image caption:

ਯੋਗ ਆਸਣ ਦੀ ਸਿੱਖ ਧਰਮ ਵਿੱਚ ਕੋਈ ਮਹੱਤਤਾ ਨਹੀਂ : ਗਿਆਨੀ ਰਘਬੀਰ ਸਿੰਘ

 ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਬੀਤੇ ਕੱਲ੍ਹ ਇੱਕ ਲੜਕੀ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਦੀ ਪਰਿਕਰਮਾ ਵਿੱਚ ਯੋਗ ਆਸਣ ਦੇ ਵਿੱਚ ਤਸਵੀਰਾਂ ਖਿਚਵਾ ਕੇ ਸੋਸ਼ਲ ਮੀਡੀਆ &lsquoਤੇ ਪ੍ਰਸਾਰਿਤ ਕਰਨ ਦੇ ਮਾਮਲੇ ਵਿੱਚ ਕਿਹਾ ਹੈ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦਰਬਾਰ ਸਾਹਿਬ ਸਿੱਖ ਰੂਹਾਨੀਅਤ ਦਾ ਕੇਂਦਰ ਹੈ ਅਤੇ ਇੱਥੇ ਸਮੁੱਚੀ ਮਾਨਵ ਜਾਤੀ ਨੂੰ ਰੱਬੀ ਏਕਤਾ ਦਾ ਸੰਦੇਸ਼ ਮਿਲਦਾ ਹੈ ਪਰ ਯੋਗ ਆਸਣ ਦੀ ਸਿੱਖ ਧਰਮ ਵਿੱਚ ਕੋਈ ਮਹੱਤਤਾ ਨਹੀਂ ਹੈ।

ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਤੋਂ ਜਾਰੀ ਬਿਆਨ ਵਿਚ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਆਖਿਆ ਕਿ ਸਿੱਖ ਧਰਮ ਇੱਕ ਨਿਆਰਾ ਅਤੇ ਨਿਰਾਲਾ ਧਰਮ ਹੈ ਜਿਸ ਬਾਰੇ ਕੁਝ ਤਾਕਤਾਂ ਜਾਣ-ਬੁੱਝ ਕੇ ਗਲਤ ਪ੍ਰਚਾਰ ਕਰਨ ਵਿੱਚ ਲੱਗੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਸਿੱਖ ਧਰਮ ਆਪਣੇ ਆਸ-ਪਾਸ ਦੇ ਸਮਾਜ ਨੂੰ ਤਿਆਗ ਕੇ ਆਪਣੇ ਸਰੀਰ ਦੀਆਂ ਬਹੱਤਰ ਹਜ਼ਾਰ ਨਾੜੀਆਂ ਵਿਚ ਕੁੰਡਲੀ ਜਗਾਉਣ ਵਾਲਾ ਧਰਮ ਨਹੀਂ ਹੈ, ਨਾ ਹੀ ਆਪਣੇ ਸਰੀਰ ਨੂੰ ਕਸ਼ਟ ਦੇ ਕੇ ਨਿਵਲੀ ਕਰਮ ਕਰਨ ਵਾਲਾ ਅਤੇ ਜੋਗੀਆਂ ਵਾਲੇ 84 ਆਸਣਾਂ ਦੇ ਨਾਲ ਸਾਧਨਾ ਕਰਨ ਵਾਲਾ ਮਤ ਹੈ ਬਲਕਿ ਇਸ ਦਾ ਆਦਰਸ਼ਵਾਦ &lsquo&lsquoਨਾਨਕ ਸਤਿਗੁਰਿ ਭੇਟੀਐ ਪੂਰੀ ਹੋਵੈ ਜੁਗਤਿ॥ ਹਸੰਦਿਆ ਖੇਲੰਦਿਆ ਪੈਨੰਦਿਆ ਖਾਵੰਦਿਆ ਵਿਚੇ ਹੋਵੈ ਮੁਕਤਿ॥&rsquo&rsquo ਦੇ ਨਿਰਬਾਣ ਆਸ਼ੇ ਨੂੰ ਸੇਧਿਤ ਹੈ। ਇਸ ਕਾਰਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਆਤਮ ਜਗਿਆਸੂਆਂ ਲਈ ਗੁਰਬਾਣੀ ਦੇ ਰੂਹਾਨੀ ਆਭਾ ਮੰਡਲ ਦਾ ਲਾਹਾ ਲੈਣ ਦਾ ਮੁਕੱਦਸ ਅਸਥਾਨ ਹੈ ਅਤੇ ਇਸ ਪਾਵਨ ਅਸਥਾਨ ਦੀ ਹਦੂਦ ਅੰਦਰ ਯੋਗ ਆਸਣ ਆਦਿ ਕਿਰਿਆਵਾਂ, ਜਿਨ੍ਹਾਂ ਦੀ ਸਿੱਖ ਧਰਮ ਵਿਚ ਕੋਈ ਮਾਨਤਾ ਨਾ ਹੋਵੇ, ਕਰਨੀਆਂ ਘੋਰ ਮਨਮਤਿ ਹਨ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬਾਨ ਨੇ ਸਰੀਰਕ ਕਸਰਤ ਲਈ ਸਿੱਖਾਂ ਨੂੰ ਗੱਤਕਾ ਵਰਗੀ ਜੰਗਜੂ ਕਲਾ ਦਿੱਤੀ ਹੈ ਅਤੇ ਸਿੱਖ ਯੋਗ ਨਹੀਂ, ਗੱਤਕਾ ਖੇਡਦੇ ਹਨ।