image caption: ਪ੍ਰੋਫੈਸਰ ਕਲਿਆਣ ਸਿੰਘ ਅਤੇ ਬੀਬੀ ਸਤਵੰਤ ਕੌਰ ਦੇ ਨਾਲ ਖਾਲਸਾ ਦਰਬਾਰ ਗੁਰਦੁਆਰਾ ਡਰਬੀ ਵਿਖੇ ਯੂ ਕੇ ਦੀਆਂ ਸਿੱਖ ਸੰਗਤਾਂ
ਸੁਪਰੀਮ ਸਿੱਖ ਕੌਂਸਲ ਯੂ ਕੇ ਵੱਲੋਂ ਵਰਲਡ ਸਿੱਖ ਕਾਨਫਰੰਸ ਮੌਕੇ ਬੀਬੀ ਸਤਵੰਤ ਕੌਰ ਅਤੇ ਪ੍ਰੋ: ਕਲਿਆਣ ਸਿੰਘ ਦਾ ਨਿੱਘਾ ਮਾਣ ਸਨਮਾਨ ਆਏ ਮਹਿਮਾਨਾਂ ਵੱਲੋਂ ਪਾਕਿਸਤਾਨ ਦੇ ਗੁਰ ਅਸਥਾਨਾਂ ਦੇ ਦਰਸ਼ਨਾਂ ਲਈ ਸਿੱਖਾਂ ਨੂੰ ਸੱਦਾ
ਡਰਬੀ - (ਪੰਜਾਬ ਟਾਈਮਜ਼) - ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਨਰਲ ਸਕੱਤਰ ਬੀਬੀ ਸਤਵੰਤ ਕੌਰ ਅਤੇ ਉਹਨਾਂ ਦੇ ਨਾਲ ਪ੍ਰੋਫੈਸਰ ਕਲਿਆਣ ਸਿੰਘ ਡਾ: ਦੇ ਇੰਗਲੈਂਡ ਦੌਰੇ ਸਮੇਂ ਗੁਰਦੁਆਰਾ ਖਾਲਸਾ ਦਰਬਾਰ ਡਰਬੀ ਵਿਖੇ ਸੁਪਰੀਮ ਸਿੱਖ ਕੌਂਸਲ ਵੱਲੋਂ ਵਰਲਡ ਸਿੱਖ ਕਾਨਫਰੰਸ ਕਰਵਾਈ ਗਈ। ਯਾਦ ਰਹੇ ਬੀਬੀ ਸਤਵੰਤ ਕੌਰ ਅਤੇ ਪ੍ਰੋ: ਕਲਿਆਣ ਸਿੰਘ ਨੂੰ ਸੁਪਰੀਮ ਸਿੱਖ ਕੌਂਸਲ ਯੂ ਕੇ ਦੇ ਇੰਡੀਅਨ ਸਬ-ਕੌਂਟੀਨੈਂਟ ਦੇ ਚੇਅਰਮੈਨ ਸ: ਹਰਦਿਆਲ ਸਿੰਘ ਧਮੜੈਤ ਵੱਲੋਂ ਵਿਸ਼ੇਸ਼ ਤੌਰ ਤੇ ਇੰਗਲੈਂਡ ਆਉਣ ਲਈ ਸੱਦਾ ਦਿੱਤਾ ਸੀ। 
   ਇਸ ਮੌਕੇ ਪ੍ਰੋ: ਕਲਿਆਣ ਸਿੰਘ ਅਤੇ ਬੀਬੀ ਸਤਵੰਤ ਕੌਰ ਜੀ ਨੇ ਪਾਕਿਸਤਾਨ ਵਿੱਚ ਸਿੱਖਾਂ ਅਤੇ ਸਿੱਖਾਂ ਦੇ ਇਤਿਹਾਸਕ ਗੁਰ ਅਸਥਾਨਾਂ ਬਾਰੇ ਚਾਨਣਾ ਪਾਇਆ। ਉਹਨਾਂ ਦੱਸਿਆ ਕਿ ਪਾਕਿਸਤਾਨ ਵਿੱਚ ਇਸ ਸਮੇਂ ਸਿੱਖਾਂ ਦੀ ਗਿਣਤੀ ਬਹੁਤ ਹੀ ਘੱਟ ਹੈ। ਉਹਨਾਂ ਕਿਹਾ ਹੁਣ ਬੇਸ਼ੱਕ ਸਿੱਖੀ ਦਾ ਪ੍ਰਚਾਰ ਪਹਿਲਾਂ ਨਾਲੋਂ ਵਧਿਆ ਹੈ ਤੇ ਗੁਰ ਅਸਥਾਨਾਂ ਦੀਆਂ ਸੇਵਾਵਾਂ ਵੀ ਹੋ ਰਹੀਆਂ ਹਨ, ਪਰ ਅਜੇ ਬਹੁਤ ਸਾਰੇ ਅਸਥਾਨ ਅਜਿਹੇ ਹਨ, ਜਿੱਥੇ ਸੇਵਾ ਬਹੁਤ ਲੋੜੀਂਦੀ ਹੈ। ਉਹਨਾਂ ਦੇਸ਼ ਵਿਦੇਸ਼ ਦੇ ਸਿੱਖਾਂ ਨੂੰ ਸੱਦਾ ਦਿੱਤਾ ਕਿ ਉਹ ਪਾਕਿਸਤਾਨ ਆਉਂਦੇ ਜਾਂਦੇ ਰਹਿਣ ਤਾਂ ਅਸੀਂ ਸਿੱਖਾਂ ਲਈ ਧਾਰਮਿਕ ਯਾਤਰਾ ਦੇ ਮੱਦੇ ਨਜ਼ਰ ਵੀਜ਼ਾ ਹਾਸਲ ਕਰਨ ਵਿੱਚ ਸਹੂਲਤਾਂ ਮੁਹੱਈਆ ਕਰਨ ਲਈ ਸਰਕਾਰ ਨੂੰ ਬੇਨਤੀ ਕਰਾਂਗੇ, ਤਾਂ ਜੋ ਸਿੱਖ ਸੰਗਤਾਂ ਦਾ ਗੁਰ ਅਸਥਾਨਾਂ ਦੇ ਦਰਸ਼ਨ ਕਰਨਾ ਆਸਾਨ ਹੋ ਸਕੇ। 
    ਇਸ ਮੌਕੇ ਸੰਗਤਾਂ ਨੂੰ ਸੰਬੋਧਨ ਕਰਨ ਵਾਲਿਆਂ ਵਿੱਚ ਗਿਆਨੀ ਤ੍ਰਿਬੇਦੀ ਸਿੰਘ, ਡਾ: ਕਲਿਆਣ ਸਿੰਘ, ਬੀਬੀ ਸਤਵੰਤ ਕੌਰ ਜਨਰਲ ਸਕੱਤਰ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ, ਅਵਤਾਰ ਸਿੰਘ ਜਰਨਲਿਸਟ, ਚੰਦਰ ਸ਼ੇਖਰ ਸਿੰਘ ਗੁਰੂ, ਪ੍ਰੋਫੈਸਰ ਦਲਜੀਤ ਸਿੰਘ ਵਿਰਕ, ਸ: ਰਾਜਿੰਦਰ ਸਿੰਘ ਪੁਰੇਵਾਲ ਅਤੇ ਡਾ: ਹਰਦਿਆਲ ਸਿੰਘ ਢਿੱਲੋਂ ਨੇ ਸੰਗਤਾਂ ਨੂੰ ਸੰਬੋਧਨ ਕੀਤਾ। 
   ਉਕਤ ਆਗੂਆਂ ਨੇ ਪਾਕਿਸਤਾਨ ਤੋਂ ਆਏ ਮਹਿਮਾਨਾਂ ਦਾ ਨਿੱਘਾ ਸਵਾਗਤ ਕਰਦਿਆਂ ਉਹਨਾਂ ਨੂੰ ਜੀ ਆਇਆਂ ਆਖਿਆ ਅਤੇ ਕਿਹਾ ਕਿ ਉਹ ਪਾਕਿਸਤਾਨ ਤੋਂ ਆਏ ਮਹਿਮਾਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਸਤਿਕਾਰ ਕਰਦੇ ਹਨ, ਕਿ ਉਹ ਗੁਰੂ ਸਾਹਿਬਾਨਾਂ ਦੀ ਚਰਨ ਛੋਹ ਧਰਤੀ ਤੋਂ ਇਥੇ ਪਹੁੰਚੇ ਹਨ। ਉਹਨਾਂ ਭਰੋਸਾ ਦਿਵਾਇਆ ਕਿ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰੂ ਸਾਹਿਬਾਨਾਂ ਨਾਲ ਸਬੰਧਿਤ ਅਤੇ ਸਿੱਖ ਇਤਿਹਾਸ ਦੀ ਵਿਰਾਸਤ ਸਬੰਧੀ ਕੀਤੇ ਜਾ ਰਹੇ ਕੰਮਾਂ ਵਿੱਚ ਪੂਰਾ ਸਹਿਯੋਗ ਦੇਣਗੇ। ਇਸ ਦੇ ਨਾਲ ਹੀ ਉਹ ਪਾਕਿਸਤਾਨ ਵਿੱਚ ਸਿੱਖ ਬੱਚਿਆਂ ਦੀ ਵਿੱਦਿਆ ਪ੍ਰਾਪਤੀ ਲਈ ਵੀ ਹਰ ਸੰਭਵ ਮਦਦ ਕਰਨ ਲਈ ਤਿਆਰ ਹਨ। 
   ਇਸ ਮੌਕੇ ਆਏ ਮਹਿਮਾਨਾਂ ਦਾ ਸੁਪਰਮ ਸਿੱਖ ਕੌਂਸਲ ਯੂ ਕੇ ਅਤੇ ਖਾਲਸਾ ਦਰਬਾਰ ਵੱਲੋਂ ਯਾਦਗਾਰੀ ਤਸ਼ਤਰੀ ਦੇ ਕੇ ਮਾਣ ਸਨਮਾਨ ਕੀਤਾ ਗਿਆ। ਇਸ ਦੇ ਨਾਲ ਹੀ ਕਾਨਫਰੰਸ ਵਿੱਚ ਸ਼ਾਮਿਲ ਬੁਲਾਰਿਆਂ, ਆਗੂਆਂ ਅਤੇ ਬੀਬੀ ਕਸ਼ਮੀਰ ਕੌਰ ਧਮੜੈਤ ਨੂੰ ਪ੍ਰੋ: ਕਲਿਆਣ ਸਿੰਘ ਅਤੇ ਬੀਬੀ ਸਤਵੰਤ ਕੌਰ ਨੇ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ  ਸਿਰੋਪਾE ਦੇ ਕੇ ਮਾਣ ਸਨਮਾਨ ਕੀਤਾ।