ਸੌਦਾ ਪ੍ਰੇਮੀ ਪਰਦੀਪ ਕਲੇਰ ਸੁਖਬੀਰ ਸਿੰਘ ਬਾਦਲ ਬਾਰੇ ਦੋਸ਼ ਕਿੰਨੇ ਕੁ ਸੱਚ ਤੇ ਬਾਗੀ ਅਕਾਲੀਆਂ ਵਿਰੱੁਧ ਕਾਰਵਾਈ ਕਿੰਨੀ ਕੁ ਸਹੀ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਘਿਨਾਉਣੇ ਅਪਰਾਧ ਦੇ ਮੁੱਖ ਦੋਸ਼ੀ ਪਰਦੀਪ ਕਲੇਰ ਵਲੋਂ ਸੁਖਬੀਰ ਸਿੰਘ ਬਾਦਲ ਵਿਰੁਧ ਦੋਸ਼ ਕਿੰਨੇ ਕੁ ਸਚੇ ਹਨ, ਇਹ ਜੁਆਬ ਸਮੇਂ ਦੇ ਗਰਭ ਵਿਚ ਹੈ| ਪਰ ਜੋ ਦੋਸ਼ ਬਾਗੀ ਅਕਾਲੀਆਂ ਨੇ ਲਗਾਏ ਹਨ ਉਹ ਸੁਖਬੀਰ ਸਿੰਘ ਬਾਦਲ ਨੇ ਅਕਾਲ ਤਖਤ  ਸਾਹਿਬ ਦੇ ਸਨਮੁੱਖ ਸਵੀਕਾਰੇ ਹਨ| ਸੁਖਬੀਰ ਬਾਦਲ ਦਾ ਕਲੇਰ ਵਲੋਂ ਲਗਾਏ ਦੋਸ਼ਾਂ &rsquoਤੇ ਸਖਤ ਇਤਰਾਜ਼ ਹੈ| ਉਹ ਆਖਦੇ ਹਨ ਕਿ ਸ੍ਰੀ ਅਕਾਲ ਤਖਤ ਸਾਹਿਬ ਇਸ ਮਾਮਲੇ ਨੂੰ ਲੈ ਕੇ ਪਹਿਲਾਂ ਹੀ ਮੈਨੂੰ ਤਲਬ ਕਰ ਚੁੱਕਾ ਹੈ ਤੇ ਮੈਂ ਖਾਲਸਾ ਪੰਥ ਦੇ ਸਰਵਉੱਚ ਧਾਰਮਿਕ ਅਸਥਾਨ ਅੱਗੇ ਪੇਸ਼ ਹੋ ਚੁੱਕਾ ਹਾਂ ਤੇ ਮੈਂ ਉਨ੍ਹਾਂ ਦੇ ਫੈਸਲੇ ਦੀ ਉਡੀਕ ਕਰਾਂਗਾ ਤੇ ਇਸ ਤੋਂ ਬਾਅਦ ਇਸ ਪਾਪੀ ਵਿਰੁੱਧ ਸਖਤ ਕਾਰਵਾਈ ਕਰਾਂਗਾ|
ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਕਨਵੀਨਰ ਗੁਰਪ੍ਰਤਾਪ ਸਿੰਘ ਵਡਾਲਾ ਦਾ ਕਹਿਣਾ ਹੈ ਕਿ ਡੇਰਾ ਸਿਰਸਾ ਦੇ ਸਿਆਸੀ ਵਿੰਗ ਦੇ ਮੁਖੀ ਪ੍ਰਦੀਪ ਕਲੇਰ ਵਲੋਂ ਇਕ ਟੀ. ਵੀ. ਇੰਟਰਵਿਊ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਡੇਰਾ ਸਿਰਸਾ ਮੁਖੀ ਦੀ ਪੁਸ਼ਤਪਨਾਹੀ ਸੰਬੰਧੀ ਲਾਏ ਗਏ ਦੋਸ਼ ਕਾਫੀ ਅਹਿਮ ਤੇ ਗੰਭੀਰ ਹਨ | ਉਨ੍ਹਾਂ ਕਿਹਾ ਕਿ ਵੱਖ-ਵੱਖ ਜਾਂਚ ਟੀਮਾਂ ਵਲੋਂ ਕੀਤੀ ਗਈ ਜਾਂਚ ਚ ਜਦ ਇਹ ਸਾਬਤ ਹੋ ਚੁੱਕਾ ਹੈ ਕਿ ਪਿਛਲੇ ਸਮੇਂ ਦੌਰਾਨ ਸੂਬੇ &rsquoਚ ਵੱਖ-ਵੱਖ ਥਾਂਵਾਂ ਤੇ ਹੋਈਆਂ ਬੇਅਦਬੀ ਦੀਆਂ ਘਟਨਾਵਾਂ ਲਈ ਡੇਰਾ ਸਿਰਸਾ ਮੁਖੀ ਸਿੱਧੇ ਤੌਰ ਤੇ ਜ਼ਿੰਮੇਵਾਰ ਹੈ ਤੇ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਵੀ ਜਿਸ ਡੇਰਾ ਮੁਖੀ ਨੂੰ ਤਨਖਾਹੀਆ ਕਰਾਰ ਦਿੱਤਾ ਗਿਆ ਹੋਵੇ ਤੇ ਸਿੱਖ ਕੌਮ ਨੂੰ ਉਸ ਨਾਲ ਕਿਸੇ ਵੀ ਤਰ੍ਹਾਂ ਦਾ ਧਾਰਮਿਕ ਤੇ ਸਮਾਜਿਕ ਮੇਲ ਜੋਲ ਰੱਖਣ ਤੋਂ ਵਰਜਿਤ ਕੀਤਾ ਗਿਆ ਹੋਵੇ ਉਸ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਇਕ ਵਾਰ ਨਹੀਂ ਸਗੋਂ ਕਈ ਵਾਰ ਮੁਲਾਕਾਤ ਕਰਨੀ ਕਾਫੀ ਗੰਭੀਰ ਮਾਮਲਾ ਹੈ| ਉਨ੍ਹਾਂ ਡੇਰਾ ਮੁਖੀ ਖਿਲਾਫ ਚਲਾਨ ਨਾ ਪੇਸ਼ ਕਰਨ ਤੇ ਸੂਬੇ ਦੀ ਆਪ ਸਰਕਾਰ ਦੀ ਵੀ ਆਲੋਚਨਾ ਕੀਤੀ|
ਇਸ ਸਾਰੀਆਂ ਘਟਨਾਵਾਂ ਤੋਂ ਪਰਤਖ ਹੈ ਕਿ ਸੁਖਬੀਰ ਸਿੰਘ ਬਾਦਲ ਦੁ ਪ੍ਰਧਾਨਗੀ ਨਾ ਛਡਣ ਦੀ ਜਿਦ ਕਾਰਣ ਅਕਾਲੀ ਦਲ ਦਾ ਨੁਕਸਾਨ ਹੋ ਰਿਹਾ ਹੈ| ਉਹ ਇਸ ਸੰਕਟ ਤੋਂ ਚਿੰਤਤ ਨਹੀਂ ਹਨ| ਹੁਣੇ ਜਿਹੇ ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਨੇ ਪਾਰਟੀ ਤੋਂ ਨਰਾਜ਼ ਚੱਲ ਰਹੇ ਆਗੂਆਂ ਖ਼ਿਲਾਫ਼ ਵੱਡੀ ਕਾਰਵਾਈ ਕਰਦਿਆਂ  ਅੱਠ ਆਗੂਆਂ ਨੂੰ ਪਾਰਟੀ ਚੋਂ ਬਾਹਰ ਕੱਢ ਦਿੱਤਾ ਹੈ| ਇਨ੍ਹਾਂ ਵਿੱਚ ਗੁਰਪ੍ਰਤਾਪ ਸਿੰਘ ਵਡਾਲਾ, ਬੀਬੀ ਜਗੀਰ ਕੌਰ, ਪ੍ਰੇਮ ਸਿੰਘ ਚੰਦੂਮਾਜਰਾ, ਪਰਮਿੰਦਰ ਸਿੰਘ ਢੀਂਡਸਾ, ਸਿਕੰਦਰ ਸਿੰਘ ਮਲੂਕਾ, ਸੁਰਜੀਤ ਸਿੰਘ ਰੱਖੜਾ, ਸੁਰਿੰਦਰ ਸਿੰਘ ਠੇਕੇਦਾਰ ਤੇ ਚਰਨਜੀਤ ਸਿੰਘ ਬਰਾੜ ਦੇ ਨਾਂ ਸ਼ਾਮਲ ਹਨ| ਇਹ ਕਾਰਵਾਈ ਸ਼੍ਰੋਮਣੀ ਅਕਾਲੀ ਦਲ ਦੀ ਅਨੁਸ਼ਾਸਨੀ ਕਮੇਟੀ ਵੱਲੋਂ ਕੀਤੀ ਗਈ ਹੈ ਜਿਸ ਨੇ ਇਨ੍ਹਾਂ ਅੱਠ ਆਗੂਆਂ ਦੀ ਮੁੱਢਲੀ ਮੈਂਬਰਸ਼ਿਪ ਖਾਰਜ ਕਰ ਦਿੱਤੀ ਹੈ| ਪਾਰਟੀ ਨੇ ਸੱਤ ਵਿਧਾਨ ਸਭਾ ਹਲਕਿਆਂ ਦੇ ਮੌਜੂਦਾ ਹਲਕਾ ਇੰਚਾਰਜਾਂ ਨੂੰ ਵੀ ਹਟਾ ਦਿੱਤਾ ਹੈ|
ਜਾਣਕਾਰੀ ਅਨੁਸਾਰ ਚੰਡੀਗੜ੍ਹ ਵਿੱਚ ਸ਼੍ਰੋਮਣੀ ਅਕਾਲੀ ਦੀ ਅਨੁਸ਼ਾਸਨੀ ਕਮੇਟੀ ਦੀ ਮੀਟਿੰਗ ਕਮੇਟੀ ਦੇ ਚੇਅਰਮੈਨ ਬਲਵਿੰਦਰ ਸਿੰਘ ਭੂੰਦੜ ਦੀ ਅਗਵਾਈ ਹੇਠ ਹੋਈ ਜਿਸ ਵਿੱਚ ਕਮੇਟੀ ਮੈਂਬਰ ਮਹੇਸ਼ਇੰਦਰ ਸਿੰਘ ਗਰੇਵਾਲ ਅਤੇ ਗੁਲਜ਼ਾਰ ਸਿੰਘ ਰਣੀਕੇ (ਟੈਲੀਫੋਨ ਰਾਹੀਂ) ਸ਼ਾਮਲ ਹੋਏ| ਉਨ੍ਹਾਂ ਪਾਰਟੀ ਦੇ ਕੁਝ ਸੀਨੀਅਰ ਆਗੂਆਂ ਵੱਲੋਂ ਕੀਤੀਆਂ ਜਾ ਰਹੀਆਂ ਪਾਰਟੀ ਵਿਰੋਧੀ ਕਾਰਵਾਈਆਂ ਬਾਰੇ ਚਰਚਾ ਕੀਤੀ| ਅਨੁਸ਼ਾਸਨੀ ਕਮੇਟੀ ਨੇ ਵਿਚਾਰ-ਵਟਾਂਦਰੇ ਮਗਰੋਂ ਆਖਿਆ ਕਿ ਇਨ੍ਹਾਂ ਆਗੂਆਂ ਵੱਲੋਂ ਪਾਰਟੀ ਦੇ ਅਕਸ ਨੂੰ ਢਾਹ ਲਾਉਣ ਵਾਲੀਆਂ ਕਾਰਵਾਈਆਂ ਲਗਾਤਾਰ ਕੀਤੀਆਂ ਜਾ ਰਹੀਆਂ ਹਨ ਜਿਸ ਕਾਰਨ ਉਕਤ ਆਗੂਆਂ ਨੂੰ ਪਾਰਟੀ ਵਿੱਚੋਂ ਕੱਢ ਦਿੱਤਾ ਗਿਆ ਹੈ| ਭੂੰਦੜ ਦਾ ਮੰਨਣਾ ਹੈ ਕਿ ਉਪਰੋਕਤ ਸਾਰੇ ਆਗੂਆਂ ਦਾ ਇੱਕੋ-ਇੱਕ ਮਕਸਦ ਪਾਰਟੀ ਦੇ ਦੁਸ਼ਮਣਾਂ ਦੀ ਸ਼ਹਿ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨਾ ਹੈ| ਪਾਰਟੀ ਇਨ੍ਹਾਂ ਹਰਕਤਾਂ ਨੂੰ ਬਰਦਾਸ਼ਤ ਨਹੀਂ ਕਰੇਗੀ, ਇਸ ਲਈ ਉਪਰੋਕਤ ਆਗੂਆਂ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਖਾਰਜ ਕੀਤਾ ਗਿਆ ਹੈ| ਸਾਡਾ ਮੰਨਣਾ ਹੈ ਕਿ ਇਸ ਸੰਕਟ ਭਰੀ ਸਥਿਤੀ ਵਿਚ ਬਾਦਲ ਧੜੇ ਵਲੋਂ ਕਾਹਲੀ ਨਾਲ ਗਲਤ ਫੈਸਲਾ ਲਿਆ ਹੈ| ਇਸ ਨਾਲ ਅਕਾਲੀ ਦਲ ਦਾ ਵਡਾ ਨੁਕਸਾਨ ਹੋਵੇਗਾ|ਅਕਾਲ ਤਖਤ ਸਾਹਿਬ ਨੂੰ ਅਕਾਲੀ ਦਲ ਬਚਾਉਣ ਲਈ ਨੁਮਾਇੰਦਾ ਇਕਠ ਸਦਕੇ ਅਗਵਾਈ ਕਰਨੀ ਚਾਹੀਦੀ ਹੈ|
ਪ੍ਰਵਾਸੀ ਭਾਰਤੀਆਂ ਨੇ 115 ਅਰਬ ਡਾਲਰ ਦੀ ਰਕਮ ਵਤਨ ਭੇਜੀ, ਪਰ ਪ੍ਰਵਾਸੀ ਭਾਰਤੀਆਂ ਦੀ ਕਦਰ ਕਿਉਂ ਨਹੀਂ
ਭਾਰਤ ਜਲਦੀ ਹੀ ਦੁਨੀਆ ਭਰ ਨੂੰ ਸਭ ਤੋਂ ਜ਼ਿਆਦਾ ਹੁਨਰਮੰਦ ਕਾਮੇ ਪ੍ਰਦਾਨ ਕਰਨ ਵਾਲਾ ਪਹਿਲਾ ਦੇਸ਼ ਬਣਨ ਦੇ ਰਾਹ ਤੇ ਹੈ| ਇਹ ਦਾਅਵਾ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੀ ਇੱਕ ਰਿਪੋਰਟ ਵਿੱਚ ਕੀਤਾ ਗਿਆ ਹੈ| ਹਰ ਸਾਲ ਭਾਰਤ ਤੋਂ ਲੱਖਾਂ ਲੋਕ ਰੁਜ਼ਗਾਰ ਅਤੇ ਨੌਕਰੀਆਂ ਲਈ ਵਿਦੇਸ਼ ਜਾਂਦੇ ਹਨ ਅਤੇ ਡਾਲਰ, ਪੌਂਡ ਅਤੇ ਦਿਰਹਾਮ ਵਿੱਚ ਪੈਸਾ ਕਮਾ ਕੇ ਭਾਰਤ ਵਿਚ (ਰੇਮਿਟੈਂਸ ਦੇ ਰੂਪ ਵਿੱਚ) ਭੇਜਦੇ ਹਨ| ਸਾਲ 2023 ਵਿੱਚ, ਭਾਰਤੀਆਂ ਨੇ ਇਸ ਮਾਮਲੇ ਵਿੱਚ ਇੱਕ ਰਿਕਾਰਡ ਬਣਾਇਆ ਹੈ ਅਤੇ ਜਲਦੀ ਹੀ ਦੁਨੀਆ ਵਿੱਚ ਨੰਬਰ 1 ਬਣ ਸਕਦਾ ਹੈ|
ਆਰਬੀਆਈ ਦੀ ਤਾਜ਼ਾ ਮੁਦਰਾ ਅਤੇ ਵਿੱਤ ਰਿਪੋਰਟ (ਆਰਸੀਐਫ) ਵਿੱਚ ਕਿਹਾ ਗਿਆ ਹੈ ਕਿ ਵਿਦੇਸ਼ਾਂ ਵਿੱਚ ਰਹਿਣ ਵਾਲੇ ਭਾਰਤੀਆਂ ਨੇ 2023 ਵਿੱਚ 115 ਅਰਬ ਡਾਲਰ ਦੀ ਰਕਮ ਘਰ ਵਾਪਸ ਭੇਜੀ ਹੈ| ਭਾਰਤੀ ਮੁਦਰਾ ਵਿੱਚ ਇਹ ਰਕਮ ਲਗਭਗ 9.6 ਲੱਖ ਕਰੋੜ ਰੁਪਏ ਹੈ| ਆਰਬੀਆਈ ਦਾ ਅੰਦਾਜ਼ਾ ਹੈ ਕਿ 2029 ਤੱਕ ਵਿਦੇਸ਼ਾਂ ਵਿੱਚ ਰਹਿਣ ਵਾਲੇ ਭਾਰਤੀ 160 ਬਿਲੀਅਨ ਡਾਲਰ ਦੀ ਰਕਮ ਭਾਰਤ ਨੂੰ ਭੇਜਣਾ ਸ਼ੁਰੂ ਕਰ ਦੇਣਗੇ| ਭਾਰਤੀ ਮੁਦਰਾ ਵਿੱਚ ਇਹ ਰਕਮ ਲਗਭਗ 13.6 ਲੱਖ ਕਰੋੜ ਰੁਪਏ ਹੋਵੇਗੀ| ਭਾਰਤ ਅਜੇ ਵੀ ਆਪਣੇ ਲੋਕਾਂ ਤੋਂ ਰੈਮਿਟੈਂਸ ਪ੍ਰਾਪਤ ਕਰਨ ਵਾਲੇ ਦੁਨੀਆ ਦੇ ਚੋਟੀ ਦੇ ਦੇਸ਼ਾਂ ਵਿੱਚੋਂ ਇੱਕ ਹੈ| ਜੇਕਰ ਅਸੀਂ 10 ਸਾਲਾਂ ਦੀ ਔਸਤ &rsquoਤੇ ਨਜ਼ਰ ਮਾਰੀਏ ਤਾਂ ਹਰ ਸਾਲ ਭਾਰਤੀਆਂ ਨੇ ਵਿਦੇਸ਼ਾਂ ਤੋਂ ਲਗਭਗ 80 ਅਰਬ ਡਾਲਰ ਘਰ ਭੇਜੇ ਹਨ|
ਜੇਕਰ ਅੰਕੜਿਆਂ ਦੇ ਲਿਹਾਜ਼ ਨਾਲ ਸਮਝਣਾ ਹੋਵੇ, ਤਾਂ ਤੁਸੀਂ ਇਸ ਤਰ੍ਹਾਂ ਸਮਝ ਸਕਦੇ ਹੋ, ਦੁਨੀਆ ਭਰ ਦੇ ਸਾਰੇ ਲੋਕ ਜੋ ਆਪਣਾ ਦੇਸ਼ ਛੱਡ ਕੇ ਵਿਦੇਸ਼ਾਂ ਵਿੱਚ ਕੰਮ ਕਰਦੇ ਹਨ ਅਤੇ ਆਪਣੇ ਦੇਸ਼ਾਂ ਨੂੰ ਪੈਸੇ ਭੇਜਦੇ ਹਨ, ਤਾਂ ਹਰ 100 ਰੁਪਏ ਵਿੱਚੋਂ 13.5 ਰੁਪਏ ਭਾਰਤ ਵਿਚ ਰਹਿ ਰਹੇ ਆਪਣੇ ਰਿਸ਼ਤੇਦਾਰਾਂ ਨੂੰ ਭੇਜਦੇ ਹਨ| ਜੇਕਰ ਪਿਛਲੇ 23 ਸਾਲਾਂ ਦੇ ਅੰਕੜਿਆਂ &rsquoਤੇ ਨਜ਼ਰ ਮਾਰੀਏ ਤਾਂ ਸਾਲ 2000 &rsquoਚ ਵਿਦੇਸ਼ਾਂ ਚ ਰਹਿੰਦੇ ਭਾਰਤੀਆਂ ਵੱਲੋਂ ਭਾਰਤ ਨੂੰ ਭੇਜੀ ਗਈ ਰਕਮ ਦੇਸ਼ ਦੀ ਕੁੱਲ ਘਰੇਲੂ ਪੈਦਾਵਾਰ ਦਾ 2.8 ਫੀਸਦੀ ਸੀ, ਜਦੋਂ ਕਿ 2023 ਚ ਇਹ 3.2 ਫੀਸਦੀ ਤੱਕ ਪਹੁੰਚ ਗਈ ਹੈ| ਇੰਨਾ ਹੀ ਨਹੀਂ, ਇਹ ਦੇਸ਼ ਵਿੱਚ ਆਉਣ ਵਾਲੇ ਕੁੱਲ ਐਫਡੀਆਈ ਤੋਂ ਵੱਧ ਪੈਸਾ ਹੈ|
ਪਰ ਸੁਆਲ ਇਹ ਹੈ ਕਿ ਆਪਣੇ ਵਤਨ ਭਾਰਤ ਵਿਚ ਪ੍ਰਵਾਸੀ ਭਾਰਤੀਆਂ ਦੀ ਕਦਰ ਕਿਉਂ ਨਹੀਂ| ਪਰਵਾਸੀ ਭਾਰਤੀਆਂ ਦੇ ਮਸਲੇ ਬਹੁਤ ਵੱਡੇ ਹਨ| ਇਹ ਮਸਲੇ ਜਿਥੇ ਉਹਨਾਂ ਦੀ ਜਾਇਦਾਦ ਨਾਲ ਜੁੜੇ ਹੋਏ ਹਨ, ਉਥੇ ਉਨ੍ਹਾਂ ਦੀ ਭਾਰਤ ਫੇਰੀ ਦੌਰਾਨ ਉਹਨਾਂ ਨਾਲ ਹੁੰਦੇ ਵਿਵਹਾਰ, ਉਨ੍ਹਾਂ ਦੇ ਜੀਵਨ ਦੀ ਸੁਰੱਖਿਆ, ਉਹਨਾਂ ਵੱਲੋਂ ਉਦਯੋਗ ਜਾਂ ਵਿਉਪਾਰ ਵਿੱਚ ਲਗਾਏ ਗਏ ਜਾਂ ਜਾਣ ਵਾਲੇ ਧੰਨ ਨਾਲ ਜੁੜੇ ਹੋਏ ਹਨ ਤੇ ਉਹਨਾਂ ਦੇ ਬੱਚਿਆਂ ਦੇ ਭਵਿੱਖ ਨਾਲ ਵੀ ਜਿਹੜੇ ਦੇਸ਼ ਦੀ ਭੈੜੀ ਸਿਆਸੀ, ਸਮਾਜਿਕ, ਆਰਥਿਕ ਸਥਿਤੀ ਕਾਰਨ ਦੇਸ਼ ਵੱਲ ਨੂੰ ਮੂੰਹ ਵੀ ਨਹੀਂ ਕਰਨਾ ਚਾਹੁੰਦੇ| ਪੰਜਾਬ ਵਿਚ ਉਨ੍ਹਾਂ ਦੀਆਂ ਜ਼ਮੀਨਾਂ ਉਪਰ ਕਬਜੇ ਕਿਉਂ ਹੋ ਰਹੇ ਹਨ? ਭ੍ਰਿਸ਼ਟ ਅਫਸਰਸ਼ਾਹੀ ਉਨ੍ਹਾਂ ਦੇ ਬਿਜਨਸ ਵਿਚ ਅੜਿਕਾ ਕਿਉਂ ਹੈ? ਪੁਲਿਸ ਉਨ੍ਹਾਂ ਵਿਰੁੱਧ ਝੂਠੇ ਕੇਸ ਦਰਜ ਕਿਉਂ ਕਰਦੀ ਹੈ? ਪਰਵਾਸੀ ਪੰਜਾਬੀਆਂ ਦੇ ਆਰਥਿਕ, ਸਮਾਜਿਕ, ਸਭਿਆਚਾਰਕ ਅਤੇ ਜਜ਼ਬਾਤੀ ਮਸਲਿਆਂ ਨੂੰ ਸਮਝਣ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਤੋੜ ਹਾਲੀ ਤੱਕ ਨਾ ਤਾਂ ਕਿਸੇ ਸਰਕਾਰ ਨੂੰ ਮਿਲ ਸਕਿਆ ਹੈ ਅਤੇ ਨਾ ਹੀ ਕਿਸੇ ਸਿਆਸੀ ਪਾਰਟੀ ਜਾਂ ਧਿਰ ਨੇ ਉਹਨਾ ਦੇ ਅੰਦਰੂਨੀ ਭਾਵਾਂ ਨੂੰ ਸਮਝਣ ਦਾ ਯਤਨ ਕੀਤਾ ਹੈ| ਸਰਕਾਰ ਨੂੰ ਚਾਹੀਦਾ ਹੈ ਕਿ ਪ੍ਰਵਾਸੀ ਭਾਰਤੀਆਂ ਦੇ ਮਸਲੇ ਹਲ ਕਰੇ|
ਪੰਜਾਬ ਅਤੇ ਉਨ੍ਹਾਂ ਦੇਸ਼ਾਂ ਵਿਚ ਜਿਥੇ ਪੰਜਾਬੀਆਂ ਦੀ ਜ਼ਿਆਦਾ ਵਸੋਂ ਹੈ ਉਥੇ ਉਹਨਾਂ ਦੇ ਮਸਲਿਆਂ, ਮੁਸ਼ਕਲਾਂ ਨੂੰ ਸਮਝਣ ਵਾਲੇ ਸਟੱਡੀ ਸੈਂਟਰਾਂ ਦੀ ਸਥਾਪਨਾ ਹੋਵੇ ਅਤੇ ਉਹਨਾਂ ਵਿੱਚ ਪੰਜਾਬ ਦੇ ਇਤਹਾਸਕ ਪਿਛੋਕੜ ਅਤੇ ਪ੍ਰਾਪਤੀਆਂ ਸਬੰਧੀ ਭਰਪੂਰ ਜਾਣਕਾਰੀ ਵੀ ਉਲੱਬਧ ਕੀਤੀ ਜਾਵੇ| ਕਿੰਨਾ ਚੰਗਾ ਹੋਵੇ ਜੇਕਰ ਪਰਵਾਸੀਆਂ ਲਈ ਹਵਾਈ ਅੱਡਿਆਂ ਉਤੇ ਸਰਕਾਰ ਸਵਾਗਤੀ ਕੇਂਦਰ ਸਥਾਪਤ ਕਰੇ ਤਾਂ ਕਿ ਪਰਵਾਸੀ ਘਰ ਪਰਤਣ ਤੇ ਅਪਣਤ ਅਤੇ ਮਾਣ ਮਹਿਸੂਸ ਕਰ ਸਕਣ|
-ਰਜਿੰਦਰ ਸਿੰਘ ਪੁਰੇਵਾਲ