ਰੂਸ 'ਚ ਆਰਥਿਕ ਸੰਮੇਲਨ 'ਚ ਪਹੁੰਚੀਆਂ ਪੁਤਿਨ ਦੀਆਂ ਦੋਵੇਂ ਬੇਟੀਆਂ
 ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀਆਂ ਦੋ ਬੇਟੀਆਂ ਹਨ। ਮਾਰਿਆ ਵੋਰਾਂਤਸੋਵਾ (39) ਅਤੇ ਕੈਟੇਰੀਨਾ ਤਿਖੋਨੋਵਾ (37)। ਉਹ ਰੂਸ ਦੀਆਂ ਸਭ ਤੋਂ ਅਮੀਰ ਕੁੜੀਆਂ ਵਿੱਚ ਗਿਣੀਆਂ ਜਾਂਦੀਆਂ ਹਨ। ਦੋਵੇਂ ਰੂਸ ਵਿੱਚ ਰਾਸ਼ਟਰਪਤੀ ਭਵਨ ਨਾਲ ਸਬੰਧਤ ਕੰਮ ਦੇਖਦੀਆਂ ਹਨ।
ਜਾਣਕਾਰੀ ਮੁਤਾਬਕ ਪੁਤਿਨ ਦੀਆਂ ਬੇਟੀਆਂ ਜਨਤਕ ਤੌਰ 'ਤੇ ਘੱਟ ਹੀ ਨਜ਼ਰ ਆਉਂਦੀਆਂ ਹਨ। ਇਸ ਦੌਰਾਨ ਦੋਨਾਂ ਨੇ ਸੇਂਟ ਪੀਟਰਸਬਰਗ ਇੰਟਰਨੈਸ਼ਨਲ ਇਕਨਾਮਿਕ ਫੋਰਮ 'ਚ ਹਿੱਸਾ ਲਿਆ। ਪੱਛਮੀ ਮੀਡੀਆ 'ਚ ਇਸ ਦੀ ਕਾਫੀ ਚਰਚਾ ਹੋ ਰਹੀ ਹੈ।
ਰੂਸੀ ਮੀਡੀਆ ਹਾਊਸ ਨੋਵਾਯਾ ਗਜ਼ੇਟਾ ਯੂਰਪ ਮੁਤਾਬਕ ਪੁਤਿਨ ਦੀਆਂ ਦੋਵੇਂ ਬੇਟੀਆਂ ਪਹਿਲਾਂ ਵੀ ਹਰ ਸਾਲ ਹੋਣ ਵਾਲੇ ਸੇਂਟ ਪੀਟਰਸਬਰਗ ਫੋਰਮ 'ਚ ਹਿੱਸਾ ਲੈ ਚੁੱਕੀਆਂ ਹਨ ਪਰ ਹੁਣ ਤੱਕ ਸਿਰਫ ਛੋਟੀ ਭੈਣ ਕੈਟੇਰੀਨਾ ਹੀ ਸਪੀਕਰ ਰਹੀ ਹੈ।
ਪੁਤਿਨ ਦੀ ਛੋਟੀ ਬੇਟੀ ਕੈਟਰੀਨਾ ਰੂਸ ਦੇ ਰੱਖਿਆ ਖੇਤਰ ਲਈ ਤਕਨੀਕੀ ਸਹਾਇਤਾ ਵਿੱਚ ਕੰਮ ਕਰਦੀ ਹੈ। ਉਹ ਇਸ ਪ੍ਰੋਗਰਾਮ ਵਿੱਚ ਵਰਚੁਅਲ ਤੌਰ 'ਤੇ ਸ਼ਾਮਿਲ ਹੋਈ। ਆਪਣੇ ਸੰਬੋਧਨ ਵਿੱਚ ਉਨ੍ਹਾਂ ਨੇ ਰੱਖਿਆ ਖੇਤਰ ਨਾਲ ਜੁੜੀਆਂ ਗੱਲਾਂ ਬਾਰੇ ਦੱਸਿਆ। ਉਨ੍ਹਾਂ ਨੇ ਫੌਜੀ ਤਕਨਾਲਾਜੀ ਨੂੰ ਮਜ਼ਬੂਤ ਕਰਨ ਦੀ ਗੱਲ ਕੀਤੀ ਅਤੇ ਤਕਨਾਲਾਜੀ ਦੀ ਦਰਾਮਦ ਨੂੰ ਖਤਮ ਕਰਨ 'ਤੇ ਜ਼ੋਰ ਦਿੱਤਾ।
ਪੁਤਿਨ ਦੀ ਵੱਡੀ ਬੇਟੀ ਮਾਰਿਆ ਵੋਰਾਂਤਸੋਵਾ ਇਸ ਸਮਾਗਮ ਵਿੱਚ ਨਿੱਜੀ ਤੌਰ 'ਤੇ ਮੌਜੂਦ ਸੀ। ਮਾਰੀਆ ਵੋਰੋਨਤਸੋਵਾ ਰੂਸ ਦੇ ਸਿਹਤ ਮੰਤਰਾਲੇ ਦੇ ਐਂਡੋਕਰੀਨੋਲੋਜੀ ਵਿਭਾਗ ਵਿੱਚ ਇੱਕ ਖੋਜਕਾਰ ਹੈ। ਐਂਡੋਕ੍ਰੋਨੋਲਾਜੀ ਵਿੱਚ ਹਾਰਮੋਨਾਂ ਬਾਰੇ ਖੋਜ ਕੀਤੀ ਜਾਂਦੀ ਹੈ। ਆਪਣੇ ਭਾਸ਼ਣ ਵਿੱਚ ਵੋਰਾਂਤਸੋਵਾ ਨੇ ਬਾਇਓਟੈਕਨਾਲਾਜੀ ਅਤੇ ਬਾਇਓਪ੍ਰੋਡਕਸ਼ਨ ਬਾਰੇ ਗੱਲ ਕੀਤੀ।