image caption:

ਖਾਲਸਾ ਰਾਜ ਲਈ ਪ੍ਰੀਤ ਰਖਣ ਵਾਲੇ ਦਲ ਖਾਲਸਾ ਦੇ ਬਾਨੀ ਗਜਿੰਦਰ ਸਿੰਘ ਦਾ ਲਾਹੌਰ ਵਿਚ ਦਿਹਾਂਤ ਗੁਰੂ ਗ੍ਰੰਥ ਸਾਹਿਬ,ਖਾਲਸਾ ਰਾਜ,ਖਾਲਸਾ ਪੰਥ ਨਾਲ ਆਪਣੀ ਪ੍ਰੀਤ ਨਿਭਾ ਗਏ ਭਾਈ ਸਾਹਿਬ ਰਜਿੰਦਰ ਸਿੰਘ ਪੁਰੇਵਾਲ

  ਦਲ ਖ਼ਾਲਸਾ ਦੇ ਬਾਨੀ ਭਾਈ ਗਜਿੰਦਰ ਸਿੰਘ ਬੀਤੇ ਵੀਰਵਾਰ ਲਾਹੌਰ ਦੇ ਹਸਪਤਾਲ ਵਿਚ ਅਕਾਲ ਚਲਾਣਾ ਕਰ ਗਏ ਹਨ। ਉਨ੍ਹਾਂ ਨੂੰ ਕੁਝ ਦਿਨ ਪਹਿਲਾਂ ਦਿਲ ਦਾ ਦੌਰਾ ਪੈਣ ਕਾਰਨ ਇਲਾਜ ਲਈ ਲਾਹੌਰ ਦੇ ਹਸਪਤਾਲ ਵਿੱਚ ਦਾਖਲ ਕੀਤਾ ਸੀ। ਭਾਈ ਗਜਿੰਦਰ ਸਿੰਘ ਤੰਦਰੁਸਤ ਹੋ ਰਹੇ ਸਨ ਕਿ ਅਚਾਨਕ ਉਨ੍ਹਾਂ ਦੀ ਤਬੀਅਤ ਖਰਾਬ ਹੋਣ ਬਾਅਦ ਹਸਪਤਾਲ ਵਿੱਚ ਉਨ੍ਹਾਂ ਨੂੰ ਵੈਨਟੀਲੇਟਰ ਤੇ ਰੱਖਿਆ ਗਿਆ ਸੀ। ਜਿਸ ਤੋਂ ਬਾਅਦ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਲਾਹੌਰ ਵਿਚ ਉਨ੍ਹਾਂ ਦਾ ਸਸਕਾਰ ਹੋਇਆ ਜਿਥੇ ਉਨ੍ਹਾਂ ਦੀ ਬੇਟੀ ਬਿਕਰਮਜੀਤ ਕੌਰ ਤੇ ਜਵਾਈ ਗੁਰਪ੍ਰੀਤ ਸਿੰਘ ਪਹੁੰਚੇ ਸਨ।ਅੰਤਮ ਅਰਦਾਸ ਨਨਕਾਣਾ ਸਾਹਿਬ ਹੋਵੇਗੀ।

ਜ਼ਿਕਰਯੋਗ ਹੈ ਕਿ ਭਾਈ ਗਜਿੰਦਰ ਸਿੰਘ 29 ਸਤੰਬਰ 1981 ਵਿੱਚ ਦਲ ਖ਼ਾਲਸਾ ਦੇ ਮੈਂਬਰਾਂ ਨਾਲ ਗਿਆਨੀ  ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਦੀ ਗ੍ਰਿਫ਼ਤਾਰੀ ਦੇ ਰੋਸ ਵਿੱਚ ਏਅਰ ਇੰਡੀਆ ਦਾ ਜਹਾਜ਼ ਅਗਵਾ ਕਰ ਕੇ ਲਾਹੌਰ ਲੈ ਗਏ ਸਨ, ਜਿੱਥੇ ਉਨ੍ਹਾਂ ਅਤੇ ਸਾਥੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ।ਦਲ ਖਾਲਸਾ ਦੇ ਦਾਅਵੇ ਮੁਤਾਬਕ ਗਜਿੰਦਰ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੇ ਇਹ ਵਾਰਦਾਤ ਦਮਦਮੀ ਟਕਸਾਲ ਦੇ ਤਤਕਾਲੀ ਮੁਖੀ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਪੰਜਾਬ ਪੁਲਿਸ ਦੀ ਹਿਰਾਸਤ ਵਿੱਚੋਂ ਰਿਹਾਅ ਕਰਵਾਉਣ ਅਤੇ ਖਾਲਿਸਤਾਨ ਲਹਿਰ ਨੂੰ ਕੌਮਾਂਤਰੀ ਪੱਧਰ ਉੱਤੇ ਉਭਾਰਨ ਲਈ ਅੰਜਾਮ ਦਿੱਤੀ ਸੀ।ਉਦੋਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ 20 ਸਤੰਬਰ 1982 ਨੂੰ ਮੀਡੀਆ ਅਦਾਰੇ ਹਿੰਦ ਸਮਾਚਾਰ ਗਰੁੱਪ ਦੇ ਮਾਲਕ ਲਾਲ ਜਗਤ ਨਰਾਇਣ ਦੇ ਕਤਲ ਕੇਸ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ।
ਦਲ ਖਾਲਸਾ ਮੁਤਾਬਕ ਭਾਈ ਗਜਿੰਦਰ ਸਿੰਘ ਨਾਲ ਜਹਾਜ਼ ਅਗਵਾ ਕਰਨ ਵਾਲੇ ਦੂਜੇ ਵਿਅਕਤੀਆਂ ਵਿੱਚ ਭਾਈ ਸਤਿਨਾਮ ਸਿੰਘ,ਭਾਈ ਤੇਜਿੰਦਰ ਪਾਲ ਸਿੰਘ, ਭਾਈ ਜਸਬੀਰ ਸਿੰਘ, ਭਾਈ ਕਰਨ ਸਿੰਘ ਸ਼ਾਮਲ ਸਨ।ਉਹ ਅਗਵਾ ਕਰਕੇ ਇਸ ਨੂੰ ਪਾਕਿਸਤਾਨ ਲੈ ਗਏ ਸਨ, ਜਿੱਥੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ।ਇਨ੍ਹਾਂ ਨੂੰ ਇੱਥੇ 14 ਸਾਲ ਕੈਦ ਦੀ ਸਜ਼ਾ ਹੋਈ ਸੀ ਅਤੇ ਇਨ੍ਹਾਂ ਪੰਜਾਂ ਨੇ ਪੂਰੀ ਕੈਦ ਕੱਟੀ ਅਤੇ ਨਵੰਬਰ 1994 ਵਿੱਚ ਰਿਹਾਅ ਹੋਏ ਸਨ।ਸਤਿਨਾਮ ਸਿੰਘ ਅਤੇ ਤੇਜਇੰਦਰਪਾਲ ਸਿੰਘ ਦੋਵੇਂ 1999 ਵਿੱਚ ਕ੍ਰਮਵਾਰ ਅਮਰੀਕਾ ਅਤੇ ਕੈਨੇਡਾ ਤੋਂ ਡਿਪੋਰਟ ਕੀਤੇ ਜਾਣ ਤੋਂ ਬਾਅਦ ਭਾਰਤ ਆ ਗਏ ਸਨ।ਜਸਬੀਰ ਸਿੰਘ ਅਤੇ ਕਰਨ ਸਿੰਘ ਦੋਵੇਂ ਸਵਿੱਟਜਰਲੈਂਡ ਚਲੇ ਗਏ ਸਨ, ਜਿੱਥੇ ਉਨ੍ਹਾਂ ਨੂੰ ਸਿਆਸੀ ਸ਼ਰਨ ਮਿਲ ਚੁੱਕੀ ਹੈ।
13 ਸਾਲ 4 ਮਹੀਨੇ ਦੀ ਕੈਦ ਤੋਂ ਬਾਅਦ, ਭਾਈ ਗਜਿੰਦਰ ਸਿੰਘ ਨੇ ਪਾਕਿਸਤਾਨ ਵਿੱਚ ਹੀ ਰਹਿਣ ਦਾ ਮਨ ਬਣਾ ਲਿਆ  ਸੀ।
ਗਜਿੰਦਰ ਸਿੰਘ ਨੇ ਸਜ਼ਾ ਪੂਰੀ ਕਰਨ ਤੋਂ ਬਾਅਦ 1996 ਵਿੱਚ ਜਰਮਨੀ ਜਾਣ ਦੀ ਕੋਸ਼ਿਸ਼ ਕੀਤੀ, ਪਰ ਭਾਰਤ ਸਰਕਾਰ ਦੇ ਇਤਰਾਜ਼ ਕਾਰਨ ਜਰਮਨ ਸਰਕਾਰ ਨੇ ਉਨ੍ਹਾਂ ਨੂੰ ਮੁਲਕ ਵਿੱਚ ਦਾਖਲਾ ਦੇਣ ਤੋਂ ਇਨਕਾਰ ਕਰ ਦਿੱਤਾ ਸੀ।
ਜਰਮਨੀ ਦੇ ਹਵਾਈ ਅੱਡੇ ਤੋਂ ਉਨ੍ਹਾਂ ਨੂੰ ਵਾਪਸ ਪਾਕਿਸਤਾਨ ਭੇਜ ਦਿੱਤਾ ਗਿਆ ਸੀ। ਹਾਲਾਂਕਿ ਇਸ ਦੀ ਅਧਿਕਾਰਤ ਪੁਸ਼ਟੀ ਨਾ ਹੀ ਦਲ ਖਾਲਸਾ ਨੇ ਅਤੇ ਨਾ ਹੀ ਪਾਕਿਸਤਾਨ ਸਰਕਾਰ ਨੇ ਕੀਤੀ ਸੀ।
ਦਲ ਖਾਲਸਾ ਦੇ ਆਗੂ ਕੰਵਰਪਾਲ ਸਿੰਘ ਦੱਸਦੇ ਹਨ ਕਿ ਭਾਰਤੀ ਸੰਸਦ ਉੱਤੇ ਜਿਹਾਦੀ ਹਮਲੇ ਤੋਂ ਬਾਅਦ ਭਾਰਤ ਸਰਕਾਰ ਨੇ ਜਨਵਰੀ 2002 ਵਿੱਚ ਜਦੋਂ ਭਾਈ ਗਜਿੰਦਰ ਸਿੰਘ ਦਾ ਨਾਮ ਮੋਸਟ ਵਾਟੰਡ ਲਿਸਟ ਵਿੱਚ ਪਾਇਆ ਸੀ ਤਾਂ ਦਲ ਖਾਲਸਾ ਵੱਲੋਂ ਸਖ਼ਤ ਇਤਰਾਜ਼ ਜਿਤਾਇਆ ਗਿਆ।''
ਦਲ ਖ਼ਾਲਸਾ ਨੇ ਭਾਰਤ ਸਰਕਾਰ ਦੇ ਤਤਕਾਲੀ ਗ੍ਰਹਿ ਮੰਤਰੀ ਲਾਲ ਕਿਸ਼ਨ ਅਡਵਾਨੀ ਨੂੰ ਫਰਵਰੀ 2002 ਵਿੱਚ ਖ਼ਤ ਲਿਖ ਕੇ ਗਜਿੰਦਰ ਸਿੰਘ ਦਾ ਨਾਂ ਮੋਸਟ ਵਾਟੰਡ ਸੂਚੀ ਵਿੱਚੋਂ ਹਟਾਉਣ ਦੀ ਮੰਗ ਕੀਤੀ ਸੀ।
ਦਲ ਖਾਲਸਾ ਨੇ ਯੂਐੱਨਓ ਨੂੰ ਵੀ ਪੱਤਰ ਲਿਖ ਕੇ ਭਾਰਤ ਸਰਕਾਰ ਦੇ ਗਲਤ ਫ਼ੈਸਲੇ ਉੱਤੇ ਇਤਰਾਜ਼ ਜਤਾਇਆ ਸੀ।
ਕੰਵਰਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਭਾਰਤ ਸਰਕਾਰ ਨੂੰ ਲਿਖਿਆ ਸੀ, ਗਜਿੰਦਰ ਸਿੰਘ ਹਵਾਈ ਜਹਾਜ਼ ਅਗਵਾ ਕੇਸ ਵਿੱਚ ਆਪਣੀ ਸਜ਼ਾ ਪੂਰੀ ਕਰ ਚੁੱਕੇ ਹਨ।ਉਨ੍ਹਾਂ ਨੇ ਇਸ ਤੋਂ ਬਾਅਦ ਕਿਸੇ ਵੀ ਤਰ੍ਹਾਂ ਦੀ ਖਾੜਕੂ ਗਤੀਵਿਧੀ ਵਿੱਚ ਸ਼ਮੂਲੀਅਤ ਨਹੀਂ ਕੀਤੀ।'ਉਨ੍ਹਾਂ ਖਿਲਾਫ਼ ਭਾਰਤ ਵਿੱਚ ਕੋਈ ਬਕਾਇਆ ਕੇਸ ਨਹੀਂ ਹੈ, ਇਸ ਲਈ ਉਨ੍ਹਾਂ ਨੂੰ ਅੱਤਵਾਦੀ ਵਜੋਂ ਪ੍ਰਚਾਰਨਾ ਘੋਰ ਇਤਰਾਜ਼ਯੋਗ ਸੀ। ਸੁਆਲ ਇਹ ਹੈ ਕਿ ਉਸਦੇ ਵਿਚਾਰਾਂ ਤੋਂ ਭਾਰਤੀ ਸਟੇਟ ਨੂੰ ਡਰ ਕਿਉਂ ਸੀ?''
ਭਾਈ ਕੰਵਰਪਾਲ ਅੱਗੇ ਦੱਸਦੇ ਹਨ ਕਿ ਭਾਰਤ ਸਰਕਾਰ ਨੇ ਇਸ ਪੱਤਰ ਦਾ ਜਵਾਬ ਨਹੀਂ ਸੀ ਦਿੱਤਾ ਪਰ 2008 ਅਤੇ 2009 ਵਿੱਚ ਜਾਰੀ ਦੂਜੀ ਤੇ ਤੀਜੀ ਲਿਸਟ ਵਿੱਚ ਉਨ੍ਹਾਂ ਦਾ ਨਾਮ ਨਹੀਂ ਪਾਇਆ ਗਿਆ ਸੀ।
ਕੰਵਰਪਾਲ ਦਾਅਵਾ ਕਰਦੇ ਹਨ ਕਿ ਗਜਿੰਦਰ ਸਿੰਘ ਇਸ ਸਮੇਂ ਪੂਰੀ ਤਰ੍ਹਾਂ ਅਜ਼ਾਦ ਸ਼ਖਸ਼ੀਅਤ ਹਨ। ਉਹ ਕਿਸੇ ਵੀ ਲੋੜੀਂਦੀ ਸੂਚੀ ਵਿੱਚ ਸ਼ਾਮਲ ਨਹੀਂ ਹਨ।
 
ਭਾਈ ਸਾਹਿਬ ਦਾ ਪਿਛੋਕੜ
ਗਜਿੰਦਰ ਸਿੰਘ ਚੰਡੀਗੜ੍ਹ ਵਿੱਚ ਰਹਿੰਦੇ ਸਨ ਅਤੇ ਸ਼ੁਰੂਆਤੀ ਦਿਨਾਂ ਵਿਚ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਸਰਗਰਮ ਮੈਂਬਰ ਸਨ।1971 ਵਿੱਚ ਉਨ੍ਹਾਂ ਨੇ ਚੰਡੀਗੜ੍ਹ-ਅੰਬਾਲਾ ਰੋਡ ਉੱਤੇ ਡੇਰਾਬਸੀ ਵਿੱਚ ਹੋਈ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਰੈਲੀ ਦੌਰਾਨ ਨਾਅਰੇਬਾਜ਼ੀ ਕੀਤੀ ਸੀ।ਅਚਾਨਕ ਹੀ ਉਹ ਵੱਖਰੇ ਸਿੱਖ ਰਾਜ ਦੀ ਮੰਗ ਕਰਨ ਵਾਲੀ ਵਿਚਾਰਧਾਰਾ ਨਾਲ ਜੁੜ ਗਏ ਅਤੇ ਉਨ੍ਹਾਂ ਆਪਣੇ 5 ਸਾਥੀਆਂ ਨਾਲ ਜਹਾਜ਼ ਅਗਵਾ ਕਰ ਲਿਆ।
ਇਹੀ ਉਨ੍ਹਾਂ ਦੀ ਜਿੰਦਗੀ ਦਾ ਪ੍ਰਮੁੱਖ ਐਕਸ਼ਨ ਸੀ।ਗਜਿੰਦਰ ਸਿੰਘ ਭਾਵੇਂ ਆਪ ਜਰਮਨੀ ਦਾਖ਼ਲ ਨਹੀਂ ਹੋ ਸਕੇ ਸਨ, ਪਰ ਕਿਹਾ ਜਾਂਦਾ ਹੈ ਕਿ ਉਨ੍ਹਾਂ ਦੇ ਪਤਨੀ  ਮਨਜੀਤ ਕੌਰ ਅਤੇ ਬੇਟੀ ਬਿਕਰਮਜੀਤ ਕੌਰ ਉੱਥੇ ਹੀ ਰਹਿੰਦੇ ਸਨ।2018 ਵਿੱਚ ਉਨ੍ਹਾਂ ਦੀ ਪਤਨੀ ਮਨਜੀਤ ਕੌਰ ਦੀ ਇਲਾਜ ਅਧੀਨ ਜਰਮਨ ਦੇ ਇੱਕ ਹਸਪਤਾਲ ਵਿੱਚ ਮੌਤ ਹੋ ਗਈ ਸੀ।
 ਅਤੇ ਬੇਟੀ ਬਿਕਰਮਜੀਤ ਕੌਰ ਦਾ ਅਨੰਦ ਕਾਰਜ ਗੁਰਪ੍ਰੀਤ ਸਿੰਘ ਹੋ ਚੁੱਕਿਆ ਹੈ।ਉਹ ਆਪਣੀ ਪਤਨੀ ਦੇ ਸਸਕਾਰ ਅਤੇ ਬੇਟੀ ਦੇ ਵਿਆਹ ਮੌਕੇ ਜਰਮਨੀ ਨਹੀਂ ਜਾ ਸਕੇ ਸਨ।
 
ਪੰਥਕ ਆਗੂਆਂ ਵਲੋਂ ਸਰਧਾਂਜਲੀ
ਸੀਨੀਅਰ ਪੱਤਰਕਾਰ ਕਰਮਜੀਤ ਸਿੰਘ ਚੰਡੀਗੜ੍ਹ ਸੀਨੀਅਰ ਪੱਤਰਕਾਰ  ਆਖਦੇ ਹਨ ਕਿ ਖਾਲਿਸਤਾਨ ਉਸ ਦੀ ਪ੍ਰੀਤ ਸੀ। ਖਾਲਿਸਤਾਨ ਉਸ ਦਾ ਇਸ਼ਕ ਸੀ।  ਖਾਲਿਸਤਾਨ ਉਸਦੀ ਮੰਜ਼ਿਲ ਸੀ। ਖਾਲਿਸਤਾਨ ਉਸਦਾ ਸਫਰ ਸੀ। ਆਪਣੀ ਜਦੋਜਹਿਦ ਦੌਰਾਨ ਕੰਡਿਆਲਿਆ ਰਾਹਾਂ ਉੱਤੇ ਸਫਰ ਕਰਦਿਆਂ ਉਹ ਇੱਕ ਪਲ ਲਈ ਵੀ ਆਪਣੀ ਮੰਜ਼ਿਲ ਤੋਂ ਨਾ ਕਦੇ ਡੋਲਿਆ, ਨਾ ਕਦੇ ਭਟਕਿਆ ,ਨਾ ਕਦੇ ਦੁਚਿੱਤੀ ਵਿੱਚ ਪਿਆ, ਨਾ ਕਦੇ ਸ਼ਬਦਾਂ ਨੂੰ ਘੁਮਾ ਕੇ ਕਦੇ ਇਧਰ ਕੀਤਾ ਤੇ ਕਦੇ ਉਧਰ ਵੱਲ ਕੀਤਾ।ਉਹ ਅੰਤ ਤੱਕ ਨਿਰਮਲ ਪਾਣੀਆਂ ਨਿਰਮਲ ਰਹਿ ਕੇ ਇਸ ਸੰਸਾਰ ਤੋਂ ਵਿਦਾ ਹੋਇਆ। ਕਰਮਜੀਤ ਸਿੰਘ ਆਖਦੇ ਹਨ ਕਿ ਉਹ ਘੜੀ ਦੂਰ ਨਹੀਂ ਜਦੋਂ ਖਾਲਸਾ ਪੰਥ ਸਿਲੀਆਂ ਅੱਖਾਂ ਨਾਲ ਉਸ ਨੂੰ ਇਵੇਂ ਯਾਦ ਕਰੇਗਾ,ਜਿਵੇਂ ਕਦੇ ਰੂਸ ਦੇ ਸ਼ਾਇਰ ਪੁਸ਼ਕਿਨ ਨੇ ਦੂਰ ਦੁਰਾਡੇ ਬਰਫੀਲੀਆਂ ਵਾਦੀਆਂ ਵਿੱਚ ਕੈਦ ਭੁਗਤ ਰਹੇ ਦਸੰਬਰ ਦੇ ਜਲਾਵਤਨ ਇਨਕਲਾਬੀਆਂ ਨੂੰ ਆਪਣੀ ਸ਼ਰਧਾਂਜਲੀ ਵਿੱਚ ਯਾਦ ਕੀਤਾ ਸੀ।
ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਤੋਂ ਜਾਰੀ ਲਿਖਤੀ ਬਿਆਨ ਵਿੱਚ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਆਪਣੇ ਜੀਵਨ ਦਾ ਵੱਡਾ ਹਿੱਸਾ ਪੰਥ ਦੇ ਲੇਖੇ ਲਾਉਣ ਕਰਕੇ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਭਾਈ ਗਜਿੰਦਰ ਸਿੰਘ ਨੂੰ ਅਗਸਤ 2020 ਵਿਚ &lsquoਜਲਾਵਤਨੀ ਸਿੱਖ ਯੋਧਾ&rsquo ਦੇ ਖਿਤਾਬ ਨਾਲ ਸਨਮਾਨਿਤ ਕਰਨ ਦਾ ਫੈਸਲਾ ਕੀਤਾ ਗਿਆ ਸੀ।ਉਨ੍ਹਾਂ ਕਿਹਾ ਕਿ ਭਾਈ ਗਜਿੰਦਰ ਸਿੰਘ ਪੰਥਕ ਸੋਚ ਤੇ ਜਜ਼ਬੇ ਵਾਲੇ, ਉੱਚੇ-ਸੁੱਚੇ ਜੀਵਨ ਦੇ ਧਾਰਨੀ ਅਤੇ ਨਿੱਘੇ ਸੁਭਾਅ ਦੇ ਮਾਲਕ ਸਨ। ਉਨ੍ਹਾਂ ਨੇ ਆਪਣੀ ਕਲਮ ਰਾਹੀਂ ਵੀ ਪੰਥ ਦੇ ਦਰਦ ਅਤੇ ਹੱਕ-ਹਕੂਕਾਂ ਦੀ ਆਵਾਜ਼ ਨੂੰ ਹਮੇਸ਼ਾ ਜ਼ਿੰਦਾ ਰੱਖਣ ਦਾ ਯਤਨ ਕੀਤਾ। ਉਨ੍ਹਾਂ ਕਿਹਾ ਕਿ ਜਲਾਵਤਨੀ ਦੌਰਾਨ ਹੀ ਭਾਈ ਗਜਿੰਦਰ ਸਿੰਘ ਦੀ ਧਰਮ ਪਤਨੀ ਵੀ ਕੁਝ ਸਾਲ ਪਹਿਲਾਂ ਅਕਾਲ ਚਲਾਣਾ ਕਰ ਗਏ ਸਨ। ਪੰਥਕ ਸੰਘਰਸ਼ ਦੌਰਾਨ ਆਪਣੇ ਜੀਵਨ ਅਤੇ ਪਰਿਵਾਰ ਦੇ ਵੱਡੇ ਘਾਟੇ ਸਹਿੰਦਿਆਂ ਵੀ ਭਾਈ ਗਜਿੰਦਰ ਸਿੰਘ ਨੇ ਕਦੇ ਆਪਣੇ ਸਿਧਾਂਤਾਂ ਅਤੇ ਪੰਥਕ ਸੰਘਰਸ਼ ਪ੍ਰਤੀ ਵਚਨਬੱਧਤਾ ਨਾਲ ਸਮਝੌਤਾ ਨਹੀਂ ਕੀਤਾ।
ਗਿਆਨੀ ਰਘਬੀਰ ਸਿੰਘ ਨੇ ਆਖਿਆ ਕਿ ਭਾਈ ਗਜਿੰਦਰ ਸਿੰਘ ਦੀ ਪੰਥ ਲਈ ਕੁਰਬਾਨੀ ਆਪਣੇ ਆਪ ਵਿਚ ਮਿਸਾਲ ਹੈ ਅਤੇ ਉਨ੍ਹਾਂ ਦਾ ਅਕਾਲ ਚਲਾਣਾ ਨਾ-ਸਿਰਫ ਪਰਿਵਾਰ ਸਗੋਂ ਪੰਥ ਲਈ ਵੀ ਵੱਡਾ ਘਾਟਾ ਹੈ। ਉਨ੍ਹਾਂ ਨੇ ਭਾਈ ਗਜਿੰਦਰ ਸਿੰਘ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟਾਉਂਦਿਆਂ ਕਿਹਾ ਕਿ ਮੀਰੀ-ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਵਿਛੜੀ ਹੋਈ ਆਤਮਾ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ਣ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨ।
 ਦਲ ਖਾਲਸਾ ਜਥੇਬੰਦੀ ਦੇ ਬਾਨੀ ਮੁਖੀ ਭਾਈ ਗਜਿੰਦਰ ਸਿੰਘ ਦੇ ਪਾਕਿਸਤਾਨ ਵਿਚ ਅਕਾਲ ਚਲਾਣਾ ਕਰ ਜਾਣ ਉੱਤੇ  ਸਨੇਹਾ ਜਾਰੀ ਕਰਦਿਆਂ ਪੰਥ ਸੇਵਕ ਸਖਸ਼ੀਅਤ ਭਾਈ ਦਲਜੀਤ ਸਿੰਘ ਨੇ ਕਿਹਾ ਹੈ ਕਿ ਖਾਲਸਾ ਪੰਥ ਲਈ ਇਹ ਗੱਲ ਤਸੱਲੀ ਦਾ ਸਬੱਬ ਹੈ ਕਿ ਖਾਲਿਸਤਾਨ ਦੀ ਅਜ਼ਾਦੀ ਦੇ ਜਿਸ ਅਕੀਦੇ ਲਈ ਭਾਈ ਗਜਿੰਦਰ ਸਿੰਘ ਨੇ ਸੰਘਰਸ਼ ਵਿਚ ਪੈਰ ਰੱਖਿਆ ਸੀ ਉਸ ਉੱਤੇ ਉਹ ਆਖਰੀ ਸਾਹਾਂ ਤੱਕ ਨਿਭੇ।ਭਾਈ ਦਲਜੀਤ ਸਿੰਘ ਨੇ ਕਿਹਾ ਕਿ ਭਾਈ ਗਜਿੰਦਰ ਸਿੰਘ ਦੀ ਸਿੰਘਣੀ ਗੁਰਪੁਰਵਾਸੀ ਬੀਬੀ ਮਨਜੀਤ ਕੌਰ ਸਮੇਤ ਸਮੁੱਚਾ ਪਰਿਵਾਰ ਸੰਘਰਸ਼ ਨੂੰ ਸਮਰਪਿਤ ਰਿਹਾ ਅਤੇ ਉਹਨਾ ਹਰ ਕਸ਼ਟ ਦਾ ਖਿੜੇ ਮੱਥੇ ਸਾਹਮਣਾ ਕੀਤਾ ਅਤੇ ਇੰਨੇ ਲੰਮੇ ਅਰਸੇ ਦੌਰਾਨ ਗੁਰੂ ਖਾਲਸਾ ਪੰਥ ਦੀ ਸੇਵਾ ਤੇ ਸੰਘਰਸ਼ ਦੇ ਆਸ਼ੇ ਉੱਤੇ ਅਡੋਲ ਰਹਿੰਦਿਆਂ ਪਹਿਰਾ ਦਿੱਤਾ।
ਉਨ੍ਹਾਂ ਨੇ ਕਿਹਾ ਕਿ ਭਾਈ ਗਜਿੰਦਰ ਸਿੰਘ ਆਪਣੇ ਬੰਦੀ ਤੇ ਜਲਾਵਤਨੀ ਦੇ ਜੀਵਨ ਦੌਰਾਨ ਕਲਮ ਰਾਹੀਂ ਸੰਘਰਸ਼ ਵਿਚ ਯੋਗਦਾਨ ਪਾਉਂਦੇ ਰਹੇ ਤੇ ਉਨ੍ਹਾਂ ਦਾ ਇਹ ਉੱਦਮ ਆਖਰੀ ਸਮੇਂ ਤੱਕ ਵੀ ਜਾਰੀ ਰਿਹਾ। ਭਾਈ ਗਜਿੰਦਰ ਸਿੰਘ ਦਾ ਜੀਵਨ ਸੰਘਰਸ਼ ਦਾ ਰਾਹ ਅਖਤਿਆਰ ਕਰਨ ਵਾਲੇ ਨੌਜਵਾਨਾਂ ਅਤੇ ਅਗਲੀਆਂ ਪੀੜ੍ਹੀਆ ਲਈ ਪ੍ਰੇਰਣਾ ਦਾ ਸਰੋਤ ਰਹੇਗਾ।
ਮੈਨੂੰ ਯਾਦ ਹੈ ਕਿ ਕਾਫੀ ਸਮਾਂ ਪਹਿਲਾਂ ਮੈਂ ਸਤਿਗੁਰੂ ਨਾਨਕ ਜੀ ਦੇ ਪ੍ਰਕਾਸ਼ ਉਤਸਵ ਉਪਰ ਨਨਕਾਣਾ ਸਾਹਿਬ ਗਿਆ ਸੀ ,ਉਥੇ ਗਜਿੰਦਰ ਸਿੰਘ ਮਿਲੇ ਸਨ।ਪੰਜਾਬ ਟਾਈਮਜ਼ ਵਿਚ ਉਹ ਪਹਿਲਾਂ ਹੀ ਆਪਣੀਆਂ ਲਿਖਤਾਂ ਕਵਿਤਾਵਾਂ ਤੇ ਲੇਖ ਭੇਜਦੇ ਰਹੇ ਹਨ।ਇਥੇ ਉਨ੍ਹਾਂ ਨਾਲ ਇੰਟਰਵਿਊ ਵੀ ਕੀਤੀ ਗਈ।ਉਹ ਕਹਿੰਦੇ ਸਨ ਕਿ ਖਾਲਸਾ ਰਾਜ ਵਰਲਡ ਦਾ ਸਭ ਤੋਂ ਖੂਬਸੂਰਤ ਰਾਜਨੀਤਕ ਮਾਡਲ ਹੈ ,ਜਿਸ ਦੀ ਵਿਆਖਿਆ ਗੁਰੂ ਗਰੰਥ ਸਾਹਿਬ ਵਿਚ ਬੇਗਮਪੁਰਾ ਤੇ ਹਲੇਮੀ ਰਾਜ ਵਜੋਂ ਹੈ।ਇਹ ਸਿਖ ਪੰਥ ਦੀ ਨਹੀਂ ਸਮੁਚੇ ਵਿਸ਼ਵ ਦੀ ਲੋੜ ਹੈ।ਸਾਡਾ ਖੁਸਿਆ ਰਾਜ ਜੋ ,1849 ਵਿਚ ਮੌਜੂਦ ਸੀ,ਅੰਗਰੇਜ਼ਾਂ ਨੇ ਧੋਖੇ ਨਾਲ ਕਬਜ਼ਾ ਕਰ ਲਿਆ।ਉਹ ਸਾਨੂੰ ਵਾਪਸ ਮੋੜਨਾ ਚਾਹੀਦਾ ਹੈ।ਮੇਰੀ ਜੀਵਨ ਯਾਤਰਾ ਤੇ ਅੰਤ ਖਾਲਸਾ ਰਾਜ ਲਈ ਸੰਘਰਸ਼ ਹੈ।ਆਖਿਰ ਉਹ ਗੁਰੂ ਗ੍ਰੰਥ ਤੇ ਗੁਰੂ ਪੰਥ ਲਈ ਪ੍ਰੀਤ ਨਿਭਾ ਗਏ।