image caption:

ਅਮਰੀਕੀ ’ਵਰਸਿਟੀ ਦਾ ਵਜ਼ੀਫ਼ਾ ਲੈਣ ਲਈ ਭਾਰਤੀ ਵਿਦਿਆਰਥੀ ਨੇ ‘ਪਿਓ ਨੂੰ ਦੇ ਦਿਤੀ ਕਾਗਜ਼ੀ ਮੌਤ’

 ਬੈਥਲੇਹਮ (ਪੈਨਸਿਲਵਾਨੀਆ, ਅਮਰੀਕਾ): ਇਥੋਂ ਦੀ ਲੀਹਾਈ ਯੂਨੀਵਰਸਿਟੀ &rsquoਚ ਪੜ੍ਹਦੇ ਇਕ ਭਾਰਤੀ ਵਿਦਿਆਰਥੀ ਨੂੰ ਗ੍ਰਿਫ਼ਤਾਰ ਕਰ ਕੇ ਭਾਰਤ ਵਾਪਸ ਭੇਜ ਦਿਤਾ ਗਿਆ ਹੈ। ਆਰੀਅਨ ਆਨੰਦ ਨਾਂਅ ਦੇ ਇਸ ਵਿਦਿਆਰਥੀ &rsquoਤੇ ਦੋਸ਼ ਸੀ ਕਿ ਉਸ ਨੇ ਜਾਅਲੀ ਦਸਤਾਵੇਜ਼ਾਂ ਦੇ ਆਧਾਰ &rsquoਤੇ ਯੂਨੀਵਰਸਿਟੀ ਦਾ ਵਜ਼ੀਫ਼ਾ ਲਿਆ।

ਆਨੰਦ ਨੇ ਇਸ ਯੂਨੀਵਰਸਿਟੀ &rsquoਚ ਦਾਖ਼ਲੇ ਤੋਂ ਲੈ ਕੇ ਵਜ਼ੀਫ਼ਾ ਲੈਣ ਤਕ ਹਰ ਮਾਮਲੇ &rsquoਚ ਜਾਅਲੀ ਦਸਤਾਵੇਜ਼ ਪੇਸ਼ ਕੀਤੇ। ਉਸ ਵਲੋਂ ਪੇਸ਼ ਕੀਤੀਆਂ ਗਈਆਂ ਹਥ-ਲਿਖਤਾਂ, ਲੇਖ ਤਾਂ ਨਕਲੀ ਸਨ ਹੀ ਉਸ ਨੇ ਅਪਣੇ ਪਿਤਾ ਦੀ ਮੌਤ ਦਾ ਝੂਠਾ ਸਰਟੀਫ਼ਿਕੇਟ ਤਕ ਜਮ੍ਹਾ ਕਰਵਾ ਦਿਤਾ, ਜਦ ਕਿ ਉਸ ਦੇ ਪਿਤਾ ਹਾਲੇ ਚੰਗੇ-ਭਲੇ ਹਨ।

ਆਨੰਦ ਨੂੰ ਦੋ ਮਹੀਨੇ ਪਹਿਲਾਂ ਗ੍ਰਿਫ਼ਤਾਰ ਕੀਤਾ ਗਿਆ ਸੀ। ਜੇ ਉਸ ਦੇ ਜੇਲ &rsquoਚ ਹੁੰਦਿਆਂ ਮੁਕੱਦਮਾ ਚਲਦਾ, ਤਾਂ ਉਸ ਨੂੰ 20 ਵਰ੍ਹੇ ਕੈਦ ਦੀ ਸਜ਼ਾ ਹੋਣੀ ਸੀ ਪਰ ਉਸ ਨੂੰ ਅਧਿਕਾਰੀਆਂ ਦੀ ਬੇਨਤੀ &rsquoਤੇ ਪਹਿਲਾਂ ਤਾਂ ਯੂਨੀਵਰਸਿਟੀ &rsquoਚੋਂ ਕਢਿਆ ਗਿਆ ਤੇ ਫਿਰ ਉਸ ਨੂੰ ਭਾਰਤ ਵਾਪਸ ਭੇਜ (ਡੀਪੋਰਟ ਕਰ) ਦਿਤਾ ਗਿਆ।

ਨੌਰਥਐਂਪਟਨ ਕਾਊਂਟੀ ਦੇ ਅਸਿਸਟੈਂਟ ਡੀਏ ਮਾਈਕਲ ਵੀਨਰਟ ਨੇ ਯੂਨੀਵਰਸਿਟੀ ਦੇ ਅਧਿਕਾਰੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਵਲੋਂ ਨਿੱਠ ਕੇ ਕੀਤੀ ਗਈ ਜਾਂਚ ਸਦਕਾ ਹੀ ਧੋਖਾਧੜੀ ਫੜੀ ਗਈ।