image caption: ਖੱਬੇ ਤੋਂ ਸ: ਰਘਬੀਰ ਸਿੰਘ, ਸ: ਰਾਜਿੰਦਰ ਸਿੰਘ ਪੁਰੇਵਾਲ, ਪ੍ਰੋ: ਦਲਜੀਤ ਸਿੰਘ ਵਿਰਕ, ਸ: ਹਰਦਿਆਲ ਸਿੰਘ ਧਮੜੈਤ, ਜਥੇਦਾਰ ਬਲਬੀਰ ਸਿੰਘ, ਭਾਈ ਬਲਬੀਰ ਸਿੰਘ ਬੈਂਸ, ਭਾਈ ਅਵਤਾਰ ਸਿੰਘ ਸੰਘੇੜਾ ਅਤੇ ਸ: ਪਰਮਿੰਦਰਪਾਲ ਸਿੰਘ ਖਾਲਸਾ

ਨਿਸ਼ਾਨ ਸਾਹਿਬਾਂ ਦੇ ਬਸੰਤੀ ਤੇ ਸੁਰਮਈ ਰੰਗ ਬਾਰੇ ਸ਼੍ਰੋਮਣੀ ਕਮੇਟੀ ਦੇ ਫ਼ੈਸਲੇ ਦੀ ਯੂ ਕੇ ਦੀਆਂ ਪੰਥਕ ਜਥੇਬੰਦੀਆਂ ਵੱਲੋਂ ਭਰਪੂਰ ਸ਼ਲਾਘਾ ਅਤੇ ਸਮਰਥਨ

ਡਰਬੀ (ਪੰਜਾਬ ਟਾਈਮਜ਼) - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖਾਂ ਦੇ ਗੁਰਦੁਆਰਾ ਸਾਹਿਬਾਨ ਵਿਖੇ ਨਿਸ਼ਾਨ ਸਾਹਿਬ ਦੇ ਚੋਲੇ ਦਾ ਰੰਗ ਸਿੱਖ ਰਹਿਤ ਮਰਯਾਦਾ ਅਨੁਸਾਰ ਬਸੰਤੀ ਅਤੇ ਸੁਰਮਈ ਕਰਨ ਦੇ ਫ਼ੈਸਲੇ ਦਾ ਯੂ ਕੇ ਅਤੇ  ਦੁਨੀਆ ਭਰ ਦੀਆਂ ਪੰਥਕ ਜਥੇਬੰਦੀਆਂ ਨੇ ਭਰਵਾਂ ਸੁਆਗਤ ਤੇ ਸਮਰਥਨ ਕੀਤਾ ਹੈ। 
   ਸ਼੍ਰੋਮਣੀ ਗੁਰਦੁਅਰਾ ਪ੍ਰਬੰਧਕ ਕਮੇਟੀ ਦੇ ਇਸ ਫ਼ੈਸਲੇ ਦੀ ਸ਼ਲਾਘਾ ਕਰਦਿਆਂ ਗੁਰਦੁਆਰਾ ਸਿੰਘ ਸਭਾ ਡਰਬੀ ਦੇ ਪ੍ਰਧਾਨ ਸ: ਰਘਬੀਰ ਸਿੰਘ, ਸਿੱਖ ਵਿਰਾਸਤ ਕੇਂਦਰ ਅਤੇ ਘੱਲੂਘਾਰਾ ਅਜਾਇਬਘਰ ਡਰਬੀ ਦੇ ਚੇਅਰਮੈਨ ਸ: ਰਾਜਿੰਦਰ ਸਿੰਘ ਪੁਰੇਵਾਲ,  ਅਖੰਡ ਕੀਰਤਨੀ ਜਥਾ ਯੂ ਕੇ ਦੇ ਜਨਰਲ ਸਕੱਤਰ ਪ੍ਰੋਫੈਸਰ ਦਲਜੀਤ ਸਿੰਘ ਡਾ:, ਖਾਲਸਾ ਦਰਬਾਰ ਗੁਰਦੁਆਰਾ ਡਰਬੀ ਦੇ ਮੁੱਖ ਸੇਵਾਦਾਰ ਸ: ਹਰਦਿਆਲ ਸਿੰਘ ਧਮੜੈਤ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਗਰੇਟ ਬਾਰ ਬ੍ਰਮਿੰਘਮ ਦੇ ਪ੍ਰਧਾਨ ਬਲਬੀਰ ਸਿੰਘ ਸਾਬਕਾ ਜਥੇਦਾਰ ਬੱਬਰ ਖਾਲਸਾ ਯੂ ਕੇ, ਸਿੱਖ ਰਿਲੀਫ਼ ਦੇ ਸੇਵਾਦਾਰ ਭਾਈ ਬਲਬੀਰ ਸਿੰਘ ਬੈਂਸ, ਕਾਰਸੇਵਾ ਕਮੇਟੀ ਪਾਕਿਸਤਾਨ ਗੁਰਧਾਮ ਦੇ ਸੇਵਾਦਾਰ ਭਾਈ ਅਵਤਾਰ ਸਿੰਘ ਸੰਘੇੜਾ ਅਤੇ ਇੰਟਰਨੈਸ਼ਨਲ  ਸਿੱਖ ਸੇਵਕ ਸੁਸਾਇਟੀ ਪੰਜਾਬ ਦੇ ਪ੍ਰਧਾਨ ਭਾਈ ਪ੍ਰਮਿੰਦਰਪਾਲ ਸਿੰਘ ਖਾਲਸਾ ਨੇ ਇੱਕ ਸਾਂਝੇ ਬਿਆਨ &lsquoਚੇ ਕਿਹਾ ਹੈ ਕਿ ਸ਼੍ਰੋਮਣੀ ਕਮੇਟੀ ਅਧੀਨ ਆਉਂਦੇ ਸਾਰੇ ਗੁਰਦੁਆਰਿਆਂ ਸਮੇਤ ਹੋਰ ਵੀ ਹਰੇਕ ਪਿੰਡ ਕਸਬੇ, ਸ਼ਹਿਰ ਅਤੇ ਹਰ ਇੱਕ ਦੇਸ਼ ਦੇ ਵਿੱਚ ਸਥਿੱਤ ਗੁਰਦੁਆਰਾ ਸਾਹਿਬਾਨ ਦੀਆਂ ਕਮੇਟੀਆਂ ਨੂੰ ਇਸ ਫ਼ੈਸਲੇ ਦੀ ਪਾਲਣਾ ਕਰਨੀ ਚਾਹੀਦੀ ਹੈ। ਇਹ ਫ਼ੈਸਲਾ ਬੇਸ਼ੱਕ ਬੜੀ ਦੇਰ ਨਾਲ ਕੀਤਾ ਗਿਆ ਹੈ, ਪਰ ਸਹੀ ਫ਼ੈਸਲਾ ਹੈ। ਸਾਰੇ ਗੁਰਦੁਆਰਾ ਸਾਹਿਬਾਨ ਵਿੱਚ ਇੱਕਸਾਰਤਾ ਲਿਆਉਣੀ ਚਾਹੀਦੀ ਹੈ। ਉਕਤ ਆਗੂਆਂ ਨੇ ਕਿਹਾ ਕਿ ਅਸੀਂ ਸ਼੍ਰੋਮਣੀ ਕਮੇਟੀ ਦੇ ਇਸ ਫ਼ੈਸਲੇ ਨਾਲ ਡਟ ਕੇ ਖੜ੍ਹੇ ਹਾਂ ਤੇ ਪੂਰਾ ਸਮਰਥਨ ਕਰਦੇ ਹਾਂ।
   ਉਹਨਾਂ ਸ਼੍ਰੋਮਣੀ ਕਮੇਟੀ ਨੂੰ ਹੋਰ ਬੇਨਤੀ ਕੀਤੀ ਕਿ ਇਸੇ ਤਰ੍ਹਾਂ ਨਾਨਕਸ਼ਾਹੀ ਕੈਲੰਡਰ (ਮੂਲ 2003 ਵਾਲਾ) ਜੋ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਲੱਖਾਂ ਸੰਗਤਾਂ ਦੇ ਇਕੱਠ ਵਿੱਚ ਪ੍ਰਵਾਨ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਜਾਰੀ ਕੀਤਾ ਗਿਆ ਸੀ, ਉਹ ਵੀ ਪੰਥ ਦੀਆਂ ਸਮੂਹ ਸੰਸਥਾਵਾਂ ਨੂੰ ਭਰੋਸੇ ਵਿੱਚ ਲੈ ਕੇ ਲਾਗੂ ਕਰਨ ਲਈ ਉਪਰਾਲਾ ਕਰਨਾ ਚਾਹੀਦਾ ਹੈ। ਜਿਸ ਨਾਲ ਪੰਥ ਵਿੱਚ ਆਪਸੀ ਏਕਤਾ ਵਧੇਗੀ । 
  ਉਕਤ ਸਿੱਖ ਆਗੂਆਂ ਦਾ ਕਹਿਣਾ ਹੈ ਕਿ ਪੰਥ ਦੀਆਂ ਬਹੁਤੀਆਂ ਸੰਸਥਾਵਾਂ ਸਮਝਦੀਆਂ ਹਨ ਕਿ ਨਾਨਕਸ਼ਾਹੀ ਕੈਲੰਡਰ ਆਰ ਐਸ ਐਸ ਦੇ ਪ੍ਰਭਾਵ ਹੇਠ ਬਦਲਿਆ ਗਿਆ ਸੀ। ਇਸ ਕੈਲੰਡਰ ਨੂੰ ਲਾਗੂ ਕਰਨ ਨਾਲ ਸ਼੍ਰੋਮਣੀ ਕਮੇਟੀ ਦਾ ਅਕਸ ਸਿੱਖ ਪੰਥ ਵਿੱਚ ਸਾਫ਼ ਹੋਵੇਗਾ।