image caption: ਗੁਰਮੀਤ ਸਿੰਘ ਪਲਾਹੀ

ਖੇਡਾਂ,ਪੰਜਾਬ ਅਤੇ ਸਿਆਸਤ

ਖੇਡਾਂ, ਖੇਡਣੀਆਂ ਪੰਜਾਬੀਆਂ ਦਾ ਸੁਭਾਅ ਹੈ| ਖੇਡ,ਖੇਡ ਦੇ ਮੈਦਾਨ ਦੀ ਹੋਵੇ, ਖੇਡ ਸਿਆਸਤ ਦੀ ਹੋਵੇ, ਖੇਡ ਪੰਜਾਬੀ ਗ੍ਰਹਿਸਥੀ ਜੀਵਨ ਦੀ ਹੋਵੇ| ਪੰਜਾਬੀਆਂ ਦੀ ਖੇਡ ਨਿਰਾਲੀ ਹੈ, ਨਿਵੇਕਲੀ ਹੈ, ਕਿਧਰੇ ਦਿਲ-ਮਨ ਨੂੰ ਛੂਹ ਲੈਣ ਵਾਲੀ ਹੈ, ਕਿਧਰੇ ਜਾਨ ਲੇਵਾ ਹੈ, ਅਤੇ ਕਿਧਰੇ ਦੂਸਰਿਆਂ ਨੂੰ ਸਬਕ ਸਿਖਾਉਣ ਵਾਲੀ ਹੈ| ਕਿਧਰੇ ਆਪਣਾ ਉਜਾੜਾ ਆਪ ਪਾਉਣ ਵਾਲੀ ਹੈ|
ਸਿਆਸਤ ਦੀਆਂ ਅੰਦਰਲੀਆਂ ਪੇਚਦਗੀਆਂ ਜਾਂ ਗੁੰਝਲਾਂ ਤੋਂ ਅਨਜਾਣ,ਕਿਸੇ ਦੂਜੇ ਦੀ ਗੱਲ ਨੂੰ ਸਹਿਜ-ਸੁਭਾਅ ਮੰਨ ਲੈਣ ਵਾਲੇ ਪੰਜਾਬੀ, ਖੇਡ ਖੇਤਰ &lsquoਚ ਮੱਲਾਂ ਮਾਰਨ ਲਈ ਮਸ਼ਹੂਰ ਤਾਂ ਹੋਏ ਹੀ , ਦੇਸੀਂ-ਪ੍ਰਦੇਸੀਂ ਜੁਸਿਆਂ ਦੇ ਬੱਲ ਤੇ, ਸੋਚ ਦੇ ਜ਼ੋਰ ਨਾਲ, ਤਰਕੀਬਾਂ ਅਤੇ ਮਿਲਾਪੜੇ ਸੁਭਾਅ ਨਾਲ ਆਪਣੇ ਕੱਦ ਕਾਠ ਵਧਾਉਣ &lsquoਚ ਸਫ਼ਲ ਹੋਏ| ਇੰਜ ਵਿਸ਼ਵ ਪੱਧਰ ਤੇ ਵਿਚਰਦਿਆਂ ਉਹਨਾ ਨਾ ਆਪਣੀ ਮਾਂ-ਬੋਲੀ ਛੱਡੀ, ਨਾ ਆਪਣੀ ਮਾਂ-ਖੇਡ ਕਬੱਡੀ ਨੂੰ ਤੱਜਿਆ, ਨਾ ਪਹਿਲਵਾਨੀ ਤੋਂ ਮੂੰਹ ਮੋੜਿਆ, ਨਾ ਆਪਣੇ ਰੰਗਲੇ ਸਭਿਆਚਾਰ ਨੂੰ ਤਲਾਜ਼ਲੀ ਦਿੱਤੀ | ਆਪਣੇ ਸਭਿਆਚਾਰ,ਆਪਣੀ ਨਿੱਜੀ ਧਰਮ ਨੂੰ ਤਾਂ ਉਸ ਆਪਣੀ ਜ਼ਿੰਦਗੀ ਤੋਂ ਬਾਹਰ ਹੋਣ ਹੀ ਨਹੀਂ ਸੀ ਦੇਣਾ!
ਪੰਜਾਬੀਆਂ ਦਾ ਖੇਡਾਂ ਨਾਲ ਮੋਹ, ਆਪਣੇ ਖੇਤਾਂ ਨਾਲ ਮੋਹ ਜਿਹਾ ਹੈ| ਖੇਤ ਵੱਟ ਲਈ ਸ਼ਰੀਕਾਂ ਨਾਲ ਵੱਢ-ਟੁੱਕ ਮਾਰ-ਵੱਢ, ਗਾਲੀ ਗਲੋਚ, ਆਪਣੇ ਹੱਕ ਲਈ ਲੜਾਈ ਉਹਦੇ ਕਣ-ਕਣ &lsquoਚ ਵਸੀ ਹੋਣ ਕਰਕੇ ਜੁੱਸਿਆਂ ਦੀ ਤਾਕਤ ਵਧਾਉਣਾ, ਸਰੀਰਾਂ ਨੂੰ ਪਾਲਣਾ ਤਾਕਤ ਦਾ ਦਿਖਾਵਾ ਕਰਨਾ ਅਤੇ ਫਿਰ ਉਸੇ ਤਾਕਤ ਨੂੰ ਕਿਸੇ ਥਾਂ ਸਿਰ ਕਰਨਾ ਪੰਜਾਬੀਆਂ ਦਾ ਸ਼ੌਕ ਹੈ| ਬੱਦਲਾਂ ਦੀ ਗਰਜਣ, ਬਿਜਲੀ ਦੀ ਗੜਕਣ ਅਤੇ ਲਿਸ਼ਕਣ ਦਾ ਕਦੇ ਉਹਨਾ ਦੇ ਮਨ &lsquoਚ ਡਰ ਨਹੀਂ ਰਿਹਾ| ਉਹ ਜਦੋਂ ਲੜਦੇ ਹਨ, ਭਿੜਦੇ ਹਨ, ਕਬੱਡੀ ਦੇ ਮੈਦਾਨ ਵਿੱਚ,ਪਹਿਲਵਾਨੀ ਅਖਾੜੇ ਵਿੱਚ, ਸ਼ੈਲ-ਛਬੀਲੇ ਗੱਭਰੂ,ਦਹਾੜਦੇ ਹਨ, ਤਾਂ ਮੋਰ ਦੀ ਪੈਲਾਂ ਵੀ ਫਿੱਕੀਆਂ ਪੈ ਜਾਂਦੀਆਂ ਹਨ, ਸ਼ੇਰਾਂ ਦੀ ਗਰਜਨਾ ਵੀ ਲੋਕਾਂ ਨੂੰ ਭੁੱਲ ਜਾਂਦੀ ਹੈ| ਖੇਡ, ਤਾਂ ਪੰਜਾਬੀਆਂ ਲਈ ਉਹਨਾ ਦਾ ਵਿਰਸਾ ਹੈ,ਬਾਬੇ ਨਾਨਕ ਦੀ ਬਾਣੀ ਦਾ ਸੱਚ ਹੈ, ਜਿਹਨੂੰ ਉਹ ਪੱਲੇ ਬੰਨ ਜ਼ਿੰਦਗੀ &lsquoਚ ਵਿਚਰਦਾ ਹੈ, ਪ੍ਰਾਪਤੀਆਂ ਕਰਦਾ ਹੈ, ਉਹਦੇ ਗੁਣ ਗਾਉਂਦਾ ਹੈ,ਉਹਦਾ ਲੱਖ-ਲੱਖ ਸ਼ੁਕਰ ਮਨਾਉਂਦਾ ਹੈ|
ਪਿੰਡ ਦੀ ਸ਼ਾਮ ਵੇਖ ਲਓ, ਭਾਵੇਂ ਸਵੇਰ! ਖੇਡਾਂ ਦਾ ਝਲਕਾਰਾ ਪਿੰਡਾਂ ਦੀ ਬਰੂਹਾਂ &lsquoਚ ਦਿਸਦਾ ਹੈ| ਬਿਨ੍ਹਾਂ ਸ਼ੱਕ ਪੰਜਾਬੀ ਜੁਸਿਆਂ ਤੇ ਸੁਭਾਅ ਲੂੰ ਉਜਾੜਨ ਦੇ ਨਸ਼ਿਆਂ ਦੇ ਸਾਜ਼ਿਸ਼ੀ ਹਮਲਿਆਂ ਨੇ ਪੰਜਾਬੀ ਨੌਜਵਾਨਾਂ, ਬੱਚਿਆਂ, ਮੁਟਿਆਰਾਂ ਦੇ ਰਾਹ ਔਝੜੇ ਕੀਤੇ ਹਨ| ਮੁੰਡੇ,ਮੋਟਰਸਾਈਕਲ, ਮੋਬਾਇਲ,ਵਿਦੇਸ਼ੀ ਰਾਹ ਪਾਉਣ ਦੇ ਰਾਹ ਪਾ ਦਿਤੇ ਗਏ ਹਨ,ਮੁਟਿਆਰਾਂ ਵੀ ਕਿਸੇ ਤਰ੍ਹਾਂ ਰੀਸੋ-ਰੀਸੀ ਉਹ ਹਰ ਸ਼ੌਕ ਪਾਲ ਰਹੀਆਂ ਹਨ, ਜੋ ਮੁੰਡੇ ਹੰਢਾਉਂਦੇ ਹਨ,ਪਰ ਖੇਡਾਂ ਹਾਲੇ ਵੀ ਪੰਜਾਬੀਆਂ ਲਈ ਜੀਵਨ-ਜਾਚ ਹਨ| ਖੇਡਾਂ ਹਾਲੇ ਵੀ ਉਹਨਾ ਦੇ ਖ਼ੂਨ &lsquoਚ ਰਚੀਆਂ ਹੋਈਆਂ ਹਨ| ਖੇਡਾਂ ਅਤੇ ਭੰਗੜੇ ਦੀ ਤਾਲ-ਸੁਰ, ਗਿੱਧੇ ਦੀ ਧਮਾਲ ਤੇ ਬੋਲੀਆਂ ਨੂੰ, ਬਾਬੇ ਦੀ ਬਾਣੀ ਨੂੰ, ਕਿਹੜਾ ਸਿਆਸੀ ਦਲਾਲ, ਕਿਹੜਾ ਸਿਆਸੀ ਭਗਵਾਂਪਨ, ਕਿਹੜਾ ਸਿਆਸੀ ਡਿਕਟੇਟਰ, ਪੰਜਾਬੀਆਂ ਤੋਂ ਖੋਹ ਸਕਦਾ ਹੈ, ਜਾਂ ਖੋਹ ਸਕਿਆ ਹੈ? ਭਾਵੇਂ ਇਹ ਖੋਹਣ ਦੇ ਯਤਨ 47 &lsquoਚ ਵੀ ਹੋਏ, 84 &lsquoਚ ਵੀ ਹੋਏ, ਨਸ਼ਿਆਂ ਦੀ ਮਾਰ ਅਤੇ ਖਾੜਕੂਵਾਦ ਸਮੇਂ ਸ਼ਰੇਆਮ ਹਜ਼ਾਰਾਂ ਨੌਜਵਾਨਾਂ ਦੇ ਮਾਰਨ, ਲਾਪਤਾ ਕਰਨ ਦੇ ਯਤਨਾਂ ਨਾਲ ਵੀ ਹੋਏ ਅਤੇ ਹੁਣ ਕਿਸਾਨਾਂ ਵਿਰੁੱਧ ਕਾਲੇ ਕਾਨੂੰਨ ਪਾਸ ਕਰਕੇ, ਉਹਨਾ ਦੀ ਜ਼ਮੀਨ ਨੂੰ, ਉਹਨਾ ਦੀ ਹੋਂਦ ਨੂੰ, ਉਹਨਾ ਦੀ ਅਣਖ਼ ਨੂੰ ਖ਼ਤਰਾ ਪੈਦਾ ਕਰਕੇ ਵੀ ਹੋਏ! ਪਰ, ਪੰਜਾਬੀ, ਪ੍ਰੋ: ਪੂਰਨ ਸਿੰਘ ਦੇ ਸ਼ਬਦਾਂ ਚ ਟੈਂਅ ਨਾ ਮੰਨਣ ਕਿਸੇ ਦੀ
ਪੰਜਾਬ ਦਾ ਪਿੰਡ ਕਦੇ ਉਦਾਸ ਹੁੰਦਾ ਹੈ, ਕਦੇ ਹੁਲਾਸ ਨਾਲ ਭਰਦਾ ਹੈ| ਉਦਾਸ ਹੁੰਦਾ ਹੈ ਉਦੋਂ ਜਦੋਂ ਕੋਈ ਜੁਆਨ ਨਸ਼ੇ ਦੀ ਬਲੀ ਚੜ੍ਹਦਾ ਹੈ, ਜਦੋਂ ਕੋਈ ਕਿਸਾਨ ਸ਼ਤੀਰਾਂ ਨਾਲ ਲਟਕ ਜਾਂਦਾ ਹੈ, ਖ਼ੁਦਕੁਸ਼ੀ ਕਰ ਜਾਂਦਾ ਹੈ, ਪਰ ਖ਼ੁਸ਼ ਹੁੰਦਾ ਹੈ ਉਦੋਂ ਜਦੋਂ ਹਾਕੀ ਜਿੱਤ ਪੰਜਾਬੀ ਖਿਡਾਰੀ ਵਰ੍ਹਿਆਂ ਬਾਅਦ ਦੇਸ਼ ਨੂੰ ਖ਼ੁਸ਼ੀ ਦਿੰਦੇ ਹਨ| ਪੰਜਾਬ ਦਾ ਪਿੰਡ ਉਦਾਸ ਹੁੰਦਾ ਹੈ ਉਦੋਂ ਜਦੋਂ ਧੀਆਂ ਦਾ ਕੁੱਖ ਚ ਕਤਲ ਕੀਤਾ ਜਾਂਦਾ ਹੈ, ਖੁਸ਼ ਹੁੰਦਾ ਹੈ ਉਦੋਂ ਜਦੋਂ ਧੀਆਂ ਖੇਡਾਂ, ਪੜ੍ਹਾਈ ਦੇ ਖੇਤਰ ਚ ਵੱਡੀਆਂ ਪ੍ਰਾਪਤੀਆਂ ਕਰਦੀਆਂ ਹਨ ਅਤੇ ਮਾਪਿਆਂ ਤੇ ਸਮਾਜ ਦੀ ਖੁਸ਼ੀ ਦਾ ਬਾਰੋਬਰ ਦਾ ਹਿੱਸਾ ਬਣਦੀਆਂ ਹਨ|
ਪੰਜਾਬ ਦੇ ਪਿੰਡਾਂ ਦੇ ਪਹਿਲਵਾਨੀ ਅਤੇ ਕਬੱਡੀ ਦੇ ਅਖ਼ਾੜੇ, ਫੁੱਟਬਾਲ, ਬਾਲੀਵਾਲ ਦੇ ਮੈਦਾਨ, ਪਿੰਡ ਦਾ ਸ਼ਿੰਗਾਰ ਹਨ| ਸਵੇਰੇ, ਸ਼ਾਮੀ ਬੱਚੇ, ਨੌਜਵਾਨ ਜਦੋਂ ਖੇਡ ਮੈਦਾਨ &lsquoਚ ਬੁੱਕਦੇ ਹਨ, ਪ੍ਰੈਕਟਿਸ ਕਰਦੇ ਹਨ, ਜੁੱਸਿਆਂ ਨੂੰ ਤਕੜਾ ਸੁਡੋਲ ਕਰਦੇ ਹਨ ਅਤੇ ਫਿਰ ਕਬੱਡੀ, ਫੁੱਟਬਾਲ, ਮੁਕਾਬਲਿਆਂ &lsquoਚ ਹਿੱਸਾ ਲੈਂਦੇ ਹਨ ਤਾਂ ਨਜ਼ਾਰਾ ਵੇਖਿਆਂ ਹੀ ਬਣਦਾ ਹੈ| ਖੁਸ਼ੀ ਦੇ ਪਲ ਤਾਂ ਖੇਡ ਮੈਦਾਨ ਉਦੋਂ ਹੰਡਾਉਂਦਾ ਹੈ, ਜਦੋਂ ਪਿੰਡਾਂ &lsquoਚ ਫੁੱਟਬਾਲ ਟੂਰਨਾਮੈਂਟ, ਵੇਟ ਲਿਫਟਿੰਗ ਮੁਕਾਬਲੇ ਅਤੇ ਕਬੱਡੀ ਦੇ ਵਿਸ਼ਵ-ਪੱਧਰੀ ਮੁਕਾਬਲੇ ਪ੍ਰਵਾਸੀ ਵੀਰਾਂ ਦੇ ਸਹਿਯੋਗ ਨਾਲ ਪਿੰਡਾਂ &lsquoਚ ਕਰਵਾਏ ਜਾਂਦੇ ਹਨ| ਨੌਜਵਾਨਾਂ ਨੂੰ ਖੇਡਾਂ &lsquoਚ ਰੁਚਿਤ ਹੋਣ ਦਾ ਹੁਲਾਰਾ ਦਿੰਦੇ ਹਨ| ਇਹ ਹੁਲਾਸ ਵਰ੍ਹੇ ਭਰ ਅਗਲੇ ਸਾਲ ਚ ਇੱਕ ਨਵੀਂ ਆਸ ਨਾਲ ਜੀਉਂਦਾ ਜਾਗਦਾ ਹੈ, ਪਿੰਡ ਦੇ ਜਾਗਣ ਵਾਂਗਰ, ਜੋ ਕਦੇ ਸੌਂਦਾ ਨਹੀਂ, ਖ਼ਬਰਦਾਰ ਰਹਿੰਦਾ ਹੈ, ਆਪਣੇ ਬੱਚਿਆਂ ਲਈ, ਆਪਣੇ ਪੁੱਤਾਂ, ਧੀਆਂ ਲਈ, ਆਪਣੇ ਵਿਰਸੇ-ਸਭਿਆਚਾਰ ਲਈ ਅਤੇ ਸਭ ਤੋਂ ਵੱਧ ਮਾੜੇ-ਭੈੜੇ ਉਹਨਾ ਲੋਕਾਂ ਤੋਂ ਆਪਣੇ ਭਵਿੱਖ ਨੂੰ ਬਚਾਉਣ ਲਈ, ਜਿਹੜੇ ਉਹਨਾ ਪੱਲੇ ਭ੍ਰਿਸ਼ਟਾਚਾਰ ਪਾ ਰਹੇ ਹਨ, ਉਹਨਾ ਚ ਧੜੇ-ਬੰਦੀ ਦੇ ਬੀਅ  ਬੀਜ ਰਹੇ ਹਨ, ਜਿਹੜੇ ਨਫ਼ਰਤ-ਸਾੜੇ ਦੀ ਸਿਆਸਤ ਕਰਕੇ ਧਰਮ-ਜਾਤ ਦੀ ਵੰਡ ਦਾ ਵਖਰੇਵਾਂ ਪਾਕੇ, ਵੋਟ ਰਾਜੀਨੀਤੀ ਦੀ ਖਾਤਰ ਸਭੋ ਕੁਝ ਹਥਿਆਉਣਾ ਚਾਹੁੰਦੇ ਹਨ, ਪਿੰਡ ਵੀ, ਖੇਤ ਵੀ, ਖੇਡ ਵੀ ਅਤੇ ਮਨੁੱਖੀ ਜ਼ਿੰਦਗੀ ਵੀ|
ਪੰਜਾਬੀਆਂ ਦੀ ਪਹਿਲੀ ਕਿਲਕਾਰੀ ਖੇਡ ਹੈ| ਬਚਪਨ, ਜੁਆਨੀ, ਬੁਢਾਪਾ ਉਹਨਾ ਨੂੰ ਕਿਸੇ ਹੀਲੇ ਵੀ ਖੇਡ ਤੋਂ ਵੱਖ ਨਹੀਂ ਹੋਣ ਦਿੰਦਾ| ਇਹੋ ਖੇਡ ਦਾ ਰੰਗ, ਉਹਨਾ ਨੂੰ ਸਰਹੱਦਾਂ ਦੀ ਰਾਖੀ ਲਈ ਭੇਜਦਾ ਹੈ, ਇਹੋ ਖੇਡ ਦਾ ਰੰਗ ਉਹਨਾ ਨੂੰ ਨਿਹੱਕਿਆਂ ਦੇ ਹੱਕ &lsquoਚ ਖੜਨ, ਉਹਨਾ ਲਈ ਜਾਨ ਵਾਰਨ ਅਤੇ ਆਪਣੀ ਹੱਕ ਪ੍ਰਾਪਤੀ ਦੇ ਸੰਘਰਸ਼ ਲਈ ਪ੍ਰੇਰਦਾ ਹੈ| ਖੇਡ, ਖੇਡ ਚ ਪੰਜਾਬੀ ਵੱਡੀਆਂ ਪ੍ਰਾਪਤੀਆਂ ਕਰਦੇ ਹਨ| ਪਰ ਖੇਡ, ਖੇਡ ਚ ਅਤੀਤ &lsquoਚ ਉਹਨਾ ਬਹੁਤ ਕੁਝ ਗੁਆਇਆ ਹੈ| ਸਿਆਸੀ ਖੇਡਾਂ &lsquoਚ ਦਿੱਲੀ ਹੱਥੋਂ ਪੰਜਾਬੀ ਮਾਤ ਖਾਂਦੇ ਰਹੇ ਹਨ, ਪਰ ਕਦੇ ਝੁਕੇ ਨਹੀਂ, ਅੜੇ ਰਹੇ, ਖੜੇ ਰਹੇ, ਬੜਾ ਕੁਝ ਗੁਆਇਆ ਧਨ, ਦੌਲਤ, ਸਰੀਰ, ਮਨ ਦਾ ਚੈਨ ਪਰ ਬੜਾ ਕੁਝ ਪਾਇਆ ਅਣਖ਼, ਸੰਤੁਸ਼ਟੀ ਅਤੇ ਟੌਹਰ-ਟੱਪਾ| ਬਿਨ੍ਹਾਂ ਸ਼ੱਕ ਅਫਗਾਨੇ-ਕਸ਼ਮੀਰੇ-ਦਿੱਲੀ ਤੱਕ ਰਾਜ ਕੀਤਾ, ਪਰ ਇਮਾਨਦਾਰ ਖੇਡ ਦੀ ਕਰਾਮਾਤ ਹੀ ਕਹਾਂਗੇ, ਸਭੋ ਕੁਝ ਸਿਮਟ ਪੰਜ ਦਰਿਆਵਾਂ ਨੂੰ ਸੰਭਾਲ ਲਿਆ| ਪਰ ਸਿਆਸੀ ਰੰਗ ਢੰਗ ਦੀ ਖੇਡ ਨੇ, ਉਹਦੇ ਢਾਈ ਦਰਿਆ ਹੀ ਪੱਲੇ ਰਹਿਣ ਦਿੱਤੇ| ਰਾਜਧਾਨੀ ਤੇ ਪੰਜਾਬੀ ਬੋਲਦੇ ਇਲਾਕੇ ਤਾਂ ਸਾਜ਼ਿਸ਼ਨ ਉਹਨਾ ਹਥਿਆਉਣੇ ਹੀ ਸਨ, ਪੰਜਾਬ ਦੇ ਦਰਿਆਵਾਂ ਦਾ ਪਾਣੀ ਵੀ ਖੋਹ ਲਿਆ| ਪੰਜਾਬੀ, ਜਿਹੜੇ ਅਧਾਰ &lsquoਤੇ ਸੂਬਾ ਪੰਜਾਬ ਬਣਿਆ ਸੀ, ਸਿਆਸਤਦਾਨਾਂ ਦੀ ਬੇਰੁਖ਼ੀ ਕਾਰਨ ਪੰਜਾਬੀ ਮਾਂ ਬੋਲੀ, ਮਤਰੇਈ ਮਾਂ ਵਾਲਾ ਸਲੂਕ ਹੰਢਾ ਰਹੀ ਹੈ| ਇਹ ਖੇਡਾਂ, ਇਹ ਚਾਲਾਂ ਇਹ ਸਾਜ਼ਿਸ਼ਾਂ ਹੰਢਾਉਣ ਲਈ ਆਦੀ ਹੋ ਚੁੱਕੇ ਪੰਜਾਬੀ ਫਿਰ ਵੀ ਖੇਡਾਂ ਨਹੀਂ ਭੁਲੇ, ਮੇਲੇ ਨਹੀਂ ਭੁਲੇ, ਸਭਿਆਚਾਰ ਨਹੀਂ ਭੁਲੇ! ਆਪਣਾ ਵਿਰਸਾ ਉਹਨਾ ਦੀ ਕੁੱਖ &lsquoਚ ਪਲ ਰਿਹਾ|
ਪਰ ਸਰਕਾਰਾਂ ਖੇਡਾਂ ਨਾਲ ਮਜ਼ਾਕ ਕਰ ਰਹੀਆਂ ਹਨ| ਕਦੇ ਕਦਾਈ ਖੇਡਾਂ ਨੂੰ ਸਿਆਸਤ ਲਈ ਵਰਤਦੀਆਂ ਨਜ਼ਰ ਆਉਂਦੀਆਂ ਹਨ| ਪਿਛਲੇ ਵਰ੍ਹਿਆਂ &lsquoਚ ਵਿਸ਼ਵ ਕਬੱਡੀ ਟੂਰਨਾਮੈਂਟ ਕਿਸੇ ਸਿਆਸੀ ਧਿਰ ਵਾਲੀ ਸਰਕਾਰ ਨੇ ਕਰਵਾਏ, ਆਪਣੀ ਸਿਆਸੀ ਹਿੱਤਾਂ ਦੀ ਪੂਰਤੀ ਲਈ, ਉਵੇਂ ਹੀ ਜਿਵੇਂ ਵਰ੍ਹਿਆਂ-ਬੱਧੀ ਪੰਜਾਬੀ &lsquoਚ ਪ੍ਰਵਾਸੀ ਸੰਮੇਲਨ ਕਰਵਾਏ ਵੋਟਾਂ ਦੀ ਪ੍ਰਾਪਤੀ ਲਈ! ਪਰ ਪੰਜਾਬੀਆਂ ਕੀ ਖੱਟਿਆ?
ਪੰਜਾਬ ਸਰਕਾਰਾਂ ਕਦੇ ਖੇਡਾਂ ਨੂੰ ਉਤਸ਼ਾਹਿਤ ਕਰਨ ਵੱਲ ਨਜ਼ਰ ਸਵੱਲੀ ਨਹੀਂ ਕੀਤੀ| ਕਿਥੇ ਗਏ ਹਰ ਵਰ੍ਹੇ ਪੰਚਾਇਤਾਂ, ਪਿੰਡਾਂ ਚ ਕਰਵਾਏ ਜਾਣ ਵਾਲੇ ਬਲਾਕ, ਜ਼ਿਲਾ, ਸੂਬਾ ਪੱਧਰੀ ਖੇਡ ਮੁਕਾਬਲੇ? ਸਿਰਫ਼ ਸਕੂਲਾਂ ਚ ਸਿਮਟਕੇ ਰਹਿ ਗਏ ਹਨ ਇਹ ਖੇਡ ਮੁਕਾਬਲੇ, ਖੋਹ-ਖੋਹ, ਕਬੱਡੀ, ਫੁੱਟਬਾਲ, ਵਾਲੀਬਾਲ ਟੇਬਲ ਟੈਨਿਸ ਦੇ ਮੁਕਾਬਲਿਆਂ ਤੱਕ ਸੀਮਤ, ਉਹ ਵੀ ਖ਼ਾਨਾ ਪੂਰਤੀ ਲਈ| ਕਿੰਨੇ ਸਟੇਡੀਅਮ ਹਨ ਸਰਕਾਰ ਦੇ ਸੂਬੇ &lsquoਚ? ਕਿੰਨੀਆਂ ਜਿੰਮਾਂ ਹਨ, ਪੰਜਾਬ ਚ? ਕਿੰਨੇ  ਕੋਚ ਭਰਤੀ ਕੀਤੇ ਹਨ ਖੇਡ ਵਿਭਾਗ &lsquoਚ? ਕਿੰਨੇ ਪੀ.ਟੀ.ਆਈ., ਡੀ.ਪੀ.ਆਈ. ਸਿੱਖਿਆ ਵਿਭਾਗ ਚ ਤਾਇਨਾਤ ਹਨ? ਕਿੰਨਾ ਬਜ਼ਟ ਹੈ ਖੇਡ ਵਿਭਾਗ ਦਾ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ? ਪਰ ਤਸੱਲੀ  ਵਾਲੀ ਗੱਲ ਹੈ ਪਿੰਡ ਸੰਸਾਰਪੁਰ &lsquoਚ ਹਾਕੀ ਮੈਦਾਨ ਦਾ ਅੰਤਰਰਾਸ਼ਟਰੀ ਪੱਧਰ ਦਾ ਮੈਦਾਨ ਹੈ| ਇਹ ਵੀ ਤਸੱਲੀ ਵਾਲੀ ਗੱਲ ਹੈ ਕਿ ਵੱਡੀ ਗਿਣਤੀ ਪੰਜਾਬੀ ਖਿਡਾਰੀ, ਭਾਰਤੀ ਹਾਕੀ ਟੀਮ ਦਾ ਹਿੱਸਾ ਹਨ| ਇਹ ਉਹਨਾ ਦੀ ਲਗਨ, ਮਿਹਨਤ, ਸਿਰੜ ਦਾ ਸਿੱਟਾ ਹੈ| ਇਹ ਵੀ ਤਸੱਲੀ ਵਾਲੀ ਗੱਲ ਹੈ ਕਿ ਜੇਤੂ ਖਿਡਾਰੀਆਂ ਦਾ ਪੰਜਾਬ ਸਰਕਾਰ &lsquoਤੇ ਪੰਜਾਬੀਆਂ ਮਾਣ-ਸਨਮਾਨ ਕੀਤਾ ਹੈ| ਬਹੁਤ ਸਾਰੇ ਪਿੰਡਾਂ &lsquoਚ ਖੇਡਾਂ ਸਟੇਡੀਅਮ ਹਨ, ਜਿੰਮਾਂ ਹਨ, ਪਹਿਲਵਾਨਾਂ ਦੇ ਅਖਾੜੇ ਹਨ| ਰਾਏਕੋਟ &lsquoਚ ਲੋਕ-ਖੇਡਾਂ ਹੁੰਦੀਆਂ ਹਨ| ਜਲੰਧਰ &lsquoਚ ਹਾਕੀ ਟੂਰਨਾਮੈਂਟ ਹੁੰਦੇ ਹਨ|
ਪਰ ਪੰਜਾਬ ਸਰਕਾਰ ਦੀ ਖੇਡ ਪਾਲਿਸੀ ਕਿਥੇ ਹੈ? ਸੂਬੇ ਦਾ ਖੇਡ ਵਿਭਾਗ ਕਾਗਜ਼ਾਂ ਚ ਹੋਏਗਾ, ਅਮਲਾਂ ਚ ਪੰਜਾਬ ਚ ਕਿਧਰੇ ਵਿਖਾਈ ਨਹੀਂ ਦੇਂਦਾ| ਪਿੰਡਾਂ ਦੀਆਂ ਬਰੂਹਾਂ &lsquoਚ ਤਾਂ ਉਸਦੀ ਦਸਤਕ ਨਾ-ਮਾਤਰ ਹੈ| ਇੰਜ ਕਿਵੇਂ ਚੱਲੇਗਾ ਪੰਜਾਬ ਦਾ ਖੇਡ ਸਭਿਆਚਾਰ? ਇੰਜ ਕਿਵੇਂ ਬਚੇਗਾ ਪੰਜਾਬ? ਇਕੱਲੀ ਸਰਕਾਰ ਹੀ ਕਿਉਂ, ਸਾਡੇ ਪੰਜਾਬੀ ਧੁਰੰਤਰ, ਪੰਜਾਬੀ-ਬੁੱਧੀਜੀਵੀ, ਸੁਚੇਤ ਪੰਜਾਬੀ ਆਪਣੇ ਮਾਮਲਿਆਂ, ਆਪਣੇ ਨਾਲ ਹੁੰਦੇ ਧੱਕਿਆਂ, ਪੰਜਾਬੀਆਂ ਦੀ ਰੂਹ ਖੇਡਾਂ ਨਾਲ ਹੋ ਰਹੇ  ਵਿਤਕਰੇ ਸਬੰਧੀ ਚੁੱਪ ਕਿਉਂ ਧਾਰੀ ਬੈਠੇ ਹਨ? ਅਸੀਂ ਜਿਹੜੇ ਢੁੱਠਾਂ ਵਾਲੇ, ਵੱਡੇ ਉੱਦਮੀ, ਬਾਬੇ ਨਾਨਕ ਦੇ ਪੈਰੋਕਾਰ ਕਹਾ ਖੁਸ਼ੀ ਚ ਫੁੱਲੇ ਨਹੀਂ ਸਮਾਂ ਰਹੇ, ਆਖ਼ਿਰ ਆਪਣੀ ਹਾਲਤ ਕ੍ਰਾਂਤੀਕਾਰੀ ਕਵੀ ਲਾਲ ਸਿੰਘ ਦਿਲ ਦੀ ਕਵਿਤਾ Tਅਸੀਂ ਵੱਡੇ ਵੱਡੇ ਪਹਿਲਵਾਨT ਵਾਲੀ ਕਿਉਂ ਬਣਾ ਬੈਠੇ ਹਾਂ? ਲਉ ਪੜ੍ਹੋ ਕਵੀ ਦੇ ਬੋਲ:-
ਅਸੀਂ ਵੱਡੇ ਵੱਡੇ ਪਹਿਲਵਾਨ
ਸਵੇਰੇ ਹੀ ਕੱਸ ਲੈਂਦੇ ਹਾਂ ਲੰਗੋਟੇ
ਲੜਨ ਲਈ ਭੁੱਖ ਨੰਗ ਨਾਲ
ਜੋੜ ਤੋੜ ਜੋੜ ਤੋੜ ਕਰਦੇ ਰਹਿਣਾ ਸਾਡੀ ਕਸਰਤ ਹੈ
ਦਾਅ ਬਹੁਤ ਡਾਢੇ ਨੇ
ਬੋਲਣ ਦੀ ਥਾਂ ਚੁੱਪ ਕਰ ਜਾਣਾ
ਪੀਣ ਦੀ ਥਾਂ ਪਿਆਸੇ ਮਰ ਜਾਣਾ
ਖਾਣ ਦੀ ਥਾਂ ਕਸਮ ਖਾਣੀ ਲੜਦੇ ਰਹਿਣ ਦੀ
ਪਛਾੜਦੇ ਹਾਂ ਵੱਡੇ ਵੱਡੇ ਪਹਿਲਵਾਨ
ਗਰਦਨ ਤੇ ਗੋਡਾ ਧਰ ਕੇ
ਖੇਤ ਪਏ ਗਧੇ ਵਾਲੀ ਜੂਨ ਭੋਗਦੇ ਹਾਂ
ਪਰ ਤਾਂ ਵੀ ਅਸੀਂ ਵੱਡੇ ਵੱਡੇ ਪਹਿਲਵਾਨ
ਸਵੇਰੇ ਹੀ ਲੰਗੋਟੇ ਕੱਸ ਲੈਂਦੇ ਹਨ
-ਗੁਰਮੀਤ ਸਿੰਘ ਪਲਾਹੀ