image caption: -ਰਜਿੰਦਰ ਸਿੰਘ ਪੁਰੇਵਾਲ

ਕੀ ਆਪ ਸਰਕਾਰ ਸ਼੍ਰੋਮਣੀ ਕਮੇਟੀ ਉਪਰ ਕਬਜਾ ਕਰਨਾ ਚਾਹੂੰਦੀ ਏ?

ਬੀਤੇ ਦਿਨੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜਨਰਲ ਚੋਣਾਂ ਲਈ ਬਣ ਰਹੀਆਂ ਵੋਟਾਂ ਵਿਚ ਯੋਗ ਸਿੱਖ ਵੋਟਰਾਂ ਦੀ ਰਜਿਸਟ੍ਰੇਸ਼ਨ ਯਕੀਨੀ ਬਣਾਉਣ ਅਤੇ ਇਸ ਕਾਰਜ ਨੂੰ ਪਾਰਦਰਸ਼ੀ ਤਰੀਕੇ ਨਾਲ ਕਰਨ ਦੀ ਮੰਗ ਲੈ ਕੇ ਸ਼੍ਰੋਮਣੀ ਕਮੇਟੀ ਦਾ ਇਕ ਵਫਦ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਹੇਠ ਮੁੱਖ ਕਮਿਸ਼ਨਰ ਗੁਰਦੁਆਰਾ ਚੋਣਾਂ ਜਸਟਿਸ ਐੱਸ ਐੱਸ ਸਾਰੋਂ ਨੂੰ ਮਿਲਿਆ| ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਜਸਟਿਸ ਐਸ ਐਸ ਸਾਰੋਂ ਨੂੰ ਪੱਤਰ ਸੌਂਪ ਕੇ ਸਰਕਾਰੀ ਅਧਿਕਾਰੀਆਂ ਵੱਲੋਂ ਵੋਟਾਂ ਬਣਾਉਣ ਸਮੇਂ ਨਿਯਮਾ ਦੀ ਅਣਦੇਖੀ ਕਰਦਿਆਂ ਬਿਨਾਂ ਤਸਦੀਕ ਕੀਤੇ ਗਲਤ ਵੋਟਾਂ ਬਣਾਉਣ ਦੇ ਮਾਮਲੇ ਨੂੰ ਸੰਜ਼ੀਦਗੀ ਨਾਲ ਲੈਣ ਲਈ ਕਿਹਾ ਅਤੇ ਦੋਸ਼ੀਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ|
ਐਡਵੋਕੇਟ ਧਾਮੀ ਨੇ ਕਿਹਾ ਕਿ ਪੰਜਾਬ ਦੇ ਵੱਖ-ਵੱਖ ਹਲਕਿਆਂ ਤੋਂ ਸੰਗਤਾਂ ਦੀਆਂ ਸ਼ਿਕਾਇਤਾਂ ਆ ਰਹੀਆਂ ਹਨ ਕਿ ਸਰਕਾਰੀ ਅਧਿਕਾਰੀ ਗੁਰਦੁਆਰਾ ਚੋਣਾਂ ਲਈ ਰਜਿਸਟ੍ਰੇਸ਼ਨ ਵਾਸਤੇ ਨਿਰਧਾਰਤ ਨਿਯਮਾਂ ਦੀ ਅਣਦੇਖੀ ਕਰ ਰਹੇ ਹਨ| ਵੋਟਾਂ ਬਣਾਉਣ ਵਾਲੇ ਸਰਕਾਰੀ ਕਰਮਚਾਰੀ ਲੋਕ ਸਭਾ ਅਤੇ ਵਿਧਾਨ ਸਭਾ ਦੀਆਂ ਵੋਟਰ ਸੂਚੀਆਂ ਵਿੱਚੋਂ ਨਾਮ ਚੁੱਕ ਕੇ ਨਿਯਮਾਂ ਨੂੰ ਅਣਦੇਖਿਆਂ ਕਰਦਿਆਂ ਵੋਟਾਂ ਬਣਾ ਰਹੇ ਹਨ, ਜਿਸ ਨਾਲ ਸਾਬਤ ਸੂਰਤ ਸਿੱਖ ਵਾਲੀ ਸ਼ਰਤ ਦੀ ਉਲੰਘਣਾ ਹੋਣ ਦਾ ਖ਼ਦਸ਼ਾ ਹੈ| ਉਨ੍ਹਾਂ ਮੰਗ ਕੀਤੀ ਕਿ ਮੁੱਖ ਕਮਿਸ਼ਨਰ ਗੁਰਦੁਆਰਾ ਚੋਣਾ ਵੱਲੋਂ ਇਸ ਮਾਮਲੇ ਵਿੱਚ ਤੁਰੰਤ ਸਖ਼ਤ ਆਦੇਸ਼ ਜਾਰੀ ਕੀਤੇ ਜਾਣ ਤਾਂ ਜੋ ਇਹ ਯਕੀਨੀ ਬਣ ਸਕੇ ਕਿ ਕਿਸੇ ਵੀ ਗੈਰ ਸਿੱਖ ਅਤੇ ਪਤਿਤ ਦੀ ਵੋਟ ਨਾ ਬਣੇ| ਉਨ੍ਹਾਂ ਕਿਹਾ ਕਿ ਸਿੱਖ ਸੰਸਥਾ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਲਈ ਮੈਂਬਰ ਚੁਨਣ ਵਾਸਤੇ ਨਿਯਮਾਂ ਅਨੁਸਾਰ ਵੋਟਰ ਰਜਿਸਟ੍ਰੇਸ਼ਨ ਯਕੀਨੀ ਬਣਾਉਣਾ ਗੁਰਦੁਆਰਾ ਚੋਣ ਕਮਿਸ਼ਨ ਦਾ ਮੁੱਢਲਾ ਫ਼ਰਜ਼ ਹੈ ਅਤੇ ਸੰਗਤ ਦੇ ਇਤਰਾਜ਼ਾਂ ਤੇ ਖ਼ਦਸ਼ਿਆਂ ਵੱਲ ਕਮਿਸ਼ਨ ਉਚੇਚੇ ਤੌਰ ਤੇ ਧਿਆਨ ਦੇਵੇ| ਕਮਿਸ਼ਨਰ ਨੂੰ ਸ਼ੌਪੇ ਪੱਤਰ ਰਾਹੀਂ ਇਹ ਵੀ ਮੰਗ ਕੀਤੀ ਗਈ ਕਿ ਸਿੱਖ ਤੇ ਸਾਬਤ ਸੂਰਤ ਵੋਟਰਾਂ ਤੱਕ ਪਹੁੰਚ ਨੂੰ ਯਕੀਨੀ ਕਰਨ ਲਈ ਆਦੇਸ਼ ਦਿੱਤੇ ਜਾਣ ਅਤੇ ਹਰ ਵੋਟਰ ਦੀ ਪਛਾਣ ਤਸਦੀਕ ਕਰਨ ਦੇ ਨਾਲ-ਨਾਲ ਉਸ ਦੀ ਤਾਜ਼ਾ ਫੋਟੋ ਫਾਰਮ ਨਾਲ ਲੈ ਕੇ ਹੀ ਵੋਟਾਂ ਬਣਾਈਆਂ ਜਾਣ| 
ਸ਼੍ਰੋਮਣੀ ਕਮੇਟੀ ਦੇ ਬਿਆਨਾਂ ਤੋਂ ਸਪੱਸ਼ਟ ਹੈ ਕਿ ਆਪ ਸਰਕਾਰ ਸ੍ਰੋਮਣੀ ਕਮੇਟੀ ਉਪਰ ਕਬਜਾ ਕਰਨ ਲਈ ਇਸ ਵਿਚ ਦਖਲ ਅੰਦਾਜੀ ਕਰ ਰਹੀ ਹੈ| ਅਜਿਹਾ ਕਾਂਗਰਸ ਦੇ ਰਾਜ ਦੌਰਾਨ ਵੀ ਹੋ ਚੁਕਿਆ ਹੈ| ਪਰ ਅਕਾਲੀ ਦਲ ਦੀ ਮਜਬੂਤੀ ਕਾਰਣ ਅਜਿਹਾ ਸੰਭਵ ਨਹੀਂ ਹੋ ਸਕਿਆ| ਸਿਖ ਪੰਥ ਦਾ ਵਿਸ਼ਵਾਸ ਹਮੇਸ਼ਾ ਆਪਣੀ ਪੰਥਕ ਜਮਾਤ ਅਕਾਲੀ ਦਲ ਉਪਰ ਰਿਹਾ ਹੈ| ਇਸ ਕਾਰਣ ਅਕਾਲ ਤਖਤ ਸਾਹਿਬ ਤੇ ਸ੍ਰੋਮਣੀ ਕਮੇਟੀ ਸੁਰਖਿਅਤ ਰਹੇ ਹਨ| ਪਰ ਹੁਣ ਅਕਾਲੀ ਦਲ ਕਮਜੋਰ ਹੋ ਚੁਕਾ ਹੈ| ਸਿਖ ਪੰਥ ਵੀ ਅਜੋਕੀ ਲੀਡਰਸ਼ਿਪ ਤੋਂ ਨਿਰਾਸ਼ ਹੈ|
ਲੋੜ ਤਾਂ ਅਕਾਲੀ ਦਲ ਨੂੰ ਮਜਬੂਤ ਕਰਨ ਦੀ ਹੈ| ਜੇ ਸ੍ਰੋਮਣੀ ਕਮੇਟੀ ਉਪਰ ਆਪ ਸਰਕਾਰ ਜਾਂ ਸੰਘ ਪਰਿਵਾਰ ਦਾ ਕਬਜਾ ਹੋ ਗਿਆ ਤਾਂ ਅਕਾਲ ਤਖਤ ਸਾਹਿਬ ਤੇ ਸ੍ਰੋਮਣੀ ਕਮੇਟੀ ਵੀ ਪੰਥਕ ਅਸੂਲਾਂ ਤੋਂ ਦੂਰ ਹੋ ਜਾਵੇਗੀ| ਸਿਖ ਇਤਿਹਾਸਕ ਰਵਾਇਤਾਂ, ਸਭਿਆਚਾਰ ਸਭ ਬਦਲ ਦਿਤਾ ਜਾਵੇਗਾ| ਪੰਥ ਵਿਰੋਧੀ ਪਰੰਪਰਾਵਾਂ ਸਿਰਜੀਆਂ ਜਾਣਗੀਆਂ| ਇਸ ਲਈ ਅਕਾਲੀ ਦਲ ਨੂੰ ਮਜਬੂਤ ਕਰਨ ਲਈ ਪੰਥਕ ਫੇਸ ਵਾਲੀ ਸਿਧਾਂਤਕ ਲੀਡਰਸ਼ਿਪ ਦੀ ਲੋੜ ਹੈ ਜੋ ਸਿਖ ਪੰਥ ਤੇ ਪੰਜਾਬ ਦੇ ਅਧਿਕਾਰਾਂ ਦੀ ਰਖਿਆ ਕਰ ਸਕੇ| ਸੋ ਸਿਖ ਪੰਥ ਨੂੰ ਆਪਣੇ ਇਤਿਹਾਸਕ ਫਰਜਾਂ ਨੂੰ ਨਿਭਾਉਣ ਦੀ ਲੋੜ ਹੈ|
ਅਕਾਲੀ ਦਲ ਨੂੰ ਰਦ ਕਰਨ ਦੀ ਨਹੀਂ, ਦਾਗੀ ਲੀਡਰਸ਼ਿਪ ਬਦਲਣ ਦੀ ਲੋੜ ਹੈ| ਅਕਾਲੀ ਦਲ ਦੀ ਫੁਟ, ਲੀਡਰਸ਼ਿਪ ਦੀ ਘਾਟ  ਸਿਖ ਪੰਥ ਦਾ ਵਡਾ ਨੁਕਸਾਨ ਕਰੇਗੀ| ਇਸ ਬਾਰੇ ਸੁਚੇਤ ਹੋਣ ਦੀ ਲੋੜ ਹੈ| ਖਾਸ ਕਰਕੇ ਇਹ ਜਿੰਮੇਵਾਰੀ ਪ੍ਰਵਾਸੀ ਸਿਖ ਲੀਡਰਸ਼ਿਪ ਦੀ ਵੀ ਹੈ ਜੋ ਅਕਾਲੀ ਦਲ ਨੂੰ ਬਚਾਉਣ ਲਈ ਆਪਣੀ ਇਤਿਹਾਸਕ ਭੂਮਿਕਾ ਨਿਭਾਵੇ|
ਕੀ ਅਕਾਲੀ ਦਲ ਦਾ ਸੰਕਟ ਪੰਜ ਜਥੇਦਾਰਾਂ ਹੱਲ ਕਰ ਸਕਣਗੇ
ਸ਼੍ਰੋਮਣੀ ਅਕਾਲੀ ਦਲ ਦੇ ਅੰਦਰੂਨੀ ਸੰਕਟ ਦਾ ਮਾਮਲਾ ਅਕਾਲ ਤਖ਼ਤ ਸਾਹਿਬ ਦੇ ਵਿਚਾਰ ਅਧੀਨ ਹੈ| ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ 30 ਅਗਸਤ ਨੂੰ ਸੱਦੀ ਹੈ, ਜਿਸ ਵਿੱਚ ਪੰਥਕ ਮਾਮਲਿਆਂ &rsquoਤੇ ਵਿਚਾਰ ਚਰਚਾ ਹੋਵੇਗੀ| ਇਨ੍ਹਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸੰਕਟ ਨਾਲ ਜੁੜਿਆ ਮਾਮਲਾ ਪ੍ਰਮੁੱਖ ਹੈ| ਇਸ ਮਸਲੇ ਦੇ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਮੇਤ ਪੰਜ ਸਿੰਘ ਸਾਹਿਬਾਨ ਦੀ ਸਾਖ਼ ਵੀ ਦਾਅ &rsquoਤੇ ਲੱਗੀ ਹੋਈ ਹੈ| ਸਿਖ ਪੰਥ ਨੂੰ ਸਿੰਘ ਸਾਹਿਬਾਨ ਦੇ ਫੈਸਲੇ ਦੀ ਉਡੀਕ ਹੈ|
ਸ਼੍ਰੋਮਣੀ ਅਕਾਲੀ ਦਲ ਦੇ ਨਾਰਾਜ਼ ਹੋਏ ਆਗੂਆਂ ਦੇ ਧੜੇ ਵੱਲੋਂ ਪਹਿਲੀ ਜੁਲਾਈ ਨੂੰ ਅਕਾਲ ਤਖ਼ਤ ਵਿਖੇ ਇੱਕ ਪੱਤਰ ਸੌਂਪ ਕੇ ਇੰਕਸ਼ਾਫ ਕੀਤਾ ਗਿਆ ਸੀ ਕਿ ਅਕਾਲੀ ਦਲ ਦੀ ਸਰਕਾਰ ਵੇਲੇ ਕਈ ਵੱਡੀਆਂ ਗੁਨਾਹ ਹੋਏ ਸਨ ਜਿਨ੍ਹਾਂ ਲਈ ਉਹ ਖਿਮਾ ਯਾਚਨਾ ਕਰਨਾ ਚਾਹੁੰਦੇ ਹਨ|  ਇਨ੍ਹਾਂ ਗ਼ਲਤੀਆਂ ਵਾਸਤੇ ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਵਡੇ ਬਾਦਲ, ਗਿਆਨੀ ਗੁਰਬਚਨ ਸਿੰਘ ਨੂੰ ਜ਼ਿੰਮੇਵਾਰ ਠਹਿਰਾਇਆ ਸੀ| ਇਸ ਮਾਮਲੇ ਵਿੱਚ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਵੱਲੋਂ 15 ਜੁਲਾਈ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਲੱਗੇ ਦੋਸ਼ਾਂ ਸਬੰਧੀ 15 ਦਿਨਾਂ ਦੇ ਅੰਦਰ ਸ੍ਰੀ ਅਕਾਲ ਤਖ਼ਤ ਤੇ ਹਾਜ਼ਰ ਹੋ ਕੇ ਆਪਣਾ ਸਪਸ਼ਟੀਕਰਨ ਦੇਣ ਦੇ ਆਦੇਸ਼ ਦਿੱਤੇ ਸਨ| ਸੁਖਬੀਰ ਸਿੰਘ ਬਾਦਲ ਵੱਲੋਂ ਨਿਰਧਾਰਤ ਸਮੇਂ ਵਿੱਚ ਆਪਣਾ ਸਪਸ਼ਟੀਕਰਨ ਅਕਾਲ ਤਖ਼ਤ ਵਿਖੇ ਸੌਂਪ ਦਿੱਤਾ ਗਿਆ ਸੀ, ਜਿਸ ਨੂੰ ਬੀਤੇ ਦਿਨ ਜਨਤਕ ਕੀਤਾ ਗਿਆ| ਇਹ ਸਪਸ਼ਟੀਕਰਨ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵੱਲੋਂ ਅਕਾਲੀ ਸਰਕਾਰ ਦੇ ਸਮੇਂ ਪਾਰਟੀ ਜਾਂ ਸਰਕਾਰ ਕੋਲੋਂ ਜਾਣੇ ਅਣਜਾਣੇ ਵਿੱਚ ਹੋਈਆਂ ਸਾਰੀਆਂ ਗ਼ਲਤੀਆਂ ਅਤੇ ਭੁੱਲਾਂ ਨੂੰ ਆਪਣੀ ਝੋਲੀ ਵਿੱਚ ਪਾਉਂਦਿਆਂ ਇਨ੍ਹਾਂ ਦੀ ਖਿਮਾ ਯਾਚਨਾ ਕੀਤੀ ਗਈ ਹੈ| ਪਰ ਕਿਹੜੀਆਂ ਭੁਲਾਂ ਹੋਈਆਂ, ਕਿਹੜੇ ਗੁਨਾਹ ਹੋਏ, ਉਸ ਬਾਰੇ ਕੋਈ ਵੇਰਵਾ ਤੇ ਸਪਸ਼ਟੀਕਰਨ ਨਹੀਂ ਦਿਤਾ ਗਿਆ|
ਅਕਾਲੀ ਦਲ ਹਮੇਸ਼ਾ ਅਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਕਰਦਾ ਹੈ ਜਿਸ ਵਿੱਚ ਸੂਬਿਆਂ ਨੂੰ ਵੱਧ ਅਧਿਕਾਰ ਦੇਣ, ਸੰਘੀ ਢਾਂਚਾ ਬਣੇ ਰਹਿਣ ਸਮੇਤ ਕਈ ਮੰਗਾਂ ਸਨ| ਪਰ ਬੀਤੇ ਸਮੇਂ ਅਕਾਲੀ ਦਲ ਨੇ ਜੰਮੂ ਕਸ਼ਮੀਰ ਵਿੱਚੋਂ ਧਾਰਾ 370 ਖਤਮ ਕਰਨ ਤੇ ਵੀ ਸਹਿਯੋਗ ਕਰ ਦਿੱਤਾ, ਤਿੰਨ ਖੇਤੀ ਕਾਨੂੰਨਾਂ ਦਾ ਵੀ ਸਹਿਯੋਗ ਕੀਤਾ| ਯਾਨੀ ਕਿ ਪਿਛਲੇ 10-20 ਸਾਲਾਂ ਵਿੱਚ ਹਰ ਕੇਂਦਰੀ ਕਦਮ ਦਾ ਇਹ ਸਹਿਯੋਗ ਕਰ ਰਹੇ ਹਨ, ਜਿਸ ਕਰਕੇ ਖੇਤਰੀ ਪਾਰਟੀ ਵਜੋਂ ਇਨ੍ਹਾਂ ਇਨ੍ਹਾਂ ਦੇ ਵਜੂਦ ਨੂੰ ਠਾਅ ਲੱਗੀ ਹੈ|
  ਪੰਥਕ ਵੋਟ ਬੈਂਕ ਗਵਾਉਣ ਕਰਕੇ ਸ਼੍ਰੋਮਣੀ ਅਕਾਲੀ ਦਲ ਲਗਾਤਾਰ ਚਾਰ ਚੋਣਾਂ ਹਾਰਿਆ| ਇਸ ਵਾਰ ਦੀਆਂ ਚੋਣਾਂ ਵਿੱਚ ਹੋਈ ਹਾਰ ਤੇ ਮਾੜੇ ਪਰਦਰਸ਼ਨ ਕਰਕੇ ਪੈਦਾ ਹੋਈ ਨਿਰਾਸ਼ਾ ਦੇ ਆਲਮ ਨੇ ਆਪਸੀ ਗੁੱਟਬੰਦੀ ਨੂੰ ਜਨਮ ਦਿੱਤਾ| ਸਿਖ ਵਿਦਵਾਨਾਂ ਦਾ ਮੰਨਣਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਕੋਈ ਆਮ ਖੇਤਰੀ ਪਾਰਟੀ ਨਹੀਂ ਹੈ|  ਅੱਜ ਵੀ ਮਜ਼ਬੂਤ ਅਕਾਲੀ ਦਲ ਸ੍ਰੀ ਅਕਾਲ ਤਖਤ ਅਤੇ ਪੰਥ ਦੀ ਨੁਮਾਇੰਦਗੀ ਕਰਨ ਵਾਲੀ ਸਿਆਸੀ ਪਾਰਟੀ ਹੈ|
ਇਹ ਮਾਮਲਾ ਅਤਿ ਗੰਭੀਰ ਹੈ, ਜੋ ਸ਼੍ਰੋਮਣੀ ਅਕਾਲੀ ਦਲ ਦੇ ਦਾਗ਼ੀ ਤੇ ਬਾਗ਼ੀ ਧੜੇ ਨਾਲ ਜੁੜਿਆ ਹੋਇਆ ਹੈ| ਦੋਵੇਂ ਹੀ ਧੜੇ ਕਸੂਰਵਾਰ ਹਨ| ਜਦੋਂ ਮਾਮਲਾ ਅਕਾਲ ਤਖ਼ਤ ਕੋਲ ਹੈ ਤਾਂ ਹੁਣ ਇਨ੍ਹਾਂ ਖਿਲਾਫ਼ ਦੋਸ਼ ਤੈਅ ਹੋਣੇ ਚਾਹੀਦੇ ਹਨ| ਜਦੋਂ ਉਹ ਦੋਸ਼ ਸਵੀਕਾਰ ਲੈਂਦੇ ਹਨ ਤਾਂ ਦੋਸ਼ਾਂ ਦੀ ਗੰਭੀਰਤਾ ਦੇ ਮੁਤਾਬਕ ਹੀ ਕਾਰਵਾਈ ਹੋਣੀ ਚਾਹੀਦੀ ਹੈ ਤੇ ਅਕਾਲੀ ਦਲ ਦੀ ਪੁਨਰ ਸਿਰਜਣਾ ਲਈ ਜਥੇਦਾਰਾਂ ਨੂੰ ਸਮੁਚੀਆਂ ਪੰਥਕ ਜਥੇਬੰਦੀਆਂ ਦੀ ਮੀਟਿੰਗ ਬੁਲਾਕੇ ਫੈਸਲਾ ਲੈਣਾ ਚਾਹੀਦਾ ਹੈ| ਦੋਸ਼ੀ ਲੀਡਰਸ਼ਿਪ ਨੂੰ ਵੀ ਅਕਾਲੀ ਦਲ ਨੂੰ ਬਚਾਉਣ ਲਈ ਸਹਿਯੋਗ ਕਰਨਾ ਚਾਹੀਦਾ ਹੈ| ਪੰਜ ਸਿੰਘ ਸਾਹਿਬਾਨ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਹੋਂਦ ਬਚਾਉਣ ਵਰਗਾ ਅਜਿਹਾ ਮਾਮਲਾ ਵਿਚਾਰਦਿਆਂ ਪੰਥ ਦੇ ਵਡੇਰੇ ਹਿਤਾਂ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ|  ਲੀਡਰਸ਼ਿਪ ਵਿੱਚ ਤਬਦੀਲੀ ਦੇ ਨਾਲ ਪਾਰਟੀ ਕੋਈ ਖੇਤਰੀ ਸਿਆਸੀ ਪ੍ਰੋਗਰਾਮ ਦੇਵੇ, ਪਹਿਲਾਂ ਦੇ ਕੇਂਦਰਵਾਦੀ ਪ੍ਰੋਗਰਾਮ ਨੂੰ ਤਿਆਗਣ, ਫਿਰ ਕਿਤੇ ਜਾ ਕੇ ਇਹ ਪਾਰਟੀ ਖੜ੍ਹੀ ਹੋ ਸਕਦੀ ਹੈ|
-ਰਜਿੰਦਰ ਸਿੰਘ ਪੁਰੇਵਾਲ