image caption:

ਮੈਕਸੀਕੋ-ਚੀਨ ਨੂੰ ਪਛਾੜ ਕੇ ਨੰਬਰ 1 ਬਣਿਆ ਭਾਰਤ! ਵਿਦੇਸ਼ੀ ਭਾਰਤੀਆਂ ਨੇ 2023 ਵਿਚ ਭੇਜੇ 120 ਅਰਬ ਡਾਲਰ

 ਭਾਰਤ ਦੇ ਲੋਕ ਦੁਨੀਆ ਦੇ ਹਰ ਕੋਨੇ ਵਿਚ ਰਹਿੰਦੇ ਹਨ। ਵਿਦੇਸ਼ਾਂ ਵਿਚ ਰਹਿੰਦੇ ਭਾਰਤੀ ਦੇਸ਼ ਦੀ ਆਰਥਿਕਤਾ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ। ਇਨ੍ਹਾਂ ਵਿਦੇਸ਼ੀ ਭਾਰਤੀਆਂ ਕਾਰਨ ਦੇਸ਼ ਦੀ ਆਰਥਿਕਤਾ ਨੂੰ ਕਾਫੀ ਫਾਇਦਾ ਹੋ ਰਿਹਾ ਹੈ। ਵਿਦੇਸ਼ਾਂ 'ਚ ਰਹਿੰਦੇ ਭਾਰਤੀਆਂ ਨੇ ਇਸ ਵਾਰ ਨਵਾਂ ਰਿਕਾਰਡ ਬਣਾਇਆ ਹੈ। ਉਨ੍ਹਾਂ ਨੇ ਚੀਨ-ਮੈਕਸੀਕੋ ਵਰਗੇ ਦੇਸ਼ਾਂ ਨੂੰ ਪਿੱਛੇ ਛੱਡ ਦਿਤਾ ਹੈ। ਅਸਲ ਵਿਚ ਵਿਦੇਸ਼ਾਂ ਵਿਚ ਰਹਿੰਦੇ ਭਾਰਤੀ ਅਪਣੇ ਦੇਸ਼ ਵਿਚ ਇੰਨਾ ਪੈਸਾ ਭੇਜਦੇ ਹਨ ਜਿਸ ਨਾਲ ਦੇਸ਼ ਦੀ ਆਰਥਿਕਤਾ ਨੂੰ ਹੁਲਾਰਾ ਮਿਲਦਾ ਹੈ। ਵਿਦੇਸ਼ਾਂ ਵਿਚ ਰਹਿੰਦੇ ਭਾਰਤੀਆਂ ਨੇ ਇਕ ਵਾਰ ਫਿਰ ਪੈਸੇ ਭੇਜਣ ਦੇ ਮਾਮਲੇ ਵਿਚ ਸੱਭ ਨੂੰ ਪਿੱਛੇ ਛੱਡ ਦਿਤਾ ਹੈ।

ਵਿਦੇਸ਼ੀ ਭਾਰਤੀਆਂ ਨੇ ਪਿਛਲੇ ਸਾਲ 2023 ਵਿਚ ਭਾਰਤ ਨੂੰ 120 ਅਰਬ ਡਾਲਰ (10 ਲੱਖ ਕਰੋੜ ਰੁਪਏ ਤੋਂ ਵੱਧ) ਭੇਜੇ ਸਨ। ਵਿਸ਼ਵ ਬੈਂਕ ਦੀ ਰਿਪੋਰਟ ਮੁਤਾਬਕ ਵਿਦੇਸ਼ਾਂ 'ਚ ਵਸੇ ਭਾਰਤੀਆਂ ਵੱਲੋਂ ਦੇਸ਼ ਨੂੰ ਭੇਜੇ ਗਏ ਪੈਸੇ ਨੇ ਚੀਨ ਅਤੇ ਮੈਕਸੀਕੋ ਵਰਗੇ ਦੇਸ਼ਾਂ ਨੂੰ ਪਿੱਛੇ ਛੱਡ ਦਿਤਾ ਹੈ। ਇਸ ਤਰ੍ਹਾਂ ਦੇ ਪੈਸੇ ਦੀ ਗੱਲ ਕਰੀਏ ਤਾਂ ਚੀਨ ਕੋਲ ਭਾਰਤ ਦੇ ਮੁਕਾਬਲੇ ਅੱਧੇ ਤੋਂ ਵੀ ਘੱਟ ਰਕਮ ਹੈ। ਪਾਕਿਸਤਾਨ ਦੀ ਗੱਲ ਕਰੀਏ ਤਾਂ ਵਿਦੇਸ਼ਾਂ ਵਿਚ ਰਹਿੰਦੇ ਪਾਕਿਸਤਾਨੀ ਭਾਰਤੀਆਂ ਦੇ ਮੁਕਾਬਲੇ ਇਕ ਚੌਥਾਈ ਪੈਸਾ ਵੀ ਨਹੀਂ ਭੇਜਦੇ। ਪਿਛਲੇ ਸਾਲ, ਵਿਦੇਸ਼ਾਂ ਵਿਚ ਰਹਿ ਰਹੇ ਮੈਕਸੀਕਨਾਂ ਨੇ ਅਪਣੇ ਦੇਸ਼ ਵਿਚ $ 66 ਬਿਲੀਅਨ ਭੇਜੇ। ਅਮਰੀਕਾ 'ਚ ਰਹਿ ਰਹੇ ਭਾਰਤੀਆਂ ਨੇ ਸੱਭ ਤੋਂ ਵੱਧ ਪੈਸੇ ਘਰ ਵਾਪਸ ਭੇਜੇ ਹਨ।

ਵਿਸ਼ਵ ਬੈਂਕ ਵੱਲੋਂ ਵਿਦੇਸ਼ਾਂ ਤੋਂ ਭੇਜੇ ਗਏ ਪੈਸੇ ਦੇ ਅੰਕੜਿਆਂ ਨੂੰ ਲੈ ਕੇ ਇਕ ਰਿਪੋਰਟ ਜਾਰੀ ਕੀਤੀ ਗਈ ਹੈ। ਇਸ ਸੂਚੀ ਦੇ ਅਨੁਸਾਰ, ਵਿਦੇਸ਼ਾਂ ਵਿਚ ਰਹਿਣ ਵਾਲੇ ਭਾਰਤੀਆਂ ਨੇ ਸਾਲ 2023 ਵਿਚ ਭਾਰਤ ਨੂੰ 120 ਬਿਲੀਅਨ ਡਾਲਰ ਯਾਨੀ 10 ਲੱਖ ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਭੇਜੀ ਹੈ। ਭਾਵ ਵਿਦੇਸ਼ਾਂ ਵਿਚ ਰਹਿੰਦੇ ਭਾਰਤੀਆਂ ਨੇ ਹਰ ਮਿੰਟ ਵਿਚ ਲਗਭਗ 2 ਕਰੋੜ ਰੁਪਏ ਦੇਸ਼ ਨੂੰ ਭੇਜੇ। ਇਸੇ ਤਰ੍ਹਾਂ ਮੈਕਸੀਕੋ ਨੂੰ 66 ਬਿਲੀਅਨ ਡਾਲਰ, ਚੀਨ ਨੂੰ 50 ਬਿਲੀਅਨ ਡਾਲਰ, ਫਿਲੀਪੀਨਜ਼ ਨੂੰ 39 ਬਿਲੀਅਨ ਡਾਲਰ ਅਤੇ ਪਾਕਿਸਤਾਨ ਨੂੰ ਸਿਰਫ 27 ਬਿਲੀਅਨ ਡਾਲਰ ਰੈਮਿਟੈਂਸ ਵਜੋਂ ਮਿਲੇ ਹਨ।