45 ਭਾਰਤੀਆਂ ਦੀਆਂ ਮ੍ਰਿਤਕਦੇਹਾਂ ਕੁਵੈਤ ਤੋਂ ਕੋਚੀ ਲਿਆਂਦੀਆਂ, ਕੇਰਲ ਦੇ ਮੁੱਖ ਮੰਤਰੀ ਨੇ ਹਵਾਈ ਅੱਡੇ 'ਤੇ ਦਿੱਤੀ ਸ਼ਰਧਾਜ਼ਲੀ
ਮੰਗਾਫ -  ਭਾਰਤੀ ਹਵਾਈ ਸੈਨਾ ਦਾ ਇੱਕ ਵਿਸ਼ੇਸ਼ ਜਹਾਜ਼ ਬੁੱਧਵਾਰ ਨੂੰ ਕੁਵੈਤ ਦੇ ਮੰਗਾਫ ਵਿੱਚ ਲੱਗੀ ਭਿਆਨਕ ਅੱਗ ਵਿੱਚ ਮਾਰੇ ਗਏ 45 ਭਾਰਤੀਆਂ ਦੀਆਂ ਲਾਸ਼ਾਂ ਨੂੰ ਲੈ ਕੇ ਭਾਰਤ ਪਹੁੰਚ ਗਿਆ ਹੈ। ਇਹ ਕੇਰਲ ਦੇ ਕੋਚੀ ਹਵਾਈ ਅੱਡੇ 'ਤੇ ਉਤਰਿਆ, ਕਿਉਂਕਿ ਮਰਨ ਵਾਲਿਆਂ ਦੀ ਸਭ ਤੋਂ ਵੱਧ ਗਿਣਤੀ, 23, ਕੇਰਲ ਦੇ ਸਨ। ਇਸ ਤੋਂ ਬਾਅਦ ਜਹਾਜ਼ ਦਿੱਲੀ ਜਾਵੇਗਾ।
ਆਪਣੀ ਜਾਨ ਗੁਆਉਣ ਵਾਲੇ ਹੋਰ 22 ਲੋਕਾਂ ਵਿੱਚ ਤਾਮਿਲਨਾਡੂ ਦੇ 7, ਆਂਧਰਾ-ਉੱਤਰ ਪ੍ਰਦੇਸ਼ ਦੇ 3-3 ਅਤੇ ਬਿਹਾਰ, ਉੜੀਸਾ, ਕਰਨਾਟਕ, ਮਹਾਰਾਸ਼ਟਰ, ਝਾਰਖੰਡ, ਹਰਿਆਣਾ, ਪੰਜਾਬ ਅਤੇ ਪੱਛਮੀ ਬੰਗਾਲ ਤੋਂ 1-1 ਵਿਅਕਤੀ ਸ਼ਾਮਿਲ ਹੈ। ਇੱਕ ਮ੍ਰਿਤਕ ਕਿਸ ਸੂਬੇ ਦਾ ਰਹਿਣ ਵਾਲਾ ਸੀ, ਇਸ ਬਾਰੇ ਹਾਲੇ ਜਾਣਕਾਰੀ ਨਹੀਂ ਮਿਲੀ ਹੈ। ਕੁਵੈਤ ਨੇ ਇਸ ਮਾਮਲੇ 'ਚ ਹੁਣ ਤੱਕ 3 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਹਾਦਸੇ ਤੋਂ ਬਾਅਦ ਭਾਰਤ ਦੇ ਵਿਦੇਸ਼ ਰਾਜ ਮੰਤਰੀ ਕੀਰਤੀ ਵਰਧਨ ਸਿੰਘ ਕੁਵੈਤ ਗਏ ਸਨ। ਉਨ੍ਹਾਂ 5 ਹਸਪਤਾਲਾਂ ਦਾ ਦੌਰਾ ਕੀਤਾ ਜਿੱਥੇ ਜ਼ਖਮੀ ਭਾਰਤੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ। ਕੀਰਤੀਵਰਧਨ ਸਿੰਘ ਅੱਜ ਉਸੇ ਹਵਾਈ ਜਹਾਜ਼ ਰਾਹੀਂ ਵਾਪਿਸ ਪਰਤ ਆਏ ਹਨ, ਜਿਸ ਰਾਹੀਂ ਲਾਸ਼ਾਂ ਲਿਆਂਦੀਆਂ ਗਈਆਂ ਸਨ।