image caption: ਭਗਵਾਨ ਸਿੰਘ ਜੌਹਲ

ਸ਼੍ਰੋਮਣੀ ਸ਼ਹੀਦ ਭਾਈ ਮਨੀ ਸਿੰਘ ਦੀ ਕੁਰਬਾਨੀ ਨੂੰ ਯਾਦ ਕਰਦਿਆਂ

 (9 ਜੁਲਾਈ) ਸ਼ਹੀਦੀ ਦਿਵਸ ਤੇ ਵਿਸ਼ੇਸ਼

ਗੁਰੂ ਘਰ ਦੇ ਅਨਿਨ ਗੁਰਸਿੱਖ ਸ਼੍ਰੋਮਣੀ ਵਿਦਵਾਨ ਤੇ ਸ਼੍ਰੋਮਣੀ ਸ਼ਹੀਦ ਭਾਈ ਮਨੀ ਸਿੰਘ ਨੇ ਦਮਦਮਾ ਸਾਹਿਬ (ਤਲਵੰਡੀ ਸਾਬੋ) ਦੀ ਧਰਤੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਸੰਪੂਰਨਤਾ ਦੇਣ ਸਮੇਂ ਲਿਖਾਰੀ ਵਜੋਂ ਜਿਹੜਾ ਕਾਰਜ ਕੀਤਾ, ਉਹ ਇਤਿਹਾਸਕ ਅਤੇ ਵਿਲੱਖਣ ਹੈ । ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਹਾਜ਼ਰੀ ਵਿੱਚ ਜਿਥੇ ਪਾਵਨ ਬੀੜ ਨੂੰ ਲਿਖਣ ਦੀ ਸੇਵਾ ਕੀਤੀ, ਉਥੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਪਾਵਨ ਬਾਣੀ ਵੀ ਦਰਜ ਕੀਤੀ । ਭਾਈ ਸਾਹਿਬ ਨੂੰ 9 ਜੁਲਾਈ, 1734 ਈ: ਨੂੰ ਲਾਹੌਰ ਦੇ ਨਖਾਸ ਚੌਕ ਵਿੱਚ ਸ਼ਹੀਦ ਕੀਤਾ ਗਿਆ । ਸਿੱਖ ਇਤਿਹਾਸ ਇਸ ਗੱਲ ਦੀ ਗਵਾਹੀ ਦਿੰਦਾ ਹੈ ਕਿ ਭਾਈ ਸਾਹਿਬ ਗੁਰੂ ਘਰ ਦੇ ਇਕ ਮਹਾਨ ਸਿਦਕੀ ਸਿੱਖ ਹੋਣ ਦੇ ਨਾਲ-ਨਾਲ ਨੇਮੀ, ਪ੍ਰੇਮੀ ਤੇ ਸ਼ਰਧਾਵਾਨ ਵਿਦਵਾਨ ਵੀ ਸਨ । ਭਾਈ ਸਾਹਿਬ ਨੇ ਸਮੇਂ-ਸਮੇਂ ਜੰਗਾਂ-ਯੁੱਧਾਂ ਵਿੱਚ ਜੰਗੀ ਕਰਤਵ ਵੀ ਦਿਖਾਏ । ਸਮਾਂ ਆਉਣ &lsquoਤੇ ਗੁਰਬਾਣੀ ਦੇ ਅਰਥ ਕਥਾ ਵਿਆਖਿਆ ਅਤੇ ਪ੍ਰਵਚਨਾਂ ਦੁਆਰਾ ਵੀ ਸਿੱਖ ਧਰਮ ਦੀ ਫਿਲਾਸਫੀ, ਸਿਧਾਂਤਾਂ ਅਤੇ ਪਰੰਪਰਾਵਾਂ ਦਾ ਪ੍ਰਚਾਰ ਕੀਤਾ । ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਵਜੋਂ ਵੀ ਸੇਵਾ ਨਿਭਾਈ । ਸਿੱਖ ਧਰਮ ਦੀ ਮਰਿਯਾਦਾ ਅਤੇ ਸਿਧਾਂਤਾਂ ਨੂੰ ਕਾਇਮ ਰੱਖਣ ਲਈ ਬੰਦ-ਬੰਦ ਕਟਵਾਉਣ ਤੋਂ ਵੀ ਸੰਕੋਚ ਨਹੀਂ ਕੀਤਾ । ਇਤਿਹਾਸਕ ਹਵਾਲਿਆਂ ਮੁਤਾਬਕ ਬੰਦਈ ਅਤੇ ਤੱਤ ਖ਼ਾਲਸੇ ਦੇ ਝਗੜੇ ਨੂੰ ਬੜੀ ਸੂਝ-ਬੂਝ ਨਾਲ ਨਿਬੇੜਨ ਵਿੱਚ ਮਹਾਨ ਯੋਗਦਾਨ ਪਾਇਆ । ਸਿੱਖ ਵਿਦਵਾਨ ਵਜੋਂ ਭਾਈ ਸਾਹਿਬ ਵੱਲੋਂ ਲਿਖੀਆਂ ਦੋ ਮਹਾਨ ਪੁਸਤਕਾਂ ਜਨਮਸਾਖੀ (ਗਿਆਨ ਰਤਨਾਵਲੀ) ਅਤੇ ਸਿੱਖਾਂ ਦੀ ਭਗਤ ਮਾਲਾ (ਭਗਤ ਰਤਨਾਵਲੀ) ਸਿੱਖ ਜਗਤ ਵਿੱਚ ਸ਼ਰਧਾ ਨਾਲ ਪੜ੍ਹੀਆਂ ਜਾਂਦੀਆਂ ਹਨ ।
ਸ਼ਹੀਦ ਭਾਈ ਮਨੀ ਸਿੰਘ ਨੂੰ ਸਿੱਖ ਇਤਿਹਾਸ ਦੇ ਵੱਖ-ਵੱਖ ਸਰੋਤਾਂ ਮੁਤਾਬਿਕ ਕਿਸੇ ਨੇ ਪਰਮਾਰ ਰਾਜਪੂਤ, ਕਿਸੇ ਨੇ ਕੰਬੋਜ ਅਤੇ ਕਿਸੇ ਨੇ ਦੁਲਟ ਜੱਟ ਦੱਸਿਆ ਹੈ । ਇਤਿਹਾਸਕ ਹਵਾਲਿਆਂ ਮੁਤਾਬਿਕ ਆਪ ਦਾ ਜਨਮ ਭਾਈ ਮਾਈ ਦਾਸ ਦੇ ਗ੍ਰਹਿ ਵਿਖੇ ਮਾਤਾ ਮਧਰੀ ਜੀ ਦੀ ਕੁੱਖ ਤੋਂ ਹੋਇਆ । ਜਦੋਂ ਆਪ 13 ਸਾਲ ਦੇ ਸਨ ਤਾਂ ਆਪਣੇ ਪਿਤਾ ਜੀ ਦੇ ਨਾਲ ਕੀਰਤਪੁਰ ਸਾਹਿਬ ਵਿਖੇ ਸੱਤਵੇਂ ਪਾਤਸ਼ਾਹ ਗੁਰੂ ਹਰਿ ਰਾਏ ਸਾਹਿਬ ਦੇ ਦਰਸ਼ਨਾਂ ਨੂੰ ਆਏ । ਦੋ ਸਾਲ ਤੱਕ ਆਪ ਗੁਰੂ ਹਰਿ ਰਾਏ ਸਾਹਿਬ ਦੀ ਸੰਗਤ ਵਿੱਚ ਵਿਚਰੇ । ਇਸ ਤੋਂ ਪਿੱਛੋਂ ਆਪ ਜੀ ਦੇ ਪਿਤਾ ਜੀ ਆਪ ਜੀ ਨੂੰ ਸ਼ਾਦੀ ਕਰਨ ਲਈ ਵਾਪਸ ਲੈ ਗਏ । ਆਪ ਜੀ ਦੀ ਸ਼ਾਦੀ ਭਾਈ ਲੱਖੀ ਸ਼ਾਹ ਵਣਜਾਰਾ ਦੀ ਸਪੁੱਤਰੀ ਬੀਬੀ ਸੀਤੋ ਦੇਵੀ ਨਾਲ ਹੋਈ ਦੱਸੀ ਜਾਂਦੀ ਹੈ । ਵਿਆਹ ਤੋਂ ਕੁਝ ਸਮਾਂ ਪਿੱਛੋਂ ਆਪ ਦੁਬਾਰਾ ਫਿਰ ਆਪਣੇ ਦੋ ਭਾਈਆਂ ਭਾਈ ਜੇਠਾ ਜੀ ਅਤੇ ਭਾਈ ਦਿਆਲਾ ਜੀ ਨਾਲ ਕੀਰਤਪੁਰ ਸਾਹਿਬ ਆ ਗਏ । ਕਈ ਇਤਿਹਾਸਕਾਰਾਂ ਮੁਤਾਬਕ ਭਾਈ ਸਾਹਿਬ ਅੱਠਵੇਂ ਪਾਤਸ਼ਾਹ ਨਾਲ ਦਿੱਲੀ ਵੀ ਗਏ ਅਤੇ ਨੌਵੇਂ ਪਾਤਸ਼ਾਹ ਨਾਲ ਬਾਬਾ ਬਕਾਲਾ ਸਾਹਿਬ ਵਿਖੇ ਵੀ ਗਏ ਸਨ । ਨੌਵੇਂ ਪਾਤਸ਼ਾਹ ਜੀ ਦੀ ਸ਼ਹਾਦਤ ਤੋਂ ਬਾਅਦ ਆਪ ਜੀ ਦਸ਼ਮੇਸ਼ ਪਿਤਾ ਜੀ ਪਾਸ ਆ ਗਏ । ਦੱਸਵੇਂ ਪਾਤਸ਼ਾਹ ਦੇ ਹੁਕਮ ਮੁਤਾਬਕ ਹਰ ਸਮੇਂ ਜੰਗਾਂ ਯੁੱਧਾਂ ਵਿੱਚ ਆਪਣਾ ਯੋਗਦਾਨ ਪਾਉਂਦੇ ਰਹੇ । ਇਸ ਤਰ੍ਹਾਂ ਸੱਤਵੇਂ ਪਾਤਸ਼ਾਹ ਤੋਂ ਲੈ ਕੇ ਦੱਸਵੇਂ ਪਾਤਸ਼ਾਹ ਤੱਕ ਆਪ ਜੀ ਗੁਰੂ ਘਰ ਦੇ ਅੰਗ-ਸੰਗ ਰਹਿ ਕੇ ਸੇਵਾ ਨਿਭਾਉਂਦੇ ਰਹੇ । ਇਤਿਹਾਸਕ ਹਵਾਲਿਆਂ ਅਨੁਸਾਰ 30 ਮਾਰਚ, 1699 ਈ: ਦੀ ਵਿਸਾਖੀ ਵਾਲੇ ਦਿਨ ਖ਼ਾਲਸਾ ਸਾਜਨਾ ਸਮੇਂ ਆਪ ਜੀ ਨੇ ਆਪਣੇ ਪੰਜ ਪੁੱਤਰਾਂ ਭਾਈ ਬਚਿੱਤਰ ਸਿੰਘ, ਭਾਈ ਉਦੈ ਸਿੰਘ, ਭਾਈ ਅਨਿਨ ਸਿੰਘ, ਭਾਈ ਅਜਬ ਸਿਘ ਅਤੇ ਭਾਈ ਅਜਾਇਬ ਸਿੰਘ ਨੂੰ ਨਾਲ ਲੈ ਕੇ ਦਸਮ ਪਾਤਸ਼ਾਹ ਜੀ ਦੀ ਸੇਵਾ ਵਿੱਚ ਹਾਜ਼ਰ ਹੋਏ ਅਤੇ ਸਾਰਿਆਂ ਨੇ ਇਕੱਠਿਆਂ ਖੰਡੇ ਬਾਟੇ ਦੀ ਪਾਹੁਲ ਪ੍ਰਾਪਤ ਕੀਤੀ ।
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਦੀ ਸੇਵਾ ਆਪ ਨੂੰ ਸੋਢੀ ਹਰਿ ਜੀ ਦੇ ਅਕਾਲ ਚਲਾਣੇ ਤੋਂ ਪਿੱਛੋਂ ਸੰਭਾਲੀ । ਇਤਿਹਾਸਕ ਹਵਾਲਿਆਂ ਮੁਤਾਬਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਸੇਵਾ ਦੌਰਾਨ ਆਪ ਜੀ ਨੇ ਸਿੱਖ ਧਰਮ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਜਿਹੜਾ ਯੋਗਦਾਨ ਪਾਇਆ, ਉਸ ਦੀ ਮਿਸਾਲ ਕਿਤੇ ਨਹੀਂ ਮਿਲਦੀ । ਸ੍ਰੀ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣ ਵੇਲੇ ਆਪ ਦਸਮ ਪਾਤਸ਼ਾਹ ਜੀ ਦੇ ਨਾਲ ਹੀ ਸਨ । ਸਰਸਾ ਨਦੀ ਦੇ ਪਵਿੱਤਰ ਵਿਛੋੜੇ ਸਮੇਂ ਨਦੀ ਪਾਰ ਕਰਨ ਦੇ ਵਕਤ ਸਰਬੰਸਦਾਨੀ ਪਿਤਾ ਜੀ ਦੇ ਆਪਣੇ ਮਹਿਲ (ਧਰਮ ਸੁਪਤਨੀਆਂ) ਨੂੰ ਭਾਈ ਮਨੀ ਸਿੰਘ ਜੀ ਨਾਲ ਦਿੱਲੀ ਭੇਜਿਆ । ਦੱਸਿਆ ਜਾਂਦਾ ਹੈ ਜਦੋਂ ਦਸਮ ਪਿਤਾ ਜੀ ਦਮਦਮਾ ਸਾਹਿਬ ਪਹੁੰਚੇ ਤਾਂ ਭਾਈ ਮਨੀ ਸਿੰਘ ਦਿੱਲੀ ਤੋਂ ਦਮਦਮਾ ਸਾਹਿਬ ਪਹੁੰਚ ਗਏ । ਇਥੇ ਭਾਈ ਸਾਹਿਬ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ ਦੀ ਸੇਵਾ ਨਿਭਾਈ । ਗੁਰੂ ਸਾਹਿਬ ਨੇ ਇਸ ਪਾਵਨ ਅਸਥਾਨ &lsquoਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਨੂੰ ਅਰਥਾਂ ਸਹਿਤ ਵਿਚਾਰਿਆ । ਅਰਥ ਸਰਵਣ ਕਰਨ ਸਮੇਂ 48 ਮਹਾਨ ਵਿਦਵਾਨਾਂ ਵਿੱਚ ਭਾਈ ਮਨੀ ਸਿੰਘ ਅਤੇ ਬਾਬਾ ਦੀਪ ਸਿੰਘ ਵੀ ਸ਼ਾਮਿਲ ਸਨ । ਦਸਮ ਪਿਤਾ ਜੀ ਨੇ ਇਨ੍ਹਾਂ ਦੋਵੇਂ ਪਿਆਰੇ ਗੁਰਸਿੱਖਾਂ ਨੂੰ ਗੁਰਬਾਣੀ ਦੇ ਅਰਥਾਂ ਨੂੰ ਜਾਰੀ ਰੱਖਣ ਦੇ ਆਦੇਸ਼ ਦਿਤੇ । ਪੜ੍ਹਨ-ਪੜ੍ਹਾਉਣ ਦਾ ਮਹਾਨ ਕਾਰਜ ਇਨ੍ਹਾਂ ਦੋਵਾਂ ਆਦਰਸ਼ ਜੀਵਨ ਵਾਲੇ ਗੁਰੂ ਪਿਆਰਿਆਂ ਨੇ ਸ਼ਹਾਦਤ ਦਾ ਜਾਮ ਪੀਣ ਤੱਕ ਨਿਭਾਇਆ, ਜੋ ਹੁਣ ਤੱਕ ਨਿਰੰਤਰ ਚੱਲ ਰਿਹਾ ਹੈ । ਦਸਮ ਪਾਤਸ਼ਾਹ ਨੇ ਇਨ੍ਹਾਂ ਦੋਵਾਂ ਕਹਿਣੀ ਤੇ ਕਰਣੀ ਦੇ ਪੂਰੇ ਗੁਰਸਿੱਖਾਂ ਨੂੰ ਗੁਰਬਾਣੀ ਦੇ ਅਰਥਾਂ ਦੀ ਟੀਕਾ ਪ੍ਰਣਾਲੀ ਨੂੰ ਜਾਰੀ ਰੱਖਣ ਦੇ ਆਦੇਸ਼ ਦਿੱਤੇ ।
ਜਦੋਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੱਖਣ ਵੱਲ ਚਲੇ ਗਏ ਤਾਂ ਭਾਈ ਮਨੀ ਸਿੰਘ ਅੰਮ੍ਰਿਤਸਰ ਦੀ ਪਾਵਨ ਧਰਤੀ &lsquoਤੇ ਪੁੱਜ ਗਏ । ਦੀਵਾਲੀ ਅਤੇ ਵਿਸਾਖੀ ਦੇ ਪਾਵਨ ਅਵਸਰਾਂ &lsquoਤੇ ਕਰ (ਟੈਕਸ) ਨਾ ਦੇ ਸਕਣ ਕਾਰਨ ਲਾਹੌਰ ਦੀ ਹਕੂਮਤ ਨੇ ਭਾਈ ਸਾਹਿਬ ਨੂੰ ਗ੍ਰਿਫ਼ਤਾਰ ਕਰ ਲਿਆ ।
ਭਾਈ ਸਾਹਿਬ ਨੇ ਹਕੂਮਤ ਵੱਲੋਂ ਜਬਰੀ ਧਰਮ ਤਬਦੀਲ ਕਰਨ ਦੀਆਂ ਸਾਰੀਆਂ ਪੇਸ਼ਕਸ਼ਾਂ ਨੂੰ ਪੂਰੀ ਤਰ੍ਹਾਂ ਠੁਕਰਾ ਦਿੱਤਾ ਤਾਂ ਜ਼ਕਰੀਆ ਖਾਨ ਨੇ ਬੰਦ-ਬੰਦ ਕੱਟ ਕੇ ਸ਼ਹੀਦ ਕਰਨ ਦਾ ਹੁਕਮ ਸੁਣਾ ਦਿੱਤਾ । ਇਸ ਤਰ੍ਹਾਂ ਭਾਈ ਸਾਹਿਬ ਨੇ ਸਿੱਖੀ ਸਿਦਕ ਨਿਭਾਉਦਿਆਂ ਸ਼ਹਾਦਤ ਤਾਂ ਪ੍ਰਾਪਤ ਕਰ ਲਈ ਪਰ ਸਿੱਖ ਸਿਧਾਂਤਾਂ, ਰਵਾਇਤਾਂ ਅਤੇ ਮਰਿਯਾਦਾ ਨੂੰ ਕਾਇਮ ਰੱਖਣ ਲਈ ਆਪਾ ਵਾਰ ਦਿੱਤਾ । ਸ਼ਹੀਦ ਭਾਈ ਮਨੀ ਸਿੰਘ ਜੀ ਦੀ ਸ਼ਹਾਦਤ ਹਮੇਸ਼ਾਂ ਲਈ ਕੌਮ ਦੇ ਮਰਜੀਵੜਿਆਂ ਨੂੰ ਚਾਨਣ ਮੁਨਾਰੇ ਵਾਂਗ ਰੁਸ਼ਨਾਉਂਦੀ ਰਹੀ ਹੈ ਅਤੇ ਰੁਸ਼ਨਾਉਂਦੀ ਰਹੇਗੀ । ਸ਼ਹੀਦ ਭਾਈ ਮਨੀ ਸਿੰਘ ਜੀ ਦੀ ਸ਼ਹਾਦਤ ਨੂੰ ਸਾਡਾ ਪ੍ਰਣਾਮ ।
ਭਗਵਾਨ ਸਿੰਘ ਜੌਹਲ