image caption: ਕੁਲਵੰਤ ਸਿੰਘ ਢੇਸੀ

ਪੰਜੇ, ਤੱਕੜੀ, ਕੰਵਲ ਫੁੱਲ ਤੇ ਝਾੜੂ ਦਾ ਝਗੜਾ

 ਖੁਦਾ ਕੇ ਲੀਏ ਇਨ ਸੇ ਬਚ ਕੇ ਨਿਕਲ ਜਾ, ਯੇ ਅਹਿਲ--ਸਿਆਸਤ ਨਾ ਤੇਰੀ ਨਾ ਮੇਰੀ

੪ ਜੂਨ ਨੂੰ ਡਿੱਗੇਗੀ ਪੰਜਾਬ ਸਰਕਾਰ- ਅਮਿਤ ਸ਼ਾਹ

ਮੈਂ ਨੌਨਬਾਇਲੌਜੀਕਲ ਹਾਂ &ndash ਮੋਦੀ

ਅਕਾਲੀ ਦਲ ਅੰਦਰ ਨਵੇਂ ਧਮਾਕੇ

ਸਾਡੇ ਸਿਆਸੀ ਆਗੂ ਜਦੋਂ ਭੂਸਰਦੇ ਹਨ ਤਾਂ ਸਕੇ ਬਾਪ ਨੂੰ ਵੀ ਭੁੱਲ ਜਾਂਦੇ ਹਨ। ਬਿਆਨਬਾਜ਼ੀ ਵਿਚ ਇਹ ਲੋਕ ਏਨੇ ਨਿੱਘਰ ਜਾਂਦੇ ਹਨ ਕਿ ਆਪਣੇ ਧਰਮ, ਕਰਮ ਅਤੇ ਮਹਾਂਪੁਰਸ਼ਾਂ ਨੂੰ ਵੀ ਨਹੀਂ ਬਖਸ਼ਦੇ। ਸਿੱਖਾਂ ਦੀ ਅਖੌਤੀ ਤੌਰ ਤੇ ਨੁਮਾਇੰਦਾ ਜਮਾਤ ਅਕਾਲੀ ਦਲ ਆਪਣੇ ਚੋਣ ਨਿਸ਼ਾਨ ਤੱਕੜੀ ਨੂੰ ਬਾਬੇ ਨਾਨਕ ਦੀ ਤਕੜੀ ਕਹਿ ਕੇ ਪ੍ਰਚਾਰਦੇ ਰਹੇ ਹਨ। ਇਸ ਤਕੜੀ ਨੇ ਅਕਾਲੀ ਆਗੂਆਂ ਦੀ ਕਮਾਈ ਵਿਚ ਕਿੰਨੇ ਗੁਣਾ ਵਾਧਾ ਕੀਤਾ ਅਤੇ ਪੰਜਾਬ ਦੇ ਹਿੱਤਾਂ ਨੂੰ ਕਿਵੇਂ ਭੰਗ ਦੇ ਭਾਅ ਵੇਚ ਦਿੱਤਾ ਇਹ ਬੜਾ ਹੀ ਸ਼ਰਮਨਾਕ ਇਤਹਾਸ ਹੈ। ਅਕਾਲੀ ਆਗੂ ਹਮੇਸ਼ਾਂ ਹੀ ਦੇਹਧਾਰੀਆਂ ਅੱਗੇ ਆਪਣੇ ਮੱਥੇ ਰਗੜਦੇ ਰਹੇ ਹਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਨਾਲ ਅਸਿੱਧੇ ਤੌਰ ਤੇ ਆਪਣੇ ਸੰਪਰਕ ਬਣਾਈ ਰੱਖਦੇ। ਜਦੋਂ ਇਹਨਾ ਨੇ ਦੇਖਿਆ ਕਿ ਪੰਜਾਬ ਦੇ ਲੋਕ ਹੁਣ ਇਹਨਾ ਦੇ ਭਰਮ ਜਾਲ਼ ਵਿਚ ਹੋਰ ਨਹੀਂ ਫਸਣ ਵਾਲੇ ਤਾਂ ਇਹਨਾ ਨੇ ਸ੍ਰੀ ਅਕਾਲ ਤਖਤ ਅੱਗੇ ਪੇਸ਼ ਹੋਣ ਦੇ ਨਾਟਕ ਕਰਨੇ ਸ਼ੁਰੂ ਕਰ ਦਿੱਤੇ। ਦਰਬਾਰ ਸਾਹਿਬ ਜਾਂ ਆਲੇ ਦੁਆਲੇ ਦੇ ਗੁਰਦੁਆਰਿਆਂ ਵਿਚ ਜਾ ਕੇ ਇਹ ਜੋੜਿਆਂ ਦੀ ਸੇਵਾ ਕਰਦੇ ਅਤੇ ਭਾਂਡੇ ਮਾਂਜਦੇ ਤਾਂ ਕਿ ਲੋਕਾਂ ਨੂੰ ਇਹ ਮਹਿਸੂਸ ਹੋਵੇ ਕਿ ਇਹਨਾ ਨੇ ਆਪਣੇ ਪਾਪਾਂ &lsquoਤੇ ਪਸ਼ਚਾਤਾਪ ਕਰ ਲਿਆ ਹੈ।

ਫਿਰ ਇਹਨਾ ਦੀ ਦੇਖਾ ਦੇਖੀ ਦੂਜੀਆਂ ਰਾਜਸੀ ਪਾਰਟੀਆਂ ਨੇ ਵੀ ਉਲਾਰ ਅਤੇ ਧਰਮ ਕਰਮ ਪ੍ਰਤੀ ਬੇਅਦਬੀ ਭਰੇ ਬਿਆਨ ਦੇਣੇ ਸ਼ੁਰੂ ਕਰ ਦਿੱਤੇ, ਇਹਨੀ ਦਿਨੀ ਕਾਂਗਰਸੀ ਪ੍ਰਧਾਨ ਰਾਜਾ ਵੜਿੰਗ ਦੀ ਪਤਨੀ ਬੀਬੀ ਅੰਮ੍ਰਿਤਾ ਵੜਿੰਗ ਦੇ ਬਿਆਨ ਸੁਰਖੀਆਂ ਵਿਚ ਹਨ ਜਿਹਨਾ ਵਿਚ ਉਸ ਨੇ ਕਾਂਗਰਸ ਦੇ ਪੰਜੇ ਨੂੰ ਬਾਬੇ ਨਾਨਕ ਦੇ ਬਰਾਬਰ ਦਾ ਪੰਜਾ ਕਹਿ ਕੇ ਆਪਣੇ ਵਿਵਾਦਤ ਬਿਆਨਾਂ ਤੋਂ ਮੁਆਫੀ ਮੰਗੀ ਹੈ। ਇਸੇ ਤਰਾਂ ਖਡੂਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਲਾਲ ਜੀਤ ਸਿੰਘ ਭੁੱਲਰ ਵਲੋਂ ਆਪਣੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਬਾਬੇ ਨਾਨਕ ਦੇ ਬਰਾਬਰ ਤੁਲਨਾ ਦੇ ਕੇ ਹੁਣ ਮੁਆਫੀਆਂ ਮੰਗਣੀਆਂ ਸ਼ੁਰੂ ਕਰ ਦਿੱਤੀਆਂ ਹਨ ਅਤੇ ਜੋੜੇ ਸਾਫ ਕਰਨ ਅਤੇ ਸੰਗਤਾਂ ਦੇ ਜੂਠੇ ਭਾਂਡੇ ਸਾਫ ਕਰਨ ਦਾ ਨਾਟਕ ਅਰੰਭ ਦਿੱਤਾ ਹੈ। ਭਾਜਪਾ ਦਾ ਚੋਣ ਨਿਸ਼ਾਨ ਕੰਵਲ ਫੁੱਲ ਹੈ ਅਤੇ ਕੰਵਲ ਫੁੱਲ ਦੀ ਇਹ ਸਿਫਤ ਹੈ ਕਿ ਉਹ ਚਿੱਕੜ ਵਿਚ ਖਿੜ ਕੇ ਵੀ ਆਪਣੇ ਆਪ ਨੂੰ ਚਿੱਕੜ ਤੋਂ ਨਿਰਲੇਪ ਰੱਖਦਾ ਹੈ। ਇਹ ਗੱਲ ਜੱਗ ਜਾਣਦਾ ਹੈ ਕਿ ਭਾਜਪਾ ਨੇ ਮੰਦਰ ਮਸਜਿਦ ਦੀ ਰਾਜਨੀਤੀ ਕਰਕੇ ਧਰਮ ਦੇ ਬ੍ਰਹਿੰਮਡੀ ਕੰਵਲ ਨੂੰ ਦਾਗਦਾਰ ਕਰ ਦਿੱਤਾ ਹੈ ਤੇ ਦਸ ਵਰ੍ਹੇ ਰਾਜ ਭਾਗ ਭੋਗਣ ਤੋਂ ਬਾਅਦ ਹੁਣ ਭਾਜਪਾ ਦਾ ਭਵਿੱਖ ਵੀ ਦਾਅ ਤੇ ਹੈ। ਦੇਸ਼ ਵਿਚ ਭੁੱਖਮਰੀ ਬੰਗਲਾ ਦੇਸ਼ ਅਤੇ ਪਾਕਿਸਤਾਨ ਤੋਂ ਵੀ ਬਦਤਰ ਹੁੰਦੀ ਜਾ ਰਹੀ ਹੈ ਤੇ ਉਸ ਬਾਰੇ ਜਾਂ ਰੁਜ਼ਗਾਰ ਦੇ ਮੁੱਦਿਆਂ ਬਾਰੇ ਬੋਲਣ ਲਈ ਕੰਵਲ ਫੁੱਲ ਕੋਲ ਕੁਝ ਨਹੀਂ। ਬੀ ਜੇ ਪੀ ਨੇ ਪੰਜਾਬ ਅਤੇ ਦੇਸ਼ ਦੇ ਕਿਸਾਨਾਂ ਨੂੰ ਪੂਰਾ ਸਾਲ ਸੜਕਾਂ &lsquoਤੇ ਬਿਠਾਈ ਰੱਖਿਆ ਅਤੇ ਫਿਰ ਮੋਦੀ ਜੀ ਨੇ ਚਾਲੂ ਜਹੀ ਮੁਹਾਫੀ ਮੰਗ ਕੇ ਬੁੱਤਾ ਸਾਰ ਲਿਆ ਜਦ ਕਿ ਭਾਜਪਾ ਦਾ ਕਿਸਾਨ ਵਿਰੋਧੀ ਪੈਂਤੜਾ ਜਿਓਂ ਦੀ ਤਿਓਂ ਕਾਇਮ ਹੈ ਤੇ ਕਿਸਾਨ ਹੁਣ ਫੇਰ ਮੋਰਚੇ ਤੇ ਬੈਠੇ ਹਨ। ਜਿਥੇ ਪ੍ਰਧਾਨ ਮੰਤਰੀ ਮੋਦੀ ਨੇ ਗੁਰੂ ਸਾਹਿਬਾਨ ਅਤੇ ਸਿੱਖੀ ਦੀ ਸਿਫਤ ਦੇ ਪੁਲ ਬੰਨ੍ਹੇ ਹਨ ਉਥੇ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਵੀ ਭਾਰਤੀ ਸੰਵਿਧਾਨ ਨੂੰ ਬਚਾਉਣ ਦਾ ਵਾਸਤਾ ਪਉਂਦੇ ਕਿਹਾ ਹੈ ਕਿ ਇਸ ਸੰਵਿਧਾਨ ਦੀ ਨੀਂਹ ਗੁਰੂ ਨਾਨਕ ਦੇਵ ਜੀ ਦੀ ਸੋਚ ਨੇ ਹੀ ਰੱਖੀ ਹੈ। ਪਰ ਜਦੋਂ ਪੰਜਾਬ ਦੇ ਹੱਕਾਂ ਦੀ ਗੱਲ ਅਉਂਦੀ ਹੈ ਤਾਂ ਇਹ ਨਾਮੋ- ਨਿਹਾਦ ਆਗੂ ਪੰਜਾਬ ਦੀ ਤੇ ਸਿੱਖਾਂ ਦੀ ਕੀਮਤ &lsquoਤੇ ਬਹੁ ਗਿਣਤੀ ਦੀ ਵੋਟ ਬਟੋਰਨ ਦੇ ਰਾਹ ਪੈ ਜਾਂਦੇ ਹਨ


੪ ਜੂਨ ਨੂੰ ਡਿੱਗੇਗੀ ਪੰਜਾਬ ਸਰਕਾਰ- ਅਮਿਤ ਸ਼ਾਹ

ਪੰਜਾਬ ਦੌਰੇ ਦੌਰਾਨ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਇਹਨਾ ਬਿਆਨਾ ਨਾਲ ਰਾਜਨੀਤੀ ਵਿਚ ਵੱਡਾ ਧਮਾਕਾ ਹੋਇਆ ਹੈ ਕਿ ੪ ਜੂਨ ਨੂੰ ਪੰਜਾਬ ਦੀ ਆਮ ਆਦਮੀ ਸਰਕਾਰ ਡਿਗ ਪੈਣੀ ਹੈ। ਪੰਜਾਬ ਵਿਚ ਭਗਵੰਤ ਮਾਨ ਦੀ ਸਰਕਾਰ ੯੨ ਵਿਧਾਇਕਾਂ ਨਾਲ ਬਹੁਗਿਣਤੀ ਨਾਲ ਚਲ ਰਹੀ ਹੈ। ਭਾਜਪਾ ਦੇ ਤਾਂ ਪੰਜਾਬ ਸਰਕਾਰ ਵਿਚ ਕੇਵਲ ਦੋ ਹੀ ਮੈਂਬਰ ਹਨ। ਹੁਣ ਸਵਾਲ ਉੱਠਦਾ ਹੈ ਕਿ ਏਨੀ ਬਹੁਗਿਣਤੀ ਵਾਲੀ ਸਰਕਾਰ ਅਚਾਨਕ ਹੀ ਚਾਰ ਜੂਨ ਨੂੰ ਕਿਓਂ ਡਿਗ ਪਵੇਗੀ? ਪੱਤਰਕਾਰਾਂ ਵਲੋਂ ਲਾਏ ਲੇਖੇ ਮੁਤਾਬਕ ਅਮਿਤ ਸ਼ਾਹ ਵਰਗੇ ਲੋਕ ਭਾਰਤ ਵਿਚ ਗੈਰ ਭਾਜਪਾਈ ਸਰਕਾਰਾਂ ਡੇਗਣ ਵਿਚ ਮਾਹਰ ਹਨ ਅਤੇ ਸ਼ਾਇਦ ਅਮਿਤ ਸ਼ਾਹ ਦਾ ਇਹ ਖਿਆਲ ਹੋਵੇ ਕਿ ਜਿਵੇਂ ਉਹਨਾ ਨੇ ਮੱਧਪ੍ਰਦੇਸ਼ ਵਿਚ ਕਮਲ ਨਾਥ ਨੂੰ ਝਟਕਾ ਦਿੱਤਾ ਸੀ, ਜਿਵੇਂ ਕਰਨਾਟਕ ਵਿਚ ਵਿਧਾਇਕਾਂ ਦੀ ਦਲ ਬਦਲੀ ਕਰਵਾ ਕੇ ਸਰਕਾਰ ਪਲਟੀ ਸੀ ਜਾਂ ਜਿਵੇਂ ਮਹਾਂਰਾਸ਼ਟਰ ਵਿਚ ਛਿੰਦੇ ਅਤੇ ਅਜੀਤ ਪਵਾਰ ਦੇ ਦੋ ਧੜੇ ਬਣਾ ਕੇ ਸਰਕਾਰ ਪਲਟੀ ਸੀ ,ਸ਼ਾਇਦ ਪੰਜਾਬ ਵਿਚ ਵੀ ਅਮਿਤ ਸ਼ਾਹ ਹੋਰੀ ਐਸਾ ਹੀ ਕੋਈ ਪਲਟਾ ਮਾਰ ਦੇਣਗੇ ਪਰ ਪੰਜਾਬ ਭਾਜਪਾ ਦੇ ਪੱਲੇ ਤਾਂ ਕੇਵਲ ਦੋ ਹੀ ਵਿਧਾਇਕ ਹਨ ਅਤੇ ਭਗਵੰਤ ਮਾਨ ਦੀ ਸਰਕਾਰ ਢੇਗਣ ਲਈ ਅਮਿਤ ਸ਼ਾਹ ੬੦ ਵਿਧਾਇਕ ਕਿਥੋਂ ਲੈ ਕੇ ਆਵੇਗਾ। ਦੂਸਰਾ ਤਰੀਕਾ ਇਹ ਵੀ ਹੋ ਸਕਦਾ ਹੈ ਕਿ ਪੰਜਾਬ ਵਿਚ ਅਮਨ ਕਾਨੂੰਨ ਦੇ ਮੁੱਦੇ ਦਾ ਬਹਾਨਾ ਬਣਾ ਕੇ ਲੋਕਤੰਤਰ ਤਰੀਕੇ ਨਾਲ ਚੁਣੀ ਹੋਈ ਸਰਕਾਰ ਤੋੜ ਕੇ ਰਾਸ਼ਟਰਪਤੀ ਰਾਜ ਕਾਇਮ ਕਰ ਦਿੱਤਾ ਜਾਵੇ। ਗੈਰ ਭਾਜਪਾ ਸੂਬਿਆਂ ਵਿਚ ਤਾਂ ਵੈਸੇ ਵੀ ਭਾਜਪਾ ਦੇ ਰਾਜਪਾਲ ਮੁਸ਼ਕਿਲਾਂ ਖੜ੍ਹੀਆਂ ਕਰਦੇ ਹੀ ਰਹਿੰਦੇ ਹਨ ਅਤੇ ਸਰਕਾਰਾਂ ਨੂੰ ਸੁੱਖ ਸ਼ਾਂਤੀ ਨਾਲ ਕੰਮ ਨਹੀਂ ਕਰਨ ਦਿੱਤਾ ਜਾਂਦਾ। ਪਰ ਪੰਜਾਬ ਵਿਚ ਭਾਜਪਾ ਸ਼ਾਸ਼ਤ ਅਨੇਕਾਂ ਰਾਜਾਂ ਨਾਲੋਂ ਅਮਨ ਕਾਨੂੰਨ ਦੀ ਸਥਿਤੀ ਬਹੁਤ ਚੰਗੀ ਹੈ ਤਾਂ ਅਮਿਤ ਸ਼ਾਹ ਕਿਹੜਾ ਬਹਾਨਾ ਲਾ ਕੇ ਪੰਜਾਬ ਸਰਕਾਰ ਨੂੰ ਤੋੜਨ ਦੀ ਕੋਸ਼ਿਸ਼ ਕਰ ਸਕਦਾ ਹੈ? ਸ਼੍ਰੀ ਅਮਿਤ ਸ਼ਾਹ ਦੀ ਸਟੇਜ ਤੋਂ ਪੰਜਾਬ ਭਾਜਪਾ ਪ੍ਰਧਾਨ ਸ਼੍ਰੀ ਸੁਨੀਲ ਜਾਖੜ ਵਲੋਂ ਕਿਸਾਨ ਅੰਦੋਲਨ ਨਾਲ ਸਬੰਧਤ ਕਰਕੇ ਇੱਕ ਵਿਓਪਾਰੀ ਦੀ ਖਬਰ ਦਿੱਤੀ ਗਈ ਜਿਸ ਤੋਂ ਸਾਢੇ ਛੇ ਕਰੋੜ ਦੀ ਫਰੌਤੀ ਵਸੂਲ ਕਰਨ ਦੀ ਗੱਲ ਕੀਤੀ ਗਈ। ਅਸਲ ਵਿਚ ਇਹ ਅਮਨ ਕਾਨੂੰਨ ਵਲ ਧਿਆਨ ਦਿਵਾਉਣਾ ਹੀ ਸੀ ਹਾਲਾਂ ਕਿ ਇਸ ਫਿਰੌਤੀ ਬਾਰੇ ਕੋਈ ਵੀ ਸਪੱਸ਼ਟੀਕਰਨ ਨਹੀਂ ਦਿੱਤਾ ਗਿਆ। ਪੰਜਾਬ ਭਾਜਪਾ ਨੇ ਕਿਸਾਨੀ ਜਾਂ ਬੇਰੁਜ਼ਗਾਰੀ ਨਾਲ ਸਬੰਧਤ ਮੁੱਦਿਆਂ ਦਾ ਜ਼ਿਕਰ ਕਰਨ ਦੀ ਬਜਾਏ ਅਮਨ ਕਾਨੂੰਨ ਦੀ ਗੱਲ ਨੂੰ ਬਹੁਤਾ ਤੂਲ ਦਿੱਤਾ ਹੈ ਜਦ ਕਿ ਪੰਜਾਬ ਵਿਚ ਬੇਰੁਜ਼ਗਾਰੀ ਦੀ ਦਰ(੩੬%) ਭਾਰਤ ਦੀ ਕੌਮੀ ਦਰ (੨੧%) ਨਾਲੋਂ ਬਹੁਤ ਵਧੇਰੇ ਹੈ , ਹਾਲਾਂ ਕਿ ਪੰਜਾਬ ਵਿਚੋਂ ਵੱਡੀ ਗਿਣਤੀ ਵਿਚ ਰੁਜ਼ਗਾਰ ਦੀ ਭਾਲ ਵਿਚ ਨੋਜਵਾਨ ਬਾਹਰਲੇ ਦੇਸ਼ਾਂ ਨੂੰ ਜਾ ਰਹੇ ਹਨ।

ਕੋਈ ਸਮਾਂ ਸੀ ਜਦੋਂ ਕਾਗਰਸ ਵੀ ਗੈਰ ਕਾਗਰਸੀ ਸਰਕਾਰਾਂ ਨੂੰ ਬਰਦਾਸ਼ਤ ਨਹੀਂ ਸੀ ਕਰਦੀ ਅਤੇ ਸਰਕਾਰਾਂ ਤੋੜਨ ਦਾ ਉਸ ਕੋਲ ਸਭ ਤੋਂ ਸੌਖਾ ਤਰੀਕਾ ਅਮਨ ਕਾਨੂੰਨ ਦਾ ਮੁੱਦਾ ਹੁੰਦਾ ਸੀ। ਉਸ ਵੇਲੇ ਤਾਂ ਕਾਂਗਰਸੀਆਂ ਨੂੰ India is Indra & Indra is India ਦਾ ਖੱਬਤ ਹੋ ਗਿਆ ਸੀ ਪਰ ਸਮੇਂ ਨੇ ਐਸਾ ਧੋਬੀ ਪਟਕਾ ਮਾਰਿਆ ਕਿ ਕਾਂਗਰਸ ਪਾਰਟੀ ਨੂੰ ਆਪਣੀ ਹੋਂਦ ਬਚਾਉਣ ਦੇ ਲਾਲੇ ਪਏ ਹੋਏ ਹਨ। ਇੰਝ ਪ੍ਰਤੀਤ ਹੁੰਦਾ ਹੈ ਕਿ ਹੁਣ ਸ਼ਾਇਦ ਭਾਜਪਾ ਨੂੰ ਵੀ ਇੰਝ ਜਾਪਣ ਲੱਗ ਪਿਆ ਹੈ ਜਿਵੇਂ ਕਿ ਮੋਦੀ ਅਤੇ ਸ਼ਾਹ ਹੀ ਇੰਡੀਆ ਹੋਣ ਅਤੇ ਇਹਨਾ ਤੋਂ ਬਿਨਾ ਇੰਡੀਆ ਦੀ ਕੋਈ ਹੋਂਦ ਹੀ ਨਾ ਹੋਵੇ ਕਿਓਂਕਿ ਨਰਿੰਦਰ ਮੋਦੀ ਤਾਂ ਆਪਣੇ ਬਾਰੇ ਕੁਝ ਇਸ ਤਰਾਂ ਦਾ ਖੱਬਤ ਪਾਲ਼਼ੀ ਬੈਠੇ ਹਨ। ਲੋਕੀ ਸ਼੍ਰੀ ਅਮਿਤ ਸ਼ਾਹ ਦੇ ਇਸ ਬਿਆਨ &lsquoਤੇ ਵੀ ਬਹੁਤ ਹੈਰਾਨ ਹਨ ਜਦੋਂ ਉਹ ਕਹਿੰਦੇ ਹਨ ਕਿ ਮੇਰੇ ਕੋਲ ਚੋਣਾਂ ਦੇ ਪੰਜ ਗੇੜਾਂ ਦਾ ਹਿਸਾਬ ਹੈ ਜਿਸ ਮੁਤਾਬਕ ਮੋਦੀ ਜੀ ਨੂੰ ੩੧੦ ਸੀਟਾਂ ਮਿਲ ਚੁੱਕੀਆਂ ਹਨ ਜਦ ਕਿ ਕਾਂਗਰਸ ਨੂੰ ੪੦ ਅਤੇ ਅਖਿਲੇਵ ਯਾਦਵ ਨੂੰ ਚਾਰ ਸੀਟਾਂ ਤੋਂ ਵਧ ਨਹੀਂ ਮਿਲਣੀਆਂ। ਅਮਿਤ ਸ਼ਾਹ ਦੀ ਇਸ ਭਵਿੱਖਬਾਣੀ ਦਾ ਆਖ਼ਰ ਅਧਾਰ ਕੀ ਹੈ। ਦੇਸ਼ ਦੇ ਲੋਕ ਚੋਣ ਕਮਿਸ਼ਨ ਅਤੇ ਈ ਵੀ ਐਮ ਦੇ ਮੁੱਦਿਆਂ ਨੂੰ ਲੈ ਕੇ ਵੱਡੇ ਸਕਤੇ ਵਿਚ ਹਨ।

ਮੈਂ ਪਰਾਭੌਤਿਕ ਹਾਂ (Non Biological) ਹਾਂ &ndash ਨਰਿੰਦਰ ਮੋਦੀ

ਇੱਕ ਇੰਟਰਵਿਊ ਵਿਚ ਭਾਰਤ ਦੇ ਪ੍ਰਧਾਨ ਮੰਤਰੀ ਨੇ ਇਹ ਕਹਿ ਕੇ ਸਭ ਨੂੰ ਹੈਰਾਨ ਕਰ ਦਿੱਤਾ ਕਿ ਉਹ ਨੌਨ ਬਾਇਲੌਜੀਕਲ ਹੈ ਭਾਵ ਪਰਾਭੌਤਿਕ ਹੈ। ਸ਼੍ਰੀ ਮੋਦੀ ਦਾ ਇੰਝ ਕਹਿਣ ਤੋਂ ਅਸਲ ਵਿਚ ਕੀ ਭਾਵ ਹੈ ਇਹ ਤਾਂ ਉਹ ਹੀ ਦੱਸ ਸਕਦੇ ਹਨ ਪਰ ਕੁਝ ਲੋਕਾਂ ਵਲੋਂ ਇਹ ਵੀ ਅੰਦਾਜ਼ੇ ਲਾਏ ਜਾ ਰਹੇ ਹਨ ਕਿ ਸ਼੍ਰੀ ਮੋਦੀ ਨੇ ਪਹਿਲੀਆਂ ਚੋਣਾ ਸਮੇਂ ਆਪਣੇ ਆਪ ਨੂੰ ਸੇਵਕ ਪ੍ਰਧਾਨ ਦੱਸਿਆ ਸੀ, ਦੂਜੀਆਂ ਚੋਣਾ ਵਿਚ ਆਪਣੇ ਆਪ ਨੂੰ ਦੇਸ਼ ਅਤੇ ਲੋਕਾਂ ਦਾ ਚੌਕੀਦਾਰ ਦੱਸਿਆ ਸੀ ਪਰ ਹੁਣ ਸ਼ਾਇਦ ਆਪਣੇ ਆਪ ਨੂੰ ਭਗਵਾਨ ਨੂੰ ਘੋਸ਼ਿਤ ਕਰ ਰਹੇ ਹਨ ਕਿਓਂਕਿ ਮਨੁੱਖ ਤਾਂ ਸਾਰੇ ਭੌਤਿਕ ਹੀ ਹੁੰਦੇ ਹਨ ਜੋ ਕਿ ਆਪਣੇ ਮਾਂ ਬਾਪ ਦੇ ਸੰਜੋਗ ਨਾਲ ਜਨਮ ਲੈ ਕੇ ਇਸ ਦੁਨੀਆਂ ਵਿਚ ਅਉਂਦੇ ਹਨ। ਅਜੋਨੀ ਤਾਂ ਕੇਵਲ ਪ੍ਰਮਾਤਮਾ ਹੈ ਜੋ ਜੋਨੀਆਂ ਵਿਚ ਨਹੀਂ ਅਉਂਦਾ ਜਾਂ ਸ਼ਾਇਦ ਸ਼੍ਰੀ ਮੋਦੀ ਆਪਣੇ ਆਪ ਨੂੰ ਦੇਵਤਾ ਘੋਸ਼ਿਤ ਕਰ ਰਹੇ ਹੋਣਗੇ। ਕੁਝ ਪਤਰਕਾਰਾਂ ਵਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਸ਼੍ਰੀ ਮੋਦੀ ਗੁਜਰਾਤ ਵਿਚ ੧੨ ਸਾਲ ਮੁਖ ਮੰਤਰੀ ਬਣੇ ਰਹੇ ਅਤੇ ਭਾਰਤ ਦੇ ੧੦ ਸਾਲ ਪ੍ਰਧਾਨ ਮੰਤਰੀ ਬਣੇ ਰਹੇ ਸ਼ਾਇਦ ਇਹ ਭਰਮ ਪਾਲ ਬੈਠੇ ਹਨ ਕਿ ਉਹਨਾ ਦੇ ਐਸੇ ਠੁੱਕ ਪਿੱਛੇ ਕੋਈ ਰਹੱਸਮਈ ਸ਼ਕਤੀਆਂ ਕੰਮ ਕਰ ਰਹੀਆਂ ਹਨ।

ਇਸ ਪ੍ਰਸੰਗ ਵਿਚ ਇਹ ਵੀ ਕਿਹਾ ਜਾ ਰਿਹਾ ਹੈ ਕਿ ਰਾਮ ਮੰਦਰ ਦੇ ਮੁੱਦੇ &lsquoਤੇ ੧੦ ਸਾਲ ਰਾਜ ਕਰਨ ਵਾਲੀ ਭਾਜਪਾ ਨੂੰ ਸ਼ਾਇਦ ਇਹ ਵਹਿਮ ਹੋ ਗਿਆ ਹੈ ਕਿ ਉਹ ਫਿਰਕੂ ਮੁੱਦੇ ਉਭਾਰ ਕੇ ਦੇਸ਼&lsquoਤੇ ਰਾਜ ਕਰਦੇ ਰਹਿਣਗੇ। ਸ਼੍ਰੀ ਮੋਦੀ ਦੇ ਇਹ ਬਿਆਨ ਵੀ ਰਿਕਾਰਡ ਹੋ ਚੁੱਕੇ ਹਨ ਕਿ ਕਾਂਹਰਸ ਆਈ ਤਾਂ ਹਿੰਦੂ ਬੀਬੀਆਂ ਦੇ ਮੰਗਲ ਸੂਤਰ ਤਕ ਉਤਰ ਜਾਣਗੇ । ਭਾਰਤ ਵਿਚ ਹਿੰਦੂ ਬੀਬੀਆਂ ਦੇ ਮੰਗਲ ਸੂਤਰ ਤਾਂ ਉਸ ਸਮੇਂ ਉਤਾਰੇ ਗਏ ਸਨ ਜਦੋਂ ਹਿੰਦੂ ਬੰਦਿਆਂ ਦੇ ਤਿਲਕ ਜੰਞੂ ਉਤਾਰੇ ਜਾ ਰਹੇ ਸਨ। ਇਹ ਹੀ ਨਹੀਂ ਸਗੋਂ ਸ਼੍ਰੀ ਮੋਦੀ ਦੇ ਅਨੇਕਾਂ ਹੋਰ ਬਿਆਨ ਹਨ ਜਿਥੋਂ ਮੰਦਰ ਮਸਜਿਦ ਦੀ ਰਾਜਨੀਤੀ ਦੇ ਸੰਕੇਤ ਮਿਲਦੇ ਹਨ ਪਰ ਜਾਪਦਾ ਹੈ ਭਾਰਤ ਦੇ ਲੋਕੀ ਹੁਣ ਹੋਰ ਬਹੁਤਾ ਚਿਰ ਭਾਜਪਾ ਦੀ ਉਲਾਰ ਸੰਪ੍ਰਦਾਇਕ ਅਤੇ ਤਾਨਾਸ਼ਾਹੀ ਰਾਜਨੀਤੀ ਨਹੀਂ ਕਰਨ ਦੇਣਗੇ। ਭਾਜਪਾ ਦਾ ਅਬ ਕੀ ਵਾਰ ੪੦੦ ਸੇ ਪਾਰ ਦਾ ਦਾਅਵਾ ਹੁਣ ਭਿਆਨਕ ਸੁਫਨਾ ਬਣਦਾ ਜਾ ਰਿਹਾ ਹੈ । ਰਾਜਸੀ ਸਫਾਂ ਵਿਚ ਇਹ ਗੱਲ ਆਮ ਕਹੀ ਜਾ ਰਹੀ ਹੈ ਕਿ ਮੋਦੀ ਦਾ ਜਾਦੂ ਹੁਣ ਜਾਂਦਾ ਰਿਹਾ ਹੈ। ਮੋਦੀ ਅਤੇ ਅਮਿਤ ਸ਼ਾਹ ਸਭ ਬੌਖਲਾਏ ਹੋਏ ਬਿਆਨ ਦੇ ਰਹੇ ਹਨ।


ਭਾਰਤੀ ਚੋਣ ਕਮਿਸ਼ਨ ਪ੍ਰਤੀ ਤੌਖਲੇ

ਦੇਸ਼ ਵਿਚ ਨਿਰਪੱਖ ਚੋਣਾ ਕਰਵਾਉਣ ਵਿਚ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀ ਪ੍ਰਮੁਖ ਜ਼ਿੰਮੇਵਾਰੀ ਹੈ। ਇਸ ਨੂੰ ਹਿੰਦੀ ਵਿਚ ਚੋਣ ਅਯੋਗ ਵੀ ਕਿਹਾ ਜਾਂਦਾ ਹੈ। ਬੰਗਲੌਰ ਵਿਚ ਧਾਂਦਲੀ ਹੋਣ ਮਗਰੋਂ ੧੨੦ ਸਿਵਲ ਸਰਵੈਂਟ ਸੁਸਾਇਟੀਆਂ ਨੇ ਦੇਸ਼ ਦੇ ਸਾਰੇ ਰਿਟਰਨਿੰਗ ਅਫਸਰਾਂ ਨੂੰ ਚਿੱਠੀਆਂ ਲਿਖ ਕੇ ਇਹ ਮੰਗ ਕੀਤੀ ਕਿ ਤੁਸੀਂ ਇਹ ਗੱਲ ਨਿਸ਼ਚਤ ਕਰੋ ਕਿ ਦੇਸ਼ ਵਿਚ ਨਿਆਂ ਪੂਰਵਕ ਸਾਫ ਸੁਥਰੀਆਂ ਚੋਣਾ ਹੋਣ। ਚੋਣ ਕਮਿਸ਼ਨ ਦੇ ਅਤੇ ਰਿਟਰਨਿੰਗ ਅਫਸਰਾਂ ਦੀ ਨਿਯੁਕਤੀ ਦੇ ਮੁੱਦੇ ਵੀ ਚਿੰਤਾਜਨਕ ਹਨ। ਈ ਵੀ ਐਮ ਦਾ ਮੁੱਦਾ ਵੀ ਚਿੰਤਾਜਨਕ ਹੈ। ਇਹ ਚਿੰਤਾ ਹੋਰ ਵੀ ਵਧ ਜਾਂਦੀ ਹੈ ਜਿਸ ਵੇਲੇ ਸ਼੍ਰੀ ਅਮਿਤ ਸ਼ਾਹ ਵਰਗੇ ਮੰਤਰੀ ਇਹ ਕਹਿੰਦੇ ਸੁਣੇ ਜਾਂਦੇ ਹਨ ਕਿ ਉਹਨਾ ਕੋਲ ਭਾਜਪਾ ਦੀਆਂ ਕਿੰਨੀਆਂ ਅਤੇ ਵਿਰੋਧੀਆਂ ਦੀਆਂ ਕਿੰਨੀਆਂ ਵੋਟਾਂ ਦਾ ਲੇਖਾ ਜੋਖਾ ਹੈ। ਜਿੰਨੇ ਧੜੱਲੇ ਨਾਲ ਇਸ ਤਰਾਂ ਦੀਆਂ ਪੇਸ਼ਨਗੋਈਆਂ ਕੀਤੀਆਂ ਜਾ ਰਹੀਆਂ ਹਨ ਉਹਨਾ ਤੋਂ ਲੋਕ ਸਭਾ ਦੀਆਂ ਚੋਣਾਂ ਵਿਚ ਕਿਸੇ ਵੱਡੀ ਧਾਂਦਲੀ ਦੀ ਚਿੰਤਾ ਵੀ ਵਧ ਜਾਂਦੀ ਹੈ।ਭਾਜਪਾ ਦੇ ਸੱਤਾ ਵਿਚ ਅਉਣ ਤੋਂ ਬਾਅਦ ਕੁਝ ਲੋਕਾਂ ਵਲੋਂ ਇਹ ਉਮੀਦਾਂ ਕੀਤੀਆਂ ਜਾਂਦੀਆਂ ਸਨ ਕਿ ਭਾਜਪਾ ਦੇਸ਼ ਵਿਚ ਭ੍ਰਿਸ਼ਟਾਚਾਰ ਨੂੰ ਸ਼ਾਇਦ ਨੱਥ ਪਾ ਸਕੇਗੀ ਪਰ ਹੋ ਤਾਂ ਕੁਝ ਹੋਰ ਹੀ ਗਿਆ। ਦੇਸ਼ ਵਿਚ ਭਾਜਪਾ ਦੇ ਗੋਦੀ ਮੀਡੀਆ ਨੇ ਸੂਚਨਾ ਅਤੇ ਪ੍ਰਸਾਰ ਦੀ ਪੱਧਰ &lsquoਤੇ ਆਪਣੀ ਕਿਸਮ ਦਾ ਭ੍ਰਿਸ਼ਟਾਚਾਰ ਫੈਲਾ ਦਿੱਤਾ ਹੈ। ਇਹ ਗੋਦੀ ਮੀਡੀਆ ਆਪਣੇ ਐਗਜਿਟ ਪੋਲ ਦੀਆਂ ਲਲਕਾਰਾਂ ਮਾਰ ਰਿਹਾ ਹੈ ਕਿ ਇਹਨਾ ਚੋਣਾ ਵਿਚ ਭਾਜਪਾ ੩੭੦ ਸੀਟਾਂ &lsquoਤੇ ਜੇਤੂ ਰਹੇਗੀ ਅਤੇ ਗਠਜੋੜ ਨਾਲ ਇਹ ਗਿਣਤੀ ੪੦੫ ਹੋ ਜਾਵੇਗੀ।

ਭਾਰਤ ਵਿਚ ਭਾਜਪਾ ਵਿਰੋਧੀਆਂ &lsquoਤੇ ਇੰਟੈਲੀਜੈਂਸ ਬਿਓਰੋ ਦੇ ਲਗਾਤਾਰ ਛਾਪੇ ਪੈ ਰਹੇ ਹਨ ਅਤੇ ਵਧਦੇ ਜਾ ਰਹੇ ਹਨ। ਬੈਂਕਾਂ ਅਤੇ ਫਾਈਨੈਂਸ ਕੰਪਨੀਆਂ ਵੀ ਭਾਜਪਾ ਵਿਰੋਧੀਆਂ ਨੂੰ ਕਰਜ਼ੇ ਦੇਣ ਤੋਂ ਦਹਿਸ਼ਤ ਵਿਚ ਹਨ। ਚੋਣ ਜ਼ਾਬਤਾ ਲੱਗ ਜਾਣ ਤੋਂ ਬਾਅਦ ਵੀ ਦਿੱਲੀ ਅਤੇ ਯੂ ਪੀ ਵਿਚ ਭਾਜਪਾ ਦੇ ਸੰਪਰਦਾਇਕ ਉਕਸਾਹਟ ਵਾਲੇ ਪੋਸਟਰ ਲੱਗ ਰਹੇ ਹਨ। ਭਾਜਪਾ ਇੱਕ ਅਜੇਹੀ ਰਾਜਨੀਤਕ ਪਾਰਟੀ ਹੈ ਜੋ ਕਿ ਰਾਮ ਦੇ ਨਾਮ &lsquoਤੇ ਵੋਟਾਂ ਮੰਗ ਰਹੀ ਹੈ। ਇਹਨਾ ਪੋਸਟਰਾਂ &lsquoਤੇ ਮੋਟੇ ਤੌਰ &lsquoਤੇ ਲਿਖਿਆ ਮਿਲਦਾ ਹੈ ਕਿ ,&rsquoਜੋ ਰਾਮ ਕੋ ਲਾਏ ਹੈਂ, ਹਮ ਉਨ ਕੋ ਲਾਏਂਗੇ&rsquo। ਇਹਨਾ ਗਤੀਵਿਧਿਆਂ ਸਬੰਧੀ ਚੋਣ ਕਮਿਸ਼ਨ ਮੂਕ ਦਰਸ਼ਕ ਬਣਿਆ ਹੋਇਆ ਹੈ।


ਅਕਾਲੀ ਦਲ ਵਿਚ ਨਿੱਤ ਨਵੇਂ ਧਮਾਕੇ

ਅਕਾਲੀ ਦਲ ਬਾਦਲ ਦੀ ਅਕੋਜੀ ਸਥਿਤੀ ਨੂੰ ਦੇਖ ਕੇ ਕੁਝ ਪੱਤਰਕਾਰਾਂ ਨੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਹੈ ਕਿ ਸ: ਪ੍ਰਕਾਸ਼ ਸਿੰਘ ਬਾਦਲ ਹੰਢੇ ਹੋਏ ਸਿਆਸਤਦਾਨ ਹੋਣ ਕਰਕੇ ਰਾਜਨੀਤੀ ਵਿਚ ਹਮੇਸ਼ਾਂ ਸੋਚ ਕੇ ਕਦਮ ਚੁੱਕਦੇ ਸਨ ਪਰ ਉਹਨਾ ਦਾ ਜਾਨਸ਼ੀਨ ਬੇਟਾ ਸੁਖਬੀਰ ਸਿੰਘ ਬਾਦਲ ਤਾਂ ਕਦਮ ਚੁੱਕ ਕੇ ਬਾਅਦ ਵਿਚ ਸੋਚਦਾ ਹੈ। ਉਸ ਨੇ ਹੁਣੇ ਹੁਣੇ ਆਪਣੇ ਜਵਾਈ ਭਾਈ ਸ: ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੂੰ ਅਕਾਲੀ ਦਲ ਵਿਚੋਂ ਕੱਢ ਦਿੱਤਾ ਹੈ ਅਤੇ ਹੁਣ ਸਾਰੇ ਅਖਬਾਰ ਇਸੇ ਨਾਲ ਭਰੇ ਹੋਏ ਹਨ। ਇਸ ਤੋਂ ਪਹਿਲਾਂ ਬੀਬੀ ਜਗੀਰ ਕੌਰ, ਫਤਹਿਗੜ੍ਹ ਚੂੜੀਆਂ ਦੇ ਰਵੀ ਕਰਣ ਸਿੰਘ ਕਾਹਲੋਂ ਨੂੰ ਕੱਢਿਆ ਗਿਆ ਸੀ। ਚੰਡੀਗੜ੍ਹ ਦੀ ਸਾਬਕਾ ਮੇਅਰ ਬੀਬੀ ਹਰਜਿੰਦਰ ਕੋਰ ਨੂੰ ਤਾਂ ਪਿਛਲੇ ਹਫਤੇ ਹੀ ਅਕਾਲੀ ਦਲ ਵਿਚੋਂ ਕੱਢਿਆ ਗਿਆ ਹੈ। ਪਿਛਲੇ ਦਿਨੀ ਸ਼੍ਰੀ ਨਰਿੰਦਰ ਮੋਦੀ ਨੇ ਪੰਜਾਬ ਦੌਰੇ ਸਮੇਂ ਭਗਵੰਤ ਮਾਨ ਨੂੰ ਭਾਵੇਂ ਲੰਬੇ ਹੱਥੀਂ ਲਿਆ ਸੀ ਪਰ ਅਕਾਲੀ ਦਲ ਬਾਦਲ ਬਾਰੇ ਕੁਝ ਵੀ ਨਾ ਕਿਹਾ ਸਗੋਂ ਸ੍ਰੀ ਬਾਦਲ ਦੀਆਂ ਸਿਫਤਾਂ ਦੇ ਪੁਲ ਬੰਨ੍ਹ ਦਿੱਤੇ ਗਏ ਜਿਸ ਤੋਂ ਪੱਤਰਕਾਰਾਂ ਨੇ ਇਹ ਅਨੁਮਾਨ ਲਉਣੇ ਸ਼ੁਰੁ ਕਰ ਦਿੱਤੇ ਸਨ ਕਿ ਸ਼ਾਇਦ ਭਵਿੱਖ ਵਿਚ ਕੇਂਦਰ ਵਿਚ ਅੜੀ ਥੁੜੀ ਨੂੰ ਭਾਜਪਾ ਮੁੜ ਅਕਾਲੀ ਦਲ ਬਾਦਲ ਨਾਲ ਗਠਜੋੜ ਕਰ ਲਵੇ ਪਰ ਅੱਜ ਜਿਸ ਪਾਸੇ ਵਲ ਇਹ ਦਲ ਜਾ ਰਿਹਾ ਹੈ ਉਸ ਤੋਂ ਇਹਨਾ ਦੀ ਬੇੜੀ ਵਿਚ ਭੁਚਾਲ ਦੇ ਅਨਸਰ ਦਿਖਾਈ ਦੇ ਰਹੇ ਹਨ । ਇੰਝ ਪ੍ਰਤੀਤ ਹੋਣ ਲੱਗ ਪਿਆ ਹੈ ਕਿ ਅਕਾਲੀ ਦਲ ਦੀ ਪੁਨਰ ਸੁਰਜੀਤੀ ਤਾਂ ਦੂਰ ਦੀ ਗੱਲ ਹੈ, ਇਸ ਵੇਲੇ ਤਾਂ ਇਸ ਦਲ ਦੇ ਜਿੰਦਾ ਰਹਿਣ ਦੇ ਲਾਲੇ ਪਏ ਹੋਏ ਹਨ।

ਸੁਖਬੀਰ ਸਿੰਘ ਬਾਰੇ ਕਿਹਾ ਜਾਂਦਾ ਹੈ ਕਿ ਭਾਂਵੇਂ ਉਹ ਆਪਣੇ ਪਿਤਾ ਵਾਂਗ ਬਿਨਾ ਸ਼ਰਤ ਤੋਂ ਕਿਸੇ ਨਾਲ ਗਠਜੋੜ ਨਾ ਵੀ ਕਰੇ ਪਰ ਉਹ ਕੰਨਾ ਦਾ ਕੱਚਾ ਹੈ। ਜਿਸ ਤਰਾਂ ਅਕਾਲੀ ਦਲ ਦੇ ਅੰਦਰ ਧਮਾਕੇ ਹੋ ਰਹੇ ਹਨ ਇਸ ਦਾ ਸਿੱਧਾ ਲਾਭ ਵਿਰੋਧੀਆਂ ਨੂੰ ਜਾਵੇਗਾ। ਪੰਜਾਬ ਦੀ ਸਥਾਨਕ ਸਿਆਸੀ ਪਾਰਟੀ ਜਿਸ ਦਾ ਕਮਾਲ ਦਾ ਇਤਹਾਸ ਹੈ ਅੱਜ ਇਹ ਪਾਰਟੀ ਸਾਹ ਸਤ ਹੀਣ ਹੁੰਦੀ ਦਿਖਾਈ ਦੇ ਰਹੀ ਹੈ।

ਕੁਲਵੰਤ ਸਿੰਘ ਢੇਸੀ