ਗੁਰਦੁਆਰੇ ’ਚ ਗੈਸ ਲੀਕ ਹੋਣ ਕਾਰਨ ਅੱਗ ਲੱਗੀ, ਸੱਤ ਝੁਲਸੇ
 ਫ਼ਿਰੋਜ਼ਪੁਰ- ਇਥੇ ਪਿੰਡ ਬਜੀਦਪੁਰ &rsquoਚ ਸਥਿਤ ਇਤਿਹਾਸਕ ਗੁਰਦੁਆਰਾ ਜਾਮਨੀ ਸਾਹਿਬ ਦੀ ਰਸੋਈ ਵਿੱਚ ਅੱਜ ਦੁਪਹਿਰੇ ਗੈਸ ਲੀਕ ਹੋਣ ਕਾਰਨ ਅੱਗ ਲੱਗ ਗਈ। ਇਸ ਕਾਰਨ ਦੋ ਸੇਵਾਦਾਰ ਅਤੇ ਪੰਜ ਸਕੂਲੀ ਬੱਚੇ ਝੁਲਸ ਗਏ। ਜ਼ਖ਼ਮੀਆਂ ਨੂੰ ਤੁਰਤ ਸਿਵਲ ਹਸਪਤਾਲ ਲਿਜਾਇਆ ਗਿਆ ਜਿਥੋਂ ਉਨ੍ਹਾਂ ਨੂੰ ਮੁੱਢਲੇ ਇਲਾਜ ਮਗਰੋਂ ਫ਼ਰੀਦਕੋਟ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ। ਸੇਵਾਦਾਰ ਦਲਜੀਤ ਸਿੰਘ ਅਮਨਦੀਪ ਹਸਪਤਾਲ ਤੇ ਤਲਵਿੰਦਰ ਸਿੰਘ ਲੁਧਿਆਣਾ ਦੇ ਡੀਐੱਮਸੀ ਵਿੱਚ ਜ਼ੇਰੇ ਇਲਾਜ ਹਨ। ਤਲਵਿੰਦਰ ਸਿੰਘ ਦੀ ਹਾਲਤ ਗੰਭੀਰ ਬਣੀ ਹੋਈ ਹੈ। ਜ਼ਖ਼ਮੀ ਬੱਚਿਆਂ ਦੀ ਪਛਾਣ ਰਾਜ ਪਾਲ (18), ਰਾਮ ਭਗਵਾਨ (14), ਗੁਰਬਖ਼ਸ਼ (16), ਅਕਾਸ਼ਦੀਪ (18) ਅਤੇ ਜਗਸੀਰ (17) ਦੱਸੀ ਗਈ ਹੈ, ਜੋ ਫ਼ਰੀਦਕੋਟ ਮੈਡੀਕਲ ਕਾਲਜ &rsquoਚ ਦਾਖ਼ਲ ਹਨ। ਇਹ ਸਾਰੇ ਪਿੰਡ ਪਿਆਰੇਆਣਾ ਦੇ ਰਹਿਣ ਵਾਲੇ ਹਨ ਅਤੇ ਇੱਥੋਂ ਦੇ ਸਰਕਾਰੀ ਸਕੂਲ ਦੇ ਵਿਦਿਆਰਥੀ ਹਨ। ਘਟਨਾ ਵੇਲੇ ਇਹ ਲੜਕੇ ਗੁਰਦੁਆਰੇ &rsquoਚ ਸੇਵਾ ਕਰਨ ਆਏ ਸਨ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਐੱਸਐੱਸਪੀ ਸੌਮਿਆ ਮਿਸ਼ਰਾ ਤੇ ਹੋਰ ਅਧਿਕਾਰੀਆਂ ਨੇ ਮੌਕੇ &rsquoਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ। ਪ੍ਰਸ਼ਾਸਨ ਵੱਲੋਂ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।