ਡਾ.ਚਰਨਜੀਤ ਸਿੰਘ ਗੁਮਟਾਲਾ ਵੱਲੋਂ 24 ਸਾਲ ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬਾਨਾਂ ਦੇ ਜਥੇਦਾਰਾਂ ਦੀ ਨਿਯੁਕਤੀ ਲਈ ਜਥੇਦਾਰ ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਦੁਆਰਾ ਤਿਆਰ ਖਰੜੇ ਨੂੰ ਅਮਲੀ ਰੂਪ ਦੇਣ ਦੀ ਮੰਗ
 ਅੰਮ੍ਰਿਤਸਰ  :- ਅੰਮ੍ਰਿਤਸਰ ਵਿਕਾਸ ਮੰਚ ਦੇ ਸਰਪ੍ਰਸਤ ਡਾ. ਚਰਨਜੀਤ ਸਿੰਘ ਗੁਮਟਾਲਾ ਨੇਇਕ ਨਿੱਜੀ ਪੱਤਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਸ. ਹਰਜਿੰਦਰ ਸਿੰਘ ਧਾਮੀ ਜੀ ਨੂੰ ਇੱਕ ਈ-ਮੇਲ ਰਾਹੀਂ ਭੇਜ ਕੇ ਮੰਗ ਕੀਤੀ ਹੈ ਕਿ ਕੋਈ 24 ਸਾਲ ਪਹਿਲਾਂ ਸ੍ਰੀ ਅਕਾਲ ਤਖ਼ਤ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਦੂਜੇ ਤਖ਼ਤਾਂ ਲਈ ਨਿਯੁਕਤ ਕੀਤੇ ਜਾਂਦੇ ਜਥੇਦਾਰ ਸਾਹਿਬਾਨ ਲਈ ਵਿਦਵਾਨਾਂ ਤੋਂ ਇੱਕ ਕਮੇਟੀ ਬਣਾ ਕੇ ਇੱਕ ਖਰੜਾ ਤਿਆਰ ਕਰਵਾਇਆ ਸੀ, ਜੋ ਕਿ ਉਨ੍ਹਾਂ ਨੇ ਲਾਗੂ ਕਰਵਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਭੇਜ ਦਿੱਤਾ ਸੀ ਜੋ ਕਿ ਅਜੇ ਤੀਕ ਲਾਗੂ ਨਹੀਂ ਕੀਤਾ ਗਿਆ। ਸਰਕਾਰੀ ਨੌਕਰੀ ਵਿੱਚ ਕਰਮਚਾਰੀ ਨੂੰ ਨੌਕਰੀ ਦੇਣ ਤੇ ਨੌਕਰੀ ਤੋਂ ਕੱਢਣ ਲਈ ਵਿਧੀ ਵਿਧਾਨ ਹੈ ਪਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰਾਂ ਲਈ ਕੋਈ ਵਿਧੀ ਵਿਧਾਨ ਨਹੀਂ। ਜਦੋਂ ਮਰਜ਼ੀ ਜਥੇਦਾਰਾਂ ਦੀਆਂ ਸੇਵਾਵਾਂ ਬਿਨਾਂ ਕੋਈ ਕਾਰਨ ਦੱਸੇ ਖਤਮ ਕਰ ਦਿੱਤੀਆਂ ਜਾਂਦੀਆਂ ਹਨ ਜਿਸ ਨੂੰ ਮਰਜੀ ਜਥੇਦਾਰ ਨਿਯੁਕਤ ਕਰ ਦਿੱਤਾ ਜਾਂਦਾ ਹੈ। ਚੰਡੀਗੜ੍ਹ ਤੋਂ ਪ੍ਰਸਿੱਧ ਪੱਤਰਕਾਰ ਕੰਵਰ ਸੰਧੂ ਇਕ ਚੈਨਲ ਹੈਲੋ ਪੰਜਾਬ ਚਲਾ ਰਹੇ ਹਨ,ਇਨ੍ਹਾਂ ਦਿਨ੍ਹਾਂ ਵਿਚ ਉਨ੍ਹਾਂ ਵੱਲੌ ਸਿੱਖ ਮਸਲਿਆਂ ਬਾਰੇ ਵੱਖ ਵੱਖ ਮੁਲਾਕਤਾਂ ਕੀਤੀਆਂ ਜਾ ਰਹੀਆਂ ਹਨ।ਉਨ੍ਹਾਂ ਵੱਲੋਂ ਬੀਤੇ ਦਿਨ ਦਿੱਲੀ ਗੁਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਸ. ਮਨਜੀਤ ਸਿੰਘ ਭੋਮਾ ਦੀ ਇੱਕ ਇੰਟਰਵਿਊ ਇਸ ਮਸਲੇ ਬਾਰੇ ਪ੍ਰਸਾਰਿਤ ਕੀਤੀ ਗਈ ਹੈ, ਜੋ ਇਸ ਸਮੇਂ ਵੀ ਉਨ੍ਹਾਂ ਦੀ ਵੈਬਸਾਇਟ ਉਪਰ ਪਈ ਹੈੈ ਜਿਸ ਵਿਚ ਉਨ੍ਹਾਂ ਨੇ ਇਹ ਜਾਣਕਾਰੀ ਦਿੱਤੀ ਸੀ ਸਿੱਖ ਸੰਸਥਾਵਾਂ ਦੀ ਮੰਗ ਕਰਨ &lsquoਤੇ ਕਿ ਵੇਦਾਂਤੀ ਜੀ ਨੇ ਇਕ ਕਮੇਟੀ ਇਸ ਮਸਲੇ ਲਈ ਬਣਾਈ ਸੀ ਜਿਸ ਦੀ ਰਿਪੋਰਟ ਉਨ੍ਹਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਭੇਜ ਦਿੱਤੀ , ਜਿਸ ਨੂੰ ਕਮੇਟੀ ਨੇ ਸੀਕਰਟ ( ਗੁਪਤ) ਫਾਈਲਾਂ ਵਿਚ ਰਖਿਆ ਹੋਇਆ ਹੈ। ਮੰਚ ਆਗੂ ਦਾ ਕਹਿਣਾ ਹੈ ਕਿ ਖ਼ਰੜਾ ਜਨਤਕ ਹੋਣਾ ਚਾਹੀਦਾ ਤਾਂ ਜੋ ਸਿੱਖ ਜਗਤ ਇਸ ਤੋਂ ਜਾਣੂ ਹੋ ਸਕੇ।ਜੇ ਇਸ ਵਿਚ ਸੋਧ ਕਰਨ ਲਈ ਸਿੱਖ ਵਿਦਵਾਨ ਆਪਣੇ ਸੁਝਾਅ ਭੇਜਣ ਤਾਂ ਉਨ੍ਹਾਂ &lsquoਤੇ ਵੀ ਗੌਰ ਕਰਨਾ ਚਾਹੀਦਾ ਹੈ।