image caption: -ਰਜਿੰਦਰ ਸਿੰਘ ਪੁਰੇਵਾਲ
ਅਕਾਲੀ ਦਲ ਦੀ ਫੁੱਟ ਪੰਥ ਤੇ ਪੰਜਾਬ ਦਾ ਨੁਕਸਾਨ ਕਰੇਗੀ
ਆਪਣੀਆਂ ਸਿਆਸੀ ਹਾਰਾਂ ਤੋਂ ਸ੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੇ  ਕੁਝ ਸਿਖਿਆ ਨਹੀਂ ਹੈ| ਗੈਰ ਸਿਧਾਂਤਕ ਪਹੁੰਚ ਕਾਰਣ ਅਕਾਲੀ ਲੀਡਰਸ਼ਿਪ ਆਪਣੇ ਮਸਲੇ ਬੈਠਕਾਂ ਵਿਚ ਹੱਲ ਕਰਨ ਦੀ ਥਾਂ ਮੀਡੀਆ ਤੇ ਜਨਤਕ ਪੱਧਰ ਉਪਰਲੈ ਆਈ ਹੈ| ਇਸ ਨਾਲ ਸਿਆਸੀ ਖਿਲਰਾ ਹੋਰ ਵਧੇਗਾ| ਬੀਤੇ ਹਫਤੇ ਅਸੀਂ ਸੁਝਾਅ ਦਿਤਾ ਸੀ ਕਿ ਪੰਜ ਪ੍ਰਵਾਨਿਤ ਪੰਥਕ ਚਿਹਰਿਆਂ ਦੀ ਪ੍ਰਜੀਡੀਅਮ ਬਣਾਕੇ ਅਕਾਲੀ ਦਲ ਚਲਾਇਆ ਜਾਵੇ ਤੇ ਸਾਰੇ ਅਕਾਲੀ ਧੜੇ  ਅਕਾਲੀ ਦਲ ਨੂੰ ਮਜਬੂਤ ਕਰਨ| ਇਹ ਫੈਸਲਾ ਅਕਾਲ ਤਖਤ ਸਾਹਿਬ ਉਪਰ ਹੋਵੇ| ਪਰ ਜਾਪਦਾ ਨਹੀਂ ਹੈ ਕਿ ਅਕਾਲੀ ਦਲ ਵਿਚ ਸੁਧਾਰ ਹੋਣ ਦੀ ਸੰਭਾਵਨਾ ਹੈ| ਸੰਭਾਵਨਾ ਉਥੇ ਹੁੰਦੀ ਹੈ ਜਿਥੇ ਸੰਵਾਦ ਹੋਵੇ, ਤਿਆਗ ਹੋਵੇ, ਕੌਮੀਅਤ ਲਈ ਨਿਸ਼ਠਾ ਹੋਵੇ| ਹੁਣੇ ਜਿਹੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ  ਸੀਨੀਅਰ ਲੀਡਰਸ਼ਿਪ ਨਾਲ ਮੀਟਿੰਗ ਦੌਰਾਨ ਪਾਰਟੀ ਦੀ ਕੋਰ ਕਮੇਟੀ ਭੰਗ ਕਰ ਦਿੱਤੀ ਹੈ| ਪਾਰਟੀ ਪ੍ਰਧਾਨ ਨੇ ਸ੍ਰੀ ਅਕਾਲ ਤਖ਼ਤ ਸਾਹਿਬ &rsquoਤੇ ਪੇਸ਼ ਹੋਣ ਤੋਂ ਪਹਿਲਾਂ ਕੋਰ ਕਮੇਟੀ ਭੰਗ ਕੀਤੀ ਹੈ| ਹਾਲਾਂਕਿ ਪਾਰਟੀ ਦੀ ਵਰਕਿੰਗ ਕਮੇਟੀ ਨੇ ਪਿਛਲੇ ਦਿਨੀਂ ਮੀਟਿੰਗ ਦੌਰਾਨ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਪਾਰਟੀ ਦੇ ਜਥੇਬੰਦਕ ਢਾਂਚੇ ਦਾ ਪੁਨਰਗਠਨ ਕਰਨ ਦੇ ਅਧਿਕਾਰ ਦੇ ਦਿੱਤੇ ਸਨ|  ਸੁਖਬੀਰ ਬਾਦਲ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ &rsquoਚ ਪਾਰਟੀ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਭੂੰਦੜ, ਮਹੇਸ਼ਇੰਦਰ ਸਿੰਘ ਗਰੇਵਾਲ, ਡਾ. ਦਲਜੀਤ ਸਿੰਘ ਚੀਮਾ, ਇਕਬਾਲ ਸਿੰਘ ਝੂੰਦਾ, ਪਰਮਜੀਤ ਸਿੰਘ ਸਰਨਾ ਤੋਂ ਇਲਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੀ ਸ਼ਾਮਲ ਹੋਏ ਸਨ|  
ਉਧਰ, ਅਕਾਲੀ ਸੁਧਾਰ ਲਹਿਰ ਦੇ ਕਨਵੀਨਰ ਗੁਰਪ੍ਰਤਾਪ ਸਿੰਘ ਵਡਾਲਾ ਨੇ ਕਿਹਾ ਕਿ  ਸੁਖਬੀਰ ਸਿੰਘ ਬਾਦਲ ਨੇ ਤਿਆਗ ਦੀ ਭਾਵਨਾ ਦਿਖਾਉਣ ਬਜਾਏ ਕੋਰ ਕਮੇਟੀ ਭੰਗ ਕਰਕੇ ਇੱਕ ਹੋਰ ਤਾਨਾਸ਼ਾਹੀ ਫਰਮਾਨ ਸੁਣਾ ਦਿੱਤਾ ਹੈ ਜੋ ਕਿ ਇੱਕ ਮੰਦਭਾਗਾ ਫੈਸਲਾ ਕਿਹਾ ਜਾ ਸਕਦਾ ਹੈ| ਉਨ੍ਹਾਂ ਕਿਹਾ ਕਿ ਅਕਾਲੀ ਸੁਧਾਰ ਲਹਿਰ ਸੁਖਬੀਰ ਸਿੰਘ ਬਾਦਲ ਇਸ ਫੈਸਲੇ ਦੀ ਨਿੰਦਾ ਕਰਦੀ ਹੈ| ਉਨ੍ਹਾਂ ਦੱਸਿਆ ਕਿ ਹੁਣ ਤੱਕ ਇਹ ਹੁੰਦਾ ਆਇਆ ਹੈ ਕਿ ਜਦੋਂ ਸਾਰਾ ਢਾਂਚਾ ਭੰਗ ਕੀਤਾ ਜਾਂਦਾ ਹੈ ਤਾਂ ਹੀ ਕੋਰ ਕਮੇਟੀ ਭੰਗ ਕੀਤੀ ਜਾਂਦੀ ਹੈ, ਪਰ ਹੁਣ ਨਵੀਂ ਰੀਤ ਹੀ ਪਾ ਦਿੱਤੀ ਕਿ ਗਈ ਕਿ ਸਿਰਫ ਕੋਰ ਕਮੇਟੀ ਭੰਗ ਕੀਤੀ ਗਈ|ਉਨ੍ਹਾਂ ਕਿਹਾ ਕਿ ਕੋਰ ਕਮੇਟੀ ਦੇ ਜਿਆਦਾਤਰ ਮੈਂਬਰਾਂ ਵੱਲੋਂ ਵਰਤਮਾਨ ਸਮੇਂ ਪੈਦਾ ਹੋਏ ਹਲਾਤਾਂ ਦੇ ਮੁਤਾਬਕ ਤਬਦੀਲੀ ਦੀ ਮੰਗ ਕੀਤੀ ਜਾ ਰਹੀ ਸੀ| ਸੁਖਬੀਰ ਬਾਦਲ ਨੇ ਲੋਕਾਂ ਦੀਆਂ ਅਤੇ ਪਾਰਟੀ ਦੇ ਵਰਕਰਾਂ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਹੋਏ ਝੂੰਦਾਂ ਕਮੇਟੀ ਦੀਆਂ ਰਿਪੋਰਟਾਂ ਨੂੰ ਤਾਂ ਕੀ ਲਾਗੂ ਕਰਨਾ ਸੀ, ਸਗੋਂ ਪਾਰਟੀ ਦੀ ਮਜਬੂਤੀ ਲਈ ਤਬਦੀਲੀ ਦੀ ਮੰਗ ਕਰਨ ਵਾਲੇ ਆਗੂਆਂ ਨੂੰ ਟੇਡੇ ਢੱਗ ਨਾਲ ਸਾਈਡ ਲਾਈਨ ਦੀ ਕਰਨ ਨਾਦਰਸ਼ਾਹੀ ਫਰਮਾਨ ਸੁਣਾ ਦਿੱਤੀ|
ਵਡਾਲਾ ਨੇ ਕਿਹਾ ਕਿ ਪਾਰਟੀ ਦੀ ਕੋਰ ਕਮੇਟੀ ਦੇ 8 ਮੈਂਬਰਾਂ ਵੱਲੋਂ ਤਬਦੀਲੀ ਦੀ ਮੰਗ ਕੀਤੀ ਗਈ ਸੀ, ਜਿਸ ਦਾ ਸੁਖਬੀਰ ਸਿੰਘ ਬਾਦਲ ਦੇ ਕੋਲ ਕੋਈ ਜਵਾਬ ਨਹੀਂ ਸੀ| ਇਸ ਲਈ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੀ ਪਰੰਪਰਾ ਅਤੇ ਸਾਰੇ ਨਿਯਮਾਂ ਨੂੰ ਦਰਕਿਨਾਰ ਕਰਕੇ ਆਪਣਾ ਤਾਨਾਸ਼ਾਹੀ ਫੈਸਲਾ ਲਾਗੂ ਕਰਨ ਲਈ ਕੋਰ ਕਮੇਟੀ ਹੀ ਭੰਗ ਕਰ ਦਿੱਤੀ| ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਅਰਸ਼ ਤੋਂ ਫਰਸ ਤੱਕ ਪਹੁੰਚਣ ਦਾ ਕਾਰਨ ਵੀ ਸੁਖਬੀਰ ਸਿੰਘ ਬਾਦਲ ਦੇ ਤਾਨਾਸਾਹੀ ਫਰਮਾਨ ਹਨ| ਪਰ ਸੁਖਬੀਰ ਸਿੰਘ ਬਾਦਲ ਆਪਣੀ ਗਲਤੀ ਮੰਨ ਕੇ ਉਸ ਵਿਚ ਸੁਧਾਰ ਕਰਨ ਦੀ ਬਜਾਏ ਆਪਣੇ ਹੈਂਕੜਬਾਜੀ ਛੱਡਣ ਨੂੰ ਤਿਆਰ ਹੀ ਨਹੀਂ ਹਨ| ਉਨ੍ਹਾਂ ਕਿਹਾ ਜੇ ਸ: ਬਾਦਲ ਸੱਚਮੁੱਚ ਲੋਕਾਂ ਦੇ ਫ਼ਤਵੇ ਦਾ ਸਤਿਕਾਰ ਕਰਦੇ ਹਨ ਤਾਂ ਝੂੰਦਾਂ ਕਮੇਟੀ ਦੀ ਸਿਫਾਰਸ ਮੁਤਾਬਕ ਆਪਣਾ ਅਹੁੱਦਾ ਤਿਆਗਣ ਤਾਂ ਕਿ ਪਾਰਟੀ ਨੂੰ ਮਜ਼ਬੂਤ ਕੀਤਾ ਜਾ ਸਕੇ| ਸਮੁਚੀ ਅਕਾਲੀ ਮੁਹਿੰਮ ਤੋਂ ਜਾਪਦਾ ਹੈ ਕਿ ਅਕਾਲੀ ਦਲ ਵਿਚ ਘੜਮੱਸ ਹੋਰ ਪਵੇਗਾ| ਸੁਧਾਰ ਦੀ ਸੰਭਾਵਨਾ ਨਹੀਂ ਦਿਖ ਰਹੀ| ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਅਜਿਹੇ ਯਤਨ ਕਰਨ ਦੀ ਲੋੜ ਹੈ ਕਿ ਅਕਾਲੀ ਦਲ  ਦੀ ਹੋਂਦ ਨੂੰ ਬਚਾਇਆ ਜਾ ਸਕੇ| ਅਕਾਲ ਤਖਤ ਸਾਹਿਬ ਦੀ ਅਗਵਾਈ ਵਿਚ ਪੰਜ ਸਿੰਘ ਸਾਹਿਬਾਨ ਨੂੰ ਅਕਾਲੀ ਸੰਕਟ ਬਾਰੇ ਇਤਿਹਾਸਕ ਫੈਸਲਾ ਲੈ ਕੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਅਕਾਲੀ ਫੂਲਾ ਸਿੰਘ ਦਾ ਇਤਿਹਾਸ ਦੁਹਰਾ ਕੇ ਸਿੱਖ ਕੌਮ ਦੇ ਮਾਣ ਮੱਤੇ ਇਤਿਹਾਸ ਵਿੱਚ ਇਕ ਸਤਿਕਾਰ ਯੋਗ ਸਥਾਨ ਬਣਾਉਣਾ ਚਾਹੀਦਾ ਹੈ| 
ਕਿਉਂ ਨਹੀਂ ਪੁਲੀਸ ਫੜ ਸਕੀ ਨਸ਼ਾ ਸਮਗਲਰਾਂ ਦਾ ਸਰਗਨਾ ਪੁਲਿਸ ਅਫਸਰ ਰਾਜ ਜੀਤ
ਨਸ਼ਾ ਤਸਕਰੀ ਦੇ ਮਾਮਲੇ ਵਿੱਚ ਬਰਖ਼ਾਸਤ ਸਹਾਇਕ ਇੰਸਪੈਕਟਰ ਜਨਰਲ (ਏ. ਆਈ. ਜੀ.) ਰਾਜਜੀਤ ਸਿੰਘ ਹੁੰਦਲ ਨੂੰ ਮੁਹਾਲੀ ਦੀ ਅਦਾਲਤ ਨੇ ਸਟੇਟ ਵਿਜੀਲੈਂਸ ਬਿਊਰੋ ਵੱਲੋਂ ਦਰਜ ਕੀਤੇ ਕਥਿਤ ਆਮਦਨ ਤੋਂ ਵੱਧ ਜਾਇਦਾਦ ਦੇ ਕੇਸ ਵਿੱਚ ਭਗੌੜਾ ਅਪਰਾਧੀ (ਪੀਓ) ਐਲਾਨ ਦਿੱਤਾ ਸੀ| ਵਿਜੀਲੈਂਸ ਬਿਊਰੋ ਅਨੁਸਾਰ ਜਸਟਿਸ ਅਨੀਸ਼ ਗੋਇਲ ਦੀ ਅਦਾਲਤ ਨੇ ਹੁੰਦਲ ਨੂੰ 20 ਜੁਲਾਈ ਨੂੰ ਪੀਓ ਐਲਾਨ ਦਿੱਤਾ ਹੈ| ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਕਿਹਾ ਕਿ ਏਜੰਸੀ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ ਅਤੇ ਜਾਂਚ ਜਾਰੀ ਹੈ| ਅਦਾਲਤ ਨੇ ਮੁਲਜ਼ਮ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਸੀ ਪਰ ਉਨ੍ਹਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾ ਸਕਿਆ| ਉੱਧਰ ਪੰਜਾਬ ਪੁਲਿਸ ਦੀ ਸਪੈਸ਼ਲ ਟਾਸਕ ਫੋਰਸ ਨੇ ਵੀ ਬਰਖ਼ਾਸਤ ਅੀਘ ਰਾਜਜੀਤ ਸਿੰਘ ਹੁੰਦਲ ਤੇ ਉਨ੍ਹਾਂ ਦੇ ਪਰਿਵਾਰ ਦੇ ਨਾਮ ਤੇ ਰਜਿਸਟਰਡ 4 ਕਰੋੜ ਰੁਪਏ ਦੀਆਂ 9 ਜਾਇਦਾਦਾਂ ਜ਼ਬਤ ਕੀਤੀਆਂ ਹਨ| ਦੱਸ ਦੇਈਏ ਰਾਜ ਜੀਤ ਸਿੰਘ ਹੁੰਦਲ ਤੇ ਪੰਜਾਬ ਪੁਲਿਸ ਦੇ ਬਰਖ਼ਾਸਤ ਇੰਸਪੈਕਟਰ ਇੰਦਰਜੀਤ ਸਿੰਘ ਦੀ ਮਦਦ ਕਰ ਕੇ ਪੁਲਿਸ-ਨਸ਼ਾ ਤਸਕਰਾਂ ਦਾ ਗਠਜੋੜ ਚਲਾਉਣ ਦਾ ਦੋਸ਼ ਹੈ| ਉਨ੍ਹਾਂ ਨੂੰ ਪਿਛਲੇ ਸਾਲ 19 ਅਪ੍ਰੈਲ ਨੂੰ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਗਿਆ ਸੀ ਅਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਅੰਤਰਿਮ ਜ਼ਮਾਨਤ ਰੱਦ ਕੀਤੇ ਜਾਣ ਤੋਂ ਬਾਅਦ ਉਹ 20 ਅਕਤੂਬਰ, 2023 ਤੋਂ ਫਰਾਰ ਹਨ| ਸੁਆਲ ਤਾਂ ਇਹ ਹੈ ਕਿ ਪੁਲੀਸ ਉਸਨੂੰ ਗ੍ਰਿਫਤਾਰ ਕਿਉਂ ਨਹੀਂ ਕਰ ਸਕੀ? ਇਹ ਦਾਗੀ ਅਫਸਰ ਕਿਥੇ ਗਾਇਬ ਹੋ ਗਿਆ? ਹਾਲਾਂਕਿ ਭਾਰਤ ਵਿਚ ਖੁਫੀਆ ਏਜੰਸੀਆਂ ਚਿੜੀ ਤਕ ਨਹੀਂ ਫੜਕਨ ਦਿੰਦੀਆਂ ਪਰ ਇਹ ਅਪਰਾਧੀ ਕਿਥੇ ਗਾਇਬ ਹੋ ਗਿਆ| ਇਸ ਪਿਛੇ ਦਾਗੀ ਅਫਸਰਾਂ ਤੇ ਦਾਗੀ ਸਿਆਸਤਦਾਨਾਂ ਦੀ ਕਰਾਮਾਤ ਜਾਪਦੀ ਹੈ|ਨਸ਼ਿਆਂ ਦਾ ਨੈਟਵਰਕ ਖਤਮ ਨਾ ਹੋਣ ਦਾ ਕਾਰਣ ਕਾਲੀ ਮਾਇਆ, ਅਵਾਰਾ ਪੂੰਜੀ ਅਤੇ ਡਰਗ ਸਮਗਲਰਾਂ ਦਾ ਦਾਗੀ ਸਤਾਧਾਰੀਆਂ ਤੇ ਦਾਗੀ ਪੁਲੀਸ ਅਫਸਰਾਂ ਨਾਲ ਗਠਜੋੜ ਹੈ|
ਪੰਜਾਬ ਵਿਚ ਗੈਂਗਸਟਰਾਂ ਦੀਆਂ ਸਰਗਰਮੀਆਂ ਨੂੰ ਨਥ ਪਾਈ ਜਾਵੇ
ਪੰਜਾਬ ਵਿਚ ਬੇਖ਼ੌਫ ਹੋ ਕੇ ਆਪਣਾ ਨੈਟਵਰਕ ਵੱਡਾ ਕਰਨ ਲਈ ਵਿਦੇਸ਼ਾਂ ਚ ਬੈਠੇ ਗੈਂਗਸਟਰ ਲਗਾਤਾਰ ਕੋਸ਼ਿਸ਼ਾਂ ਵਿਚ ਲੱਗੇ ਹੋਏ ਹਨ| ਫਿਰੌਤੀਆਂ ਲਈ ਵਪਾਰੀ ਵਰਗ ਸਮੇਤ ਹੋਰਨਾਂ ਵਿਚ ਡਰ ਦਾ ਮਾਹੌਲ ਪੈਦਾ ਕਰਨ ਲਈ ਵਿਦੇਸ਼ਾਂ ਚ ਬੈਠੇ ਗੈਂਗਸਟਰ ਸੂਬੇ ਚ ਆਪਣੇ ਨੈਟਵਰਕ ਜ਼ਰੀਏ ਸਥਾਨਕ ਗੁਰਗਿਆਂ ਨੂੰ ਪੈਸੇ ਦਾ ਲਾਲਚ ਦੇ ਕੇ ਆਪਣੇ ਨੈਟਵਰਕ ਨਾਲ ਜੋੜਨ ਦੀਆਂ ਕੋਸ਼ਿਸ਼ਾਂ ਕਰਦੇ ਆ ਰਹੇ ਹਨ ਜੋ ਪੰਜਾਬ ਵਿਚ ਹੀ ਬੈਠ ਕੇ ਵਿਦੇਸ਼ੀ ਨੰਬਰਾਂ ਤੋਂ ਫਿਰੌਤੀ ਲਈ ਧਮਕੀ ਭਰੇ ਫ਼ੋਨ ਖੜਕਾਉਂਦੇ ਹਨ| ਵਿਦੇਸ਼ਾਂ &rsquoਚ ਬੈਠੇ ਗੈਂਗਸਟਰਾਂ ਦੀ ਸ਼ਹਿ ਤੇ ਇਥੇ ਬੈਠੇ ਉਨ੍ਹਾਂ ਦੇ ਗੁਰਗੇ ਬਿਨਾਂ ਕਿਸੇ ਡਰ ਭੈਅ ਤੋਂ ਲੋਕਾਂ ਨੂੰ ਫਿਰੌਤੀਆਂ ਲਈ ਫੋਨ ਕਰਨ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਹਨ ਅਤੇ ਜੇਕਰ ਉਨ੍ਹਾਂ ਨੂੰ ਆਪਣਾ ਮਕਸਦ ਕਾਮਯਾਬ ਹੁੰਦਾ ਨਾ ਦਿਖਾਈ ਦੇਵੇ ਤਾਂ ਉਹ ਫਿਰੌਤੀ ਲਈ ਚੁਣੇ ਆਪਣੇ ਸ਼ਿਕਾਰ ਦੇ ਬੱਚਿਆਂ ਅਤੇ ਪਰਿਵਾਰ ਨੂੰ ਨਿਸ਼ਾਨਾ ਬਣਾਉਣ ਤੋਂ ਵੀ ਗੁਰੇਜ਼ ਨਹੀਂ ਕਰਦੇ| ਦੱਸਿਆ ਜਾ ਰਿਹਾ ਹੈ ਕਿ ਗੈਂਗਸਟਰਾਂ ਦੇ ਨੈਟਵਰਕ ਵਿਚ ਗਲੀ- ਮੁਹੱਲਿਆਂ ਦੇ ਬਦਮਾਸ਼ਾਂ ਨੂੰ ਵੀ ਜੋੜਿਆ ਜਾ ਰਿਹਾ ਹੈ ਜੋ ਸਿਰਫ਼ ਪੈਸਿਆਂ ਲਈ ਕੁਝ ਵੀ ਕਰਨ ਨੂੰ ਤਿਆਰ ਰਹਿੰਦੇ ਹਨ| ਇਲਾਕੇ ਦੀ ਜਾਣਕਾਰੀ ਹੋਣ ਦਾ ਫ਼ਾਇਦਾ ਚੁੱਕ ਕੇ ਉਹ ਆਪਣੇ ਸ਼ਿਕਾਰ ਦੀ ਲਗਾਤਾਰ ਰੇਕੀ ਕਰਦੇ ਹਨ ਅਤੇ ਪਰਿਵਾਰਕ ਮੈਂਬਰਾਂ ਸਮੇਤ ਬੱਚਿਆਂ ਦੇ ਆਉਣ ਜਾਣ ਤੱਕ ਦੀ ਵੀ ਸਾਰੀ ਜਾਣਕਾਰੀ ਇਕੱਤਰ ਕਰਦੇ ਹਨ ਤਾਂ ਜੋ ਆਪਣੇ ਸ਼ਿਕਾਰ ਨੂੰ ਹੋਰ ਵੀ ਡਰਾਇਆ ਜਾ ਸਕੇ|
ਜ਼ਿਕਰਯੋਗ ਹੈ ਕਿ ਹਰਵਿੰਦਰ ਸਿੰਘ ਰਿੰਦਾ ਅਤੇ ਗੈਂਗਸਟਰ ਗੋਲਡੀ ਬਰਾੜ ਦੇ ਖਿਲਾਫ ਫਿਰੌਤੀ, ਧਮਕੀ ਸਮੇਤ ਕਈ ਹੋਰ ਅਪਰਾਧਿਕ ਮਾਮਲੇ ਦਰਜ ਕੀਤੇ ਜਾ ਚੁੱਕੇ ਹਨ ਪਰ ਇਹ ਗੈਂਗਸਟਰ ਅਜਿਹੇ ਪਰਚਿਆਂ ਦੀ ਪ੍ਰਵਾਹ ਕੀਤੇ ਬਗੈਰ ਵਿਦੇਸ਼ਾਂ ਵਿਚ ਬੈਠ ਕੇ ਪੰਜਾਬ ਵਿਚ ਆਪਣਾ ਨੈਟਵਰਕ ਹੋਰ ਫੈਲਾਉਣ ਦੀ ਕੋਸ਼ਿਸ਼ ਵਿਚ ਰਹਿੰਦੇ ਹਨ| ਅੰਕੜੇ ਦੱਸਦੇ ਹਨ ਕਿ 2022 ਵਿਚ ਜਬਰਨ ਵਸੂਲੀ ਸਬੰਧੀ ਪੰਜਾਬ ਚ ਵੱਖ ਵੱਖ ਥਾਈਾ 206 ਐਫ.ਆਈ.ਆਰ. ਦਰਜ ਕੀਤੀਆਂ ਗਈਆਂ ਸਨ ਜਦਕਿ ਸਾਲ 2023 ਵਿਚ ਵੀ ਇਹ ਅੰਕੜੇ ਅਜਿਹੇ ਹੀ ਰਹੇ|ਗੈਂਗਸਟਰ ਗੋਲਡੀ ਬਰਾੜ ਖ਼ਿਲਾਫ਼ ਕੇਂਦਰ ਸਰਕਾਰ ਨੇ ਵੱਡੀ ਕਾਰਵਾਈ ਕਰਦੇ ਹੋਏ ਉਸ ਨੂੰ ਯੂ.ਏ.ਪੀ.ਏ. ਤਹਿਤ ਅੱਤਵਾਦੀ ਐਲਾਨ ਦਿੱਤਾ ਸੀ| ਗੋਲਡੀ ਬਰਾੜ ਨੂੰ ਸਿੱਧੂ ਮੂਸੇਵਾਲਾ ਕਤਲ ਕਾਂਡ ਦਾ ਮਾਸਟਰਮਾਈਾਡ ਅਤੇ ਲਾਰੈਂਸ ਬਿਸ਼ਨੋਈ ਗੈਂਗ ਦਾ ਸੱਜਾ ਹੱਥ ਮੰਨਿਆ ਜਾਂਦਾ ਹੈ|  ਪੰਜਾਬ ਵਿਚ ਫਿਰੌਤੀ ਲਈ ਗੈਂਗਸਟਰਾਂ ਦੇ ਫੋਨਾਂ ਦਾ ਮਾਮਲਾ ਜਿੱਥੇ ਪਿਛਲੇ ਸਮੇਂ ਦੌਰਾਨ ਵੱਡਾ ਮੁੱਦਾ ਬਣਿਆ ਰਿਹਾ ਹੈ ਓਥੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਇਸ ਮੁੱਦੇ ਉਤੇ ਵਿਧਾਨ ਸਭਾ ਵਿਚ ਵੀ ਵਿਰੋਧੀ ਧਿਰਾਂ ਘੇਰਦੀਆਂ ਰਹੀਆਂ ਹਨ| ਪੰਜਾਬ ਸਰਕਾਰ ਇਸ ਸੰਬੰਧੀ ਸਖਤ ਨਜ਼ਰ ਨਹੀਂ ਆ ਰਹੀ| ਗੈਂਗਸਟਰ ਸ਼ਰੇਆਮ ਵਪਾਰੀਆਂ ਤੋਂ ਹਫਤਾ ਵਸੂਲੀ ਕਰ ਰਹੇ ਹਨ| ਪਰ ਸਰਕਾਰ ਇਸ ਮਾਮਲੇ ਬਾਰੇ ਚੁਪ ਹੈ| ਲਾਰੈਂਸ ਬਿਸ਼ਨੋਈ ਦੀ ਜੇਲ ਵਿਚੋਂ ਇੰਟਰਵਿਊ ਹੋਣ ਦੇ ਅਰਥ ਇਹੀ ਸਨ ਕਿ ਪੰਜਾਬ ਸਰਕਾਰ ਅਣਗਹਿਲੀ ਵਰਤ ਰਹੀ ਹੈ ਜਾਂ ਭ੍ਰਿਸ਼ਟ ਅਫਸਰਾਂ ਦੀ ਮਿਲੀਭੁਗਤ ਹੈ|
-ਰਜਿੰਦਰ ਸਿੰਘ ਪੁਰੇਵਾਲ