image caption: -ਰਜਿੰਦਰ ਸਿੰਘ ਪੁਰੇਵਾਲ

ਭਾਰਤ ਵਿਚ ਸਿਖਾਂ ਬਾਰੇ ਰਾਹੁਲ ਗਾਂਧੀ ਨੇ ਕੀ ਗਲਤ ਕਿਹਾ?

ਹਾਲਾਂਕਿ ਵਿਦੇਸ਼ਾਂ ਵਿਚ ਦਿੱਤੇ ਗਏ ਰਾਹੁਲ ਗਾਂਧੀ ਦੇ ਕਿਸੇ ਵੀ ਬਿਆਨ ਵਿਚ ਭਾਜਪਾ ਹਮਲਾ ਕਰਨ ਦਾ ਮੌਕਾ ਭਾਲ ਲੈਂਦੀ ਹੈ, ਪਰ ਰਾਹੁਲ ਦੇ  ਤਾਜ਼ਾ ਬਿਆਨ ਦੇ ਇਕ ਹਿੱਸੇ ਨੂੰ ਇਸ ਤਰ੍ਹਾਂ ਫੜ ਲਿਆ ਹੈ ਕਿ ਭਾਜਪਾ ਦਾ ਹਰ ਮੰਤਰੀ, ਖਾਸ ਕਰਕੇ ਭਾਜਪਾ ਦੇ ਸਿਖ ਚਿਹਰੇ ਰਾਹੁਲ ਤੇ ਹਮਲਾ ਕਰ ਰਹੇ ਹਨ| ਭਾਜਪਾ ਆਪਣੇ ਸਿਖ ਚਿਹਰਿਆਂ ਨੂੰ ਰਾਹੁਲ ਗਾਂਧੀ ਸਾਹਮਣੇ ਡਾਹ ਰਹੀ ਹੈ| ਦਰਅਸਲ, ਰਾਹੁਲ ਨੇ ਆਪਣੇ ਅਮਰੀਕਾ ਦੌਰੇ ਦੌਰਾਨ ਯੂਨੀਵਰਸਿਟੀ ਦੇ ਇੱਕ ਸਮਾਗਮ ਵਿੱਚ ਧਾਰਮਿਕ ਆਜ਼ਾਦੀ ਬਾਰੇ ਗੱਲ ਕਰਦੇ ਹੋਏ ਕਿਹਾ ਸੀ ਕਿ ਮਸਲਾ ਇਹ ਹੈ ਕਿ ਕੀ ਭਾਰਤ ਵਿੱਚ ਸਿੱਖ ਨੂੰ ਦਸਤਾਰ ਪਹਿਨਣ ਦੀ ਇਜਾਜ਼ਤ ਦਿੱਤੀ ਜਾਵੇਗੀ ਜਾਂ ਗੁਰਦੁਆਰੇ ਜਾਣ ਦੀ ਇਜਾਜ਼ਤ ਦਿੱਤੀ ਜਾਵੇਗੀ| ਇਹ ਕੇਵਲ ਸਿੱਖਾਂ ਲਈ ਨਹੀਂ, ਸਗੋਂ ਸਾਰੇ ਧਰਮਾਂ ਲਈ ਹੈ| ਇਸ ਬਿਆਨ ਦੇ ਪਹਿਲੇ ਹਿੱਸੇ ਨੂੰ ਲੈ ਕੇ ਭਾਜਪਾ ਨੇਤਾਵਾਂ ਨੇ ਰਾਹੁਲ ਤੇ ਤਿੱਖੇ ਹਮਲੇ ਕੀਤੇ|
ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਉਨ੍ਹਾਂ ਤੇ ਸਿੱਖ ਕੌਮ ਵਿਰੁੱਧ ਨਫ਼ਰਤ ਭਰੇ ਸ਼ਬਦਾਂ ਦੀ ਵਰਤੋਂ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਭਾਰਤ ਵਿਚ ਸਿੱਖ ਆਪਣੀ ਪਛਾਣ ਅਤੇ ਆਪਣੇ ਧਰਮ ਦਾ ਪਾਲਣ ਕਰਨ ਦੇ ਅਧਿਕਾਰ ਲਈ ਲੜ ਰਹੇ ਹਨ| ਰਾਹੁਲ, ਤੁਹਾਡੀ ਗੰਦੀ ਰਾਜਨੀਤੀ ਦੇਸ਼ ਨੂੰ ਡੋਬ ਰਹੀ ਹੈ| ਤੁਸੀਂ ਇੰਨੇ ਨੀਵੇਂ ਹੋ ਗਏ ਹੋ ਕਿ ਤੁਸੀਂ ਇਲਜ਼ਾਮ ਲਗਾਉਂਦੇ ਹੋ ਕਿ ਭਾਰਤ ਵਿੱਚ ਸਿੱਖ ਪੱਗ ਅਤੇ ਕੜਾ ਨਹੀਂ ਪਹਿਨ ਸਕਦੇ| ਤੁਸੀਂ ਕਹਿੰਦੇ ਹੋ ਕਿ ਭਾਰਤ ਵਿੱਚ ਸਿੱਖ ਅਤੇ ਗੁਰਦੁਆਰੇ ਸੁਰੱਖਿਅਤ ਨਹੀਂ ਹਨ|
ਹਰਦੀਪ ਸਿੰਘ ਪੁਰੀ ਨੇ ਟਵੀਟ ਕੀਤਾ, ਵਿਦੇਸ਼ ਦੀ ਧਰਤੀ ਤੇ ਰਾਹੁਲ ਜੀ ਦਾ ਸਿਰਫ ਦਿੱਖ ਬਦਲਦਾ ਹੈ, ਨਜ਼ਰੀਆ ਉਹੀ ਰਹਿੰਦਾ ਹੈ| ਹਰ ਫੇਰੀ ਤੇ ਭਾਰਤ ਦਾ ਅਪਮਾਨ ਕਰਨਾ ਰਾਹੁਲ ਦਾ ਮਨੋਰਥ ਹੈ| ਅੱਜ ਸਿੱਖ ਭਾਰਤ ਵਿੱਚ ਬੜੇ ਮਾਣ ਨਾਲ ਦਸਤਾਰਾਂ ਅਤੇ ਕੜੇ ਪਾ ਕੇ ਘੁੰਮ ਰਹੇ ਹਨ ਪਰ ਰਾਹੁਲ ਜੀ ਵਿਦੇਸ਼ਾਂ ਵਿੱਚ ਝੂਠ ਫੈਲਾ ਕੇ ਸਿੱਖ ਪਰਵਾਸੀ ਭਾਰਤੀਆਂ ਦੇ ਮਨਾਂ ਵਿੱਚ ਜ਼ਹਿਰ ਬੀਜ ਰਹੇ ਹਨ ਅਤੇ ਭਾਰਤ ਨੂੰ ਬਦਨਾਮ ਕਰ ਰਹੇ ਹਨ| ਦਰਅਸਲ, ਉਹ ਕੈਰੋਸੀਨ ਮੈਨ ਬਣ ਕੇ ਦੇਸ਼ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕਰ ਰਿਹਾ ਹੈ| ਰਾਹੁਲ ਜੀ, ਸਿੱਖਾਂ ਦੀ ਪੱਗ ਬੰਨ੍ਹਣ, ਵਾਲ ਰੱਖਣ ਅਤੇ ਰੱਖਣ ਨੂੰ ਲੈ ਕੇ ਸਿਰਫ਼ ਇੱਕ ਵਾਰ ਹੀ ਲੜਾਈ ਹੋਈ ਹੈ... 1984 ਵਿੱਚ ਜਦੋਂ ਕਾਂਗਰਸੀ ਆਗੂਆਂ ਦੇ ਉਕਸਾਹਟ ਤੇ ਦੰਗਾਕਾਰੀਆਂ ਨੇ ਦਸਤਾਰ ਸਜਾਉਣ ਵਾਲੇ ਸਿੱਖਾਂ ਦੇ ਗਲਾਂ ਵਿੱਚ ਟਾਇਰ ਪਾ ਕੇ, ਜਿਉਂਦਾ ਸਾੜ ਦਿਤਾ ਸੀ|
ਭਾਜਪਾ ਦੇ ਕੌਮੀ ਬੁਲਾਰੇ ਆਰਪੀ ਸਿੰਘ ਨੇ ਕਿਹਾ ਕਿ ਦਿੱਲੀ ਵਿੱਚ 3000 ਸਿੱਖਾਂ ਦਾ ਕਤਲੇਆਮ ਕੀਤਾ ਗਿਆ, ਉਨ੍ਹਾਂ ਦੀਆਂ ਪੱਗਾਂ ਉਤਾਰੀਆਂ ਗਈਆਂ, ਉਨ੍ਹਾਂ ਦੇ ਵਾਲ ਕੱਟੇ ਗਏ ਅਤੇ ਦਾੜ੍ਹੀ ਮੁੰਨ ਦਿੱਤੀ ਗਈ| ਉਹ ਇਹ ਨਹੀਂ ਕਹਿੰਦਾ ਕਿ ਅਜਿਹਾ ਉਦੋਂ ਹੋਇਆ ਜਦੋਂ ਕਾਂਗਰਸ ਸੱਤਾ ਵਿੱਚ ਸੀ| ਮੈਂ ਰਾਹੁਲ ਗਾਂਧੀ ਨੂੰ ਚੁਣੌਤੀ ਦਿੰਦਾ ਹਾਂ ਕਿ ਉਹ ਭਾਰਤ ਵਿੱਚ ਉਹੀ ਗੱਲ ਦੁਹਰਾਉਣ ਜੋ ਉਹ ਸਿੱਖਾਂ ਬਾਰੇ ਕਹਿ ਰਹੇ ਹਨ...ਮੈਂ ਉਨ੍ਹਾਂ ਵਿਰੁੱਧ ਕੇਸ ਦਰਜ ਕਰਾਵਾਂਗਾ|
ਦੂਜੇ ਪਾਸੇ  ਬਾਦਲ ਅਕਾਲੀ ਦਲ ਇਸ ਬਾਰੇ ਦੋਹਰਾ ਸਟੈਂਡ ਰਖ ਰਿਹਾ ਹੈ ਕਿ ਜੋ ਭਾਜਪਾ ਦੇ ਰਾਜ ਵਿਚ ਦਿਕਤਾਂ ਸਿਖਾਂ ਨੂੰ ਆ ਰਹੀਆਂ ਹਨ, ਉਸ ਬਾਰੇ ਉਸਦਾ ਕੋਈ ਸਪਸ਼ਟ ਸਟੈਂਡ ਨਹੀਂ ਹੈ|
ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਪਰਮਬੰਸ ਸਿੰਘ ਰੋਮਾਣਾ ਤੇ ਬੀਬੀ ਹਰਸਿਮਰਤ ਕੌਰ ਬਾਦਲ ਅਨੁਸਾਰ ਅਕਾਲੀ ਦਲ ਵਾਰ-ਵਾਰ ਕਹਿ ਰਿਹਾ ਹੈ ਕਿ ਮੌਜੂਦਾ ਸਰਕਾਰ ਵਿੱਚ ਧਾਰਮਿਕ ਅਸਹਿਣਸ਼ੀਲਤਾ ਕਈ ਗੁਣਾ ਵਧ ਗਈ ਹੈ, ਘੱਟ ਗਿਣਤੀਆਂ ਨੂੰ ਦਬਾਇਆ ਜਾ ਰਿਹਾ ਹੈ| ਭਾਜਪਾ ਸਰਕਾਰ ਅਤੇ ਆਰਐਸਐਸ ਸਿੱਖ ਕੌਮ ਦੇ ਧਾਰਮਿਕ ਮਾਮਲਿਆਂ ਵਿੱਚ ਦਖ਼ਲਅੰਦਾਜ਼ੀ ਕਰ ਰਹੇ ਹਨ| ਇਸ ਸਭ ਦੇ ਬਾਵਜੂਦ ਰਾਹੁਲ ਗਾਂਧੀ ਇਸ ਮੁੱਦੇ ਤੇ ਬੋਲਣ ਵਾਲੇ ਆਖਰੀ ਵਿਅਕਤੀ ਹੋਣੇ ਚਾਹੀਦੇ ਹਨ| ਉਸ ਦੀ ਪਾਰਟੀ ਅਤੇ ਪਰਿਵਾਰ ਨੇ ਸਿੱਖ ਕੌਮ ਨਾਲ ਜੋ ਕੁਝ ਕੀਤਾ ਹੈ, ਉਸ ਤੋਂ ਬਾਅਦ ਉਸ ਨੂੰ ਇਸ ਤੇ ਬੋਲਣ ਦਾ ਕੀ ਨੈਤਿਕ ਅਧਿਕਾਰ ਹੈ... ਉਸ ਨੂੰ ਆਪਣੀ ਦਾਦੀ ਇੰਦਰਾ ਗਾਂਧੀ ਦੇ ਹੁਕਮ ਤੇ 1984 ਵਿਚ ਹਰਿਮੰਦਰ ਸਾਹਿਬ ਤੇ ਜੋ ਕੁਝ ਹੋਇਆ ਸੀ, ਉਸ ਬਾਰੇ ਗੱਲ ਕਰਨੀ ਚਾਹੀਦੀ ਹੈ| ਉਸ ਨੂੰ ਆਪਣੇ ਪਿਤਾ ਰਾਜੀਵ ਗਾਂਧੀ ਦੇ ਹੁਕਮਾਂ ਤੇ ਹੋਏ ਸਭ ਤੋਂ ਵੱਡੇ ਸਿੱਖ ਕਤਲੇਆਮ ਦੀ ਗੱਲ ਕਰਨੀ ਚਾਹੀਦੀ ਹੈ... ਰਾਹੁਲ ਗਾਂਧੀ ਨੇ ਸਿੱਖ ਕਤਲੇਆਮ ਦੇ ਦੋ ਮੁੱਖ ਦੋਸ਼ੀਆਂ ਜਗਦੀਸ਼ ਟਾਈਟਲਰ ਅਤੇ ਸੱਜਣ ਕੁਮਾਰ ਨੂੰ ਵੀ ਉੱਚ ਅਹੁਦੇ ਦਿਤੇ ਸਨ|  
ਇਸ ਮਾਮਲੇ ਉਪਰ ਬੀਬੀ ਕਿਰਨਜੋਤ ਕੌਰ ਦਾ ਸਟੈਂਡ ਸਹੀ ਹੈ ਕਿਰਨਜੋਤ ਦਾ ਕਹਿਣਾ ਹੈ ਕਿ ਰਾਹੁਲ ਗਾਂਧੀ ਦੀ ਗੱਲ ਦੀ ਘੋਖ ਕੀਤੀ ਜਾਏ ਤਾਂ ਉਹ ਸਹੀ ਕਹਿ ਰਿਹਾ ਹੈ| ਅੰਮ੍ਰਿਤਧਾਰੀ ਬੱਚਿਆਂ ਦੇ ਕੜੇ ਤੇ ਕਿਰਪਾਨਾਂ ਲੁਹਾਉਣ ਦੀਆਂ ਖ਼ਬਰਾਂ ਹਰ ਸਾਲ ਛਪਦੀਆਂ ਹਨ, ਖ਼ਾਸ ਕਰ ਨੀਟ ਦੇ ਪੇਪਰ ਵੇਲੇ| ਕਈ ਸਕੂਲਾਂ ਵਿਚ ਕੜਿਆਂ ਉਪਰ ਪਾਬੰਦੀ ਹੈ| ਹਰਿਆਣਾ ਦੇ ਗੁਰਦਵਾਰੇ ਬੀਜੇਪੀ ਦੀ ਸਰਕਾਰ ਨੇ ਪੁਲਿਸ ਵਰਤ ਕੇ ਕਬਜ਼ਾ ਕੀਤਾ ਹੈ ਤੇ ਆਪਣੀ ਮਰਜ਼ੀ ਦੇ ਬੰਦੇ ਬਿਠਾਏ ਹੋਏ ਹਨ| ਬੰਗਾਲ ਦੇ ਸਿੱਖ ਪੁਲਿਸ ਅਫ਼ਸਰ ਦੀ ਪਗੜੀ ਦੇਖ ਕੇ ਉਸ ਨੂੰ ਖਾਲਿਸਤਾਨੀ ਬੁਲਾਉਣ ਵਾਲਾ ਵੀ ਬੀਜੇਪੀ ਦਾ ਬੰਦਾ ਸੀ| ਸਿੱਖ ਬਾਹਰਲੇ ਮੁਲਕਾਂ ਤੋਂ ਕਿਰਪਾਨ ਪਾ ਕੇ ਜਹਾਜ਼ ਦਾ ਸਫ਼ਰ ਕਰਕੇ ਇੰਡੀਆ ਪਹੁੰਚਦੇ ਹਨ ਤਾਂ ਦਿੱਲੀ ਤੋ ਅੰਮ੍ਰਿਤਸਰ ਦੀ ਫ਼ਲਾਈਟ ਤੇ ਉਨ੍ਹਾ ਦੀ ਕਿਰਪਾਨ ਦਿੱਲੀ ਹਵਾਈ ਅੱਡੇ ਤੇ ਉਤਰਵਾਈ ਜਾਂਦੀ ਹੈ|
ਪੰਥਕ ਹਲਕਿਆਂ ਵਿਚ ਰਾਹੁਲ ਦੇ ਬਿਆਨ ਨੂੰ ਸਹੀ ਮੰਨਿਆ ਜਾ ਰਿਹਾ ਹੈ ਕਿ ਪੰਜਾਬ ਦੇ ਸਕੂਲਾਂ ਵਿਚ ਕੜਿਆਂ ਉਪਰ ਪਾਬੰਦੀ ਹੈ, ਪੰਜਾਬੀ ਬੋਲਣ ਉਪਰ ਪਾਬੰਦੀ ਹੈ| ਸ਼ੋਸ਼ਲ ਮੀਡੀਆ ਉਪਰ ਭਗਵੇਂ ਵਾਦੀਆਂ ਦੀ ਫਿਰਕੂ ਫੋਰਸਾਂ ਵਲੋਂ ਪੱਗ ਦਾ ਮਤਲਬ ਖਾਲਿਸਤਾਨੀ ਐਲਾਨਿਆ ਜਾ ਰਿਹਾ ਹੈ| ਮਤਲਬ ਖਾਲਿਸਤਾਨੀ ਤੇ ਖਾਲਿਸਤਾਨ ਗਾਲ ਬਣਾਕੇ ਰਖ ਦਿਤੀ ਹੈ ਤੇ ਇਸੇ ਤਹਿਤ ਸਿਖਾਂ ਖਿਲਾਫ ਨਫਰਤ ਫੈਲਾਈ ਜਾ ਰਹੀ ਹੈ| ਇਸੇ ਤਰ੍ਹਾਂ ਮੁਸਲਮਾਨਾਂ ਅਤੇ ਈਸਾਈਆਂ ਨੂੰ ਪਿਛਲੇ ਦਸ ਸਾਲਾਂ ਤੋਂ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ|
ਸਾਡਾ ਮੰਨਣਾ ਹੈ ਕਿ ਰਾਹੁਲ ਗਾਂਧੀ ਨੇ ਸਿਖਾਂ ਬਾਰੇ ਕੋਈ ਗਲਤ ਸਟੈਂਡ ਨਹੀਂ ਲਿਆ| ਭਾਜਪਾ ਵਿਚਲੇ ਸਿਖਾਂ ਨੇ ਇਸ ਸੱਚ ਦਾ ਵਿਰੋਧ ਕਰਨਾ ਸੀ, ਕਿਉਂ ਕਿ ਇਸ ਨਾਲ ਮੋਦੀ ਸਰਕਾਰ ਦੀ ਬਦਨਾਮੀ ਹੋ ਰਹੀ ਹੈ| ਭਾਜਪਾ ਸਰਕਾਰ ਉਪਰ ਦੋਸ਼ ਲੱਗ ਰਹੇ ਹਨ ਕਿ ਇਸ ਰਾਜ ਵਿਚ ਘੱਟ ਗਿਣਤੀਆਂ ਸੁਰੱਖਿਅਤ ਨਹੀਂ ਹਨ| ਪਰ ਦੁਖ ਇਸ ਗੱਲ ਦਾ ਹੈ ਕਿ ਅਕਾਲੀ ਦਲ ਬਾਦਲ ਇਸ ਮਸਲੇ ਬਾਰੇ ਸਪੱਸ਼ਟ ਸਟੈਡ ਨਹੀਂ ਰੱਖ ਸਕਿਆ, ਉਹ ਮੋਦੀ ਸਰਕਾਰ ਦਾ ਬਚਾਅ ਕਰ ਰਿਹਾ ਹੈ|
-ਰਜਿੰਦਰ ਸਿੰਘ ਪੁਰੇਵਾਲ