image caption: ਸ਼ਹੀਦੀ ਯਾਦਗਾਰ ਡਰਬੀ ਵਿਖੇ ਸਤਿੰਦਰ ਸਰਤਾਜ ਦਾ ਸਨਮਾਨ ਕਰਦੇ ਹੋਏ ਸ: ਰਾਜਿੰਦਰ ਸਿੰਘ ਪੁਰੇਵਾਲ ਅਤੇ ਉਹਨਾਂ ਨੂੰ ਪੰਜਾਬ ਟਾਈਮਜ਼ ਦੀ ਕਾਪੀ ਭੇਂਟ ਕਰਦੇ ਹੋਏ ਹੋਰ ਸੱਜਣ
ਪ੍ਰਸਿੱਧ ਸੂਫ਼ੀਆਨਾ ਗਾਇਕ ਸਤਿੰਦਰ ਸਰਤਾਜ ਨੇ ਸਿੱਖ ਅਜਾਇਬਘਰ ਡਰਬੀ ਦੇ ਕੀਤੇ ਦਰਸ਼ਨ
ਡਰਬੀ (ਹਰਜਿੰਦਰ ਸਿੰਘ ਮੰਡੇਰ) - ਬੀਤੇ ਦਿਨੀਂ ਪ੍ਰਸਿੱਧ ਪੰਜਾਬੀ ਸੂਫ਼ੀਆਨਾ ਗਾਇਕ ਤੇ ਕਲਾਕਾਰ ਸਤਿੰਦਰ ਸਰਤਾਜ ਨੇ ਸਿੱਖ ਅਜਾਇਬਘਰ ਡਰਬੀ ਦਾ ਦੌਰਾ ਕੀਤਾ। ਯਾਦ ਰਹੇ ਸਤਿੰਦਰ ਸਰਤਾਜ ਨੇ ਮਹਾਰਾਜਾ ਦਲੀਪ ਸਿੰਘ ਦੇ ਜੀਵਨ &lsquoਤੇ (ਬਲੈਕ ਪ੍ਰਿੰਸ) ਨਾਮੀ ਇੱਕ ਫਿਲਮ ਵੀ ਬਣਾਈ ਸੀ, ਜਿਸ ਨੂੰ ਸਿੱਖ ਭਾਈਚਾਰੇ ਵੱਲੋਂ ਵੱਡਾ ਹੁੰਘਾਰਾ ਮਿਲਿਆ ਸੀ। 
   ਉਹਨਾਂ ਨੂੰ ਅਜਾਇਬਘਰ ਦੀ ਟੀਮ ਵੱਲੋਂ ਇਥੇ ਪਈਆਂ ਨਾਯਾਬ ਇਤਿਹਾਸਕ ਵਸਤਾਂ ਦੇ ਦਰਸ਼ਨ ਕਰਵਾਏ ਗਏ, ਜਿਹਨਾਂ ਵਿੱਚ ਦਸਵੇਂ ਪਾਤਿਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਦੀ ਤੋਪ, ਉਸ ਪਿੱਛੋਂ ਮਹਾਰਾਜਾ ਰਣਜੀਤ ਸਿੰਘ ਸਮੇਂ ਦੀਆਂ ਕੁੱਝ ਹੋਰ ਅਹਿਮ ਤੋਪਾਂ ਜਿਹਨਾਂ ਵਿੱਚ ਜਮ-ਜਮਾ ਤੋਪ ਅਤੇ ਸਤਲੁਜ ਤੋਪ ਅਹਿਮ ਹਨ ਅਤੇ ਇਹਨਾਂ ਬਾਰੇ ਉਹਨਾਂ ਨਾਲ ਜਾਣਕਾਰੀ ਸਾਂਝੀ ਕੀਤੀ ਗਈ। ਸਤਿੰਦਰ ਸਰਤਾਜ ਤਕਰੀਬਨ ਘੰਟਾ ਕੁ ਇਥੇ ਠਹਿਰੇ ਅਤੇ ਅਜਾਇਬਘਰ ਦੇ ਵੱਖ-ਵੱਖ ਭਾਗਾਂ ਨੂੰ ਬੜੀ ਦਿਲਚਸਪੀ ਨਾਲ ਦੇਖਿਆ। ਬਾਅਦ ਵਿੱਚ ਸ਼ਹੀਦੀ ਯਾਦਗਾਰ ਸਾਹਮਣੇ ਵੀ ਉਹਨਾਂ ਨੇ ਮਿਊਜ਼ੀਅਮ ਦੀ ਟੀਮ ਨਾਲ ਗੱਲਬਾਤ ਕੀਤੀ ਅਤੇ ਉਸ ਕੰਸੈਪਟ ਨੂੰ ਸਮਝਿਆ। ਇਸ ਸਮੇਂ ਅਜਾਇਬਘਰ ਦੀ ਟੀਮ ਦੇ ਨਾਲ ਸ਼ਾਮਿਲ ਸਨ, ਸਰਬ ਸਰਦਾਰਾਨ ਹਰਭਜਨ ਸਿੰਘ ਦਈਆ, ਗੁਰਪਾਲ ਸਿੰਘ, ਹਰਪਿੰਦਰ ਸਿੰਘ ਕੰਗ, ਸਤਨਾਮ ਸਿੰਘ ਸੱਤਾ, ਪ੍ਰਭਜੋਤ ਸਿੰਘ, ਹਰਭਜਨ ਸਿੰਘ ਮੰਡੇਰ, ਕੁਲਬੀਰ ਸਿੰਘ, ਹਰਜਿੰਦਰ ਸਿੰਘ ਮੰਡੇਰ, ਅਮਰੀਕ ਸਿੰਘ, ਰਣਜੀਤ ਸਿੰਘ ਮੰਨਣ, ਸੱਚਿਨ ਸਿੰਘ ਅਤੇ ਹੋਰ ਸੰਗਤਾਂ। 
   ਇਸ ਮੌਕੇ ਅਜਾਇਬਘਰ ਦੇ ਚੇਅਰਮੈਨ ਸ: ਰਾਜਿੰਦਰ ਸਿੰਘ ਪੁਰੇਵਾਲ ਨੇ ਸਤਿੰਦਰ ਸਰਤਾਜ ਨੂੰ ਜੀ ਆਇਆਂ ਆਖਦੇ ਹੋਏ ਕਿਹਾ ਕਿ ਉਹਨਾਂ ਦਾ ਪੰਜਾਬੀ ਸੱਭਿਆਚਾਰ ਲਈ ਬੜਾ ਯੋਗਦਾਨ ਹੈ। ਉਹਨਾਂ ਕਿਹਾ ਉਹ ਭਾਵੇਂ ਆਮ ਗਾਣੇ ਗੀਤ ਸੰਗੀਤ ਨਹੀਂ ਸੁਣਦੇ ਪਰ ਸੁਣਨ ਵਾਲਿਆਂ ਪਾਸੋਂ ਉਹਨਾਂ ਨੂੰ ਪਤਾ ਲੱਗਾ ਹੈ ਕਿ ਤੁਸੀਂ ਬਹੁਤ ਸਾਫ਼ ਸੁੱਥਰੀ ਗਾਇਕੀ ਕਰਦੇ ਹੋ। ਉਹਨਾਂ ਕਿਹਾ ਅਸੀਂ ਹੋਰ ਵੀ ਗਾਇਕਾਂ ਨੂੰ ਅਪੀਲ ਕਰਦੇ ਹਾਂ ਕਿ ਪੰਜਾਬ ਅਤੇ ਪੰਜਾਬੀ ਸੱਭਿਆਚਾਰ ਦਾ ਮਾਹੌਲ ਵਿਗਾੜਨ ਵਾਲੇ ਗਾਣੇ ਨਾ ਲਿਖਣ ਤੇ ਨਾ ਗਾਉਣ। ਉਹਨਾਂ ਪੰਜਾਬੀਆਂ ਦਰਸ਼ਕਾਂ ਨੂੰ ਅਪੀਲ ਕੀਤੀ ਕਿ ਮਾੜਾ ਗਾਉਣ ਵਾਲੇ ਤੇ ਪੰਜਾਬੀ ਰਿਸ਼ਤੇ ਨਾਤੇ ਅਤੇ ਸੱਭਿਆਚਾਰ ਨੂੰ ਵਿਗਾੜਨ ਵਾਲੇ ਗਾਣੇ ਨਾ ਸੁਣਨ ਅਤੇ ਨਾ ਹੀ ਉਹਨਾਂ ਗਾਇਕਾਂ ਦਾ ਸਾਥ ਦੇਣ ਜਿਹੜੇ ਪੰਜਾਬੀਆਂ ਦਾ ਅਕਸ ਵਿਗਾੜਦੇ ਹਨ। ਇਸ ਮੌਕੇ ਸਤਿੰਦਰ ਸਰਤਾਜ ਨੂੰ ਪੰਜਾਬ ਟਾਈਮਜ਼ ਦੀ ਇੱਕ ਕਾਪੀ ਅਤੇ ਗੋਲਡ ਮੈਡਲ ਨਾਲ ਸ: ਰਾਜਿੰਦਰ ਸਿੰਘ ਪੁਰੇਵਾਲ ਨੇ ਮਾਣ ਸਨਮਾਨ ਕੀਤਾ। ਇਸ ਦੇ ਨਾਲ ਹੀ ਹਰਜਿੰਦਰ ਸਿੰਘ ਮੰਡੇਰ ਨੇ ਉਹਨਾਂ ਨੂੰ ਆਪਣੀਆਂ ਦੋ ਕਿਤਾਬਾਂ, &ldquoਡਰਬੀ ਵਿੱਚ ਪੰਜਾਬੀਆਂ ਦੇ ਪੰਜਾਹ ਸਾਲ&rdquo ਅਤੇ &ldquoਸਿੱਖ ਸੰਘਰਸ਼ ਦੇ ਯੋਧਿਆਂ ਦੀ ਗਾਥਾ&rdquo ਭੇਂਟ ਕੀਤੀਆਂ।