image caption:

ਪੰਜਾਬੀ ਸਾਹਿਤ ਸਭਾ ਗਲਾਸਗੋ ਵੱਲੋ ਮਰਹੂਮ ਸ਼ਾਇਰ ਸੁਰਜੀਤ ਪਾਤਰ ਦੀ ਯਾਦ ਵਿੱਚ ਕਵੀ ਦਰਬਾਰ ਕਰਵਾਇਆ ਗਿਆ- ਲਹਿੰਦੇ ਪੰਜਾਬ ਤੋਂ ਸ਼ਾਇਰ ਬਾਬਾ ਨਜਮੀ ਅਤੇ ਸਾਬਰ ਅਲੀ ਸਾਬਰ ਨੇ ਕੀਤੀ ਸ਼ਿਰਕਤ

 ਗਲਾਸਗੋ, (ਹਰਜੀਤ ਸਿੰਘ ਦੁਸਾਂਝ ਪੁਆਦੜਾ) - ਪੰਜਾਬੀ ਸਾਹਿਤ ਸਭਾ ਗਲਾਸਗੋ ਵੱਲੋਂ ਪੰਜਾਬੀ ਦੇ ਮਰਹੂਮ ਸ਼ਾਇਰ ਸੁਰਜੀਤ ਪਾਤਰ ਦੀ ਯਾਦ ਵਿੱਚ ਗਲਾਸਗੋ ਦੇ ਸੈਂਟ ਨਿਨੀਅਨ ਹਾਲ ਵਿੱਚ ਕਵੀ ਦਰਬਾਰ ਕਰਵਾਇਆ ਗਿਆ। ਜਿਸ ਵਿੱਚ ਲਹਿੰਦੇ ਪੰਜਾਬ ਤੋਂ ਪੰਜਾਬੀ ਦੇ ਪ੍ਰਸਿੱਧ ਸ਼ਾਇਰ ਬਾਬਾ ਨਜਮੀ, ਸਾਬਰ ਅਲੀ ਸਾਬਰ ਅਤੇ ਚੜਦੇ ਪੰਜਾਬ ਤੋਂ ਗਾਇਕ ਧਰਮਿੰਦਰ ਮਸਾਣੀ ਨੇ ਵਿਸ਼ੇਸ਼ ਤੌਰ &lsquoਤੇ ਸ਼ਿਰਕਤ ਕੀਤੀ। ਕਵੀ ਦਰਬਾਰ ਦੀ ਸ਼ੁਰੂਆਤ ਮਰਹੂਮ ਸ਼ਾਇਰ ਸੁਰਜੀਤ ਪਾਤਰ ਨੂੰ ਇੱਕ ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਦੇਣ ਨਾਲ ਹੋਈ। ਇਸ ਬਾਅਦ ਸਥਾਨਕ ਕਵੀਆਂ ਅਮਨਦੀਪ ਅਮਨ, ਹਰਜੀਤ ਦੁਸਾਂਝ, ਸਲੀਮ ਰਜ਼ਾ, ਬੰਟੀ ਉੱਪਲ ਨੇ ਆਪਣੀਆਂ ਨਜ਼ਮਾਂ ਪੇਸ਼ ਕੀਤੀਆਂ। ਗਾਇਕ ਕਰਮਜੀਤ ਮੀਨੀਆਂ ਅਤੇ ਸੁੱਖੀ ਦੁਸਾਂਝ ਨੇ ਗੀਤ ਗਾ ਕੇ ਸਰੋਤਿਆਂ ਨਾਲ ਸਾਂਝ ਪਾਈ। ਚੜਦੇ ਪੰਜਾਬ ਤੋਂ ਪਹੁੰਚੇ ਗਾਇਕ ਧਰਮਿੰਦਰ ਮਸਾਣੀ ਨੇ ਪੰਜਾਬੀ ਵਿਰਸੇ ਦੇ ਗੀਤ ਹੀਰ, ਟੱਪੇ, ਮਾਹੀਏ ਗਾ ਕੇ ਦਰਸ਼ਕ ਝੂਮਣ ਲਾ ਦਿੱਤੇ। ਲਹਿੰਦੇ ਪੰਜਾਬ ਤੋਂ ਸਾਬਰ ਅਲੀ ਸਾਬਰ ਨੇ ਰੱਬਾ, ਤੇਰਾ ਕੀ ਏ, ਅੱਖਰ ਸਾਥ ਨਹੀ ਦਿੰਦੇ, ਬੜੀ ਲੰਮੀ ਕਹਾਣੀ ਆਦਿ ਨਜ਼ਮਾਂ ਨਾਲ ਦਰਸ਼ਕਾਂ ਨੂੰ ਨਿਹਾਲ ਕੀਤਾ। ਅੰਤ ਵਿੱਚ ਇੰਤਜਾਰ ਦੀਆਂ ਘੜੀਆਂ ਖਤਮ ਕਰਦੇ ਹੋਏ ਬਾਬਾ ਨਜਮੀ ਦਰਸ਼ਕਾਂ ਦੇ ਰੂਬਰੂ ਹੋਏ। ਉਹਨਾਂ ਨੇ ਸੱਭ ਤੋ ਪਹਿਲਾਂ ਸੁਰਜੀਤ ਪਾਤਰ ਨੂੰ ਸ਼ਰਧਾਂਜਲੀ ਦਿੱਤੀ ਅਤੇ ਉਹਨਾਂ ਨਾਲ ਸਾਂਝ ਅਤੇ ਪਾਤਰ ਦੀ ਗ਼ਜ਼ਲ ਦੀ ਸਿਫਤ ਕੀਤੀ। ਉਪਰੰਤ ਐਸੀ ਤੈਸੀ ਉਹਨਾਂ ਦੀ, ਸਾਡਾ ਰੱਬ, ਬੇਹਿੰਮਤੇ ਨੇ, ਰੱਬ ਨਾ ਪੰਜਾਬੀ ਬੋਲ ਕੇ ਦੇਖਾਂਗਾ ਆਦਿ ਨਜ਼ਮਾਂ ਨਾਲ ਸਰੋਤਿਆਂ ਦੀ ਵਾਹ ਵਾਹ ਖੱਟੀ ਅਤੇ ਧੀਆਂ ਗ਼ਜ਼ਲ ਸੁਣਾ ਕੇ ਦਰਸ਼ਕਾਂ ਦੀਆਂ ਅੱਖਾਂ ਨਮ ਕਰ ਦਿੱਤੀਆਂ । ਸਭਾ ਦੇ ਪ੍ਰਧਾਨ ਦਿਲਾਵਰ ਸਿੰਘ ਐੱਮ.ਬੀ. ਈ. ਨੇ ਕਵੀਆਂ, ਗਾਇਕਾਂ ਅਤੇ ਦਰਸ਼ਕਾਂ ਦਾ ਪ੍ਰੋਗਰਾਮ ਵਿੱਚ ਸ਼ਿਰਕਤ ਕਰਨ ਅਤੇ ਸਫ਼ਲ ਬਣਾਉਣ ਲਈ ਧੰਨਵਾਦ ਕੀਤਾ। ਇਸ ਸਮੇਂ ਦਿਲਾਵਰ ਸਿੰਘ ਦੀ ਜੀਵਣੀ &lsquoਤੇ ਲਿਖੀ ਪੁਸਤਕ &lsquoਦ ਮੈਨ&rsquo ਵੀ ਲੋਕ ਅਰਪਿਤ ਕੀਤੀ ਗਈ। ਸਟੇਜ ਦੀ ਭੂਮਿਕਾ ਦਲਜੀਤ ਸਿੰਘ ਦਿਲਬਰ ਨੇ ਨਿਭਾਈ। ਇਸ ਪੰਜਾਬੀ ਸਾਹਿਤ ਸਭਾ ਦੇ ਮੈਂਬਰ ਦਿਲਬਾਗ ਸਿੰਘ ਸੰਧੂ, ਤਰਲੋਚਨ ਮੁਠੱਡਾ, ਕਮਲਜੀਤ ਮਿਨਹਾਸ, ਜਗਦੀਸ਼ ਸਿੰਘ, ਸੁਖਦੇਵ ਰਾਹੀ ਆਦਿ ਮੌਜੂਦ ਸਨ।