image caption: -ਰਜਿੰਦਰ ਸਿੰਘ ਪੁਰੇਵਾਲ
ਸੁਖਬੀਰ ਸਿੰਘ ਬਾਦਲ ਦੇ ਮਾਫ਼ੀਨਾਮੇ ਬਾਰੇ ਸਿੰਘ ਸਾਹਿਬਾਨ ਪੰਥਕ ਭਾਵਨਾਵਾਂ ਅਨੁਸਾਰ ਫੈਸਲਾ ਲੈਣ
ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ 30 ਅਗਸਤ ਨੂੰ ਹੋਣੀ ਹੈ| ਇਸ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਮਾਫ਼ੀਨਾਮੇ ਅਤੇ ਕੁਝ ਅਤਿ ਜ਼ਰੂਰੀ ਪੰਥਕ ਕਾਰਜਾਂ ਸਬੰਧੀ ਵਿਚਾਰ-ਵਟਾਂਦਰਾ ਹੋਵੇਗਾ| ਬਹੁਗਿਣਤੀ ਪੰਥਕ ਧੜਿਆਂ ਦੀ ਰਾਇ ਹੈ ਕਿ ਅਕਾਲ ਤਖਤ ਸਾਹਿਬ ਇਸ ਬਾਰੇ ਪੰਥਕ ਇਛਾ ਗੁਰੂ ਸਿਧਾਂਤ ਅਨੁਸਾਰ ਫੈਸਲਾ ਕਰਨ| ਮਸਲਾ ਤਾਂ ਸਿਆਸਤ ਅਤੇ ਸਿਆਸੀ ਜਥੇਬੰਦਕ ਢਾਂਚੇ ਨੂੰ ਦਰੁਸਤ ਕਰਨ ਦਾ ਸੀ ਪਰ ਇਹ ਸਭ ਕੁਝ ਨੂੰ ਧਾਰਮਿਕ ਉਕਾਈਆਂ ਦੀ ਚਾਦਰ ਵਿੱਚ ਲਪੇਟਣ ਦੇ ਦਾਅ ਵਜੋਂ ਅਕਾਲੀ ਲੀਡਰਸ਼ਿਪ ਅਕਾਲ ਤਖਤ ਸਾਹਿਬ ਤੇ ਚਲੀ ਗਈ| ਇਸ ਮੌਕਾਪ੍ਰਸਤੀ ਵਾਲੇ ਕਦਮ ਨਾਲ ਪਿਛਲੀਆਂ ਖੁਨਾਮੀਆਂ ਦੇ ਕੱਚੇ ਚਿੱਠੇ ਫਿਰ ਤਾਜ਼ੇ ਹੋਣੇ ਸ਼ੁਰੂ ਹੋ ਗਏ ਹਨ| ਦੋਸ਼ੀ ਦੋਵੇਂ ਧਿਰਾਂ ਹਨ| ਦਿੱਤੀਆਂ ਜਾਣ ਵਾਲੀਆਂ ਸਫਾਈਆਂ ਦੀ ਚੀਰ ਫਾੜ ਵਿੱਚੋਂ ਸਿਖ ਪੰਥ ਇਨ੍ਹਾਂ ਦੇ ਦੰਭ ਨਿਤਾਰੇਗਾ ਅਤੇ ਹੋਰ ਸਵਾਲ ਖੜ੍ਹੇ ਹੋਣਗੇ| ਮਸਲਾ ਹੱਲ ਨਹੀਂ ਹੋਵੇਗਾ|
ਬਾਗੀ ਅਕਾਲੀ ਧੜਾ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨਗੀ ਤੋਂ ਲਾਹੁਣ ਲਈ ਅਕਾਲ ਤਖਤ &rsquoਤੇ ਸ਼ਿਕਾਇਤ ਲਗਾ ਚੁਕਾ ਹੈ ਅਤੇ ਸੁਖਬੀਰ ਬਾਦਲ ਆਪਣੇ ਧੜੇ ਨਾਲ ਅਕਾਲ ਤਖਤ ਸਾਹਿਬ ਪੇਸ਼ ਹੋਕੇ ਆਪਣਾ ਸਪਸ਼ਟੀਕਰਨ ਦੇ ਚੁਕਾ ਹੈ| ਦੋਹਾਂ ਧੜਿਆਂ ਦੀ ਲੀਡਰਸ਼ਿਪ ਹੀ ਚਤੁਰਾਈ ਨਾਲ ਅਕਾਲ ਤਖਤ ਦੀ ਵਰਤੋਂ ਨਾਲ ਨਾਤ੍ਹੇ ਧੋਤੇ ਬਣਨ ਦੀ ਕੋਸ਼ਿਸ਼ ਕਰ ਰਹੀ ਹੈ| ਸਿਖ ਪੰਥ ਦੀ ਨਜ਼ਰ ਵਿੱਚ ਅਕਾਲ ਤਖਤ &rsquoਤੇ ਭੁੱਲਾਂ ਬਖਸ਼ਾਉਣ ਲਈ ਜਾਣ ਵਾਲੇ ਇਨ੍ਹਾਂ ਦੋਨੋਂ ਧੜਿਆਂ ਦੀ ਖਸਲਤ, ਨਾਵਣ ਚਲੇ ਤੀਰਥੀ, ਮਨ ਖੋਟੇ ਤਨਿ ਚੋਰ| ਤੋਂ ਵੱਧ ਨਹੀਂ ਹੈ|
ਅਕਾਲੀ ਦਲ ਦੀ ਮੌਜੂਦਾ ਲੀਡਰਸ਼ਿੱਪ, ਜੋ ਸੱਤਾ ਜਾਣ ਕਾਰਨ ਨਿਰਾਸ਼ ਹੈ ਅਤੇ ਮੁੜ ਸੱਤਾ ਪਰਾਪਤੀ ਲਈ ਡਰਾਮੇ ਕਰ ਰਹੀ ਹੈ| ਇਸੇ ਕਰਕੇ ਅਕਾਲ ਤਖਤ ਨੂੰ ਮੁੜ ਆਪਣੇ ਸਿਆਸੀ ਝਮੇਲੇ ਦਾ ਅਖਾੜਾ ਬਣਾ ਲਿਆ ਹੈ| ਇਸ ਕਾਰਣ ਅਕਾਲ ਤਖਤ ਸਾਹਿਬ ਦਾ ਅਕਸ ਡੇਰੇ ਨੂੰ ਮੁਆਫ਼ੀ ਵਾਂਗ ਫਿਰ ਦਾਅ ਉਪਰ ਨਾ ਲੱਗੇ | ਸਿੰਘ ਸਾਹਿਬ ਵੱਲੋਂ ਧਾਰਮਿਕ ਸਜ਼ਾ ਤਾਂ ਲੱਗ ਜਾਏਗੀ ਪਰ ਸਿਆਸੀ ਅਤੇ ਕਾਨੂੰਨੀ ਉਕਾਈਆਂ ਦਾ ਸਿੰਘ ਸਾਹਿਬ ਕੀ ਕਰਨਗੇ ਜਿਸਦੇ ਅਕਾਲੀ ਧੜੇ ਜ਼ਿੰਮੇਵਾਰ ਹਨ? ਖਦਸ਼ਾ ਹੈ ਕਿ ਇਸ ਸਿਆਸੀ ਡਰਾਮੇ ਤੇ ਅਕਾਲੀ ਲੀਡਰਸ਼ਿਪ ਦੀਆਂ &lsquoਚਤੁਰਾਈਆਂ&rsquo ਕਾਰਨ ਅਕਾਲ ਤਖਤ ਦੀ ਸੰਸਥਾ ਨੂੰ ਵਿਵਾਦਾਂ ਵਿੱਚ ਨਾ ਪਾਇਆ ਜਾਵੇ . 
ਇਹ ਮਸਲਾ ਹਲ ਕਰਨਾ ਜਾਂ ਤਨਖਾਹ ਲਗਾਕੇ ਨਿਪਟਾਉਣਾ ਸੌਖਾ ਨਹੀਂ ਹੋਵੇਗਾ| ਇਸ ਸਬੰਧ ਵਿਚ ਚੋਣਵੀਆਂ ਪੰਥਕ ਸੰਸਥਾਵਾਂ ਤੇ ਬੁਧੀਜੀਵੀਆਂ ਦਾ 200-250 ਕਰੀਬ ਇਕਠ ਸਦਕੇ ਰਾਇ ਲੈਣੀ ਚਾਹੀਦੀ ਹੈ ਕਿ ਫੈਸਲਾ ਕਿਹੋ ਜਿਹਾ ਹੋਵੇ ਜੋ ਸਿਖ ਪੰਥ ਨੂੰ ਮਨਜੂਰ ਹੋਵੇ ਤੇ ਅਕਾਲ ਤਖਤ ਸਾਹਿਬ ਦਾ ਅਕਸ ਇਤਿਹਾਸ ਵਿਚ ਚਮਕਦਾ ਰਹੇ|
ਸਾਡੀ ਰਾਇ ਹੈ ਕਿ ਜੇ ਸਪਸ਼ਟੀਕਰਨ ਦੇਣ ਵਾਲਾ ਆਪਣੇ ਦੋਸ਼ ਸਪਸ਼ਟ ਤੌਰ ਉਪਰ ਮੰਨਦਾ ਹੈ ਤਾਂ ਮੁਆਫੀ ਲਈ ਅਗਲੀ ਕਾਰਵਾਈ ਕੀਤੀ ਜਾਏ, ਨਹੀਂ ਤਾਂ ਫੈਸਲਾ ਸਿਖ ਪੰਥ ਦੇ ਨੁਮਾਇੰਦਾ ਇਕਠ ਤੇ ਛੱਡ ਦਿੱਤਾ ਜਾਏ| ਹੁਣ ਰਵਾਇਤੀ ਅਕਾਲੀ ਦਲ ਅਤੇ ਅਕਾਲ ਤਖਤ ਦੀ ਆਜ਼ਾਦ ਹਸਤੀ ਦੀ ਮੁੜ ਬਹਾਲੀ ਦੀ ਲੋੜ ਹੈ| ਜੇ ਅਕਾਲ ਤਖਤ ਦਾ ਜਥੇਦਾਰ ਮਿਸਾਲੀ ਹੌਸਲੇ ਨਾਲ ਇਤਿਹਾਸਕ ਫੈਸਲਾ ਕਰਨ ਦੀ ਜੁਰਅਤ ਦਿਖਾਉਣ  ਤਾਂ ਅਜਿਹਾ ਸੰਭਵ ਹੈ| ਇਹ ਸਭ ਕੁਝ ਜਥੇਦਾਰ ਦੀ ਦੂਰਦਰਸ਼ਤਾ, ਹੌਸਲੇ, ਕੁਰਬਾਨੀ ਦੇ ਜਜ਼ਬੇ ਅਤੇ ਤਿਆਗ ਦੀ ਭਾਵਨਾ &rsquoਤੇ ਨਿਰਭਰ ਕਰਦਾ ਹੈ| ਇਸ ਨਾਲ ਹੀ ਸਿਖ ਪੰਥ ਨੂੰ ਨਵੀਂ ਲੀਡਰਸ਼ਿਪ ਤੇ ਅਗਵਾਈ ਮਿਲ ਸਕਦੀ ਹੈ|
  ਭਾਰਤ ਦੀਆਂ ਏਜੰਸੀਆਂ, ਭਾਰਤੀ ਜਨਤਾ ਪਾਰਟੀ, ਕਾਂਗਰਸ ਤੇ ਆਪ ਸਾਰੀਆਂ ਪਾਰਟੀਆਂ ਹੀ ਅਕਾਲੀ ਦਲ ਨੂੰ ਕਮਜ਼ੋਰ ਕਰਨਾ ਚਾਹੁੰਦੀਆਂ ਹਨ | ਸਾਨੂੰ ਅਕਾਲੀ ਦਲ ਨੂੰ ਸਹਿਯੋਗ ਦੇ ਕੇ ਚੰਗੇ ਅਕਸ ਵਾਲੇ ਪੰਥਕ ਆਗੂਆਂ ਨੂੰ ਅੱਗੇ ਲਿਆਉਣਾ ਚਾਹੀਦਾ ਹੈ | ਅਕਾਲੀ ਦਲ ਖੇਤਰੀ ਪਾਰਟੀ ਹੋਣ ਕਰਕੇ ਪੰਜਾਬੀਆਂ ਦੀਆਂ ਸਮੱਸਿਆਵਾਂ ਦਾ ਹੱਲ ਕਰ ਸਕਦੀ ਹੈ |
-ਰਜਿੰਦਰ ਸਿੰਘ ਪੁਰੇਵਾਲ