੇਚੈਨ ਹੈ ਨਵੇਂ ਬਦਲ ਦੀ ਤਲਾਸ਼ ਵਿਚ ਹੈ| ਕੀ ਇਹ ਅਕਾਲੀ ਦਲ ਦੀ ਨਵੀਂ ਲੀਡਰਸ਼ਿਪ ਸਿਰਜ ਸਕੇਗਾ| ਸਭ ਪੰਥਕ ਧੜਿਆਂ ਨੂੰ ਨਾਲ ਲੈਕੇ ਚਲ ਸਕੇਗਾ ਇਹ ਸੁਆਲ ਸਮੇਂ ਦੇ ਗਰਭ ਵਿਚ ਹੈ|
ਪੰਜਾਬ ਦੇ ਮੰਤਰੀ ਦੀ ਇਤਰਾਜ਼ਯੋਗ ਵੀਡੀਓ, ਕੌਮੀ ਮਹਿਲਾ ਕਮਿਸ਼ਨ ਤੇ ਸਿਆਸੀ ਨੈਤਿਕਤਾ
ਲੋਕ ਸਭਾ ਚੋਣਾਂ ਲਈ ਵੋਟਾਂ ਪੈਣ ਤੋਂ ਚਾਰ ਦਿਨ ਪਹਿਲਾਂ ਆਮ ਆਦਮੀ ਪਾਰਟੀ ਦੇ ਲੋਕਲ ਬਾਡੀ ਮੰਤਰੀ ਬਲਕਾਰ ਸਿੰਘ ਦੀ ਕਥਿਤ ਵੀਡੀਓ ਵਾਇਰਲ ਹੋਣ ਕਾਰਨ ਪੰਜਾਬ ਵਿੱਚ ਸਿਆਸਤ ਗਰਮਾ ਗਈ ਹੈ| ਕੌਮੀ ਮਹਿਲਾ ਕਮਿਸ਼ਨ ਨੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੂੰ ਤਿੰਨ ਦਿਨਾਂ ਵਿੱਚ ਵਿਸਥਾਰਤ ਰਿਪੋਰਟ ਸੌਂਪਣ ਦੇ ਹੁਕਮ ਦਿੱਤੇ ਹਨ|
ਸਾਰੀਆਂ ਪਾਰਟੀਆਂ ਦੇ ਮੰਤਰੀਆਂ ਨੇ ਬਲਕਾਰ ਸਿੰਘ ਨੂੰ ਬਰਖਾਸਤ ਕਰਨ ਦੀ ਮੰਗ ਕੀਤੀ ਸੀ ਅਤੇ ਮੈਂਬਰਸ਼ਿਪ ਰੱਦ ਕਰਨ ਦੀ ਵੀ ਮੰਗ ਕੀਤੀ ਸੀ| ਹਾਲਾਂਕਿ ਇਸ ਸਬੰਧੀ ਬਲਕਾਰ ਸਿੰਘ ਨੇ ਕਿਹਾ ਕਿ ਮੈਨੂੰ ਇਸ ਮਾਮਲੇ ਦੀ ਕੋਈ ਜਾਣਕਾਰੀ ਨਹੀਂ ਹੈ| ਜਾਣਕਾਰੀ ਅਨੁਸਾਰ ਇਹ ਵੀਡੀਓ ਵਿਦੇਸ਼ੀ ਨੰਬਰਾਂ ਤੋਂ ਪੰਜਾਬ ਦੀਆਂ ਕੁਝ ਮੀਡੀਆ ਸੰਸਥਾਵਾਂ ਨੂੰ ਭੇਜੀ ਗਈ ਸੀ| ਵੀਡੀਓ ਦੇ ਨਾਲ ਲਿਖਿਆ ਸੀ ਕਿ ਇਸ ਦਾ ਦੂਜਾ ਭਾਗ ਵੀ ਜਲਦੀ ਹੀ ਆਵੇਗਾ| ਮਹਿਲਾ ਕਾਂਗਰਸ ਵੱਲੋਂ ਮੰਤਰੀ ਬਲਕਾਰ ਸਿੰਘ ਦਾ ਪੁਤਲਾ ਵੀ ਫੂਕਿਆ ਗਿਆ|
ਕੁਝ ਸਮਾਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ਨੇ ਦਾਅਵਾ ਕੀਤਾ ਸੀ ਕਿ ਇਸ ਵਾਇਰਲ ਵੀਡੀਓ ਵਿੱਚ ਦਿਖਾਈ ਦੇਣ ਵਾਲਾ ਵਿਅਕਤੀ ਪੰਜਾਬ ਦਾ ਮੰਤਰੀ ਹੈ| ਮਜੀਠੀਆ ਨੇ ਇਹ ਵੀਡੀਓ ਪੰਜਾਬ ਦੇ ਰਾਜਪਾਲ ਬੀਐਲ ਪੁਰੋਹਿਤ ਨੂੰ ਵੀ ਭੇਜੀ ਸੀ| ਉਨ੍ਹਾਂ ਕੇਂਦਰੀ ਏਜੰਸੀਆਂ ਤੋਂ ਜਾਂਚ ਦੀ ਮੰਗ ਕੀਤੀ ਸੀ|
ਇਹ ਸਿਆਸੀ ਨੈਤਿਕਤਾ ਦਾ ਸੁਆਲ ਹੈ| ਆਪ ਸਰਕਾਰ ਤੇ ਸੁਪਰੀਮੋ ਕੇਜਰੀਵਾਲ ਨੂੰ ਇਸ ਬਾਰੇ ਜੁਆਬ ਦੇਣਾ ਚਾਹੀਦਾ ਹੈ| ਯਾਦ ਰਹੇ ਕਿ ਇਸ ਤੋਂ ਪਹਿਲਾਂ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਦੇ ਕਥਿਤ ਇਤਰਾਜ਼ਯੋਗ ਵੀਡੀਓ ਵੀ ਸਾਹਮਣੇ ਆ ਚੁਕੀ ਹੈ| ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ &rsquoਤੇ ਇੱਕ ਨੌਜਵਾਨ ਦਾ ਜਿਨਸੀ ਸ਼ੋਸ਼ਨ ਕਰਨ ਦੇ ਇਲਜ਼ਾਮ ਲੱਗੇ ਸਨ| ਕੁਲ ਮਿਲਾਕੇ ਆਪ ਸਰਕਾਰ ਇਨ੍ਹਾਂ ਕੋਝੀਆਂ ਹਰਕਤਾਂ ਕਾਰਣ ਬਦਨਾਮ ਹੋ ਰਹੀ ਹੈ|
ਕੀ ਸੌਦਾ ਸਾਧ ਰਿਹਾਅ ਹੋ ਜਾਵੇਗਾ?
ਬਲਾਤਕਾਰੀ ਸੌਦਾ ਸਾਧ ਲਈ ਰਾਹਤ ਦੀ ਖ਼ਬਰ ਹੈ| ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸੌਦਾ ਸਾਧ ਨੂੰ 2002 ਦੇ ਰਣਜੀਤ ਸਿੰਘ ਕਤਲ ਕੇਸ ਵਿੱਚ ਬਰੀ ਕਰ ਦਿੱਤਾ ਹੈ| ਹਾਈ ਕੋਰਟ ਨੇ ਸੀਬੀਆਈ ਕੋਰਟ ਦੇ ਫੈਸਲੇ ਨੂੰ ਰੱਦ ਕਰ ਦਿੱਤਾ ਹੈ| ਇਸ ਮਾਮਲੇ ਵਿੱਚ ਡੇਰਾ ਮੁਖੀ ਸਮੇਤ 5 ਦੋਸ਼ੀਆਂ ਨੂੰ ਬਰੀ ਕਰ ਦਿੱਤਾ ਗਿਆ ਸੀ| 2021 ਵਿੱਚ ਪੰਚਕੂਲਾ ਦੀ ਸੀਬੀਆਈ ਅਦਾਲਤ ਨੇ ਡੇਰੇ ਦੇ ਸਾਬਕਾ ਮੈਨੇਜਰ ਰਣਜੀਤ ਸਿੰਘ ਨੂੰ ਕਤਲ ਕੇਸ ਵਿੱਚ ਦੋਸ਼ੀ ਕਰਾਰ ਦਿੰਦਿਆਂ ਉਮਰ ਕੈਦ ਦੀ ਸਜ਼ਾ ਸੁਣਾਈ ਸੀ|
ਯਾਦ ਰਹੇ ਕਿ ਕੁਰੂਕਸ਼ੇਤਰ ਦੇ ਰਹਿਣ ਵਾਲੇ ਡੇਰਾ ਪ੍ਰਬੰਧਕ ਰਣਜੀਤ ਸਿੰਘ ਦੀ 10 ਜੁਲਾਈ 2002 ਨੂੰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ| ਪੁਲਿਸ ਜਾਂਚ ਹੋਈ ਪਰ ਡੇਰੇ ਨੂੰ ਕਲੀਨ ਚਿੱਟ ਦੇ ਦਿੱਤੀ ਗਈ| ਰਣਜੀਤ ਦਾ ਪਰਿਵਾਰ ਸੰਤੁਸ਼ਟ ਨਹੀਂ ਸੀ| ਪੁਲਿਸ ਜਾਂਚ ਤੋਂ ਅਸੰਤੁਸ਼ਟ ਰਣਜੀਤ ਸਿੰਘ ਪੁੱਤਰ ਜਗਸੀਰ ਸਿੰਘ ਨੇ ਜਨਵਰੀ 2003 ਵਿੱਚ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਸੀਬੀਆਈ ਜਾਂਚ ਦੀ ਮੰਗ ਕੀਤੀ ਸੀ| ਹਾਲਾਂਕਿ ਸ਼ੁਰੂਆਤ ਵਿਚ ਇਸ ਮਾਮਲੇ ਵਿਚ ਸੌਦਾ ਸਾਧ ਦਾ ਨਾਂ ਨਹੀਂ ਸੀ ਪਰ ਸਾਲ 2003 ਵਿਚ ਇਸ ਦੀ ਜਾਂਚ ਸੀਬੀਆਈ ਨੂੰ ਸੌਂਪ ਦਿੱਤੀ ਗਈ ਸੀ| ਫਿਰ 2006 ਵਿਚ ਸੌਦਾ ਸਾਧ ਦੇ ਡਰਾਈਵਰ ਖੱਟਾ ਸਿੰਘ ਦੇ ਬਿਆਨ &rsquoਤੇ ਡੇਰਾ ਮੁਖੀ ਨੂੰ ਸ਼ਾਮਲ ਕੀਤਾ ਗਿਆ ਸੀ| ਇਸ ਮਾਮਲੇ ਵਿੱਚ ਅਦਾਲਤ ਨੇ 2007 ਵਿੱਚ ਮੁਲਜ਼ਮਾਂ ਖ਼ਿਲਾਫ਼ ਦੋਸ਼ ਆਇਦ ਕੀਤੇ ਸਨ| 19 ਸਾਲਾਂ ਬਾਅਦ ਅਕਤੂਬਰ 2021 ਵਿੱਚ ਡੇਰਾ ਮੁਖੀ ਸਮੇਤ 5 ਦੋਸ਼ੀਆਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਸੀ| ਜਿਸ ਤੋਂ ਬਾਅਦ ਸੀਬੀਆਈ ਨੇ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ ਇਸ ਦੇ ਨਾਲ ਹੀ ਸੌਦਾ ਸਾਧ ਤੇ 31 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਸੀ|
ਰਣਜੀਤ ਸਿੰਘ ਦੇ ਕਤਲ ਦਾ ਮਾਮਲਾ ਇੱਕ ਗੁੰਮਨਾਮ ਚਿੱਠੀ ਨਾਲ ਜੁੜਿਆ ਹੋਇਆ ਹੈ, ਜਿਸ ਵਿੱਚ ਡੇਰੇ ਵਿੱਚ ਸਾਧਵੀਆਂ ਦੇ ਜਿਨਸੀ ਸ਼ੋਸ਼ਣ ਦੇ ਦੋਸ਼ ਲਾਏ ਗਏ ਸਨ| ਇਹ ਉਹ ਪੱਤਰ ਸੀ ਜੋ ਤਤਕਾਲੀ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੂੰ ਭੇਜਿਆ ਗਿਆ ਸੀ| ਸੀਬੀਆਈ ਨੇ ਦਾਅਵਾ ਕੀਤਾ ਸੀ ਕਿ ਡੇਰੇ ਨੂੰ ਸ਼ੱਕ ਹੈ ਕਿ ਰਣਜੀਤ ਨੇ ਆਪਣੀ ਭੈਣ ਨੂੰ ਸਾਧਵੀਆਂ ਦੇ ਜਿਨਸੀ ਸ਼ੋਸ਼ਣ ਬਾਰੇ ਇੱਕ ਗੁਮਨਾਮ ਪੱਤਰ ਲਿਖਣ ਲਈ ਮਿਲਾਇਆ ਸੀ|
ਸੌਦਾ ਸਾਧ ਫਿਲਹਾਲ ਰੋਹਤਕ ਦੀ ਸੁਨਾਰੀਆ ਜੇਲ &lsquoਚ ਬੰਦ ਹੈ| ਉਹ 3 ਕੇਸਾਂ ਵਿੱਚ ਜੇਲ੍ਹ ਵਿੱਚ ਬੰਦ ਸੀ| ਰਣਜੀਤ ਕਤਲ ਕੇਸ ਤੋਂ ਇਲਾਵਾ ਇਨ੍ਹਾਂ ਵਿੱਚ ਪੱਤਰਕਾਰ ਰਾਮਚੰਦਰ ਛਤਰਪਤੀ ਦੀ ਹੱਤਿਆ ਅਤੇ ਸਾਧਵੀਆਂ ਦੇ ਜਿਨਸੀ ਸ਼ੋਸ਼ਣ ਦਾ ਮਾਮਲਾ ਵੀ ਸ਼ਾਮਲ ਹੈ| ਉਸ ਨੂੰ ਪੱਤਰਕਾਰ ਦੀ ਹੱਤਿਆ ਲਈ ਉਮਰ ਕੈਦ ਅਤੇ ਜਿਨਸੀ ਸ਼ੋਸ਼ਣ ਦੇ ਦੋ ਮਾਮਲਿਆਂ ਲਈ 10-10 ਸਾਲ ਦੀ ਸਜ਼ਾ ਸੁਣਾਈ ਗਈ ਸੀ| ਇਸ ਮਾਮਲੇ &lsquoਚ ਬਰੀ ਹੋਣ ਦੇ ਬਾਵਜੂਦ ਸੌਦਾ ਸਾਧ ਨੂੰ ਅਜੇ ਵੀ ਜੇਲ ਵਿਚ ਹੀ ਰਹਿਣਾ ਪਵੇਗਾ|
ਇਹ ਮਾਮਲਾ  ਸਿਆਸਤ ਤੋਂ ਪ੍ਰੇਰਿਤ ਜਾਪਦਾ ਹੈ| ਲੋਕ ਸਭਾ ਚੋਣਾਂ ਨੂੰ ਲੈ ਕੇ ਇਹ ਫੈਸਲਾ ਸੁਣਾਇਆ ਗਿਆ ਹੈ| ਬੀਜੇਪੀ ਸਰਕਾਰ ਡੇਰਾ ਪ੍ਰੇਮੀਆਂ ਦੀ ਵੋਟ ਲੈਣ ਦੀ ਖਾਤਰ ਸੌਦਾ ਸਾਧ ਨੂੰ ਬਾਹਰ ਲੈ ਕੇ ਆਵੇਗੀ| ਸਿੱਧੇ ਜਾਂ ਅਸਿੱਧੇ ਤੌਰ &rsquoਤੇ ਭਾਜਪਾ ਸਰਕਾਰ ਦਾ ਕੋਰਟਾਂ &rsquoਤੇ ਆਪਣਾ ਦਬਾਅ ਜਾਪਦਾ ਹੈ| ਲੋਕਾਂ ਵਿਚ ਪ੍ਰਭਾਵ ਜਾ ਰਿਹਾ ਹੈ ਕਿ ਜੱਜ ਸਰਕਾਰਾਂ ਦੇ ਪ੍ਰਭਾਵ ਅਧੀਨ ਨਿਆਂ ਨਹੀਂ ਕਰ ਰਹੇ ਜਾਪਦੇ|
-ਰਜਿੰਦਰ ਸਿੰਘ ਪੁਰੇਵਾਲ