image caption: ਭਗਵਾਨ ਸਿੰਘ ਜੌਹਲ

18 ਅਗਸਤ ਬਰਸੀ ਤੇ ਵਿਸ਼ੇਸ਼ ਖੋਜੀ ਇਤਿਹਾਸਕਾਰ - ਪ੍ਰਿੰਸੀਪਲ ਸਤਿਬੀਰ ਸਿੰਘ ਨੂੰ ਯਾਦ ਕਰਦਿਆਂ

ਬੀਤੀ ਸਦੀ ਦੇ ਦੂਜੇ ਅੱਧ ਵਿੱਚ ਸਿੱਖ ਵਿਦਵਾਨ ਅਤੇ ਸਿੱਖ ਇਤਿਹਾਸ ਦੀ ਰਚਨਾ ਲਈ ਇਕ ਖੋਜੀ ਵਿਦਵਾਨ ਵਜੋਂ ਆਪਣੀ ਪਛਾਣ ਬਨਾਉਣ ਲਈ ਜਾਣੇ ਜਾਂਦੇ ਪ੍ਰਿੰਸੀਪਲ ਸਤਿਬੀਰ ਸਿੰਘ ਨੇ ਗੁਰਮਤਿ ਸਾਹਿਤ ਦੇ ਖੇਤਰ ਵਿੱਚ ਜਿਹੜਾ ਮਾਣ-ਮੱਤਾ ਕਾਰਜ ਕੀਤਾ, ਉਸ ਨੂੰ ਕਦਾਚਿੱਤ ਵੀ ਭੁਲਾਇਆ ਨਹੀਂ ਜਾ ਸਕਦਾ । ਧਰਮ ਦੇ ਖੇਤਰ ਵਿੱਚ ਇਕ ਸ਼ਰਧਾਲੂ ਸਿੱਖ ਵਜੋਂ ਪ੍ਰਿੰਸੀਪਲ ਸਤਿਬੀਰ ਸਿੰਘ ਦੀ ਇਤਿਹਸਕ ਖੋਜ ਲਈ ਜਿਹੜੀ ਮਾਣ-ਵੱਡਿਆਈ ਮਿਲੀ, ਇਹ ਗੁਣ ਅਜੋਕੇ ਇਤਿਹਾਸਕਾਰਾਂ ਵਿੱਚੋਂ ਕਿਸੇ ਵਿਰਲੇ ਕੋਲ ਹੀ ਹੋਵੇਗਾ । ਅਸਲ ਵਿੱਚ ਉਨ੍ਹਾਂ ਇਕ ਸ਼ਰਧਾਵਾਨ ਸਿੱਖ ਵਜੋਂ ਸਿੱਖ ਇਤਿਹਾਸ ਨੂੰ ਵਾਚਿਆ, ਜਦੋਂ ਉਨ੍ਹਾਂ ਇਤਿਹਾਸ ਨੂੰ ਲਿਖਣ ਲਈ ਕਲਮ ਚੁੱਕੀ ਤਾਂ ਉਨ੍ਹਾਂ ਦੀ ਲੇਖਣੀ ਵਿੱਚੋਂ ਵੀ ਇਸ ਗੁਣ ਦੀ ਪ੍ਰਤੱਖ ਝਲਕ ਨਜ਼ਰ ਆਉਂਦੀ ਹੈ । ਸ਼ਾਇਦ ਇਸੇ ਕਰਕੇ ਪੰਥ ਰਤਨ ਸਚਖੰਡਵਾਸੀ ਜਥੇਦਾਰ ਗੁਰਚਰਨ ਸਿੰਘ ਟੌਹੜਾ ਪ੍ਰਿੰਸੀਪਲ ਸਾਹਿਬ ਨੂੰ ਅਥਾਹ ਪਿਆਰ ਕਰਦੇ ਸਨ । ਜਦੋਂ ਪ੍ਰਿੰਸੀਪਲ ਸਾਹਿਬ ਨੇ ਵੱਖ-ਵੱਖ ਸਿਰਲੇਖਾਂ ਅਧੀਨ ਦੱਸ ਪੁਸਤਕਾਂ, ਦੱਸ ਗੁਰੂ ਸਾਹਿਬਾਨਾਂ ਦੀ ਜੀਵਨ ਯਾਤਰਾ ਸਬੰਧੀ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਹਰਿ ਕੀ ਪੌੜੀ ਤੋਂ ਸਿੱਖ ਜਗਤ ਲਈ ਜਾਰੀ ਕੀਤੀਆਂ ਤਾਂ ਉਨ੍ਹਾਂ ਦੇ ਇਸ ਵਿਲੱਖਣ ਕਾਰਜ ਦੀ ਹਰ ਵਿਚਾਰਵਾਨ ਸਿੱਖ ਨੇ ਭਰਪੂਰ ਪ੍ਰਸ਼ੰਸਾ ਕੀਤੀ ।
ਇਸ ਆਧੁਨਿਕ ਸਿੱਖ ਵਿਦਵਾਨ ਅਤੇ ਇਤਿਹਾਸਕਾਰ ਦਾ ਜਨਮ ਪਹਿਲੀ ਮਾਰਚ, 1932 ਈ: ਨੂੰ ਭਾਈ ਹਰਨਾਮ ਸਿੰਘ ਦੇ ਘਰ ਬੀਬੀ ਰਣਜੀਤ ਕੌਰ ਦੀ ਕੁੱਖ ਤੋਂ ਜ਼ਿਲ੍ਹਾ ਜਿਹਲਮ (ਪੱਛਮੀ ਪੰਜਾਬ) ਪਾਕਿਸਤਾਨ ਵਿਖੇ ਹੋਇਆ । ਦੇਸ਼ ਦੇ ਬਟਵਾਰੇ ਤੋਂ ਪਿੱਛੋਂ ਉਨ੍ਹਾਂ ਦਾ ਪਰਿਵਾਰ ਕਾਨਪੁਰ (ਉੱਤਰ ਪ੍ਰਦੇਸ਼) ਵਿੱਚ ਆ ਵਸਿਆ । ਉਨ੍ਹਾਂ ਪੰਜਾਬੀ ਯੂਨੀਵਰਸਿਟੀ ਤੋਂ ਐੱਮ।ਏ। (ਹਿਸਟਰੀ) ਕਰਕੇ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਵਿਖੇ ਬਤੌਰ ਲੈਕਚਰਾਰ ਨਿਯੁਕਤੀ ਪ੍ਰਾਪਤ ਕੀਤੀ । ਉਨ੍ਹਾਂ ਦੀ ਰੁਚੀ ਗੁਰਮਤਿ ਸਾਹਿਤ ਅਤੇ ਸਿੱਖ ਇਤਿਹਾਸ ਦੀ ਪੇਸ਼ਕਾਰੀ ਨੂੰ ਨਿਵੇਕਲੇ ਪ੍ਰੀਖੇਪ ਕਰਨ ਵਿੱਚ ਸੀ । ਇਨ੍ਹਾਂ ਦੋਵਾਂ ਵਿਸ਼ਿਆਂ ਵਿੱਚ ਉਨ੍ਹਾਂ ਡੂੰਘਾ ਅਧਿਐਨ ਕੀਤਾ । ਸਭ ਤੋਂ ਪਹਿਲਾਂ 1957 ਈ: ਵਿੱਚ ਉਨ੍ਹਾਂ ਸਾਡਾ ਇਤਿਹਾਸ ਪਹਿਲਾ ਭਾਗ (ਦੱਸ ਗੁਰੁ ਸਾਹਿਬਾਨ ਤੱਕ) ਅਤੇ 1962 ਈ: ਵਿੱਚ ਦੂਜਾ ਭਾਗ (ਬਾਬਾ ਬੰਦਾ ਸਿੰਘ ਬਹਾਦਰ ਤੋਂ ਪਿੱਛੋਂ) ਪ੍ਰਕਾਸ਼ਿਤ ਕੀਤੇ । ਇਸ ਤੋਂ ਪਿੱਛੋਂ ਗੁਰਮਤਿ ਸਾਹਿਤ ਤੇ ਹੋਰ ਅਨੇਕਾਂ ਰਚਨਾਵਾਂ ਦਾ ਦੌਰ ਸ਼ੁਰੂ ਹੋਇਆ । 
ਪ੍ਰਿੰਸੀਪਲ ਸਤਿਬੀਰ ਸਿੰਘ ਨੇ 62 ਵਰ੍ਹਿਆਂ ਦੀ ਉਮਰ ਤੱਕ ਪੰਜਾਬੀ ਅਤੇ ਅੰਗ੍ਰੇਜ਼ੀ ਪੁਸਤਕਾਂ, ਜਿਨ੍ਹਾਂ ਦੀ ਗਿਣਤੀ ਛੇ ਦਰਜਨਾਂ ਤੋਂ ਵੱਧ ਬਣਦੀ ਹੈ, ਆਪਣੇ ਸੁਹਿਰਦ ਪਾਠਕਾਂ ਦੀ ਝੋਲੀ ਪਾਈਆਂ । ਇਨ੍ਹਾਂ ਸਾਰੀਆਂ ਪੁਸਤਕਾਂ ਦੇ ਵਿਸ਼ੇ ਗੁਰਬਾਣੀ ਦੀ ਵਿਆਖਿਆ, ਗੁਰ ਇਤਿਹਾਸ, ਸਿੱਖ ਰਹਿਤ ਮਰਿਯਾਦਾ ਅਤੇ ਸ਼੍ਰੋਮਣੀ ਸਿੱਖ ਸ਼ਖ਼ਸੀਅਤਾਂ ਦੇ ਜੀਵਨ ਹਨ । ਪ੍ਰਿੰਸੀਪਲ ਸਾਹਿਬ ਦਾ ਵੱਡਾ ਗੁਰਮਤਿ ਸਾਹਿਤ ਦਾ ਕਾਰਜ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੱਕ ਵੱਖ-ਵੱਖ ਪੁਸਤਕਾਂ ਅਲੱਗ-ਅਲੱਗ ਸਿਰਲੇਖਾਂ ਅਧੀਨ ਪੇਸ਼ ਕਰਨਾ ਹੈ ।
ਇਸ ਇਤਿਹਾਸਕ ਕਾਰਜ ਦੇ ਨਾਲ-ਨਾਲ ਪ੍ਰਿੰਸੀਪਲ ਸਤਿਬੀਰ ਸਿੰਘ ਨੇ ਗੁਰਮਤਿ ਕਾਲਜ ਪਟਿਆਲਾ ਵਿੱਚ ਬਤੌਰ ਪ੍ਰਿੰਸੀਪਲ ਸੇਵਾ ਬਾਖੂਬੀ ਨਿਭਾਈ । ਅੱਜ ਗੁਰਮਤਿ ਕਾਲਜ ਪਟਿਆਲਾ ਦੇ ਵਿੱਦਿਆਰਥੀ ਸਿੱਖ ਧਰਮ ਦੀਆਂ ਵੱਖ-ਵੱਖ ਸੰਸਥਾਵਾਂ ਵਿੱਚ ਸਫ਼ਲਤਾ ਨਾਲ ਕਾਰਜ ਨਿਭਾ ਰਹੇ ਹਨ । ਇਸ ਤੋਂ ਇਲਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਵਜੋਂ ਵੀ ਲੰਬਾ ਸਮਾਂ ਅਹਿਮ ਸੇਵਾ ਨਿਭਾਈ । ਪ੍ਰਿੰਸੀਪਲ ਸਤਿਬੀਰ ਸਿੰਘ ਕਰਨਾਲ ਅਤੇ ਯਮੁਨਾਨਗਰ ਵਿਖੇ ਖ਼ਾਲਸਾ ਕਾਲਜਾਂ ਵਿੱਚ ਵੀ ਬਤੌਰ ਪ੍ਰਿੰਸੀਪਲ ਕਾਰਜਸ਼ੀਲ ਰਹੇ । ਭਾਸ਼ਾ ਵਿਭਾਗ ਪੰਜਾਬ ਵੱਲੋਂ ਇਤਿਹਾਸਕ ਪੁਸਤਕਾਂ ਦੇ ਯੋਗਦਾਨ ਵਜੋਂ ਉਨ੍ਹਾਂ ਨੂੰ 1991 ਈ: ਵਿੱਚ ਸ਼੍ਰੋਮਣੀ ਪੰਜਾਬੀ ਲੇਖਕ ਵਜੋਂ ਸਨਮਾਨਿਤ ਕੀਤਾ ਗਿਆ । ਪ੍ਰਿੰਸੀਪਲ ਸਤਿਬੀਰ ਸਿੰਘ ਇਕ ਅਜਿਹਾ ਨਿਸ਼ਠਾਵਾਨ ਲੇਖਕ ਸੀ, ਜਿੰਨਾ ਸਮਾਂ ਉਹ ਜੀਇਆ, ਉਸ ਨੇ ਗੁਰਮਤਿ ਸਾਹਿਤ ਦੇ ਰਚੇਤਾ ਵਜੋਂ ਗੁਰੂ ਪੰਥ ਪ੍ਰਤੀ ਸਮਰਪਿਤ ਭਾਵਨਾ ਨਾਲ ਸੇਵਾ ਨਿਭਾਈ । ਆਪਣੇ ਸਮਕਾਲੀ ਸਾਹਿਤਕਾਰਾਂ ਵਿੱਚ ਉਨ੍ਹਾਂ ਨੂੰ ਗੁਰੂ ਘਰ ਦੇ ਸ਼ਰਧਾਵਾਨ ਗੁਰ-ਸਿੱਖ ਲੇਖਕ ਅਤੇ ਵਿਚਾਰਵਾਨ ਵਜੋਂ ਜਿਹੜਾ ਮਾਣ-ਸਨਮਾਨ ਮਿਲਿਆ, ਉਸ ਨੂੰ ਅੱਜ ਵੀ ਬੜੀ ਸ਼ਿਦਤ ਤੇ ਪਿਆਰ ਨਾਲ ਯਾਦ ਕੀਤਾ ਜਾਂਦਾ ਹੈ । ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਾਡੀਆਂ ਹੋਰ ਅਨੇਕਾਂ ਧਾਰਮਿਕ ਅਤੇ ਵਿੱਦਿਅਕ ਸੰਸਥਾਵਾਂ ਉਨ੍ਹਾਂ ਵੱਲੋਂ ਦਿੱਤੀਆਂ ਸੇਧਾਂ, ਸਲਾਹਾਂ ਕਰਕੇ ਉਨ੍ਹਾਂ ਦੀ ਭਰਪੂਰ ਪ੍ਰਸ਼ੰਸਾ ਕਰਦੀਆਂ ਹਨ ।
ਆਖਰ ਪ੍ਰਿੰਸੀਪਲ ਸਾਹਿਬ 18 ਅਗਸਤ, 1994 ਈ: ਨੂੰ ਦਿਲ ਦੀ ਹਰਕਤ ਬੰਦ ਹੋਣ ਨਾਲ ਪਟਿਆਲਾ ਵਿਖੇ ਇਸ ਫਾਨੀ ਸੰਸਾਰ ਨੂੰ ਛੱਡ ਕੇ ਹਮੇਸ਼ਾਂ ਲਈ ਵਿਦਾ ਹੋ ਗਏ । ਪੰਥਕ ਸਫਾਂ ਵਿੱਚ ਸੇਵਾ ਨਿਭਾਉਣ ਵਾਲਿਆਂ ਲਈ ਉਨ੍ਹਾਂ ਦਾ ਜੀਵਨ ਪ੍ਰੇਰਨਾ ਸਰੋਤ ਹੈ ।
ਭਗਵਾਨ ਸਿੰਘ ਜੌਹਲ