ਸੋਮਵਾਰ 9 ਸਤੰਬਰ 2024- ਅੱਜ ਦੀਆਂ ਮੁੱਖ ਖਬਰਾਂ
 ਅਮਰੀਕਾ ਦੇ ਚੋਣ ਸਰਵੇਖਣਾਂ ਵਿਚ ਬਰਾਬਰ ਹੋਏ ਕਮਲਾ ਹੈਰਿਸ ਅਤੇ ਟਰੰਪ
ਵਾਸ਼ਿੰਗਟਨ : ਅਮਰੀਕਾ ਚੋਣਾਂ ਵਿਚ ਭਾਰਤੀ ਮੂਲ ਦੇ ਲੋਕ ਸਰਗਰਮੀ ਨਾਲ ਹਿੱਸਾ ਲੈ ਰਹੇ ਹਨ ਜਿਨ੍ਹਾਂ ਵਿਚੋਂ ਕੁਝ ਕਮਲਾ ਹੈਰਿਸ ਅਤੇ ਕੁਝ ਟਰੰਪ ਦੀ ਹਮਾਇਤ ਵਿਚ ਖੜ੍ਹੇ ਨਜ਼ਰ ਆ ਰਹੇ ਹਨ। ਕਮਲਾ ਹੈਰਿਸ ਦੇ ਹਮਾਇਤੀਆਂ ਵੱਲੋਂ ਹਿੰਦੀ ਵਿਚ ਇਕ ਖਾਸ ਗੀਤ ਵੀ ਤਿਆਰ ਕੀਤਾ ਗਿਆ ਹੈ ਜਿਸ ਰਾਹੀਂ ਅਮਰੀਕਾ ਵਿਚ ਭਾਰਤੀ ਮੂਲ ਦੀ ਪਹਿਲੀ ਰਾਸ਼ਟਰਪਤੀ ਬਣਾਉਣ ਦਾ ਸੱਦਾ ਦਿਤਾ ਜਾ ਰਿਹਾ ਹੈ। ਡੈਮੋਕ੍ਰੈਟਿਕ ਪਾਰਟੀ ਵੱਲੋਂ ਸਾਊਥ ਏਸ਼ੀਅਨ ਵੋਟਰਾਂ ਨੂੰ ਪ੍ਰਭਾਵਤ ਕਰਨ ਲਈ &lsquoਨੱਚੋ ਨੱਚੋ&rsquo ਗੀਤ ਦੀ ਵੀਡੀਓ ਬੀਤੇ ਦਿਨ ਜਾਰੀ ਕਰ ਦਿਤੀ ਗਈ ਜਿਸ ਵਿਚ ਆਵਾਜ਼ ਸ਼ਿਬਾਨੀ ਕਸ਼ਯਪ ਦੀ ਹੈ ਅਤੇ ਨਿਰਮਾਤਾ ਰਿਤੇਸ਼ ਪਾਰਿਖ ਦੱਸੇ ਜਾ ਰਹੇ ਹਨ।
ਕੈਨੇਡਾ ਵਿਚ ਅੰਤਰਰਾਸ਼ਟਰੀ ਵਿਦਆਰਥੀਆਂ ਦਾ ਦਾਖ਼ਲਾ 45 ਫ਼ੀਸਦੀ ਤੱਕ ਘਟਿਆ
ਓਟਵਾ : ਕੈਨੇਡਾ ਦੀਆਂ ਲਗਭਗ 100 ਯੂਨੀਵਰਸਿਟੀਆਂ ਦੀ ਨੁਮਾਇੰਦਗੀ ਕਰਨ ਵਾਲੇ ਇੱਕ ਸਮੂਹ ਨੇ ਚੇਤਾਵਨੀ ਦਿੱਤੀ ਹੈ ਕਿ ਅੰਤਰਰਾਸ਼ਟਰੀ iਵਿਦਆਰਥੀਆਂ 'ਤੇ ਫੈਡਰਲ ਸਰਕਾਰ ਦੀ ਕੈਪ ਦਾ ਪ੍ਰਭਾਵ ਓਟਵਾ ਦੇ ਉਦੇਸ਼ ਨਾਲੋਂ ਬਹੁਤ ਵੱਡਾ ਹੋਵੇਗਾ।
ਯੂਨੀਵਰਸਿਟੀਜ਼ ਕਨੇਡਾ ਦੇ ਪ੍ਰਧਾਨ, ਗੈਬਰੀਅਲ ਮਿਲਰ ਨੇ ਗਲੋਬਲ ਦੱਸਿਆ ਕਿ ਜਦੋਂ ਸਕੂਲ ਅਧਿਕਾਰਤ ਤੌਰ 'ਤੇ ਗਿਣਤੀ ਕਰਦੇ ਹਨ ਕਿ ਕਿੰਨੇ iਵਿਦਆਰਥੀ ਆਏ ਅਤੇ ਦਾਖਲ ਹੋਏ ਹਨ, ਤਾਂ ਅੰਤਰਰਾਸ਼ਟਰੀ iਵਿਦਆਰਥੀਆਂ ਦੀ 45 ਫੀਸਦੀ ਗਿਰਾਵਟ ਹੋਵੇਗੀ। ਅੰਤਮ ਗਿਣਤੀ ਅਕਤੂਬਰ ਵਿੱਚ ਦੱਸੀ ਜਾਵੇਗੀ।
ਇਕ ਇੰਟਰਵਿਊ ਵਿਚ ਉਨ੍ਹਾ ਕਿਹਾ ਕਿ ਇੱਥੇ ਪੂਰੀ ਸੰਭਾਵਨਾ ਹੈ ਕਿ ਇਹ ਸਾਡੇ ਡਰ ਨਾਲੋਂ ਵੀ ਬੁਰਾ ਹੋਣ ਜਾ ਰਿਹਾ ਹੈ ਪਰ ਇਹ ਨੋਟ ਕਰਨਾ ਜ਼ਰੂਰੀ ਹੈ ਕਿ ਅਸੀਂ ਪਹਿਲਾਂ ਹੀ ਉਸ ਖੇਤਰ ਵਿੱਚ ਹਾਂ ਜਿਸਦੀ ਕਿਸੇ ਨੂੰ ਵੀ ਉਮੀਦ ਨਹੀਂ ਸੀ ਅਤੇ ਇਸ ਲਈ ਉਟਵਾ ਵਿੱਚ ਇੱਕ ਵੱਡੀ ਅਲਾਰਮ ਘੰਟੀ ਵਜਾਉਣ ਦੀ ਜ਼ਰੂਰਤ ਹੈ ਕਿ ਸਾਨੂੰ ਇਸ ਨੂੰ ਤੁਰੰਤ ਸਹੀ ਕਰਨਾ ਹੋਵੇਗਾ। ਰਾਸ਼ਟਰੀ ਕੈਪ ਜਨਵਰੀ ਵਿੱਚ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਵਲੋਂ ਰੱਖੀ ਗਈ ਸੀ, ਜਿਨ੍ਹਾਂ ਨੇ ਉਸ ਸਮੇਂ ਕਿਹਾ ਸੀ ਕਿ ਅਗਲੇ ਦੋ ਸਾਲਾਂ ਵਿੱਚ ਦਾਖਲੇ ਵਿੱਚ 35 ਪ੍ਰਤੀਸ਼ਤ ਦੀ ਕਮੀ ਆਵੇਗੀ।
ਰਾਹੁਲ ਨੇ ਅਮਰੀਕਾ 'ਚ ਕਿਹਾ- ਸਭ ਕੁਝ ਮੇਡ ਇਨ ਚਾਈਨਾ, ਇਸ ਲਈ ਭਾਰਤ 'ਚ ਰੁਜ਼ਗਾਰ ਦੀ ਸਮੱਸਿਆ
ਟੈਕਸਾਸ: ਰਾਹੁਲ ਗਾਂਧੀ ਵਿਰੋਧੀ ਧਿਰ ਦੇ ਨੇਤਾ ਵਜੋਂ ਪਹਿਲੀ ਵਾਰ ਵਿਦੇਸ਼ ਦੌਰੇ 'ਤੇ ਹਨ। ਉਹ ਐਤਵਾਰ ਨੂੰ ਅਮਰੀਕਾ ਦੇ ਟੈਕਸਾਸ ਰਾਜ ਪਹੁੰਚੇ। ਇੱਥੇ ਉਨ੍ਹਾਂ ਨੇ 2 ਪ੍ਰੋਗਰਾਮਾਂ 'ਚ ਹਿੱਸਾ ਲਿਆ। ਪਹਿਲਾਂ ਉਹ ਡਲਾਸ ਵਿੱਚ ਭਾਰਤੀ ਭਾਈਚਾਰੇ ਦੇ ਲੋਕਾਂ ਨੂੰ ਮਿਲੇ।ਇਸ ਤੋਂ ਬਾਅਦ ਰਾਹੁਲ ਗਾਂਧੀ ਨੇ ਸੋਮਵਾਰ ਨੂੰ ਯੂਨੀਵਰਸਿਟੀ ਆਫ ਟੈਕਸਾਸ ਦੇ ਵਿਦਿਆਰਥੀਆਂ ਨਾਲ ਭਾਰਤੀ ਰਾਜਨੀਤੀ, ਅਰਥ ਵਿਵਸਥਾ ਅਤੇ ਭਾਰਤ ਜੋੜੋ ਯਾਤਰਾ ਸਮੇਤ ਕਈ ਮੁੱਦਿਆਂ 'ਤੇ ਚਰਚਾ ਕੀਤੀ। ਰਾਹੁਲ ਨੇ ਕਿਹਾ ਕਿ ਭਾਰਤ ਵਿੱਚ ਹਰ ਚੀਜ਼ ਚੀਨ ਵਿੱਚ ਬਣੀ ਹੈ। ਚੀਨ ਨੇ ਉਤਪਾਦਨ 'ਤੇ ਧਿਆਨ ਦਿੱਤਾ ਹੈ, ਇਸ ਲਈ ਚੀਨ ਵਿੱਚ ਰੁਜ਼ਗਾਰ ਦੀ ਕੋਈ ਸਮੱਸਿਆ ਨਹੀਂ ਹੈ।ਇਸ ਮੌਕੇ 'ਤੇ ਬੋਲਦਿਆਂ ਇੰਡੀਅਨ ਓਵਰਸੀਜ਼ ਕਾਂਗਰਸ ਦੇ ਪ੍ਰਧਾਨ ਸੈਮ ਪਿਤਰੋਦਾ ਨੇ ਕਿਹਾ ਕਿ ਰਾਹੁਲ ਗਾਂਧੀ ਪੱਪੂ ਨਹੀਂ ਹਨ, ਉਹ ਪੜ੍ਹੇ-ਲਿਖੇ ਅਤੇ ਕਿਸੇ ਵੀ ਮੁੱਦੇ 'ਤੇ ਡੂੰਘੀ ਸੋਚ ਵਾਲੇ ਹਨ।ਪ੍ਰੋਗਰਾਮ 'ਚ ਰਾਹੁਲ ਗਾਂਧੀ ਨੇ ਵਿਰੋਧੀ ਧਿਰ ਦੇ ਨੇਤਾ ਵਜੋਂ ਜਿæੰਮੇਵਾਰੀ, ਭਾਰਤ ਦੀ ਆਰਥਿਕ ਸਥਿਤੀ, ਰੁਜ਼ਗਾਰ ਸਮੇਤ 6 ਮੁੱਦਿਆਂ 'ਤੇ ਆਪਣੀ ਰਾਏ ਜ਼ਾਹਰ ਕੀਤੀ।ਇਸ ਦੌਰਾਨ ਰਾਹੁਲ ਗਾਂਧੀ ਨੇ ਕਿਹਾ ਕਿ ਮੇਰੀ ਭੂਮਿਕਾ ਸੰਸਦ ਵਿੱਚ ਸਰਕਾਰ ਵਿਰੁੱਧ ਬੋਲਣ ਅਤੇ ਉਨ੍ਹਾਂ ਨੂੰ ਤਾਨਾਸ਼ਾਹ ਬਣਨ ਤੋਂ ਰੋਕਣ ਤੱਕ ਸੀਮਤ ਨਹੀਂ ਹੈ। ਮੈਨੂੰ ਲਗਦਾ ਹੈ ਕਿ ਮੇਰੀ ਭੂਮਿਕਾ ਭਾਰਤੀ ਰਾਜਨੀਤੀ ਵਿੱਚ ਪਿਆਰ, ਸਤਿਕਾਰ ਅਤੇ ਨਿਮਰਤਾ ਲਿਆਉਣਾ ਹੈ। ਪਿਆਰ ਅਤੇ ਸਤਿਕਾਰ ਸਿਰਫ ਤਾਕਤਵਰ ਲੋਕਾਂ ਲਈ ਨਹੀਂ, ਸਗੋਂ ਉਨ੍ਹਾਂ ਸਾਰਿਆਂ ਲਈ ਹੈ ਜੋ ਦੇਸ਼ ਦੇ ਨਿਰਮਾਣ ਵਿੱਚ ਲੱਗੇ ਹੋਏ ਹਨ।
ਰੇਲਵੇ ਨੇ ਵਿਨੇਸ਼ ਫੋਗਾਟ ਤੇ ਬਜਰੰਗ ਪੂਨੀਆ ਦਾ ਅਸਤੀਫਾ ਤੁਰੰਤ ਪ੍ਰਭਾਵ ਤੋਂ ਸਵੀਕਾਰ ਕੀਤਾ
ਨਵੀਂ ਦਿੱਲੀ- ਰੇਲਵੇ ਨੇ ਅੱਜ ਪਹਿਲਵਾਨ ਵਿਨੇਸ਼ ਫੋਗਾਟ ਅਤੇ ਬਜਰੰਗ ਪੂਨੀਆ ਦੇ ਅਸਤੀਫੇ ਸਵੀਕਾਰ ਕਰ ਲਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅੱਜ ਜਾਰੀ ਵੱਖ-ਵੱਖ ਨੋਟਿਸਾਂ ਵਿੱਚ ਉੱਤਰ ਰੇਲਵੇ ਨੇ ਕਿਹਾ ਕਿ 6 ਸਤੰਬਰ ਨੂੰ ਦਿੱਤੇ ਗਏ ਉਨ੍ਹਾਂ ਦੇ ਅਸਤੀਫਿਆਂ ਨੂੰ ਸਮਰੱਥ ਅਧਿਕਾਰੀ ਵੱਲੋਂ ਤੁਰੰਤ ਪ੍ਰਭਾਵ ਤੋਂ ਸਵੀਕਾਰ ਕਰ ਲਿਆ ਗਿਆ ਹੈ। ਪੂਨੀਆ ਤੇ ਫੋਗਾਟ ਦੋਵੇਂ ਹਾਲ ਹੀ ਵਿੱਚ ਕਾਂਗਰਸ &rsquoਚ ਸ਼ਾਮਲ ਹੋਏ ਹਨ। ਫੋਗਾਟ ਨੂੰ ਜੁਲਾਨਾ ਚੋਣ ਖੇਤਰ ਤੋਂ ਹਰਿਆਣਾ ਵਿਧਾਨ ਸਭਾ ਚੋਣਾਂ ਲੜਨ ਲਈ ਪਾਰਟੀ ਵੱਲੋਂ ਟਿਕਟ ਦਿੱਤੀ ਗਈ ਹੈ। ਉੱਤਰ ਰੇਵਲੇ ਨੇ ਦੋਹਾਂ ਦੇ ਮਾਮਲਿਆਂ ਵਿੱਚ ਤਿੰਨ ਮਹੀਨੇ ਦੇ ਨੋਟਿਸ ਪੀਰੀਅਡ ਦੇ ਪ੍ਰਬੰਧ ਵਿੱਚ ਢਿੱਲ ਦਿੱਤੀ।
ਸ਼੍ਰੋਮਣੀ ਕਮੇਟੀ ਦੀਆਂ ਚੋਣਾਂ &lsquoਚ ਪੰਥਕ ਉਮੀਦਵਾਰਾਂ ਦੀ ਚੋਣ ਕਰਨੀ ਜਰੂਰੀ: ਸਰਬਜੀਤ ਖਾਲਸਾ
ਪਾਇਲ- ਇੱਥੇ ਗੁਰਦੁਆਰਾ ਕਲਗੀਧਰ ਸਾਹਿਬ ਵਿਖੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਅਤੇ ਪੰਥਕ ਉਮੀਦਵਾਰਾਂ ਦੀ ਚੋਣ ਕਰਨ ਸੰਬੰਧੀ ਭਾਈ ਸੰਦੀਪ ਸਿੰਘ ਰੁਪਾਲੋਂ ਦੀ ਅਗਵਾਈ ਹੇਠ ਇਕੱਤਰਤਾ ਹੋਈ, ਜਿਸ ਵਿੱਚ ਮੈਂਬਰ ਪਾਰਲੀਮੈਂਟ ਸਰਬਜੀਤ ਸਿੰਘ ਖਾਲਸਾ ਅਤੇ ਸੰਸਦ ਮੈਂਬਰ ਭਾਈ ਅਮ੍ਰਿੰਤਪਾਲ ਸਿੰਘ ਦੇ ਪਿਤਾ ਬਾਪੂ ਤਰਸੇਮ ਸਿੰਘ ਖ਼ਾਲਸਾ ਵਿਸ਼ੇਸ ਤੌਰ &lsquoਤੇ ਪੁੱਜੇ।ਮੈਂਬਰ ਪਾਰਲੀਮੈਂਟ ਸਰਬਜੀਤ ਸਿੰਘ ਖਾਲਸਾ ਨੇ ਕਿਹਾ ਕਿ ਦੁਨੀਆਂ ਭਰ ਦੇ ਸਿੱਖਾਂ ਦਾ ਵਿਸ਼ਵਾਸ ਮੌਜੂਦਾ ਨਕਾਰਾ ਹੋ ਚੁੱਕੀ ਰਵਾਇਤੀ ਪੰਥਕ ਲੀਡਰਸ਼ਿਪ ਤੋਂ ਬਿਲਕੁੱਲ ਉੱਠ ਚੁੱਕਾ ਹੈ ਕਿਉਂਕਿ ਇਹ ਲੀਡਰਸ਼ਿਪ ਪੰਜਾਬ, ਪੰਜਾਬੀਅਤ ਤੇ ਸਿੱਖਾਂ ਦੇ ਹਿੱਤਾਂ ਦੀ ਪਹਿਰੇਦਾਰੀ ਕਰਨ ਵਿੱਚ ਨਕਾਮ ਹੋ ਗਈ ਹੈ। ਅੱਜ ਬੇਸ਼ੁਮਾਰ ਕੁਰਬਾਨੀਆਂ ਨਾਲ਼ ਤਿਆਰ ਕੀਤੀ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਦੀ ਸਾਖ ਨੂੰ ਖੋਰਾ ਲੱਗਾ ਹੈ ਸਾਨੂੰ ਪੰਥਕ ਤੌਰ &lsquoਤੇ ਵੀ ਬਹੁਤ ਵੱਡੀਆਂ ਚੁਣੌਤੀਆ ਦਾ ਸਾਹਮਣਾ ਕਰਨਾ ਪੈ ਰਿਹਾ। ਜਥੇਦਾਰ ਤਰਸੇਮ ਸਿੰਘ ਖਾਲਸਾ ਨੇ ਕਿਹਾ ਕਿ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਇੱਕੋ ਇੱਕ ਧਾਰਮਿਕ ਸੰਸਥਾ ਹੈ ਜਿਸ ਦੇ ਪ੍ਰਬੰਧਾਂ ਵਿੱਚ ਬਹੁਤ ਵੱਡੇ ਪੱਧਰ &lsquoਤੇ ਗਿਰਾਵਟ ਆਈ ਹੈ ਉੱਥੇ ਹੀ ਕੁਰਬਾਨੀਆਂ ਨਾਲ ਤਿਆਰ ਕੀਤੀ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਵਿੱਚ ਵੀ ਅੱਜ ਪੰਥ ਵਿਰੋਧੀ ਤਾਕਤਾਂ ਦਾ ਬੋਲਬਾਲਾ ਹੈ।
ਅਫਗਾਨਿਸਤਾਨ ਵਿਚ ਛੋਟੀਆਂ-ਛੋਟੀਆਂ ਬੱਚੀਆਂ ਨੂੰ ਵੇਚ ਰਹੇ ਮਾਪੇ
ਕਾਬੁਲ : ਅਫਗਾਨਿਸਤਾਨ ਵਿਚ ਗਰੀਬੀ ਅਤੇ ਬੇਰੁਜ਼ਗਾਰੀ ਤੋਂ ਤੰਗ ਆਏ ਲੋਕ ਆਪਣੀਆਂ ਬੱਚੀਆਂ ਵੇਚਣ ਲਈ ਮਜਬੂਰ ਹਨ। ਸੀ.ਐਨ.ਐਨ. ਦੀ ਤਾਜ਼ਾ ਰਿਪੋਰਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਛੋਟੀਆਂ ਛੋਟੀਆਂ ਬੱਚੀਆਂ ਦੇ ਬਜ਼ੁਰਗਾਂ ਨਾਲ ਵਿਆਹ ਕੀਤੇ ਜਾ ਰਹੇ ਹਨ ਅਤੇ ਇਸ ਦੇ ਇਵਜ਼ ਪਰਵਾਰ ਨੂੰ ਦੋ ਹਜ਼ਾਰ ਡਾਲਰ ਤੱਕ ਰਕਮ ਮਿਲ ਜਾਂਦੀ ਹੈ। ਵੇਚੀਆਂ ਜਾ ਰਹੀਆਂ ਬੱਚੀਆਂ ਦੀ ਉਮਰ 8 ਸਾਲ ਤੋਂ 10 ਸਾਲ ਦਰਮਿਆਨ ਹੁੰਦੀ ਹੈ ਅਤੇ ਹਾਲ ਹੀ ਵਿਚ 118 ਬੱਚੀਆਂ ਨੂੰ ਵੇਚ ਦਿਤਾ ਗਿਆ ਜਦਕਿ 116 ਪਰਵਾਰ ਆਪਣੀਆਂ ਨਾਬਾਲਗ ਬੱਚੀਆਂ ਨੂੰ ਵੇਚਣ ਦੀ ਉਡੀਕ ਵਿਚ ਹਨ। ਤਾਲਿਬਾਨੀ ਰਾਜ ਹੋਣ ਕਾਰਨ ਬੱਚਿਆਂ ਦਾ ਸ਼ੋਸ਼ਣ ਰੋਕਣ ਵਾਲਾ ਕੋਈ ਨਹੀਂ ਅਤੇ ਉਹ ਜ਼ਾਲਮਾਂ ਦੇ ਸ਼ਿਕੰਜੇ ਵਿਚ ਫਸਦੇ ਜਾ ਰਹੇ ਹਨ। ਬੇਰੁਜ਼ਗਾਰੀ ਅਤੇ ਗਰੀਬੀ ਤੋਂ ਇਲਾਵਾ ਅਨਪੜ੍ਹਤਾ ਨੂੰ ਵੀ ਇਸ ਸਮਾਕਿ ਬੁਰਾਈ ਦਾ ਮੁੱਖ ਕਾਰਨ ਦੱਸਿਆ ਜਾ ਰਿਹਾ ਹੈ।
ਪੰਜਾਬ ਨੇ ਕੇਂਦਰ ਤੋਂ ਕਰਜ਼ਾ ਸੀਮਾ ਵਧਾਉਣ ਦੀ ਕੀਤੀ ਮੰਗ
ਚੰਡੀਗੜ੍ਹ : ਸਾਲ 2024-25 ਲਈ ਪੰਜਾਬ ਵਿੱਚ ਕਰਜ਼ੇ ਦੀ ਸੀਮਾ 30,464,92 ਕਰੋੜ ਰੁਪਏ ਹੈ। ਜਿਸ ਵਿੱਚ ਜੁਲਾਈ ਤੱਕ ਸਰਕਾਰ ਨੇ 13,094 ਕਰੋੜ ਰੁਪਏ ਦਾ ਕਰਜ਼ਾ ਲਿਆ ਹੈ। ਇਸ ਤੋਂ ਇਲਾਵਾ ਸਰਕਾਰ ਨੂੰ ਚਾਲੂ ਵਿੱਤੀ ਸਾਲ 'ਚ 10 ਹਜ਼ਾਰ ਕਰੋੜ ਰੁਪਏ ਦੀ ਹੋਰ ਲੋਨ ਸੀਮਾ ਦੀ ਲੋੜ ਹੈ। ਵਿੱਤੀ ਸਾਲ 2023-24 ਵਿੱਚ ਰਾਜ ਸਰਕਾਰ ਦੁਆਰਾ ਉਧਾਰ ਲੈਣ ਦੀ ਸੀਮਾ 45,730 ਕਰੋੜ ਰੁਪਏ ਸੀ। ਹੁਣ ਪੰਜਾਬ ਸਰਕਾਰ ਨੇ ਕਰਜ਼ੇ ਦੀ ਸੀਮਾ ਵਧਾਉਣ ਲਈ ਕੇਂਦਰੀ ਵਿੱਤ ਮੰਤਰਾਲੇ ਨੂੰ ਪੱਤਰ ਲਿਖਿਆ ਹੈ। ਅਗਸਤ ਮਹੀਨੇ ਵਿੱਚ ਹੋਈ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਇਸ ਸਬੰਧੀ ਪ੍ਰਵਾਨਗੀ ਦਿੱਤੀ ਗਈ ਸੀ।
ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਅੱਗੇ ਚਾਲੂ ਵਿੱਤੀ ਸਾਲ ਦੌਰਾਨ ਕਰਜ਼ੇ ਦੀ ਸੀਮਾ ਵਧਾਉਣ ਦੀ ਮੰਗ ਰੱਖੀ ਹੈ। ਸਰਕਾਰ ਨੇ ਕਰਜ਼ਾ ਸੀਮਾ 10 ਹਜ਼ਾਰ ਕਰੋੜ ਰੁਪਏ ਵਧਾਉਣ ਦੀ ਮੰਗ ਕੀਤੀ ਹੈ। ਇਸ ਦੇ ਲਈ ਸਰਕਾਰ ਵੱਲੋਂ ਵਿੱਤ ਮੰਤਰਾਲੇ ਨੂੰ ਪੱਤਰ ਲਿਖਿਆ ਗਿਆ ਸੀ। ਵਿੱਤੀ ਸੰਕਟ ਦਾ ਸਾਹਮਣਾ ਕਰ ਰਹੀ ਸਰਕਾਰ ਨੇ ਪੱਤਰ ਵਿੱਚ ਆਪਣੇ ਖਰਚਿਆਂ ਦਾ ਹਵਾਲਾ ਦਿੱਤਾ ਹੈ। ਸਰਕਾਰ ਨੂੰ ਲੱਗਦਾ ਹੈ ਕਿ ਮੌਜੂਦਾ ਸਾਲਾਨਾ ਉਧਾਰ ਸੀਮਾ ਮੌਜੂਦਾ ਵਿੱਤੀ ਸਾਲ ਨੂੰ ਕਵਰ ਨਹੀਂ ਕਰੇਗੀ। ਸਰਕਾਰ ਹੋਰ ਕਰਜ਼ੇ ਚੁੱਕ ਕੇ ਆਪਣੇ ਖਰਚੇ ਪੂਰੇ ਕਰਨਾ ਚਾਹੁੰਦੀ ਹੈ।
ਅਕਾਲੀ ਦਲ ਨੇ ਦਰਬਾਰਾ ਸਿੰਘ ਗੁਰੂ ਦੀ ਨਿਯੁਕਤੀ ਕੀਤੀ ਰੱਦ
ਚੰਡੀਗੜ੍ਹ : ਹਾਲ ਦੀ ਘੜੀ ਸ਼੍ਰੋਮਣੀ ਅਕਾਲੀ ਦਲ ਦੀਆਂ ਮੁਸੀਬਤਾਂ ਖ਼ਤਮ ਨਹੀਂ ਹੋ ਰਹੀਆਂ। ਪਹਿਲਾਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਤਨਖ਼ਾਹੀਆ ਕਰਾਰ ਦਿੱਤਾ ਫਿਰ ਸਾਬਕਾ ਅਕਾਲੀ ਮੰਤਰੀਆਂ ਨੂੰ ਅਤੇ ਹੁਣ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਭੂੰਦੜ ਦੇ ਸਲਾਹਕਾਰ ਉਤੇ ਉਗਲੀਆਂ ਉਠਣੀਆਂ ਸ਼ੁਰੂ ਹੋ ਗਈਆਂ ਹਨ। ਸ਼੍ਰੋਮਣੀ ਅਕਾਲੀ ਦਲ ਨੇ ਸਾਬਕਾ ਆਈਏਐਸ ਅਧਿਕਾਰੀ ਦਰਬਾਰਾ ਸਿੰਘ ਗੁਰੂ ਦੀ ਨਿਯੁਕਤੀ ਰੱਦ ਕਰ ਦਿੱਤੀ ਹੈ। ਉਨ੍ਹਾਂ ਨੂੰ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਦਾ ਸਲਾਹਕਾਰ ਨਿਯੁਕਤ ਕੀਤਾ ਗਿਆ ਸੀ।
ਬੀਬੀ ਜਗੀਰ ਕੌਰ ਤੇ ਪਰਮਿੰਦਰ ਸਿੰਘ ਢੀਂਡਸਾ ਨੇ ਅਕਾਲ ਤਖ਼ਤ ਦੇ ਸਕੱਤਰੇਤ ਵਿਖੇ ਸੌਂਪਿਆ ਆਪੋ-ਆਪਣਾ ਸਪੱਸ਼ਟੀਕਰਨ
ਅੰਮ੍ਰਿਤਸਰ- ਸ਼੍ਰੋਮਣੀ ਅਕਾਲੀ ਦਲ ਦੇ ਨਾਰਾਜ਼ ਧੜੇ ਨਾਲ ਸਬੰਧਤ ਬੀਬੀ ਜਗੀਰ ਕੌਰ ਅਤੇ ਪਰਮਿੰਦਰ ਸਿੰਘ ਢੀਂਡਸਾ ਨੇ ਅੱਜ ਆਪੋ-ਆਪਣਾ ਸਪੱਸ਼ਟੀਕਰਨ ਇੱਥੇ ਸ੍ਰੀ ਅਕਾਲ ਤਖ਼ਤ ਦੇ ਸਕੱਤਰੇਤ ਵਿਖੇ ਸੌਂਪਿਆ। ਦੋਹਾਂ ਆਗੂਆਂ ਨੇ ਆਖਿਆ ਕਿ ਇਸ ਮਾਮਲੇ ਵਿੱਚ ਸ੍ਰੀ ਅਕਾਲ ਤਖਤ ਵੱਲੋਂ ਜੋ ਵੀ ਆਦੇਸ਼ ਹੋਵੇਗਾ ਉਹ ਉਸ ਨੂੰ ਖਿੜੇ ਮੱਥੇ ਪ੍ਰਵਾਨ ਕਰਨਗੇ। ਉਨ੍ਹਾਂ ਤੋਂ ਇਲਾਵਾ ਸਾਬਕਾ ਮੰਤਰੀ ਸੋਹਨ ਸਿੰਘ ਠੰਡਲ ਨੇ ਵੀ ਆਪਣਾ ਸਪੱਸ਼ਟੀਕਰਨ ਅਕਾਲ ਤਖ਼ਤ ਦੇ ਸਕੱਤਰੇਤ ਨੂੰ ਸੌਂਪਿਆ ਹੈ। ਉਪਰੰਤ ਮੀਡੀਆ ਨਾਲ ਸੰਖੇਪ ਗੱਲਬਾਤ ਦੌਰਾਨ ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਉਹ 2007 ਤੋਂ ਲੈ ਕੇ 2017 ਤੱਕ ਅਕਾਲੀ ਵਜ਼ਾਰਤ ਵੇਲੇ ਸਿਰਫ 16 ਦਿਨ ਮੰਤਰੀ ਰਹੇ ਸਨ। 2007 ਤੋਂ ਲੈ ਕੇ 2012 ਤੱਕ ਉਹ ਨਾ ਤਾਂ ਵਿਧਾਇਕ ਸਨ ਅਤੇ ਨਾ ਹੀ ਮੰਤਰੀ। 2012 ਵਿੱਚ ਉਹ 14 ਮਾਰਚ ਨੂੰ ਮੰਤਰੀ ਬਣੇ ਸਨ ਅਤੇ 30 ਮਾਰਚ ਨੂੰ ਅਸਤੀਫਾ ਦੇ ਦਿੱਤਾ ਸੀ। ਇਨ੍ਹਾਂ 16 ਦਿਨਾਂ ਦੌਰਾਨ ਉਸ ਵੇਲੇ ਦੀ ਅਕਾਲੀ ਸਰਕਾਰ ਨੇ ਨਾ ਤਾਂ ਕੋਈ ਵਿਵਾਦਤ ਫੈਸਲਾ ਲਿਆ ਸੀ ਅਤੇ ਨਾ ਹੀ ਕੋਈ ਫੈਸਲਾ ਵਿਚਾਰਿਆ ਗਿਆ ਸੀ।
ਅਕਾਲੀ ਸਰਕਾਰ ਵੇਲੇ ਵਿੱਤ ਮੰਤਰੀ ਰਹੇ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਉਹ ਸ੍ਰੀ ਅਕਾਲ ਤਖ਼ਤ ਨੂੰ ਸਮਰਪਿਤ ਹਨ ਅਤੇ ਸ੍ਰੀ ਅਕਾਲ ਤਖ਼ਤ ਵੱਲੋਂ ਇਸ ਮਾਮਲੇ ਵਿੱਚ ਜੋ ਵੀ ਆਦੇਸ਼ ਹੋਵੇਗਾ ਉਹ ਉਸ ਨੂੰ ਖਿੜੇ ਮੱਥੇ ਪ੍ਰਵਾਨ ਕਰਨਗੇ।