image caption: ਭਾਈ ਗਜਿੰਦਰ ਸਿੰਘ, ਰਾਜਿੰਦਰ ਸਿੰਘ ਪੁਰੇਵਾਲ

ਦਲ ਖ਼ਾਲਸਾ ਦੇ ਬਾਨੀ ਮੁਖੀ, ਜਲਾਵਤਨੀ ਕੌਮੀ ਯੋਧੇ ਭਾਈ ਗਜਿੰਦਰ ਸਿੰਘ ਦੀ ਨਿੱਘੀ ਯਾਦ ਵਿੱਚ ਡਰਬੀ ਵਿਖੇ ਸ਼ਰਧਾਂਜ਼ਲੀ ਸਮਾਗਮ 14 ਨੂੰ

ਲੰਡਨ (ਮਨਪ੍ਰੀਤ ਸਿੰਘ ਬੱਧਨੀ ਕਲਾਂ) - ਦਲ ਖਾਲਸਾ ਦੇ ਮੁਖੀ ਭਾਈ ਗਜਿੰਦਰ ਸਿੰਘ ਜੋ ਕਿ ਪਿਛਲੇ ਦਿਨੀਂ 3 ਜੁਲਾਈ 2024 ਨੂੰ ਪਾਕਿਸਤਾਨ ਵਿੱਚ ਜਲਵਤਨੀ ਕੱਟਦਿਆਂ ਅਕਾਲ ਚਲਾਣਾ ਕਰ ਗਏ ਹਨ, ਉਹਨਾਂ ਦੀ ਯਾਦ ਵਿੱਚ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਡਰਬੀ ਵਿਖੇ 12 ਜੁਲਾਈ ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਅਤੇ 14 ਜੁਲਾਈ ਨੂੰ ਭੋਗ ਉਪਰੰਤ ਦੀਵਾਨ ਸਜਾਏ ਜਾਣਗੇ। ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਗੁਰਦੁਆਰਾ ਸਾਹਿਬ ਦੇ ਜਨਰਲ ਸਕੱਤਰ ਰਾਜਿੰਦਰ ਸਿੰਘ ਪੁਰੇਵਾਲ ਅਤੇ ਰਣਜੀਤ ਸਿੰਘ ਰਾਣਾ ਨੇ ਸਮੂਹ ਸੰਗਤਾਂ ਅਤੇ ਪੰਥਕ ਜਥੇਬੰਦੀਆਂ ਨੂੰ ਸਮਾਗਮ ਵਿੱਚ ਵੱਧ ਚੜ੍ਹ ਕੇ ਸ਼ਾਮਲ ਹੋਣ ਦੀ ਬੇਨਤੀ ਕੀਤੀ ਹੈ। 
   ਉਹਨਾਂ ਦੱਸਿਆ ਕਿ ਭਾਈ ਗਜਿੰਦਰ ਸਿੰਘ ਹਮੇਸ਼ਾਂ ਪੰਥਕ ਏਕਤਾ ਅਤੇ ਪੰਥ ਦੀ ਚੜ੍ਹਦੀ ਕਲਾ ਦੇ ਮੁਦੱਈ ਰਹੇ ਹਨ। ਉਹ ਖਾਲਸਾ ਹਲੇਮੀ ਰਾਜ ਦੀ ਸਥਾਪਤੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪੰਥ ਪ੍ਰਵਾਣਿਤ ਰਹਿਤ ਮਰਯਾਦਾ ਅਤੇ ਨਾਨਕਸ਼ਾਹੀ ਕੈਲੰਡਰ ਨੂੰ ਲਾਗੂ ਕਰਵਾਉਣ ਲਈ ਵੀ ਯਤਨਸ਼ੀਲ ਰਹੇ। ਉਹਨਾਂ ਦਾ ਹਰ ਕਦਮ ਤੇ ਹਰ ਸਾਹ ਪੰਥ ਦੀ ਚੜ੍ਹਦੀ ਕਲਾ ਲਈ ਸਮਰਪਿਤ ਸੀ। ਉਹ ਕਲਮ ਦੇ ਵੀ ਧਨੀ ਸਨ, ਉਹਨਾਂ ਸਿੱਖ ਸਾਹਿਤ ਲਈ 7 ਦੇ ਕਰੀਬ ਕਿਤਾਬਾਂ ਅਰਪਿਤ ਕੀਤੀਆਂ, ਜਿਹਨਾਂ ਤੋਂ ਬਹੁਤ ਸਾਰੇ ਨੌਜਵਾਨ ਪ੍ਰਭਾਵਿਤ ਹੋ ਕੇ ਸਿੱਖ ਸੰਘਰਸ਼ ਨਾਲ ਜੁੜੇ। ਉਹਨਾਂ ਦੀਆਂ ਪੰਥਕ ਸੇਵਾਵਾਂ ਦੇ ਮੱਦੇ ਨਜ਼ਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਵੱਲੋਂ ਉਹਨਾਂ ਨੂੰ ਖ਼ਾਲਸਾ ਰਾਜ ਦਾ &lsquoਜਲਾਵਤਨੀ ਯੋਧਾ&rsquo ਐਲਾਨ ਕੀਤਾ ਗਿਆ। ਉਹਨਾਂ ਜਥੇਦਾਰ ਸਾਹਿਬਾਨ ਨੂੰ ਬੇਨਤੀ ਕੀਤੀ ਕਿ ਭਾਈ ਗਜਿੰਦਰ ਸਿੰਘ ਨੂੰ  ਜਲਾਵਤਨੀ ਯੋਧਾ ਐਲਾਨਣਾ ਹੀ ਕਾਫ਼ੀ ਨਹੀਂ ਹੈ, ਉਸ ਦੀਆਂ ਪੰਥਕ ਭਾਵਨਾਵਾਂ ਮੁਤਾਬਕ ਉਹਨਾਂ ਦੇ ਯਤਨਾਂ ਨੂੰ ਸਾਕਾਰ ਕਰਨ ਲਈ ਵੀ ਉਪਰਾਲੇ ਕਰਨੇ ਚਾਹੀਦੇ ਹਨ, ਜਿਵੇਂ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪੰਥ ਪ੍ਰਵਾਣਿਤ ਮਰਯਾਦਾ ਨੂੰ ਲਾਗੂ ਕਰਨਾ। ਨਾਨਕਸ਼ਾਹੀ (2003 ਵਾਲਾ ਮੂਲ) ਕੈਲੰਡਰ ਲਾਗੂ ਕਰਨਾ। ਦੋ - ਤਿੰਨ ਦਹਾਕਿਆਂ ਤੋਂ ਬੰਦੀ ਸਿੰਘਾਂ ਅਤੇ ਨਵੇਂ ਬਣੇ ਐਮ ਪੀ ਅੰਮ੍ਰਿਤਪਾਲ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀ ਰਿਹਾਈ ਲਈ ਸਾਰਥਕ ਯਤਨ ਕਰਨੇ। ਖ਼ਾਲਸਾ ਹਲੇਮੀ ਰਾਜ ਦੀ ਸਥਾਪਤੀ ਲਈ ਬਚਨਬੱਧ ਹੋਣਾ।