image caption: ਹਾਈ ਕੋਰਟ ਦੇ ਬਾਹਰ ਰਾਜਿੰਦਰ ਕਾਲੀਆ ਆਪਣੇ ਸਮਰਥੱਕ ਨਾਲ - ਫੋਟੋ (ਚੈਂਪੀਅਨ ਨਿਊਜ਼)

ਆਪਣੇ ਆਪ ਨੂੰ ਜਿਉਂਦਾ ਰੱਬ ਹੋਣ ਦਾ ਦਾਅਵਾ ਕਰਨ ਵਾਲਾ ਰਾਜਿੰਦਰ ਕਾਲੀਆ ਜਿਨਸ਼ੀ ਸੋਸ਼ਣ ਦੇ ਦੋਸ਼ਾਂ ਦਾ ਸਾਹਮਣਾ ਕਰਨ ਲਈ ਅਦਾਲਤ ਵਿੱਚ

ਕਵੈਂਟਰੀ - ਇੰਗਲੈਂਡ ਵਿੱਚ ਛੱਪਦੇ ਅੰਗ੍ਰੇਜ਼ੀ ਅਖ਼ਬਾਰ ਮੈਟਰੋ ਵਿੱਚ 2 ਜੁਲਾਈ 2024 ਨੂੰ ਛਪੀ ਖ਼ਬਰ ਦਸੱਦੀ ਹੈ ਕਿ ਕਵੈਂਟਰੀ ਸਥਿਤ ਬਾਬਾ ਬਾਲਕ ਨਾਥ ਮੰਦਰ ਦੇ ਮੁਖੀ ਰਾਜਿੰਦਰ ਕਾਲੀਆ ਨੂੰ ਆਪਣੀਆਂ ਚਾਰ ਸ਼ਰਧਾਲੂ ਔਰਤਾਂ ਦੇ ਜਿਨਸੀ ਸੋਸ਼ਣ ਅਤੇ ਹੋਰ ਕਈ ਦਾਅਵਿਆਂ ਦੇ ਕੇਸ ਲਈ ਲੰਡਨ ਹਾਈਕੋਰਟ ਦੇ ਸਾਹਮਣੇ ਪੇਸ਼ ਹੋਣਾ ਪੈ ਰਿਹਾ ਹੈ ।
ਮੈਟਰੋ ਅਖ਼ਬਾਰ ਦੀ ਖ਼ਬਰ ਅਨੁਸਾਰ ਕਾਲੀਆ ਦੀਆਂ ਚਾਰ ਸ਼ਰਧਾਲੂ ਔਰਤਾਂ ਨੇ ਹਾਈਕੋਰਟ ਵਿੱਚ ਦਾਅਵਾ ਕੀਤਾ ਸੀ ਕਿ ਕਾਲੀਆ ਨੇ ਇਕ ਲੰਬੇ ਅਰਸੇ ਤੱਕ ਉਨ੍ਹਾਂ ਦਾ ਜਿਨਸੀ ਸੋਸ਼ਣ ਕੀਤਾ ਹੈ । ਇਨ੍ਹਾਂ ਚਾਰ ਔਰਤਾਂ ਵਿੱਚੋਂ ਇਕ ਔਰਤ ਨੇ ਦੋਸ਼ ਲਾਇਆ ਹੈ ਕਿ ਉਸ ਦਾ ਪਿਛਲੇ ਦੋ ਦਹਾਕਿਆਂ ਤੋਂ ਜ਼ਿਆਦਾ ਸਮੇਂ ਵਿੱਚ ਲਗਪਗ 1320 ਵਾਰ ਸਰੀਰਿਕ ਸੋਸ਼ਣ ਕੀਤਾ ਗਿਆ । 
ਦੂਸਰੀ ਔਰਤ ਨੇ ਕਿਹਾ ਕਿ ਉਸ ਨੂੰ ਨਾਬਾਲਗ ਉਮਰ ਤੋਂ ਹੀ ਜਿਨਸੀ ਛੇੜਛਾੜ ਸਹਿਣੀ ਪਈ, ਜਿਸ ਕਰਕੇ ਉਹ ਆਪਣੇ ਸਕੂਲ ਦੇ ਇਮਤਿਹਾਨਾਂ ਵਿੱਚ ਫੇਲ੍ਹ ਹੁੰਦੀ ਰਹੀ ।
ਤੀਸਰੀ ਔਰਤ ਨੇ ਕਿਹਾ ਕਿ ਉਸ ਦਾ ਕੁਆਰਾਪਣ ਕਾਲੀਏ ਦੁਆਰਾ ਇੰਗਲੈਂਡ ਦੇ ਸ਼ਹਿਰ ਬਰਮਿੰਘਮ ਦੇ ਇਕ ਹੋਟਲ ਵਿੱਚ ਬਲਾਤਕਾਰ ਕਰਕੇ ਭੰਗ ਕੀਤਾ ਗਿਆ ।
ਚੌਥੀ ਔਰਤ ਨੇ ਕਿਹਾ ਕਿ ਜਦੋਂ ਉਹ ਸਿਰਫ ਚਾਰ ਸਾਲਾਂ ਦੀ ਸੀ ਕਾਲੀਆ ਉਸ ਨੂੰ ਗਲਤ ਢੰਗ ਨਾਲ ਚੁੰਮਦਾ ਅਤੇ ਜੱਫੀਆਂ ਪਾਉਂਦਾ ਸੀ ਅਤੇ ਅੱਲ੍ਹੜ ਉਮਰੇ ਹੀ ਉਸ ਨੇ ਉਸ ਦਾ ਕੁਆਰਾਪਣ ਭੰਗ ਕਰ ਦਿੱਤਾ ।
ਇਨ੍ਹਾਂ ਚਾਰ ਔਰਤਾਂ ਤੋਂ ਇਲਾਵਾ ਤਿੰਨ ਹੋਰ ਵਿਅਕਤੀਆਂ ਨੇ ਕੋਰਟ ਵਿੱਚ ਦਾਅਵਾ ਕੀਤਾ ਹੈ ਕਿ ਜਦ ਤੱਕ ਉਹ ਕਾਲੀਏ ਦੇ ਮੰਦਰ ਜਾਂਦੇ ਰਹੇ ਉਸ ਨੇ ਉਨ੍ਹਾਂ ਕੋਲੋਂ ਲੱਖਾਂ ਪੌਂਡ ਹੜੱਪ ਲਏ । 
ਕੋਰਟ ਨੂੰ ਦੱਸਿਆ ਗਿਆ ਕਿ ਕਾਲੀਆ ਆਪਣੇ ਸ਼ਰਧਾਲੂਆਂ ਨੂੰ ਦੱਸਦਾ ਸੀ ਕਿ ਉਹ ਚਮਤਕਾਰ ਕਰ ਸਕਦਾ ਹੈ ਜਿਵੇਂ ਕਿ ਪਾਣੀ ਨੂੰ ਅੱਗ ਲਾਉਣੀ ਅਤੇ ਨਿੰਬੂ ਵਿੱਚੋਂ ਖੂਨ ਨਿਚੋੜਨਾ । ਦਾਅਵੇਦਾਰਾਂ ਵਿੱਚੋਂ ਇਕ ਨੇ ਕਿਹਾ ਕਿ ਉਹ ਉਸ ਨੂੰ ਸ਼ੈਤਾਨ ਸਮਝਦੀ ਹੈ ਜਿਸ ਨੇ ਆਪਣੇ ਸ਼ਰਧਾਲੂਆਂ ਨੂੰ ਕੱਠਪੁਤਲੀਆਂ ਵਾਂਗ ਕੰਟਰੋਲ ਕੀਤਾ ਹੋਇਆ ਸੀ । ਉਸ ਨੇ ਅੱਗੇ ਕਿਹਾ ਕਿ ਉਹ ਰੱਬ ਦਾ ਅਵਤਾਰ ਨਹੀਂ ਹੈ, ਉਹ ਸ਼ੈਤਾਨ ਹੈ ।
ਚਾਰ ਔਰਤਾਂ ਵਿੱਚੋਂ ਇਕ ਨੇ ਕਿਹਾ ਕਿ ਜਦੋਂ ਉਹ ਇਕ ਬੱਚੀ ਹੀ ਸੀ ਅਤੇ ਉਹ ਯੂ।ਕੇ। ਤੋਂ ਬਾਹਰ ਜਾਂਦੀ ਸੀ ਤਦ ਵੀ ਉਹ ਕਾਲੀਏ ਦੇ ਕੰਟਰੋਲ ਵਿੱਚ ਹੀ ਹੁੰਦੀ ਸੀ । ਮੈਨੂੰ ਇਸ ਸ਼ੈਤਾਨ ਕਾਲੀਏ ਨੇ ਕਿਹਾ ਕਿ ਮੈਨੂੰ ਕਿਸੇ ਨਾਲ ਕੋਈ ਸੰਬੰਧ ਨਹੀਂ ਬਣਾਉਣਾ ਚਾਹੀਦਾ । ਕਾਲੀਏ ਦੇ ਹੱਕ ਵਿੱਚ ਗਵਾਹੀ ਦੇਣ ਆਏ ਮੰਦਰ ਦੇ ਮੈਂਬਰਾਂ ਬਾਰੇ ਉਸ ਨੇ ਕਿਹਾ ਕਿ ਉਹ ਸਭ ਡੋਰ ਨਾਲ ਬੱਝੀਆਂ ਕਾਲੀਏ ਦੀਆਂ ਕੱਠਪੁਤਲੀਆਂ ਹਨ, ਪਰ ਮੇਰੀ ਡੋਰ ਹੁਣ ਕੱਟੀ ਗਈ ਹੈ । ਉਹ ਉਹੀ ਕਰਨਗੇ ਜੋ ਉਹ ਕਹੇਗਾ, ਪਰ ਉਹ ਰੱਬ ਦਾ ਅਵਤਾਰ ਨਹੀਂ ਹੈ, ਉਹ ਸ਼ੈਤਾਨ ਹੈ ।
ਦਾਅਵੇਦਾਰਾਂ ਦੇ ਬੈਰਿਸਟਰ ਮਾਰਕ ਜੋਨਜ਼ ਨੇ ਕਿਹਾ ਕਿ ਕਾਲੀਏ ਦੇ ਕਥਿਤ ਪੀੜ੍ਹਤ ਕਾਲੀਏ ਦੀ ਕ੍ਰਿਸ਼ਮਾਮਈ ਅਤੇ ਧਾਕੜ ਸਖ਼ਸ਼ੀਅਤ ਦੇ ਪ੍ਰਭਾਵ ਥੱਲੇ ਸਨ । ਜਿਨ੍ਹਾਂ ਔਰਤਾਂ ਨੇ ਕਾਲੀਏ &lsquoਤੇ ਸਰੀਰਿਕ ਸੋਸ਼ਣ ਦੇ ਇਲਜ਼ਾਮ ਲਗਾਏ ਹਨ ਉਹ ਉਸ ਨਾਲ ਸਰੀਰਿਕ ਸੰਬੰਧ ਬਣਾਉਣ ਲਈ ਸਹਿਮਤੀ ਨਹੀਂ ਦੇ ਸਕਦੀਆਂ ਸਨ ਕਿਉਂਕਿ ਇਕ ਤਾਂ ਉਹ ਨਾਬਾਲਗ ਸਨ ਅਤੇ ਦੂਸਰਾ ਉਹ ਉਸ ਦੇ ਪ੍ਰਭਾਵ ਅਧੀਨ ਸਨ । 
ਕਾਲੀਏ ਦੇ ਵਕੀਲਾਂ ਨੇ ਕੋਰਟ ਨੂੰ ਦੱਸਿਆ ਕਿ ਉਸ &lsquoਤੇ ਲਗਾਏ ਸਾਰੇ ਇਲਜ਼ਾਮ ਝੂਠੇ ਹਨ ਅਤੇ ਇਹ ਸਿਰਫ਼ ਪੈਸਾ ਬਟੋਰਨ ਲਈ ਲਗਾਏ ਗਏ ਹਨ । 24 ਜੁਲਾਈ, 2024 ਨੂੰ ਸ਼ੁਰੂ ਹੋਇਆ ਇਹ ਕੇਸ ਅਦਾਲਤ ਵਿੱਚ ਅਜੇ ਜਾਰੀ ਹੈ । 
ਕਾਲੀਏ ਦਾ ਇਕ ਮੰਦਰ ਪੰਜਾਬ ਦੇ ਸ਼ਹਿਰ ਗੁਰਾਇਆ ਵਿੱਚ ਵੀ ਹੈ, ਜਿਥੇ ਉਹ ਹਰ ਸਾਲ ਚੇਤ ਦੇ ਮਹੀਨੇ ਇਕ ਵੱਡਾ ਪ੍ਰੋਗਰਾਮ ਕਰਦਾ ਹੈ । 
    ਅਦਾਲਤ ਵਿੱਚ ਰਜਿੰਦਰ ਕਾਲੀਆ ਦੇ ਚੱਲ ਰਹੇ ਮੁਕੱਦਮੇ ਅਤੇ ਲਾਏ ਦੋਸ਼ਾਂ ਸਬੰਧੀ ਕਾਲੀਆ ਦਾ ਪੱਖ ਜਾਨਣ ਲਈ ਉਹਨਾਂ ਨੂੰ ਮੰਗਲਵਾਰ 9 ਜੁਲਾਈ 2024 ਸ਼ਾਮ 15:25 ਵਜੇ ਜਦੋਂ ਫੋਨ ਕੀਤਾ ਗਿਆ ਤਾਂ ਐਂਜਲਾ ਨਾਂ ਦੀ ਬੀਬੀ ਨਾਲ ਗੱਲ ਹੋਈ, ਉਸ ਨੇ ਕਿਹਾ ਕਿ ਰਜਿੰਦਰ ਕਾਲੀਆ ਦੇ ਦਫ਼ਤਰ ਤੋਂ ਤੁਹਾਨੂੰ ਫੋਨ ਆਏਗਾ । ਕੁੱਝ ਸਮੇਂ ਬਾਅਦ ਸ਼ਾਮ ਨੂੰ ਸਵਾ ਕੁ ਪੰਜ ਵਜੇ ਇਕ ਹੋਰ ਔਰਤ ਨੇ ਫੋਨ ਕਰਕੇ ਕਿਹਾ ਕਿ ਅਸੀਂ ਉਹਨਾਂ ਦੀ ਮੀਡੀਆ ਸਟੇਟਮੈਂਟ ਭੇਜ ਦਿੰਦੇ ਹਾਂ। ਉਹਨਾਂ ਨੂੰ ਪੰਜਾਬ ਟਾਈਮਜ਼ ਦਾ ਈਮੇਲ ਪਤਾ ਦਿੱਤਾ ਗਿਆ, ਪਰ ਅੱਜ ਬੁੱਧਵਾਰ ਪੇਪਰ ਛਪਣ ਵੇਲੇ 11:00 ਵਜੇ ਤੱਕ ਕੋਈ ਈਮੇਲ ਪ੍ਰਾਪਤ ਨਹੀਂ ਹੋਈ ।