1.10 ਲੱਖ ਪ੍ਰਵਾਸੀਆਂ ਨੂੰ ਕੈਨੇਡਾ ਦੀ ਪੀ.ਆਰ. ਲਈ ਸੱਦਾ
ਟੋਰਾਂਟੋ : ਕੈਨੇਡਾ ਵੱਲੋਂ ਐਕਸਪ੍ਰੈਸ ਐਂਟਰੀ ਅਧੀਨ ਪੀ.ਆਰ. ਲਈ ਸੱਦੇ ਭੇਜਣ ਦੀ ਰਫ਼ਤਾਰ ਤੇਜ਼ ਹੋ ਚੁੱਕੀ ਹੈ ਅਤੇ 2022 ਦੇ ਮੁਕਾਬਲੇ 2023 ਵਿਚ ਢਾਈ ਗੁਣਾ ਵੱਧ ਉਮੀਦਵਾਰਾਂ ਨੂੰ ਪਰਮਾਨੈਂਟ ਰੈਜ਼ੀਡੈਂਸੀ ਲਈ ਅਰਜ਼ੀਆਂ ਦਾਖਲ ਕਰਨ ਸੱਦਾ ਦਿਤਾ ਗਿਆ। ਦੂਜੇ ਪਾਸੇ ਇੰਮੀਗ੍ਰੇਸ਼ਨ ਵਿਭਾਗ ਕੋਲ ਪੁੱਜੀਆਂ 4 ਲੱਖ 88 ਹਜ਼ਾਰ ਤੋਂ ਵੱਧ ਵੀਜ਼ਾ ਅਰਜ਼ੀਆਂ ਵਿਚੋਂ ਤਕਰੀਬਨ 1 ਲੱਖ 45 ਹਜ਼ਾਰ ਰੱਦ ਕਰ ਦਿਤੀਆਂ ਗਈਆਂ। ਐਕਸਪ੍ਰੈਸ ਐਂਟਰੀ ਅਧੀਨ 2022 ਵਿਚ 46,539 ਪੀ.ਆਰ. ਦੇ ਸੱਦੇ ਭੇਜੇ ਗਏ ਅਤੇ 2023 ਵਿਚ ਇਹ ਅੰਕੜਾ 136 ਫ਼ੀ ਸਦੀ ਵਧ ਗਿਆ ਅਤੇ 110,266 ਜਣਿਆਂ ਨੂੰ ਪਰਮਾਨੈਂਟ ਰੈਜ਼ੀਡੈਂਸੀ ਦਾ ਸੱਦਾ ਦਿਤਾ ਗਿਆ। ਸਭ ਤੋਂ ਜ਼ਿਆਦਾ ਸੱਦੇ ਕੈਨੇਡਾ ਵਿਚ ਮੌਜੂਦ ਪ੍ਰਵਾਸੀਆਂ ਨੂੰ ਹੀ ਮਿਲੇ ਜਿਨ੍ਹਾਂ ਦੀ ਗਿਣਤੀ 76,791 ਦਰਜ ਕੀਤੀ ਗਈ।
ਐਕਸਪ੍ਰੈਸ ਐਂਟਰੀ ਅਧੀਨ ਸੱਦੇ ਹਾਸਲ ਕਰਨ ਵਾਲਿਆਂ ਦੀ ਗਿਣਤੀ ਢਾਈ ਗੁਣਾ ਹੋਈ ਪੀ.ਆਰ. ਦੇ 40 ਹਜ਼ਾਰ ਸੱਦੇ ਕੈਨੇਡੀਅਨ ਐਕਸਪੀਰੀਐਂਸ ਪ੍ਰੋਗਰਾਮ ਅਧੀਨ ਜਾਰੀ ਕੀਤੇ ਗਏ ਜਦਕਿ 26,445 ਪ੍ਰੋਵਿਨਸ਼ੀਅਲ ਨੌਮਿਨੀ ਪ੍ਰੋਗਰਾਮ ਅਧੀਨ ਦਿਤੇ ਗਏ। ਇਸ ਤੋਂ ਇਲਾਵਾ 17,898 ਪੀ.ਆਰ. ਦੇ ਸੱਦੇ ਫੈਡਰਲ ਸਕਿਲਡ ਵਰਕਰ ਪ੍ਰੋਗਰਾਮ ਅਧੀਨ ਜਾਰੀ ਹੋਏ। ਕੌਂਪਰੀਹੈਂਸਿਕ ਰੈਂਕਿੰਗ ਸਿਸਟਮ ਦਾ ਸਕੋਰ 300 ਤੋਂ 550 ਦਰਮਿਆਨ ਰਿਹਾ ਅਤੇ 93 ਫੀ ਸਦੀ ਉਮੀਦਵਾਰ ਇਸ ਅਧੀਨ ਆਏ। ਔਸਤ ਸਕੋਰ 500 ਤੋਂ ਟੱਪਦਾ ਨਜ਼ਰ ਆਇਆ ਅਤੇ ਵੱਡੀ ਗਿਣਤੀ ਵਿਚ ਪੰਜਾਬੀ ਵਿਦਿਆਰਥੀਆਂ ਲੱਖ ਯਤਨਾਂ ਦੇ ਬਾਵਜੂਦ ਪੀ.ਆਰ. ਦਾ ਸੱਦਾ ਨਹੀਂ ਮਿਲ ਸਕਿਆ। ਕੰਪਿਊਟਰ, ਟੈਕ ਸੈਕਟਰ ਅਤੇ ਫਾਇਨਾਂਸ ਸੈਕਟਰ ਵਿਚ ਸਭ ਤੋਂ ਵੱਧ ਪੀ.ਆਰ. ਦੇ ਸੱਦੇ ਗਏ ਜਦਕਿ ਪੁਰਸ਼ਾਂ ਅਤੇ ਔਰਤਾਂ ਦੀ ਤੁਲਨਾ ਕੀਤੀ ਜਾਵੇ ਤਾਂ ਪੀ.ਆਰ. ਦੇ ਸੱਦਾ ਹਾਸਲ ਕਰਨ ਵਾਲਿਆਂ ਵਿਚੋਂ 57 ਫੀ ਸਦੀ ਪੁਰਸ਼ ਅਤੇ 43 ਫੀ ਸਦੀ ਔਰਤਾਂ ਸ਼ਾਮਲ ਸਨ।