image caption: ਜਥੇਦਾਰ ਮਹਿੰਦਰ ਸਿੰਘ ਖਹਿਰਾ ਯੂ ਕੇ

ਗੁਰਬਾਣੀ ਦੀ ਇਕ ਇਲਾਹੀ ਵਿਸ਼ੇਸ਼ਤਾ ਹੈ ਕਿ ਇਹ ਮਨੁੱਖ ਨੂੰ ਇਤਿਹਾਸ ਵੱਲ ਧੱਕਦੀ ਹੈ ਅਤੇ ਇਤਿਹਾਸ ਦੀ ਜਾਗ ਲਾਉਂਦੀ ਹੈ

(ਲੜੀ ਜੋੜਨ ਲਈ ਵੇਖੋ ਪਿਛਲੇ ਹਫ਼ਤੇ ਦਾ ਪੰਜਾਬ ਟਾਈਮਜ਼ ਅੰਕ 3045)
ਭੁੱਲ ਦੀ ਸੋਧ - ਪਿਛਲੇ ਹਫ਼ਤੇ ਦਾਸ ਨੇ ਇਕ ਨੋਟ ਲਿਖਿਆ ਸੀ ਕਿ ਸ: ਗਜਿੰਦਰ ਸਿੰਘ ਨੇ ਇਹ ਲੇਖ 2003 ਵਿੱਚ ਲਿਖਿਆ ਜਦੋਂ ਅਕਾਲੀ-ਭਾਜਪਾ ਗੱਠਜੋੜ ਸੀ । (ਪਰ ਅਕਾਲੀ-ਭਾਜਪਾ ਗੱਠਜੋੜ 1997 ਤੋਂ 2002 ਤੱਕ ਤੇ ਫਿਰ 2007 ਤੋਂ 2017 ਤੱਕ ਰਿਹਾ । ਸ਼੍ਰੋਮਣੀ ਅਕਾਲੀ ਦਲ (ਅਕਾਲੀ ਦਲ ਬਾਦਲ) ਨੇ ਦਸ਼ਮੇਸ਼ ਪਿਤਾ ਦੇ ਖ਼ਾਲਸਾ ਪੰਥ ਦੇ ਬੁਨਿਆਦੀ ਅਸੂਲਾਂ, ਨਿਸ਼ਾਨਿਆਂ ਦੀ ਕੱਟੜ ਵਿਰੋਧੀ ਪਾਰਟੀ ਭਾਜਪਾ ਨਾਲ ਗੈਰ-ਸਿਧਾਂਤਕ ਗੱਠਜੋੜ ਰੱਖਿਆ । ਸੋਝੀਵਾਨ ਪੰਥਕ ਸੇਵਕਾਂ ਨੂੰ ਸਿੱਖ ਰਾਜਨੀਤੀ ਤੋਂ ਦੂਰ ਰੱਖਿਆ ਅਤੇ ਆਦਰਸ਼ਹੀਨ ਅਤੇ ਅਸਿੱਖ ਰੁਚੀਆਂ ਵਾਲੇ ਮੌਕਾ ਪ੍ਰਸਤਾਂ ਦੀ ਪੰਜਾਬੀ ਪਾਰਟੀ ਬਣਾ ਲਈ (1996 ਦੀ ਮੋਗਾ ਕਾਨਫਰੰਸ ਸਮੇਂ) ਅਤੇ ਸਿੱਖ ਖਾਸੇ ਨੂੰ ਤਿਲਾਂਜਲੀ ਦੇ ਦਿੱਤੀ, ਸਿੱਖਾਂ ਨੂੰ ਸਿਆਸੀ ਤੌਰ &lsquoਤੇ ਬੇ-ਜ਼ਬਾਨ ਕਰਨ ਦਾ ਇਹ ਨਿਰਣਾ ਪੰਥ ਨਾਲ ਵੱਡਾ ਵਿਸਾਹਘਾਤ ਸੀ, ਜਿਸ ਦਾ ਖਮਿਆਜ਼ਾ ਹੁਣ ਦੋਵੇਂ ਧਿਰਾਂ ਪੰਥ ਅਤੇ ਸ਼੍ਰੋਮਣੀ ਅਕਾਲੀ ਦਲ (ਪੰਜਾਬੀ ਪਾਰਟੀ) ਭੁਗਤ ਰਹੀਆਂ ਹਨ । ਲਕੀਰ ਲੇਖ ਸੰਗ੍ਰਹਿ ਦੇ ਮੁੱਖ ਬੰਦ ਦਾ ਸਾਰ ਅੰਸ਼ ਲਿਖਣ ਤੋਂ ਪਹਿਲਾਂ, ਸਿੱਖ ਧਰਮ ਦੇ ਵਿਰੋਧੀਆਂ ਵੱਲੋਂ ਗੁਰੂ ਨਾਨਕ ਸਾਹਿਬ ਦੀ ਗੁਰੂ ਪਦਵੀ ਨੂੰ ਕੀਤੇ ਜਾ ਰਹੇ ਚੈਲਿੰਜ ਦਾ ਸੰਖੇਪ ਜੁਆਬ ਪਾਠਕਾਂ ਨਾਲ ਸਾਂਝਾ ਕਰਾਂਗਾ । ਸਿੱਖ ਧਰਮ ਨੂੰ ਮੰਨਣ ਵਾਲਿਆਂ ਦਾ ਗੁਰੂ ਨਾਨਕ ਸਾਹਿਬ ਬਾਰੇ ਇਹ ਦ੍ਰਿੜ ਵਿਸ਼ਵਾਸ਼ ਹੈ ਕਿ : ਆਪ ਨਰਾਇਣੂ ਕਲਾ ਧਾਰਿ ਜਗ ਮਹਿ ਪਰਵਰਿਯੋ ॥ ਨਿਰੰਕਾਰ ਅਕਾਰ ਜੋਤਿ ਜਗ ਮੰਡਲਿ ਕਰਿਯੋ ॥ (ਗੁ: ਗ੍ਰੰ: ਸਾ: ਪੰਨਾ 1395) ਗੁਰੂ ਗ੍ਰੰਥ ਨਾਨਕ ਨਿਰਮਲ ਪੰਥ ਦਾ ਸਿਧਾਂਤ ਹੈ, ਅਤੇ ਗੁਰੂ ਪੰਥ ਇਸ ਸਿਧਾਂਤ ਦਾ ਪ੍ਰਤੱਖ ਅਮਲ ੳਪਰੀ ਨਜ਼ਰੇ ਦੇ ਪ੍ਰਤੀਤ ਹੁੰਦੇ ਹਨ । ਪਰ ਹੈਨ ਇਕ ਜਿਵੇਂ ਆਮ ਆਦਮੀ ਵਾਸਤੇ ਗੁਰੂਆਂ ਦੀ ਗਿਣਤੀ ਦੱਸ ਹੈ, ਪਰ ਗੁਰਮਤਿ ਸਿਧਾਂਤ ਦੇ ਜਾਣਕਾਰਾਂ ਵਾਸਤੇ ਗੁਰੂ ਕੇਵਲ ਇਕ ਹੀ ਹੈ ਤੇ ਉਹ ਹੈ ਗੁਰੂ ਨਾਨਕ ਜੋਤਿ, ਇਸ ਇਲਾਹੀ ਜੋਤਿ ਦੀ ਇਕਸਾਰਤਾ ਤੇ ਏਕਤਾ ਨੂੰ ਗੁਰਬਾਣੀ ਸਪੱਸ਼ਟ ਕਰਦੀ ਹੈ, ਜੋਤਿ Eਹਾ ਜੁਗਤਿ ਸਾਇ, ਸਹਿ ਕਾਇਆ ਫੇਰਿ ਪਲਟੀਐ (ਗੁ: ਗ੍ਰੰ: ਸਾ: ਪੰਨਾ 966) ਅੱਜ ਜਦੋਂ ਗੁਰੂ ਨਾਨਕ ਸਾਹਿਬ ਨੂੰ ਕੇਵਲ ਸੁਧਾਰਕ ਅਤੇ ਗੁਰਬਾਣੀ ਨੂੰ ਉਨ੍ਹਾਂ ਦੀਆਂ ਧਾਰਮਿਕ ਸਿੱਖਿਆਵਾਂ ਹੀ ਪ੍ਰਚਾਰਿਆ ਜਾ ਰਿਹਾ ਹੈ ਤਾਂ ਇਹ ਵਿਚਾਰ ਕਰਨੀ ਵੀ ਬਣਦੀ ਹੈ ਕਿ ਗੁਰਬਾਣੀ ਕੋਈ ਦਿਮਾਗੀ ਚਿੰਤਨ ਰਾਹੀਂ ਹਾਸਲ ਹੋਇਆ ਗਿਆਨ ਨਹੀਂ ਹੈ । ਗੁਰਬਾਣੀ ਅਕਾਲ ਪੁਰਖ ਦੀ ਦਰਗਹ ਵਿੱਚੋਂ ਸ਼ਬਦ ਦੇ ਰੂਪ ਵਿੱਚ ਧਰਤੀ ਤੇ ਪ੍ਰਗਟ ਹੋਇਆ ਅਕਾਲੀ ਸੱਚ ਹੈ ਜਿਸ ਦਾ ਪ੍ਰਕਾਸ਼ ਗੁਰੂ ਨਾਨਕ ਸਾਹਿਬ ਦੇ ਜ਼ਰੀਏ ਇਸ ਧਰਤੀ &lsquoਤੇ ਪ੍ਰਗਟ ਹੋਇਆ । ਗੁਰਬਾਣੀ ਵਿੱਚੋਂ ਉਪਜੀ ਚੇਤਨਾ ਬ੍ਰਾਹਮਣਵਾਦ ਅਤੇ ਮਨੂੰ ਸਿਮਰਤੀ ਦੀ ਜਕੜ ਨੂੰ ਪਰਖਦੀ ਵੀ ਹੈ ਅਤੇ ਤੋੜਨ ਦਾ ਰਾਹ ਵੀ ਵਿਖਾਉਂਦੀ ਹੈ । ਸਿੱਖ ਧਰਮ ਦੇ ਪ੍ਰਚਾਰ, ਪ੍ਰਸਾਰ ਵਾਸਤੇ ਜੋ ਵੀ ਸੰਸਥਾਵਾਂ ਖੜੀਆਂ ਕੀਤੀਆਂ ਉਹ ਗੁਰੂ ਨਾਨਕ ਸਾਹਿਬ ਦੀ ਬਾਣੀ ਵਿੱਚੋਂ ਪ੍ਰਾਪਤ ਸ਼ਬਦ ਦੇ ਅਰਥਾਂ ਉੱਤੇ ਉਸਾਰੀਆਂ ਗਈਆਂ ਜਿਵੇਂ : ਲੰਗਰ, ਸੰਗਤ, ਪੰਗਤ, ਦਰਬਾਰ ਸਾਹਿਬ, ਆਦਿ ਗ੍ਰੰਥ ਸਾਹਿਬ, ਅਕਾਲ ਤਖ਼ਤ, ਮੀਰੀ ਪੀਰੀ ਤੇ ਪੰਜ ਪਿਆਰੇ ਖਾਲਸਾ ਪੰਥ । ਗੁਰੂ ਨਾਨਕ ਸਾਹਿਬ ਨੇ, &lsquoਧੁਰ ਕੀ ਬਾਣੀ&rsquo ਰਾਹੀਂ ਅਕਾਲ ਪੁਰਖ ਆਪ ਹੀ ਉਨ੍ਹਾਂ ਵਿੱਚ ਪ੍ਰਗਟ ਹੋਇਆ । ਅਕਾਲ ਪੁਰਖ ਨੇ ਆਪ ਹੀ ਗੁਰੂ ਰੂਪ (ਗੁਰੂ ਨਾਨਕ) ਹੋ ਕੇ ਸ੍ਰਿਸਟੀ ਨੂੰ ਸਹਾਰਾ ਦਿੱਤਾ ਹੈ : 
&lsquoਚਾਰੇ ਜਾਗੇ ਚਹੁ ਜੁਗੀ ਪੰਚਾਇਣੁ ਆਪੇ ਹੋਆ ॥
ਆਪਨੈ ਆਪੁ ਸਾਜਿEਨੁ ਆਪੇ ਹੀ ਥਮਿ ਖਲੋਆ ॥
ਆਪੇ ਪਟੀ ਕਲਮ ਆਪਿ ਆਪਿ ਲਿਖਣੁਹਾਰਾ ਹੋਆ ॥ ਗੁ: ਗ੍ਰੰ: ਸ: ਪੰਨਾ 966)
  ਗੁਰੂ ਨਾਨਕ ਸਾਹਿਬ ਨੇ ਸ਼ੁਰੂ ਤੋਂ ਹੀ ਆਪਣੇ ਸਮੇਂ ਲੋਕਾਈ ਵਿੱਚ, ਰਾਜਸੀ, ਧਾਰਮਿਕ ਤੇ ਸਭਿਆਚਾਰਕ ਅਧੋਗਤੀ ਨੂੰ ਅਨੁਭਵ ਕਰਕੇ ਇਸ ਨੂੰ ਦੂਰ ਕਰਨ ਲਈ ਸਿੱਖੀ ਦਾ ਸਰੂਪ ਅਤੇ ਉਦੇਸ਼ ਭਗਤੀ ਤੇ ਸ਼ਕਤੀ ਦਾ ਸੁਮੇਲ (ਮੀਰੀ-ਪੀਰੀ) ਦਾ ਸਮੂਹਕ ਤਤ ਮਿਥ ਲਿਆ ਸੀ । ਗੁਰੂ ਨਾਨਕ ਸਾਹਿਬ ਨੂੰ &lsquoਸੱਚੇ ਪਾਤਸ਼ਾਹ&rsquo ਸਦਣਾ ਇਸ ਤੱਥ ਦੀ ਪ੍ਰੋੜਤਾ ਕਰਦਾ ਹੈ । (ਹਵਾਲਾ ਪੁਸਤਕ ਰਾਜ ਦਾ ਸਿੱਖ ਸੰਕਲਪ)
  ਉਕਤ ਹਵਾਲੇ ਇਸ ਗੱਲ ਤੇ ਮੋਹਰ ਲਾਉਂਦੇ ਹਨ ਕਿ ਗੁਰੂ ਨਾਨਕ ਸਾਹਿਬ ਕੋਈ ਦੁਨਿਆਵੀ ਸੁਧਾਰਕ ਮਹਾਂ ਪੁਰਖ ਨਹੀਂ ਸਨ, ਉਹ ਦੀਨ ਦੁਨੀ ਦੇ ਮਾਲਕ ਸੱਚੇ ਪਾਤਸ਼ਾਹ ਹਨ, ਇਸ ਕਰਕੇ ਉਨ੍ਹਾਂ ਦੀ &lsquoਧੁਰ ਕੀ ਬਾਣੀ&rsquo ਨੂੰ ਦੁਨਿਆਵੀ ਸਿਖਿਆਵਾਂ ਤੇ ਪਰੰਪਰਾਵਾਂ ਨਾਲ ਜੋੜ ਕੇ ਨਹੀਂ ਵੇਖਿਆ ਜਾ ਸਕਦਾ, ਜੈਸਾ ਕਿ ਅਕਾਦਮਿਕ ਪੱਧਰ ਤੇ ਵੇਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ । ਅੱਜ ਗੁਰੂ ਨਾਨਕ ਦੀ ਪਰਮ ਜੋਤਿ &lsquoਸ਼ਬਦ ਦੇ ਰੂਪ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸੁਭਾਇਮਾਨ ਹੈ । ਭਾਵ &lsquoਆਤਮਾ ਗ੍ਰੰਥ ਵਿੱਚ ਸਰੀਰ ਪੰਥ ਵਿੱਚ ।&rsquo ਸਤਿਗੁਰੂ ਨਾਨਕ ਤਾਂ ਹਮੇਸ਼ਾਂ ਹੀ ਹਾਜ਼ਰ ਨਾਜ਼ਰ ਹੈ : ਸਤਿਗੁਰੁ ਮੇਰਾ ਸਦਾ ਸਦਾ ਨ ਆਵੇ ਨਾ ਜਾਇ ॥ ਉਹੁ ਅਬਿਨਾਸੀ ਪੁਰਖੁ ਹੈ ਸਭ ਮਹਿ ਰਹਿਆ ਸਮਾਇ ॥ ਗੁ: ਗ੍ਰੰ: ਸ: ਪੰਨਾ 758 
&ldquoਗੁਰ ਸੰਗਤਿ ਬਾਣੀ ਬਿਨਾ ਦੂਜੀ Eਟ ਨਹੀਂ ਹਹਿ ਰਾਈ&rdquo ਦੇ ਸ਼ਬਦ ਰਾਹੀਂ, ਗੁਰੂ ਗ੍ਰੰਥ, ਗੁਰੂ ਪੰਥ ਦੇ ਬੀਜ ਵੀ ਬੀਜ ਦਿੱਤੇ । ਗੁਰੂ ਨਾਨਕ ਸਾਹਿਬ ਨੇ ਸਿੱਖ ਪੰਥ ਨੂੰ ਐਸੇ ਫਿਰਕੇ ਦੇ ਤੌਰ &lsquoਤੇ ਜਥੇਬੰਦ ਨਹੀਂ ਕੀਤਾ ਜੋ ਸਿਰਫ ਪੂਜਾ ਪਾਠ ਵਾਲੇ ਧਰਮ ਦੇ ਪਰੰਪਰਾਈ ਤੌਰ ਤਰੀਕੇ ਅਨੁਸਾਰ ਚੱਲਦੇ ਰਹੇ ਬਲਕਿ ਸਿੱਖ ਪੰਥ ਨੂੰ ਜਾਤਪਾਤੀ ਸਮਾਜ ਨੂੰ ਬਦਲਣ, ਧਾਰਮਿਕ ਅਤੇ ਸਿਆਸੀ ਜਬਰ ਦਾ ਮੁਕਾਬਲਾ ਕਰਨ ਅਤੇ ਆਮ ਜਨਤਾ ਦੇ ਹੱਥ ਸਿਆਸੀ ਤਾਕਤ ਹਾਸਲ ਕਰਨ ਦਾ ਵਸੀਲਾ ਬਣਾਇਆ ਗਿਆ । ਪੰਥ ਦੀ ਜਥੇਬੰਦੀ ਅਤੇ ਇਸ ਦੇ ਸਮਾਜੀ ਤੇ ਸਿਆਸੀ ਨਿਸ਼ਾਨੇ ਇਕੋ ਸਿਧਾਂਤ ਦੇ ਅੰਗ ਹਨ । 
ਹੁਣ ਅਸੀਂ ਸ: ਕਰਮਜੀਤ ਸਿੰਘ ਪੱਤਰਕਾਰ ਚੰਡੀਗੜ੍ਹ ਦੇ ਲਕੀਰ ਲੇਖ ਸੰਗ੍ਰਹਿ ਦੇ ਲਿਖੇ ਮੁੱਖ ਬੰਦ ਵਿੱਚੋਂ ਕੁਝ ਅੰਸ਼ ਪਾਠਕਾਂ ਨਾਲ ਸਾਂਝੇ ਕਰਾਂਗੇ । ਸ: ਕਰਮਜੀਤ ਸਿੰਘ ਜੀ ਲਿਖਦੇ ਹਨ : ਗੁਰਬਾਣੀ ਅਤੇ ਸਿੱਖ ਇਤਿਹਾਸ ਗਜਿੰਦਰ ਸਿੰਘ ਦੇ ਸੁੱਚੇ ਦਰਦ ਦਾ ਸਰਸਬਜ਼ ਚਸ਼ਮਾ ਹੈ । ਸਿੱਖ ਇਤਿਹਾਸ ਦਾ ਉਹ ਅਨਮੋਲ ਹਿੱਸਾ ਜਿਹੜਾ ਵਿਸ਼ੇਸ਼ ਤੌਰ &lsquoਤੇ ਗੁਰਬਾਣੀ ਨਾਲ ਰੰਗਿਆ ਗਿਆ ਹੋਵੇ, ਉਹ ਉਸ ਨੂੰ ਜਾਨ ਨਾਲੋਂ ਵੀ ਵੱਧ ਪਿਆਰਾ ਹੈ । ਉਸ &lsquoਤੇ ਉਹ ਮਾਣ ਵੀ ਕਰਦਾ ਹੈ ਅਤੇ ਉਸ ਨੂੰ ਕਾਲੀਆਂ ਬੋਲੀਆਂ ਰਾਤਾਂ ਵਿੱਚ ਜਗਾ ਕੇ ਵੀ ਰੱਖਦਾ ਰਿਹਾ ਹੈ । ਗੁਰਬਾਣੀ ਦੀ ਇਕ ਇਲਾਹੀ ਵਿਸ਼ੇਸ਼ਤਾ ਇਹ ਹੈ ਕਿ ਇਹ ਮਨੁੱਖ ਨੂੰ ਇਤਿਹਾਸ ਵੱਲ ਧੱਕਦੀ ਹੈ । ਇਤਿਹਾਸ ਦੀ ਜਾਗ ਲਾਉਂਦੀ ਹੈ । ਇਤਿਹਾਸ ਵਿੱਚ ਵਿਚਰਣ, ਇਸ ਵਿੱਚ ਆਪਣੀ ਪਹਿਚਾਣ ਅਤੇ ਆਪਣਾ ਸਥਾਨ ਬਨਾਉਣ ਲਈ ਪ੍ਰੇਰਦੀ ਹੈ । ਪੇ੍ਰਰਦੀ ਹੀ ਨਹੀਂ ਸਗੋਂ ਹੁਕਮਨਾਮਾ ਵੀ ਜਾਰੀ ਕਰਦੀ ਹੈ । ਜੇ ਵਕਤ ਦੇ ਰਾਜੇ ਸ਼ੀਹ ਤੇ ਮੁਕੱਦਮ ਕੁੱਤੇ ਹਨ ਤਾਂ ਫਿਰ ਉਨ੍ਹਾਂ ਵਿਰੁੱਧ ਜੰਗ ਇਤਿਹਾਸ ਵਿੱਚ ਉੱਤਰ ਕੇ ਲੜੀ ਜਾ ਸਕਦੀ ਹੈ । ਇਹ ਜੰਗ ਖ਼ਾਲਸਾ ਲੜਦਾ ਰਿਹਾ ਹੈ ਅਤੇ ਲੜਦਾ ਰਹੇਗਾ ਵੀ । ਪਰ ਇਸ ਜੰਗ ਦੇ ਕਿਹੜੇ ਰੂਪ ਅਖਤਿਆਰ ਕਰਨੇ ਹਨ, ਉਹ ਸਮੇਂ ਤੇ ਸਥਾਨ ਮੁਤਾਬਕ ਵੱਖ ਹੋ ਸਕਦੇ ਹਨ । ਜਦੋਂ ਕੋਈ ਜਗਿਆਸੂ ਗੁਰਬਾਣੀ ਉੱਤੇ ਧਿਆਨ ਧਰਦਾ ਹੈ ਜਾਂ ਇਸ ਦੀ ਗੂੜ੍ਹ ਗਾਥਾ ਨੂੰ ਸਮਝਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਦੇ ਅੰਦਰ ਇਤਿਹਾਸ ਵਿੱਚ ਉਤਰਨ ਦਾ ਚਾਅ ਆਪ ਮੁਹਾਰੇ ਪੈਦਾ ਹੋ ਜਾਂਦਾ ਹੈ । ਇਤਿਹਾਸ ਵਿੱਚ ਉਤਰਨ ਦਾ ਮਤਲਬ ਹੈ ਇਤਿਹਾਸ ਨੂੰ ਸਮਝਣਾ ਤੇ ਇਸ ਨੂੰ ਬਦਲਣਾ ਵੀ । ਸਾਡੇ ਗੁਰੂ ਇਸ ਦੁਨੀਆਂ ਦੇ ਵੀ ਪਾਤਸ਼ਾਹ ਹਨ ਅਤੇ ਉਸ ਦੁਨੀਆਂ ਦੇ ਵੀ । ਇਸ ਦੁਨੀਆਂ ਦੀ ਪਾਤਸ਼ਾਹੀ ਦਸਮ ਪਿਤਾ ਨੇ ਖ਼ਾਲਸਾ ਜੀ ਨੂੰ ਬਖ਼ਸ਼ੀ ਹੈ । ਖ਼ਾਲਸਾ ਜੀ ਨੇ ਇਸ ਬਖ਼ਸ਼ਸ਼ ਦੀ ਕਿੰਨੀ ਕੁ ਕਦਰ ਪਾਈ ਹੈ ਇਹ ਇਕ ਵੱਖਰਾ ਪਰ ਗੰਭੀਰ ਸੁਆਲ ਹੈ, ਜੋ ਇਕ ਵੱਖਰੇ ਲੇਖ ਦੀ ਮੰਗ ਕਰਦਾ ਹੈ । ਪਰ ਜਿਥੇ-ਜਿਥੇ ਵੀ ਅਤੇ ਜਦੋਂ-ਜਦੋਂ ਵੀ ਖ਼ਾਲਸੇ ਨੇ ਕਦਰ ਪਾਈ ਹੈ ਉਹ ਸਾਡੇ ਇਤਿਹਾਸ ਦਾ ਇਕ ਸੁਨਹਿਰੀ ਕਾਂਡ ਹੈ । ਸਿੱਖ ਇਤਿਹਾਸ ਦੇ ਇਹ ਸੁਨਹਿਰੀ ਪੰਨੇ ਭਾਈ ਗਜਿੰਦਰ ਸਿੰਘ ਦੇ ਮਨ-ਮਸਤਕ ਵਿੱਚ ਵਸੇ ਹੋਏ ਹਨ । ਇਹੋ ਜਿਹੇ ਪੰਨਿਆਂ ਨੇ ਹੀ ਉਸਦੀ ਚੇਤਨਾ ਨੂੰ ਜੋਸ਼, ਹੋਸ਼ ਅਤੇ ਰੋਸ ਦੇ ਵੰਨ-ਸਵੰਨੇ ਰੰਗਾਂ ਨਾਲ ਸ਼ਰਸ਼ਾਰ ਕੀਤਾ ਹੈ । ਚੜ੍ਹਦੀ ਜੁਆਨੀ ਵਿੱਚ ਉਹ ਬਹੁਤ ਕਾਹਲਾ ਸੀ ਕਿ ਇਹ ਚੇਤਨਾ ਇਕ ਤੂਫਾਨ ਬਣਕੇ ਸਾਰੇ ਖ਼ਾਲਸੇ ਨੂੰ ਆਪਣੀ ਲਪੇਟ ਵਿੱਚ ਲੈ ਲਏ ਪਰ ਉਸ ਨੂੰ ਖ਼ਾਲਸੇ ਦੀ ਸਮੂਹਿਕ ਚੇਤਨਾ ਉੱਤੇ ਚੜ੍ਹੇ ਮਾਇਆ ਦੇ ਲੇਪ ਅਤੇ ਖ਼ਾਲਸੇ ਦੀ ਲੀਡਰਸ਼ਿੱਪ ਦੀਆਂ ਬਿਪਰਨ ਕੀ ਰੀਤ ਵੱਲ ਮੁੜੀਆਂ ਮੁਹਾਰਾਂ ਦੀ ਡੂੰਘੀ ਖ਼ਬਰਸਾਰ ਨਹੀਂ ਸੀ ਜਾਂ ਇਉਂ ਕਹਿ ਲਵੋ ਕਿ ਉਸ ਨੂੰ ਇਸ ਗੁੰਝਲਦਾਰ ਮਾਜਰੇ ਦਾ ਧੁੰਦਲਾ ਜਿਹਾ ਅਨੁਭਵ ਸੀ । ਪਰ ਉਸ ਉਦਾਸ ਦੌਰ ਵਿੱਚ ਵੀ ਉਹ ਇਤਿਹਾਸ ਦੇ ਬੀਤ ਚੁੱਕੇ ਸੁਨਹਿਰੀ ਪਲਾਂ ਨੂੰ ਭੁੱਲਿਆ ਨਹੀਂ ਸੀ । ਇਕ ਹੋਰ ਗੱਲ ਮੈਂ ਭਾਈ ਗਜਿੰਦਰ ਸਿੰਘ ਦੀਆਂ ਲਿਖਤਾਂ ਅਤੇ ਉਸ ਦੀ ਸ਼ਖ਼ਸ਼ੀਅਤ ਵਿੱਚੋਂ ਦੇਖੀ ਹੈ । ਉਹ ਇਹ ਕਿ ਉਹ ਇਤਿਹਾਸ ਵਿੱਚੋਂ ਵਿੱਚਰ ਕੇ ਵੀ ਇਤਿਹਾਸ ਦੇ ਅਮਰ ਸੋਮੇ ਨੂੰ ਭੁੱਲਦਾ ਨਹੀਂ, ਵਿਚਾਰਦਾ ਵੀ ਹੈ । ਭਲਾ ਕਿਹੜਾ ਹੈ ਇਹ ਸੋਮਾ ? ਇਹ ਸੋਮਾ ਹੈ ਗੁਰਬਾਣੀ ।
ਸ: ਕਰਮਜੀਤ ਸਿੰਘ ਜੀ ਹੋਰ ਲਿਖਦੇ ਹਨ ਕਿ ਜੇ ਸੰਸਾਰ ਸਭਿਆਤਾਵਾਂ ਦਾ ਉੱਘਾ ਵਿਸ਼ਲੇਸ਼ਕ ਆਰਨਲ ਟਾਇਨਬੀ ਇਹ ਭਵਿੱਖ ਬਾਣੀ ਕਰਦਾ ਹੈ ਕਿ ਆਉਣ ਵਾਲੇ ਸਾਲਾਂ ਵਿੱਚ ਗੁਰੂ ਗ੍ਰੰਥ ਸਾਹਿਬ ਨੇ ਕੋਈ ਰੋਲ ਅਦਾ ਕਰਨਾ ਹੈ ਤਾਂ ਫਿਰ ਕੀ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੀ ਸਿੱਖ ਕੌਮ ਇਹ ਰੋਲ ਨਿਭਾਉਣ ਲਈ ਤਿਆਰੀ ਕਰ ਰਹੀ ਹੈ ? ਇਨ੍ਹਾਂ ਸੁਆਲਾਂ ਦੇ ਜੁਆਬ ਲੱਭਣ ਲਈ ਅਸੀਂ ਸਾਇਦ ਹੀ ਕਦੇ ਨਿੱਠ ਕੇ ਬੈਠੇ ਹੋਈਏ । ਸਾਡੇ ਕੋਲ ਕੋਈ ਅਜਿਹੀ ਸੰਸਥਾ ਵੀ ਨਹੀਂ ਜੋ ਇਨ੍ਹਾਂ ਸੁਆਲਾਂ ਉੱਤੇ ਵਿਵੇਕ ਵਿਚਾਰਾਂ ਦਾ ਮਾਹੌਲ ਸਿਰਜੇ । ਸਿੱਖ ਵਿਦਵਾਨਾਂ ਦਾ ਵੱਡਾ ਹਿੱਸਾ ਹੋਰਨਾਂ ਹੋਰਨਾਂ ਕੰਮਾਂ ਵਿੱਚ ਗਲ-ਗਲ ਡੁੱਬਿਆ ਪਿਆ ਹੈ । ਉਂਜ ਸਸਤੀ ਰਾਜਨੀਤੀ ਦੇ ਵੱਖ-ਵੱਖ ਰੰਗ ਸਿੱਖ ਲੀਡਰਸ਼ਿੱਪ ਦੇ ਏਜੰਡੇ ਉੱਤੇ ਜਰੂਰ ਹਨ । ਤੇ ਫਿਰ ਲਕੀਰ ਲੇਖ ਸੰਗ੍ਰਹਿ ਬਾਰੇ ਸ: ਕਰਮਜੀਤ ਸਿੰਘ ਜੀ ਲਿਖਦੇ ਹਨ : 150 ਸਫ਼ਿਆਂ ਦੀ ਇਹ ਪੁਸਤਕ ਅਸਲ ਵਿੱਚ 20-25 ਰਚਨਾਵਾਂ ਦਾ ਮੇਲਾ ਹੈ ਜਿਸ ਵਿੱਚ ਉਹ (ਗਜਿੰਦਰ ਸਿੰਘ) 1984 ਤੋਂ ਹੁਣ ਤੱਕ ਦੀਆਂ ਘਟਨਾਵਾਂ ਉੱਤੇ ਟਿੱਪਣੀਆਂ ਕਰਦਾ ਹੈ । ਇਹ ਖ਼ਾਲਸੇ ਲਈ ਅਤਿ ਪੀੜਾ ਦਾ ਦੌਰ ਸੀ ਜਿਸ ਵਿੱਚ ਖ਼ਾਲਸਾ ਪੰਥ ਦੇ ਹਰਿਆਵਲ ਦਸਤੇ ਆਪਣੀ ਪਹਿਚਾਣ ਨੂੰ ਰਾਜ ਭਾਗ ਦੀ ਪੱਧਰ ਉੱਤੇ ਮੁੜ ਸਥਾਪਤ ਕਰਨ ਲਈ ਜੂਝੇ ਅਤੇ ਕੁਰਬਾਨ ਹੋਏ । ਭਾਈ ਗਜਿੰਦਰ ਸਿੰਘ ਦੇ ਲੇਖ ਪੜ੍ਹਨ ਨਾਲ ਅਸੀਂ ਇਹ ਦੌਰ ਦੀਆਂ ਘਟਨਾਵਾਂ ਨਾਲ ਇਕਸੁਰ ਹੁੰਦੇ ਹਾਂ, ਇਸ ਦੌਰ ਦੀਆਂ ਖਾਮੀਆਂ ਅਤੇ ਪ੍ਰਾਪਤੀਆਂ ਨਾਲ ਜੁੜਦੇ ਵੀ ਹਾਂ ਅਤੇ ਬੀਤੇ ਤੋਂ ਸਬਕ ਲੈ ਕੇ ਭਵਿੱਖ ਦੀ ਕੋਈ ਨਵੀਂ ਨੁਹਾਰ ਸਿਰਜਣ ਲਈ ਆਪਣੀ ਕਲਪਨਾ ਨੂੰ ਹਲੂਣਾ ਵੀ ਦਿੰਦੇ ਹਾਂ ।
ਤੇ ਅੰਤ ਵਿੱਚ ਸ: ਕਰਮਜੀਤ ਸਿੰਘ ਜੀ ਸਿੱਖ ਕੌਮ ਦੇ ਭਵਿੱਖ ਦੀ ਚਿੰਤਾ ਪ੍ਰਗਟਾਉਂਦੇ ਹੋਏ ਲਿਖਦੇ ਹਨ : ਅੱਜ ਕਈ ਅਹਿਮ ਸੁਆਲ ਸਿੱਖ ਪੰਥ ਦੀ ਲੀਡਰਸ਼ਿੱਪ ਦੇ ਸਾਹਮਣੇ ਖੜ੍ਹੇ ਹਨ । ਕੀ ਸਿੱਖ ਲੀਡਰਸ਼ਿੱਪ ਸੰਸਾਰ ਦੇ ਮੰਚ ਉੱਤੇ ਤੇਜ਼ੀ ਨਾਲ ਵਾਪਰ ਰਹੀਆਂ ਘਟਨਾਵਾਂ ਅਤੇ ਵਰਤਾਰਿਆਂ ਨੂੰ ਸਮਝਣ ਵਿੱਚ ਦਿਲਚਸਪੀ ਰੱਖਦੀਆਂ ਹਨ (ਜਾਂ ਕੌਮੀ ਘਰ ਦੀ ਮੰਜਿਲ &lsquoਤੇ ਪਹੁੰਚਣ ਲਈ ਵੱਖ-ਵੱਖ ਰਸਤਿਆਂ ਵਿੱਚ ਭਟਕਦੀਆਂ ਰਹਿਣਗੀਆਂ) ਕੀ ਨਿੱਕੀਆਂ ਕੌਮਾਂ ਵੱਲੋਂ ਆਪਣੀ ਅਜ਼ਾਦੀ ਲਈ ਚੱਲ ਰਹੇ ਸੰਘਰਸ਼ ਲੀਡਰਸ਼ਿੱਪ ਦੀਆਂ ਨੀਂਦਰਾਂ ਉੱਤੇ ਬੋਝ ਪਾਉਂਦੇ ਹਨ ? ਹੋਰ ਸਵਾਲ ਵੀ ਹਨ ਜਿਵੇਂ ਸੰਸਾਰ ਵਿੱਚ ਹੋ ਰਹੀ ਉੱਥਲ-ਪੁਥਲ ਦੀਆਂ ਹੋ ਰਹੀਆਂ ਭਿੰਨ-ਭਿੰਨ ਵਿਆਖਿਆਵਾਂ ਨਾਲ ਕੀ ਅਸੀਂ ਜੁੜੇ ਹੋਏ ਹਾਂ ? ਸਿੱਖ ਨੁਕਤਾਨਿਗਾਹ ਤੋਂ ਮੌਜੂਦਾ ਹਾਲਾਤਾਂ ਦੀਆਂ ਬਰੀਕ ਪਰਤਾਂ ਦੀ ਕੀ ਵਿਆਖਿਆ ਕੀਤੀ ਜਾਵੇ ? (ਸਮਾਪਤ)
ਦਰਅਸਲ ਸਿੱਖ ਕੌਮ ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਾਹਬਰੀ ਦੀ ਲੋੜ ਨਹੀਂ ਸਮਝਦੀ, ਸਿੱਖ ਸੰਘਰਸ਼ ਵਿੱਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦੈਵੀ ਸਿਧਾਂਤ ਨੂੰ ਮਨਫੀ ਕਰਕੇ ਸਿੱਖ ਕੌਮ ਆਪਣੀ ਮੰਜ਼ਿਲ &lsquoਤੇ ਨਹੀਂ ਪਹੁੰਚ ਸਕੇਗੀ । ਦੇਸ਼ਾਂ ਵਿਦੇਸ਼ਾਂ ਵਿੱਚ ਫੈਲੇ ਹੋਏ ਖ਼ਾਲਸਾ ਪੰਥ ਲਈ ਸਭ ਤੋਂ ਜਰੂਰੀ ਅਤੇ ਚਿੰਤਾ ਦਾ ਵਿਚਾਰਨ ਯੋਗ ਵਿਸ਼ਾ ਹੈ ਕਿ ਕੀ ਛੋਟੀ ਜਿਹੀ ਸਿੱਖ ਕੌਮ, ਵੋਟ ਰਾਜਨੀਤੀ ਤਹਿਤ ਵੱਖ-ਵੱਖ ਰਾਜਨੀਤਕ ਪਾਰਟੀਆਂ ਵਿੱਚ ਵੰਡੀ ਹੋਈ ਅਤੇ ਧਾਰਮਿਕ ਪੱਖੋਂ ਵੱਖ-ਵੱਖ ਸੰਪਰਦਾਵਾਂ, ਦਲਾਂ, ਡੇਰਿਆਂ, ਧੜਿਆਂ, ਧਿਰਾਂ ਦੀਆਂ ਵੱਖ-ਵੱਖ ਮਰਿਯਾਦਾਵਾਂ ਨੂੰ ਪ੍ਰਣਾਈ ਹੋਈ ਆਪਣੀ ਨਿਆਰੀ, ਅੱਡਰੀ ਤੇ ਸੁਤੰਤਰ ਹੋਂਦ ਹਸਤੀ ਵਾਲੇ ਵਜੂਦ ਨੂੰ ਕਾਇਮ ਕਰਕੇ ਕੌਮੀ ਘਰ ਦੀ ਪ੍ਰਾਪਤੀ ਕਰ ਸਕੇਗੀ ? 
ਅਗਲੇ ਹਫ਼ਤੇ ਪੜੋ੍ਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇਤਿਹਾਸਕ ਪੱਖ
ਭੁੱਲਾਂ ਚੁੱਕਾਂ ਦੀ ਖਿਮਾਂ
ਗੁਰੂ ਪੰਥ ਦਾ ਦਾਸ
ਜਥੇਦਾਰ ਮਹਿੰਦਰ ਸਿੰਘ ਯੂ।ਕੇ।