ਅੰਮ੍ਰਿਤਪਾਲ ਦੀ ਰਿਹਾਈ ਦੀ ਮੰਗ ਅਮਰੀਕਾ ਤੱਕ ਪਹੁੰਚੀ
 ਨਵੀਂ ਦਿੱਲੀ: ਖਡੂਰ ਸਾਹਿਬ ਤੋਂ ਸੰਸਦ ਮੈਂਬਰ ਚੁਣੇ ਗਏ ਅੰਮ੍ਰਿਤਪਾਲ ਸਿੰਘ ਦੇ ਪ੍ਰਸ਼ੰਸਕ ਸਰਗਰਮ ਹੋ ਗਏ ਹਨ। ਖ਼ਬਰ ਇਹ ਸਾਹਮਣੇ ਆਈ ਹੈ ਕਿ ਅੰਮ੍ਰਿਤਪਾਲ ਨੂੰ ਲੈ ਕੇ ਹਲਚਲ ਅਮਰੀਕਾ ਤੱਕ ਪਹੁੰਚ ਗਈ ਹੈ। ਅੰਮ੍ਰਿਤਪਾਲ ਸਿੰਘ ਦੀ ਰਿਹਾਈ ਦੀ ਖ਼ਬਰ ਹੁਣ ਅਮਰੀਕਾ ਦੀ ਉਪ ਪ੍ਰਧਾਨ ਕਮਲਾ ਹੈਰਿਸ ਤੱਕ ਪਹੁੰਚ ਗਈ ਹੈ। ਅਮਰੀਕੀ-ਸਿੱਖ ਵਕੀਲ ਜਸਪ੍ਰੀਤ ਸਿੰਘ ਨੇ ਅੰਮ੍ਰਿਤਪਾਲ ਸਿੰਘ ਨੂੰ ਜੇਲ ਤੋਂ ਰਿਹਾਅ ਕਰਵਾਉਣ ਲਈ ਅਮਰੀਕਾ ਤੋਂ ਦਖ਼ਲ ਦੀ ਮੰਗ ਕੀਤੀ ਹੈ। ਇਸ ਦੇ ਲਈ ਉਨ੍ਹਾਂ ਨੇ ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨਾਲ ਸੰਪਰਕ ਕੀਤਾ ਹੈ।
ਅਮਰੀਕਾ ਦੇ ਸਿੱਖ ਵਕੀਲ ਜਸਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਅੰਮ੍ਰਿਤਪਾਲ ਸਿੰਘ ਕੇਸ ਦਾ ਡੂੰਘਾਈ ਨਾਲ ਅਧਿਐਨ ਕੀਤਾ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਅੰਮ੍ਰਿਤਪਾਲ ਸਿੰਘ ਦੀ ਨਜ਼ਰਬੰਦੀ ਬੇਇਨਸਾਫ਼ੀ ਹੈ। ਦਰਅਸਲ, ਅੰਮ੍ਰਿਤਪਾਲ ਸਿੰਘ ਲੋਕ ਸਭਾ ਚੋਣਾਂ 2024 ਖਡੂਰ-ਸਾਹਿਬ ਸੀਟ ਤੋਂ ਆਜ਼ਾਦ ਉਮੀਦਵਾਰ ਵਜੋਂ ਜਿੱਤੇ ਹਨ। ਅੰਮ੍ਰਿਤਪਾਲ ਸਿੰਘ ਐੱਨਐੱਸਏ ਤਹਿਤ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿਚ ਬੰਦ ਹੈ।
ਇਸੇ ਦੌਰਾਨ ਜੇਲ੍ਹ ਵਿਚ ਬੰਦ ਅੰਮ੍ਰਿਤਪਾਲ ਸਿੰਘ ਲੋਕ ਸਭਾ ਮੈਂਬਰ ਵਜੋਂ ਸਹੁੰ ਚੁੱਕਣ ਲਈ ਪੰਜਾਬ ਸਰਕਾਰ ਨੂੰ ਪੱਤਰ ਲਿਖ ਕੇ ਅਸਾਮ ਦੀ ਜੇਲ੍ਹ ਵਿਚੋਂ ਆਰਜ਼ੀ ਜ਼ਮਾਨਤ ਦੀ ਮੰਗ ਕਰੇਗਾ। ਡਿਬਰੂਗੜ੍ਹ ਜੇਲ੍ਹ ਤੋਂ ਚੋਣ ਲੜਨ ਵਾਲੇ ਅੰਮ੍ਰਿਤਪਾਲ ਸਿੰਘ ਨੇ ਕਾਂਗਰਸ ਦੇ ਕੁਲਬੀਰ ਸਿੰਘ ਜ਼ੀਰਾ ਖਿਲਾਫ ਕਰੀਬ ਦੋ ਲੱਖ ਵੋਟਾਂ ਦੇ ਫਰਕ ਨਾਲ ਜਿੱਤ ਦਰਜ ਕੀਤੀ ਹੈ।
ਇਕ ਰਿਪੋਰਟ ਮੁਤਾਬਕ ਜਸਪ੍ਰੀਤ ਸਿੰਘ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਲਈ ਭਾਰਤ ਸਰਕਾਰ 'ਤੇ ਦਬਾਅ ਬਣਾਉਣ ਲਈ 100 ਤੋਂ ਵੱਧ ਅਮਰੀਕੀ ਕਾਂਗਰਸ ਮੈਂਬਰਾਂ ਨਾਲ ਸੰਪਰਕ ਕਰਨ ਦੀ ਯੋਜਨਾ ਬਣਾ ਰਿਹਾ ਹੈ। ਜਸਪ੍ਰੀਤ ਸਿੰਘ ਨੇ ਇੱਕ ਯੂਟਿਊਬ ਵੀਡੀਓ ਵਿਚ ਕਿਹਾ, 'ਮੈਂ ਪਿਛਲੇ ਦੋ-ਤਿੰਨ ਮਹੀਨਿਆਂ ਵਿਚ ਦੋ ਵਾਰ ਕਮਲਾ ਹੈਰਿਸ ਨੂੰ ਮਿਲਿਆ ਹਾਂ। ਮੈਂ ਉਹਨਾਂ ਨਾਲ ਇਮੀਗ੍ਰੇਸ਼ਨ ਦੇ ਮੁੱਦਿਆਂ ਬਾਰੇ ਗੱਲ ਕੀਤੀ।
ਮੈਂ ਉਹਨਾਂ ਨਾਲ ਅੰਮ੍ਰਿਤਪਾਲ ਸਿੰਘ ਬਾਰੇ ਵੀ ਗੱਲ ਕੀਤੀ ਹੈ। ਉਹਨਾਂ ਨੇ ਮੈਨੂੰ ਆਪਣੇ ਦਫ਼ਤਰ ਆਉਣ ਦਾ ਸਮਾਂ ਦਿੱਤਾ ਹੈ। ਮੈਂ ਉਨ੍ਹਾਂ ਨੂੰ 11 ਜੂਨ ਯਾਨੀ ਮੰਗਲਵਾਰ ਨੂੰ ਮਿਲਾਂਗਾ। ਅੰਮ੍ਰਿਤਪਾਲ ਸਿੰਘ ਦੀ ਜਿੱਤ ਬਹੁਤ ਵੱਡੀ ਸੀ ਅਤੇ ਉਸ ਨੂੰ ਲਗਾਤਾਰ ਜੇਲ੍ਹ ਵਿੱਚ ਰੱਖਣਾ ਮਨੁੱਖੀ ਅਧਿਕਾਰਾਂ &rsquoਤੇ ਗੰਭੀਰ ਸਵਾਲ ਖੜ੍ਹੇ ਕਰਦਾ ਹੈ।