image caption: ਜਥੇਦਾਰ ਮਹਿੰਦਰ ਸਿੰਘ ਖਹਿਰਾ ਯੂ ਕੇ

ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਗੁਰਬਾਣੀ ਦੇ ਇਤਿਹਾਸਕ ਤੇ ਸਮਾਜਿਕ ਪੱਖ ਤੇ ਇਕ ਨਜ਼ਰ !

ਹਿੰਦ ਦੇ ਇਤਿਹਾਸ ਵਿੱਚ ਸੋਲ੍ਹਵੀਂ ਸਦੀ ਦਾ ਪਹਿਲਾ ਅੱਧ ਬੜੀਆਂ ਰਾਜਨੀਤਕ ਘਟਨਾਵਾਂ ਨਾਲ ਭਰਪੂਰ ਸੀ ਤੇ ਇਹ ਘਟਨਾਵਾਂ ਹਿੰਦ ਦੇ ਇਤਿਹਾਸ ਵਿੱਚ ਯੁੱਗ ਪਲਟਾਊ ਸਮਝੀਆਂ ਜਾਂਦੀਆਂ ਹਨ । ਉਸ ਸਮੇਂ ਦੀਆਂ ਕੁਝ ਜ਼ਿਕਰ ਯੋਗ ਘਟਨਾਵਾਂ ਇਹ ਹਨ : (1) ਬਾਬਰ ਦਾ ਹਮਲਾ, (2) ਪਾਨੀਪਤ ਦੀ ਪਹਿਲੀ ਲੜਾਈ, (3) ਹਮਾਯੂ ਦਾ ਹਿੰਦ ਵਿੱਚੋਂ ਦੇਸ਼ ਨਿਕਾਲਾ, (4) ਸ਼ੇਰਸ਼ਾਹ ਸੂਰੀ ਦਾ ਰਾਜ । ਉਕਤ ਚਾਰੇ ਘਟਨਾਵਾਂ ਗੁਰੂ ਗ੍ਰੰਥ ਸਾਹਿਬ ਵਿੱਚ ਦੱਸੀਆਂ ਗਈਆਂ ਹਨ ਤੇ ਗੁਰੂ ਨਾਨਕ ਨੇ ਆਪਣੀ ਬਾਣੀ ਰਾਹੀਂ ਅੰਕਿਤ ਕੀਤੀਆਂ ਹਨ । ਇਥੇ ਇਹ ਵੀ ਜ਼ਿਕਰਯੋਗ ਹੈ ਕਿ 1540 ਈ: ਨੂੰ ਸ਼ੇਰਸ਼ਾਹ ਸੂਰੀ ਨੇ ਹਮਾਯੂ ਨੂੰ ਹਰਾ ਕੇ ਭਜਾਇਆ ਅਤੇ 1545 ਈ: ਤੱਕ ਆਪ ਰਾਜ ਕੀਤਾ ਤੇ ਉਸ ਦੀ ਮੌਤ ਤੋਂ ਬਾਅਦ ਉਸ ਦੇ ਪੁੱਤਰ ਇਸਲਾਮ ਸ਼ਾਹ ਸੂਰੀ ਨੇ 1545 ਤੋਂ 1553 ਤੱਕ ਰਾਜ ਕੀਤਾ । 1553 ਈ: ਨੂੰ ਹਮਾਯੂ ਨੇ ਫਿਰ ਕਾਬਲ ਤੋਂ ਵਾਪਸ ਆ ਕੇ ਇਸਲਾਮ ਸ਼ਾਹ ਸੂਰੀ ਨੂੰ ਹਰਾਇਆ ਤੇ ਫਿਰ ਹਿੰਦ &lsquoਤੇ ਕਾਬਜ਼ ਹੋ ਗਿਆ । ਫਿਰ ਬਾਬਰ ਦੇ ਖਾਨਦਾਨ ਨੇ ਹਿੰਦੂ ਤੇ ਨਿਰੰਤਰ ਰਾਜ ਕੀਤਾ । ਹਮਾਯੂ ਦਾ ਪੁੱਤਰ ਅਕਬਰ, ਅਕਬਰ ਦਾ ਪੁੱਤਰ ਸ਼ਾਹ ਜਹਾਨ ਅਤੇ ਸ਼ਾਹ ਜਹਾਨ ਦਾ ਪੁੱਤਰ ਔਰੰਗਜ਼ੇਬ । ਇਧਰੋਂ ਬਾਬੇ ਕੇ ਗੁਰੂ ਨਾਨਕ ਤੋਂ ਗੁਰੂ ਗੋਬਿੰਦ ਸਿੰਘ ਤੱਕ ਦੱਸ ਜ਼ਿੰਦਗੀਆਂ ਦੇ ਭਿੰਨ-ਭਿੰਨ ਪਹਿਲੂਆਂ ਵਿੱਚ ਕਾਰਜਸ਼ੀਲ ਗੁਰੂ ਨਾਨਕ ਦੇ ਦੱਸ ਰੂਪ । ਗੁਰੂ ਨਾਨਕ ਨੇ ਧਰਮ ਦੀ ਵਿਆਖਿਆ ਵੀ ਆਪਣੀ ਬਾਣੀ ਰਾਹੀਂ ਹੀ ਕੀਤੀ ਹੈ : ਏਕੋ ਧਰਮੁ ਦ੍ਰਿੜੈ ਸੱਚ ਕੋਈ ॥ ਗੁਰਮਤਿ ਪੂਰਾ ਜੁਗਿ ਸੋਈ ॥ (ਗੁ: ਗ੍ਰੰ: ਸਾ: 1188) ਅਤੇ : ਸਚਹੁ Eਰੈ ਸਭ ਕੋ ਉਪਰਿ ਸਚੁ ਅਚਾਰੁ ॥ (ਗੁ: ਗ੍ਰੰ: ਸਾ: ਪੰਨਾ 62) ਭਾਵ ਇਹ ਕਿ ਸਦਾਚਾਰੀ ਮਨੁੱਖ ਉਹ ਨਹੀਂ ਜਿਸ ਨੂੰ ਸਦਾਚਾਰ ਦੀ ਵਾਕਫੀਅਤ ਹੈ ਸਗੋਂ ਉਹ ਹੈ ਜੋ ਇਸ ਨੂੰ ਅਮਲ ਵਿੱਚ ਰੂਪਮਾਨ ਕਰਦਾ ਹੈ । ਬਾਬਰ ਤੇ ਗੁਰੂ ਨਾਨਕ ਸਮਕਾਲੀ ਸਨ, ਇਸ ਕਰਕੇ ਇਤਿਹਾਸ ਨੇ ਇਨ੍ਹਾਂ ਨੂੰ ਬਾਬੇ ਕੇ ਤੇ ਬਾਬਰਕੇ ਵਜੋਂ ਸੰਬੋਧਨ ਕੀਤਾ ਹੈ । ਇਥੋਂ ਹੀ ਬਾਬੇਕਿਆਂ ਦਾ ਅਤੇ ਬਾਬਰਕਿਆਂ ਦਾ ਧਰਮ ਯੁੱਧ ਸ਼ੁਰੂ ਹੋਇਆ । ਬਾਬਰ ਮੁਗਲ ਰਾਜ ਦਾ ਬਾਣੀ ਬਣਿਆ ਅਤੇ ਗੁਰੂ ਨਾਨਕ ਸਾਹਿਬ ਨੇ ਭਗਤੀ ਤੇ ਸ਼ਕਤੀ ਦੇ ਸੁਮੇਲ (ਮੀਰੀ ਪੀਰੀ) ਦੇ ਸਿਧਾਂਤ ਦਾ ਮੁੱਢ ਬੰਨਦਿਆਂ ? ਜਿਥੇ ਇਕ ਪਾਸੇ ਪੀਰੀ ਦੇ ਪੜਦੇ ਪਿੱਛੇ ਛੁਪੇ ਪਾਖੰਡ ਨੂੰ ਬੇਨਕਾਬ ਕੀਤਾ, ਉਥੇ ਦੂਜੇ ਪਾਸੇ ਮੀਰੀ ਅਨਿਆਈ ਅਤੇ ਹਿੰਸਕ ਵਤੀਰੇ ਦਾ ਕਾਰਗਰ ਵਿਰੋਧ ਕੀਤਾ । ਤਤਕਾਲੀਨ ਰਾਜ ਦੇ ਹਿੰਸਕ ਤੇ ਭਿਆਨਕ ਰੂਪ ਦਾ ਗੁਰੂ ਨਾਨਕ ਸਾਹਿਬ ਨੇ ਆਪਣੀ ਬਾਣੀ ਵਿੱਚ ਜ਼ਿਕਰ ਕੀਤਾ ਹੈ ਕਿ ਰਾਜ ਵਿੱਚੋਂ ਧਰਮ ਦਾ ਅੰਸ਼ ਖੰਭ ਲਾ ਕੇ ਉੱਡ ਗਿਆ ਹੈ : ਕਲਿ ਕਾਤੀ ਰਾਜੇ ਕਸਾਈ ਧਰਮੁ ਪੰਥ ਕਰਿ ਉਡਰਿਆ ॥ (ਵਾਰ ਸਲੋਕ ਮਹਲਾ ਪਹਿਲਾ, ਗੁ: ਗ੍ਰੰ: ਸਾ: ਪੰਨਾ 145) ਅਤੇ ਰਾਜੇ ਸ਼ੀਹ ਮੁਕਦਸ ਕੁਤੇ ॥ ਜਾਇ ਜਗਾਇਨ ਬੈਠੇ ਸੁਤੇ ॥ ਚਾਕਰ ਨਹ ਦਾ ਪਾਇਨਿ ਘਾਉ ॥ ਰੁਤ ਪਿਤੁ ਕੁਤਿਹੋ ਚਟਿ ਜਾਹੁ ॥ ਜਿਥੇ ਜੀਆ ਹੋਸੀ ਸਾਰ ॥ ਨਕੀਂ ਵੱਢੀ ਲਾਇਤ ਬਾਰ ॥ (ਵਾਰ ਸਲੋਕ ਮਹਲਾ ਪਹਿਲਾ, ਗੁ: ਗੰ੍ਰ: ਸਾ: ਪੰਨਾ 1288) ਗੁਰ ਨਾਨਕ ਸਾਹਿਬ ਸਾਰੀ ਹਿੰਦ ਅਤੇ ਮੱਧ ਪੂਰਬ ਦੇਸ਼ਾਂ ਦਾ ਦੌਰਾ ਕਰ ਚੁੱਕੇ ਸਨ । ਉਨ੍ਹਾਂ ਨੂੰ ਹਰ ਥਾਂ ਸਮਾਜਿਕ ਤੇ ਪੁਲਿਟੀਕਲ ਨਜ਼ਾਮ ਢਹਿੰਦਾ ਸਾਫ ਨਜ਼ਰ ਆਉਂਦਾ ਸੀ । ਹਿੰਦ ਦੇ ਇਤਿਹਾਸ ਵਿੱਚ ਸੋਲਵੀਂ ਸਦੀ ਦਾ ਅਰੰਭ ਇਕ ਬੜੀ ਕਮਜ਼ੋਰ ਹਕੂਮਤ ਨਾਲ ਹੀ ਹੋਇਆ । ਇਬਰਾਹੀਮ ਲੋਧੀ ਇਕ ਕਮਜ਼ੋਰ ਬਾਦਸ਼ਾਹ ਸੀ ਤੇ ਰਾਜ ਪ੍ਰਬੰਧ ਵਿੱਚ ਵੀ ਉਹ ਇੰਨਾ ਨਿਪੁੰਨ ਨਹੀਂ ਸੀ । ਸਿੱਟਾ ਇਹ ਨਿਕਲਿਆ ਕਿ ਹਕੂਮਤ ਦੇ ਕਮਰਚਾਰੀ ਜਾਂ ਤਾਂ ਬਾਗੀ ਹੋ ਗਏ ਜਾਂ ਵੱਖੋ ਵੱਖ ਥਾਵਾਂ &lsquoਤੇ ਆਪਣੀਆਂ ਮਨਮਾਨੀਆਂ ਕਰਨ ਲੱਗੇ । ਸੂਬਿਆਂ ਵਿੱਚ ਗਵਰਨਰ ਬਾਦਸ਼ਾਹ ਬਣ ਬੈਠੇ ਤੇ ਦਿੱਲੀ ਦੇ ਬਾਦਸ਼ਾਹ ਦੀ ਕੋਈ ਪ੍ਰਵਾਹ ਨਹੀਂ ਸੀ ਹੁੰਦੀ । ਅਸਲ ਵਿੱਚ ਗੱਲ ਇਹ ਸੀ ਪਠਾਣ ਹਿੰਦ ਵਿੱਚ ਰਹਿ ਕੇ ਐਨੇ ਐਸ਼ਪ੍ਰਸਤ, ਕਮਜ਼ੋਰ ਤੇ ਨਿਰਬਲ ਹੋ ਗਏ ਸਨ ਕਿ ਉਹ ਹਿੰਦ ਦਾ ਪ੍ਰਬੰਧ ਉਸ ਤਾਕਤ ਤੇ ਹਿੰਮਤ ਨਾਲ ਨਹੀਂ ਸਨ ਕਰ ਸਕਦੇ ਜੋ ਕਿ ਉਨ੍ਹਾਂ ਸ਼ੁਰੂ ਵਿੱਚ ਵਿਖਾਈ । ਇਬਰਾਹੀਮ ਲੋਧੀ ਦੇ ਰਾਜ ਵਿੱਚ ਬੇਚੈਨੀ ਤੇ ਬਗਾਵਤ ਚੁਫੇਰੇ ਫੈਲੀ ਹੋਈ ਸੀ । ਉਸ ਦੀਆਂ ਜ਼ਾਲਮ ਰੁਚੀਆਂ, ਉਸ ਦੇ ਹੈਂਸਿਆਰੇ ਹੰਕਾਰ ਤੋਂ ਅਮੀਰ ਵਜ਼ੀਰ ਤੇ ਸੂਬੇਦਾਰ ਤੰਗ ਸਨ । ਜਿਹੜੇ ਅਫ਼ਗਾਨ ਅਮੀਰਾਂ ਤੇ ਨਵਾਬਾਂ ਨੇ ਆਪਣੇ ਬਾਹੂਬਲ ਉਸ ਦੇ ਖਾਨਦਾਨ ਨੂੰ ਤਖ਼ਤ &lsquoਤੇ ਬਿਠਾਇਆ ਸੀ ਉਹ ਬਾਦਸ਼ਾਹ (ਇਬਰਾਹੀਮ ਲੋਧੀ) ਤੋਂ ਇਤਨੇ ਦੁਖੀ ਹੋ ਗਏ ਸਨ ਕਿ ਚਾਰ ਚੁਫੇਰੇ ਅਫ਼ਗਾਨ ਸਰਦਾਰਾਂ ਦੇ ਦਿਲਾਂ ਵਿੱਚ ਬਗਾਵਤ ਦੀ ਅੱਗ ਸੁਲਗਣ ਲੱਗੀ । ਸਾਰਾ ਪੰਜਾਬ ਦੌਲਤਖਾਨ ਲੋਧੀ ਤੇ ਉਸ ਦੇ ਪੁੱਤਰ, ਗਾਜੀ ਖਾਨ ਤੇ ਦਿਲਾਵਰ ਖਾਨ ਦੇ ਅਧੀਨ ਸੀ । ਪੰਜਾਬ ਉੱਤੇ ਇਨ੍ਹਾਂ ਦੀ ਸੂਬੇਦਾਰੀ ਇਕ ਪ੍ਰਕਾਰ ਦਾ ਨੀਮ-ਸੁਤੰਤਰ ਰਾਜ ਸੀ । ਜਦ ਇਨ੍ਹਾਂ ਨੇ ਇਬਰਾਹੀਮ ਲੋਧੀ ਦੇ ਹੱਥੋਂ ਅਫ਼ਗਾਨ ਵਜ਼ੀਰਾਂ ਦਾ ਬੁਰਾ ਹਾਲ ਹੁੰਦਾ ਦੇਖਿਆ ਤਾਂ ਉਨ੍ਹਾਂ ਨੂੰ ਵੀ ਆਪਣੇ ਭਵਿੱਖ ਦੀ ਚਿੰਤਾ ਹੋਈ । ਐਸੇ ਬਾਦਸ਼ਾਹ ਜੋ ਅਫ਼ਗਾਨ ਵੀ ਸੀ ਤੇ ਰਿਸ਼ਤੇਦਾਰ ਵੀ ਦੀ ਗੁਲਾਮੀ ਨਾਲੋਂ ਉਸ ਵਿਰੁੱਧ ਬਗਾਵਤ ਕਰਨਾ ਚੰਗਾ ਸਮਝਿਆ । ਦਿੱਲੀ ਦੇ ਬਾਦਸ਼ਾਹ ਇਬਰਾਹੀਮ ਲੋਧੀ ਉਪਰੋਂ ਉਨ੍ਹਾਂ ਦਾ ਬਿਲਕੁੱਲ ਵਿਸ਼ਵਾਸ਼ ਉੜ ਗਿਆ ਸੀ । ਸੋ ਦੌਲਤ ਖਾਨ ਲੋਧੀ ਨੇ ਬਾਬਰ ਨੂੰ ਸੱਦਾ ਭੇਜਿਆ । ਉਸ ਨੂੰ ਆਪਣੀ ਹਮਾਇਤ ਦਾ ਵਿਸ਼ਵਾਸ਼ ਦਿਲਾਣ ਲਈ ਉਸ ਨੇ ਖ਼ਾਸ ਏਲਚੀ ਭੇਜੇ, ਬਾਬਰ ਵੀ ਇਹੀ ਚਾਹੁੰਦਾ ਸੀ ਹਮਲਾ ਕਰਨ ਦਾ ਕੋਈ ਕਾਰਨ ਬਣ ਜਾਵੇ । ਇਬਰਾਹੀਮ ਲੋਧੀ ਦੀ ਦੌਲਤ ਖਾਨ ਲੋਧੀ ਨਾਲ ਖਟਪਟੀ ਅਤੇ ਦੌਲਤ ਖਾਨ ਦੇ ਸੱਦੇ ਨੇ ਉਸ ਦਾ ਹੌਸਲਾ ਬੁਲੰਦ ਕਰ ਦਿੱਤਾ । (ਹਵਾਲਾ ਪੁਸਤਕ, ਜੀਵਨ ਚਰਿੱਤ੍ਰ ਗੁਰੂ ਨਾਨਕ ਦੇਵ, ਲੇਖਕ ਡਾ: ਤਿਰਲੋਚਨ ਸਿੰਘ) ਇਸ ਹਮਲੇ ਬਾਰੇ ਬਾਬਰ ਲਿਖਦਾ ਹੈ ਕਿ ਸਿਆਲਕੋਟ ਦੇ ਰਾਜ ਵਿੱਚ ਆਉਂਦਿਆਂ ਜਿਥੋਂ ਦੇ ਵਸਨੀਕਾਂ ਨੇ ਈਨ ਮੰਨ ਲਈ ਉਨ੍ਹਾਂ ਨੇ ਆਪਣਾ ਆਪ ਤੇ ਆਪਣੀ ਜਾਇਦਾਦ ਨੂੰ ਬਚਾ ਲਿਆ । ਪਰ ਸੈਦਪੁਰ ਦੇ ਵਸਨੀਕਾਂ ਨੇ ਮੁਕਾਬਲਾ ਕੀਤਾ ਉਨ੍ਹਾਂ ਨੂੰ ਤਲਵਾਰ ਦੀ ਭੇਟ ਕਰ ਦਿੱਤਾ ਗਿਆ, ਉਨ੍ਹਾਂ ਦੀਆਂ ਔਰਤਾਂ ਅਤੇ ਬੱਚਿਆਂ ਨੂੰ ਕੈਦ ਕਰ ਲਿਆ ਗਿਆ, ਜਾਇਦਾਦਾਂ ਲੁੱਟ ਲਈਆਂ ਗਈਆਂ । ਵੇਖੋ ਪੰਨਾ 149, ਮੲਙੂੜਣੲਸ਼ ੂਫ਼ ੍ਰੂੋਣੜEਧਧਣਞ ਬਾਂਭੲੜ ਬਯੲੜਸ਼ਖਣਞੲ) ਉਪਰੋਕਤ ਪੈਰੇ੍ਹ ਦੀਆਂ ਆਖਰੀ ਲਾਈਨਾਂ ਧਿਆਨ ਯੋਗ ਹਨ । ਬਾਬਰ ਨੇ ਤਾਂ ਕੇਵਲ ਥੋੜ੍ਹੀਆਂ ਜਿਹੀਆਂ ਲਾਈਨਾਂ ਵਿੱਚ ਸਾਰਾ ਹਾਲ ਮੁਕਾ ਦਿੱਤਾ ਹੈ, ਪਰ ਗੁਰੂ ਨਾਨਕ ਜਿਹੜੇ ਉਥੇ ਭਾਈ ਲਾਲੋ ਦੇ ਘਰ ਠਹਿਰੇ ਸਨ ਉਨ੍ਹਾਂ ਨੇ ਸਾਰਾ ਹਾਲ ਅੱਖੀਂ ਦੇਖਿਆ ਅਤੇ ਖੂਨ ਦਿਆਂ ਸੌਹਿਲਿਆਂ ਨੂੰ ਖੋਲ ਕੇ ਗੁਰੂ ਗ੍ਰੰਥ ਸਾਹਿਬ ਵਿੱਚ ਹੇਠ ਲਿਖੇ ਅਨੁਸਾਰ ਅੰਕਿਤ ਕੀਤਾ । ਤਿਲੰਗ ਮਹਲਾ 1 ॥ ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨੁ ਵੇ ਲਾਲੋ ॥ ਪਾਪ ਕੀ ਜੰਞ ਲੈ ਕਾਬਲਹੁ ਧਾਇਆ ਜੋਰੀ ਮੰਗੈ ਦਾਨੁ ਵੇ ਲਾਲੋ ॥ ਸਰਮੁ ਧਰਮੁ ਦੁਇ ਛਪਿ ਖਲੋਏ ਕੂੜ੍ਹ ਫਿਰੈ ਪਰਧਾਨੁ ਵੇ ਲਾਲੋ ॥ ਕਾਜੀਆ ਬਾਮਣਾ ਕੀ ਗਲ ਬਕੀ ਅਗਦੁ ਪੜੈ ਸੈਤਾਨੁ ਵੇ ਲਾਲੋ ॥ ਮੁਸਲਮਾਨੀਆ ਪੜਹਿ ਕਤੇਬਾ ਕਸਟ ਮਹਿ ਕਰਹਿ ਖੁਦਾਇ ਵੇ ਲਾਲੋ ॥ ਜਾਤਿ ਸਨਾਤੀ ਹੋਰਿ ਹਿਦਵਾਣੀਆ ਏਹਿ ਭੀ ਲੇਖੈ ਲਾਇ ਵੇ ਲਾਲੋ ॥ ਖੂਨ ਕੇ ਸੋਹਿਲੇ ਗਾਵੀਅਹਿ ਨਾਨਕ ਰਤੁ ਕਾ ਕੁੰਗੂ ਪਾਇ ਵੇ ਲਾਲੋ ॥1॥ ਸਾਹਿਬ ਕੇ ਗੁਣ ਨਾਨਕੁ ਗਾਵੈ ਮਾਸ ਪੁਰੀ ਵਿਚਿ ਆਖੁ ਮਸੋਲਾ ॥ ਜਿਨਿ ਉਪਾਈ ਰੰਗਿ ਰਵਾਈ ਬੈਠਾ ਵੇਖੈ ਵਖਿ ਇਕੇਲਾ ॥ ਸਚਾ ਸੋ ਸਾਹਿਬੁ ਸਚੁ ਤਪਾਵਸੁ ਸਚੜਾ ਨਿਆਉ ਕਰੇਗੁ ਮਸੋਲਾ ॥ ਕਾਇਆ ਕਪੜ੍ਹ ਟੁਕੁ ਟੁਕੁ ਹੋਸੀ ਹਿਦੁਸਤਾਨੁ ਸਮਾਲਸੀ ਬੋਲਾ ॥ ਆਵਨਿ ਅਠਤਰੈ ਜਾਨਿ ਸਤਾਨਵੈ ਹੋਰੁ ਭੀ ਉਠਸੀ ਮਰਦ ਕਾ ਚੇਲਾ ॥ ਸਚ ਕੀ ਬਾਣੀ ਨਾਨਕੁ ਆਖੈ ਸਚੁ ਸੁਣਾਇਸੀ ਸਚ ਕੀ ਬੇਲਾ ॥2॥3॥5॥ (ਪੰਨਾ 722-723)
ਬਾਬਰ ਵੱਲੋਂ ਸੈਦਪੁਰ ਵਿਖੇ ਮਚਾਈ ਗਈ ਤਬਾਹੀ ਦਾ ਭਿਅੰਕਰ ਦ੍ਰਿਸ਼ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਨਾਨਕ ਸਾਹਿਬ ਨੇ ਬਾਬਰਵਾਣੀ ਰਾਹੀਂ ਇਸ ਪ੍ਰਕਾਰ ਦਰਜ ਕੀਤਾ ਹੈ :
ਜਿਨ ਸਿਰਿ ਸੋਹਨਿ ਪਟੀਆ ਮਾਂਗੀ ਪਾਇ ਸੰਧੂਰੁ ॥
ਸੇ ਸਿਰ ਕਾਡੀ ਮੁੰਨੀਅਨਿ ਗਲ ਵਿਚਿ ਆਵੈ ਧੂੜਿ ॥
ਮਹਲਾ ਅੰਦਰਿ ਹੌਦੀਆ ਹੁਣਿ ਬਹਣਿ ਨ ਮਿਲਨਿ ਹਦੂਰਿ ॥
ਆਦੇਸ਼ ਬਾਬਾ ਆਦੇਸ਼ ॥
ਆਦਿ ਪੁਰਖ ਤੇਰਾ ਅੰਤੁ ਨ ਪਾਇਆ
ਕਰਿ ਕਰਿ ਦੇਖਹਿ ਵੇਸ ॥ ਰਹਾਉ ॥
ਇਕੁ ਲਖੁ ਲਹਿਨ ਬਹਿਠੀਆ
ਲਖੁ ਲਹਨਿ ਖੜੀਆ ॥
 ਗਰੀ ਛੁਹਾਰੇ ਖਾਂਦੀਆ ਮਾਣਨਿ ਸੇਜੜੀਆ ॥
ਤਿਨ ਗਲਿ ਸਿਲਕਾ ਪਾਈਆ ਭੂਟਨਿ ਮੌਤਸਰੀਆ ॥
ਧਨੁ ਜੋਬਨੁ ਦੁਇ ਵੈਰੀ ਹੋਏ ਜਿਨੀਂ ਰਖੇ ਰੰਗੁ ਲਾਇ ॥
ਦੂਤਾ ਨੋ ਫੁਰਮਾਇਆ ਲੈ ਚਲੇ ਪਤਿ ਗਵਾਇ ॥
ਸਾਹਾਂ ਸੁਰਤਿ ਗਵਾਈਆ ਰੰਗਿ ਤਮਾਸੈ ਚਾਇ ॥
ਬਾਬਰਵਾਣੀ ਫਿਰਿ ਗਈ ਕੁਇਰੁ ਨ ਰੋਟੀ ਖਾਇ ॥ (ਆਸਾ, ਮ: 1, 417)
ਇਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਨੇ ਪਾਨੀਪਤ ਦੀ ਲੜਾਈ ਦਾ ਜ਼ਿਕਰ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਕੀਤਾ ਹੈ । ਜਦ ਬਾਦਸ਼ਾਹ ਇਬਰਾਹੀਮ ਲੋਧੀ ਦਿੱਲੀਉਂ ਪਾਨੀਪਤ ਦੀ ਲੜਾਈ ਲਈ ਰਵਾਨਾ ਹੋਇਆ ਤਾਂ ਜੋਤਸ਼ੀਆਂ, ਪੀਰਾਂ ਤੇ ਕਰਾਮਾਤੀ ਦਰਵੇਸ਼ਾਂ ਨੇ ਬਾਦਸ਼ਾਹ ਨੂੰ ਯਕੀਨ ਦੁਆਇਆ ਕਿ ਜੋਤਿਸ਼ ਦੇ ਹਿਸਾਬ ਨਾਲ ਉਹ ਅਵੱਸ਼ ਜਿੱਤੇਗਾ । ਉਨ੍ਹਾਂ ਨੇ ਇਹ ਵੀ ਯਕੀਨ ਦਿਲਾਇਆ ਕਿ ਉਨ੍ਹਾਂ ਦੀ ਮੰਤਰ ਸ਼ਕਤੀ ਤੇ ਕਰਾਮਾਤਾਂ ਨਾਲ ਮੀਰ ਬਾਬਰ ਤੇ ਉਸ ਦੀਆਂ ਫੌਜਾਂ ਅੰਨੀਆਂ ਹੋ ਜਾਣਗੀਆਂ । ਪਰ ਨਾ ਇਨ੍ਹਾਂ ਜੋਤਸ਼ੀਆਂ ਦੀ ਪੇਸ਼ੀਨਗੋਈ ਠੀਕ ਹੋਈ, ਨਾ ਹੀ ਇਨ੍ਹਾਂ ਦੇ ਮੰਤਰ ਚੱਲੇ, ਨਾ ਮੁਗ਼ਲ ਅੰਨੇ੍ਹ ਹੋਏ । ਐਸੇ ਹੀ ਜੋਤਸ਼ੀਆਂ ਦੀ ਤੇ ਪੀਰਾਂ ਫ਼ਕੀਰਾਂ ਦੀ ਝੂਠੀ ਪਾਰਸਾਈ ਨੂੰ ਨੰਗਿਆਂ ਕਰਦਿਆਂ ਗੁਰੂ ਨਾਨਕ ਸਾਹਿਬ ਲਿਖਦੇ ਹਨ : ਕੋਈ ਹੂ ਪੀਰ ਵਰਜਿ ਰਹਾਏ ਜਾ ਮੀਰੁ ਸੁਣਿਆ ਪਾਇਆ ॥ ਖਾਨ ਮੁਕਾਮ ਜਲੇ ਬਿਜ ਮੰਦਰ ਮੁਛਿ ਮੁਛਿ ਕੋਇਰ ਰੁਲਾਇਆ ॥ ਕੋਈ ਮੁਗਲ ਨ ਹੋਆ ਅੰਧਾ ਕਿਨੇ ਨ ਪਰਚਾ ਲਾਇਆ ॥ ਗੁਰੂ ਨਾਨਕ ਸਾਹਿਬ ਨੇ ਪਾਨੀਪਤ ਦੀ ਲੜਾਈ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਦੇ ਪੰਨਾ 417 ਉੱਤੇ ਆਸਾ ਮਹਲਾ ਪਹਿਲਾ ਦੇ ਸਿਰਲੇਖ ਹੇਠ ਬਹੁਤ ਵਿਸਥਾਰ ਨਾਲ ਅੰਕਿਤ ਕੀਤਾ ਹੋਇਆ ਹੈ, ਦਾਸ ਨੇ ਹੇਠਾਂ ਕੁਝ ਪੰਗਤੀਆਂ ਹੀ ਹਵਾਲੇ ਵਜੋਂ ਲਿਖੀਆਂ ਹਨ  : ਮੁਗਲ ਪਠਾਣਾਂ ਭਈ ਲੜਾਈਰਣ ਮਹਿ ਤੇਗ ਵਗਾਈ ॥ Eਨੀ ਤੁਪਕ ਤਾਣਿ ਚਲਾਈ Eਨੀ ਹਸਤਿ ਚਿੜਾਈ ॥ ਜਿਨ ਕੀ ਚੀਰੀ ਦਰਗਹ ਪਾਈ ਤਿਨਾ ਮਰਣਾ ਭਾਈ ॥ ਇਕ ਹਿੰਦਵਾਣੀ ਅਵਰ ਤੁਰਕਾਣੀ ਭਟਿਆਣੀ ਠਕੁਰਾਣੀ ॥ ਇਕਨਾ ਪੇਰਣ ਸਿਰ ਖੁਰ ਪਾਟੇ ਇਕਨਾ ਵਾਸ ਮਸਾਣੀ ॥ ਜਿਨ ਕੇ ਬੰਕੀ ਘਰੀ ਨਾ ਆਇਆ ਤਿਨ ਕਿਉਂ ਰੈਣ ਵਿਹਾਣੀ ॥ (ਗੁ: ਗ੍ਰੰ: ਸਾ: ਪੰਨਾ 417)
ਗੁਰੂ ਗ੍ਰੰਥ ਸਾਹਿਬ ਦਾ ਉਕਤ ਇਤਿਹਾਸਕ ਤੱਥ ਬਹੁਤ ਘੱਟ ਪ੍ਰਚਾਰਿਆ ਜਾਂਦਾ ਹੈ । ਇਸ ਤਰ੍ਹਾਂ ਹੁਣ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਸਮਾਜਿਕ ਪੱਖ ਤੇ ਵਿਚਾਰ ਕਰਾਂਗੇ । ਗੁਰੂ ਸਾਹਿਬਾਨ ਪਰਬਤਾਂ ਦੀਆਂ ਚੋਟੀਆਂ ਤੇ ਨਹੀਂ ਸਨ ਵੱਸਦੇ, ਸਗੋਂ ਸਮਾਜ ਵਿੱਚ ਵਿਚਰਦੇ ਸਨ ਤੇ ਉਨ੍ਹਾਂ ਦੀਆਂ ਸਮਾਜਿਕ ਊਣਤਾਈਆਂ ਨੂੰ ਚੰਗੀ ਤਰ੍ਹਾਂ ਜਾਣਦੇ ਸਨ । ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਨਤਾ ਦੀ ਬੋਲੀ ਵਿੱਚ ਰਚੀ ਗਈ ਤੇ ਉਸ ਦੇ ਵਿੱਚ ਅਲੰਕਾਰ ਆਦਿ ਇਸ ਤਰ੍ਹਾਂ ਵਰਤੇ ਗਏ ਜਿਨ੍ਹਾਂ ਦਾ ਸੰਬੰਧ ਉਸ ਸਮੇਂ ਦੇ ਸਮਾਜਿਕ ਜੀਵਨ ਨਾਲ ਸੀ । ਉਦਾਹਰਨ ਦੇ ਤੌਰ &lsquoਤੇ ਉਸ ਸਮੇਂ ਸਮਾਜ ਵਿੱਚ ਗਾਈਆਂ ਜਾਂਦੀਆਂ ਵਾਰਾਂ ਵਿੱਚੋਂ 9 ਵਾਰਾਂ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਦੇ ਸਿਰਲੇਖਾਂ ਵਿੱਚ ਮਿਲਦਾ ਹੈ । ਗੁਰੂ ਅਰਜਨ ਪਾਤਸ਼ਾਹ ਨੇ ਨੇਕੀ ਦੀ ਜਿੱਤ ਦਰਸਾਉਣ ਲਈ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਬਾਈ ਵਾਰਾਂ ਵਿੱਚੋਂ 9 ਵਾਰਾਂ ਦੇ ਸਿਰਲੇਖ ਹੇਠ ਲਿਖੇ ਅਨੁਸਾਰ ਲਿਖੇ : (1) ਮਲਕ ਮੁਰੀਦ ਤਥਾ ਚੰਦ੍ਰਹੜਾ ਸੋਹੀਆ ਕੀ ਧੁਨੀ (2) ਟੁੰਡੇ ਅਸਰਾਜੇ ਕੀ ਧੁਨੀ (3) ਲਲਾ ਬਹਿਲੀਮਾ ਕੀ ਧੁਨੀ (4) ਯੋਧੇ ਵੀਰੇ ਪੂਰਬਾਨੀ ਕੀ ਧੁਨੀ (5) ਰਾਇ ਮਹਿਮਾ ਹਸਨੇ ਕੀ ਧੁਨੀ (6) ਰਾਣੇ ਕਲਾਸ਼ ਤਥਾ ਮਾਲਦੇ ਕੀ ਧੁਨੀ (7) ਮੂਸੇ ਕੀ ਵਾਰ ਕੀ ਧੁਨੀ (8) ਰਾਇ ਕਮਾਲ ਮੌਜਦੀ ਕੀ ਵਾਰ ਕੀ ਧੁਨੀ (9) ਸਿਕੰਦਰ ਬਿਰਾਹਿਮਕੀ ਵਾਰ ਕੀ ਧੁਨੀ । (ਨੋਟ-ਉਕਤ ਨੋਂਆਂ ਹੀ ਵਾਰਾਂ ਦਾ ਸੰਖੇਪ ਇਤਿਹਾਸ ਵੀ ਉਪਲਬਧ ਹੈ ਪਰ ਜੇ ਇਸ ਲੇਖ ਵਿੱਚ ਲਿਖਿਆ ਤਾਂ ਲੇਖ ਬਹੁਤ ਲੰਬਾ ਹੋ ਜਾਵੇਗਾ ਜੇ ਪੰਜਾਬ ਟਾਈਮਜ਼ ਦੇ ਕਿਸੇ ਪਾਠਕ ਨੂੰ ਚਾਹੀਦਾ ਹੋਵੇ ਤਾਂ ਦਾਸ ਫੋਟੋ ਕਾਪੀ ਕਰਕੇ ਭੇਜ ਸਕਦਾ ਹੈ) 
ਗੁਰੂ ਗ੍ਰੰਥ ਸਾਹਿਬ ਵਿੱਚ ਯੋਧਿਆਂ ਦੀਆਂ ਵਾਰਾਂ ਦੇ ਸਿਰਲੇਖ ਦੇਣ ਦਾ ਇਕ ਹੋਰ ਵੀ ਕਾਰਨ ਸੀ, ਉਸ ਸਮੇਂ ਹਿੰਦੀ ਜਾਂ ਹਿੰਦ ਦਾ ਸਾਹਿਤ ਸ਼ਿਗਾਰਕ ਕਾਲ ਵਿੱਚ ਬਦਲ ਗਿਆ ਸੀ । ਪਰ ਪੰਜਾਬ ਨਿਵਾਸੀਆਂ ਨੇ ਫਿਰ ਵੀ ਬੀਰ-ਰਸੀ ਵਾਰਾਂ ਨੂੰ ਹੀ ਅਪਣਾਈ ਰੱਖਿਆ ਤੇ ਸ਼ਿਗਾਰ ਰੱਸ ਨੂੰ ਕੋਈ ਥਾਂ ਨਾ ਦਿੱਤੀ । ਕਾਰਨ ਇਸ ਦਾ ਇਹੋ ਸੀ ਕਿ ਪੰਜਾਬ ਪੁਰਾਤਨ ਸਮੇਂ ਤੋਂ ਰਣ ਭੂਮੀ ਬਣਦਾ ਚੱਲਿਆ ਆ ਰਿਹਾ ਸੀ । ਮਹਾਂ ਸਿਕੰਦਰ ਅਤੇ ਮਹਿਮੂਦ ਗਜ਼ਨਵੀ ਆਦਿ ਹਮਲਾਵਰਾਂ ਦਾ ਬਹੁਤਾ ਨਜ਼ਲਾ ਪਹਿਲਾਂ ਪੰਜਾਬ ਉੱਤੇ ਹੀ ਝੜਿਆ ਸੀ । ਇਸ ਲਈ ਪੰਜਾਬ ਦੀ ਸ਼ਾਨ ਨੂੰ ਬਰਕਰਾਰ ਰੱਖਣ ਲਈ ਜਰੂਰੀ ਸੀ ਕਿ ਇਸ ਦੇ ਨੌਜਵਾਨ ਵਿਦੇਸ਼ੀਆਂ ਵੱਲੋਂ ਪਾਈਆਂ ਜਾਣ ਵਾਲੀਆਂ ਅੱਗ-ਤੱਤੀਆਂ ਮੁਸੀਬਤਾਂ ਦਾ ਖਿੜੇ ਮੱਥੇ ਟਾਕਰਾ ਕਰਨ ਲਈ ਤਿਆਰ ਰਹਿਣ । ਇਸ ਤਿਆਰੀ ਲਈ ਵਾਰਾਂ ਦੀ ਸ਼ਕਲ ਵਿੱਚ ਗਾਏ ਜਾਣ ਵਾਲੇ ਜੰਗੀ ਗੀਤ ਅਜਿਹਾ ਜਾਦੂ ਸਨ ਜਿਨ੍ਹਾਂ ਨੂੰ ਸੁਣਕੇ ਇਕ ਕਾਇਰ ਆਦਮੀ ਵੀ ਸੂਰਮਤਾ ਦੇ ਜੋਸ਼ ਵਿੱਚ ਮੁੱਛਾਂ ਨੂੰ ਤਾਉ ਦੇਣ ਲੱਗ ਪੈਂਦਾ ਸੀ (ਨੋਟ ਇਸ ਕਰਕੇ ਹੀ ਛੇਵੇਂ ਪਾਤਸ਼ਾਹ ਹਰਗੋਬਿੰਦ ਸਾਹਿਬ ਨੇ ਅਕਾਲ ਤਖ਼ਤ &lsquoਤੇ ਢਾਡੀ ਵਾਰਾਂ ਗਵਾਉਣ ਦੀ ਪਰੰਪਰਾ ਸ਼ੁਰੂ ਕੀਤੀ ਸੀ ।) (ਹਵਾਲਾ - ਪ੍ਰਚੀਨ ਵਾਰਾਂ ਤੇ ਜੰਗਨਾਮੇ - ਸੰਪਾਦਕ, ਸ: ਸ਼ਮਸ਼ੇਰ ਸਿੰਘ ਅਸ਼ੋਕ, ਪ੍ਰਕਾਸ਼ਕ ਸਿੱਖ ਇਤਿਹਾਸ ਰੀਸਰਚ ਬੋਰਡ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ) ਹਿੰਦ ਵਿੱਚ ਮੁਸਲਮਾਨੀ ਰਾਜ ਦੇ ਸਮੇਂ ਦੌਰਾਨ ਦੀ ਖੇਡ ਬੜੀ ਪ੍ਰਸਿੱਧ ਸੀ ਗੁਲਾਮ ਖਾਨਦਾਨ ਦਾ ਬਾਨੀ ਕੁਤਬ-ਉ-ਦੀਨ ਐਬਕ ਚੁਗਾਨ ਖੇਡਦਾ ਘੋੜੇ ਤੋਂ ਡਿੱਗ ਕੇ ਮਰ ਗਿਆ ਸੀ । ਚੁਗਾਨ ਦੀ ਖੇਡ ਨੂੰ ਪੋਲੋ ਦੀ ਖੇਡ ਵੀ ਕਿਹਾ ਜਾਂਦਾ ਹੈ ਅਕਬਰ ਬਾਦਸ਼ਾਹ ਵੀ ਚੁਗਾਨ (ਪੋਲੋ) ਦੀ ਖੇਡ ਦਾ ਬਹੁਤ ਸ਼ੌਕੀਨ ਸੀ । ਗੁਰੂ ਅਰਜਨ ਪਾਤਸ਼ਾਹ ਜਿਹੜੇ ਅਕਬਰ ਦੇ ਸਮਕਾਲੀ ਸਨ । ਪੋਲੋ ਦੀ ਖੇਡ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਇਨ੍ਹਾਂ ਅੱਖਰਾਂ ਨਾਲ ਅੰਕਿਤ ਕੀਤਾ ਹੈ : ਚੜਿ ਕੈ ਘੋੜੜੈ ਕੁੰਦੇ ਪਕੜਹਿ ਖੂੰਡੀ ਕੀ ਖੇਡਾਰੀ, (ਗੁ: ਗ੍ਰੰ: ਸਾ: ਪੰਨਾ 322) (ਨੋਟ ਕੁਝ ਵਿਦਵਾਨਾਂ ਉਕਤ ਪੰਗਤੀ ਦੇ ਅਧਿਆਤਮਕ ਅਰਥ ਵੀ ਕੀਤੇ ਹਨ) ਇਥੇ ਇਹ ਵੀ ਜ਼ਿਕਰਯੋਗ ਹੈ ਕਿ ਗੁਰੂ ਅਰਜਨ ਪਾਤਸ਼ਾਹ ਨੂੰ ਵੀ ਪੋਲੋ ਖੇਡ ਦਾ ਪੂਰਾ ਅਭਿਆਸ ਸੀ, ਇਸ ਅਭਿਆਸ ਹੋਣ ਕਰਕੇ ਹੀ ਉਨ੍ਹਾਂ ਨੇ ਘੋੜੇ ਤੇ ਚੜ੍ਹਕੇ ਆਪਣੇ ਸਹੁਰਾ ਨਗਰ ਨਿਵਾਸੀਆਂ ਦੀ ਕਿਲਾ ਪੁਟਣ ਦੀ ਸ਼ਰਤ ਪੂਰੀ ਕੀਤੀ ਸੀ । ਅੱਜ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਸਮੇਂ ਸ਼੍ਰੋਮਣੀ ਕਮੇਟੀ ਨੇ ਗੁਰੂ ਗ੍ਰੰਥ ਸਾਹਿਬ ਦੀ ਸਜਾਵਟ ਲਈ ਲੱਖਾਂ ਰੁਪਏ ਫੁੱਲਾਂ ਤੇ ਖਰਚ ਕੀਤੇ ਹਨ, ਪਰ ਗੁਰੂ ਗ੍ਰੰਥ ਸਾਹਿਬ ਦੇ ਇਤਿਹਾਸਕ ਤੇ ਸਮਾਜਿਕ ਪੱਖ ਬਾਰੇ ਲਿਟਰੇਚਰ ਛੱਪਵਾ ਕੇ ਵੰਡਣ ਦਾ ਕੋਈ ਉਪਰਾਲਾ ਨਹੀਂ ਕੀਤਾ । ਨਗਰ ਕੀਰਤਨਾਂ ਅਤੇ ਵੱਡੇ ਵੱਡੇ ਗੁਰਮਤਿ ਸਮਾਗਮਾਂ ਰਾਹੀਂ ਸਿੱਖ ਧਰਮ ਦੇ ਖੋਲ ਦਾ ਹੀ ਪ੍ਰਚਾਰ ਕੀਤਾ ਜਾ ਰਿਹਾ ਹੈ, ਸਿੱਖ ਧਰਮ ਦੀਆਂ ਜੜ੍ਹਾਂ ਸੁੱਕ ਰਹੀਆਂ ਹਨ ਅਤੇ ਮੌਜੂਦਾ ਪ੍ਰਚਾਰਕ ਟਾਹਣੀਆਂ ਉੱਤੇ ਪਾਣੀ ਛਿੜਕ ਰਹੇ ਹਨ । ਅੱਜ ਜਦੋਂ ਸਿੱਖ ਧਰਮ ਤੇ ਚੁਫੇਰਿਉਂ ਹਮਲੇ ਹੋ ਰਹੇ ਹਨ ਤਾਂ ਇਹ ਬਹੁਤ ਜਰੂਰੀ ਹੋ ਗਿਆ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਪੁਰਬ ਅਤੇ ਗੁਰੂ ਸਾਹਿਬਾਨਾਂ ਦੇ ਪ੍ਰਕਾਸ਼ ਪੁਰਬਾਂ ਬਾਰੇ ਅਤੇ ਖ਼ਾਲਸੇ ਦੇ ਪ੍ਰਗਟ ਦਿਹਾੜੇ ਵੈਸਾਖੀ ਨਾਲ ਸੰਬੰਧਿਤ ਇਤਿਹਾਸ ਦਾ ਲਿਟਰੇਚਰ ਗੁਰਮੁੱਖੀ, ਅੰਗ੍ਰੇਜ਼ੀ ਵਿੱਚ ਛੱਪਵਾ ਕੇ ਵੰਡਿਆ ਜਾਵੇ ਤਾਂ ਕਿ ਸਾਡੀ ਨੌਜਵਾਨ ਪੀੜੀ ਗੁਰੂ ਗ੍ਰੰਥ ਗੁਰੂ ਪੰਥ ਦੇ ਮਾਣਮਤੇ ਇਤਿਹਾਸ ਤੋਂ ਜਾਣ ਹੋ ਸਕੇ । ਨੌਜਵਾਨ ਪੀੜੀ ਨੂੰ ਸਿੱਖੀ ਦਾ ਜਾਗ ਲਾਉਣ ਲਈ ਪ੍ਰਿੰਟ ਮੀਡੀਏ ਦੀ ਬਹੁਤ ਲੋੜ ਹੈ । ਸਾਡੇ ਕੋਲ ਕੇਵਲ ਇਕ ਹੀ ਪੰਜਾਬੀ ਦਾ ਪੇਪਰ ਪੰਜਾਬ ਟਾਈਮਜ਼ ਯੂ।ਕੇ। ਵਿੱਚ ਰਹਿ ਗਿਆ ਹੈ । ਪੰਜਾਬ ਟਾਈਮਜ਼ ਦੇ ਪਾਠਕਾਂ ਅਤੇ ਸਿੱਖ ਸੰਸਥਾਵਾਂ ਅਤੇ ਗੁਰਦੁਆਰਾ ਸਾਹਿਬਾਨ ਦੀਆਂ ਕਮੇਟੀਆਂ ਨੂੰ ਬੇਨਤੀ ਹੈ ਕਿ ਪੰਜਾਬ ਟਾਈਮਜ਼ ਨੂੰ ਚੱਲਦਾ ਰੱਖਣ ਲਈ ਪੂਰਨ ਸਹਿਯੋਗ ਦੇਣ ਦੀ ਕ੍ਰਿਪਾਲਤਾ ਕਰਨ, ਦਾਸ ਧੰਨਵਾਦੀ ਹੋਵੇਗਾ । ਗੁਰਮੁੱਖੀ ਵਿੱਚ ਪ੍ਰਿੰਟ ਮੀਡੀਏ ਦੀ ਇਸ ਕਰਕੇ ਵੀ ਲੋੜ ਹੈ ਕਿਉਂਕਿ ਗੁਰਮਤਿ ਦੇ ਸਹੀ ਅਰਥ ਗੁਰਮੁੱਖੀ ਵਿੱਚ ਹੀ ਹੋ ਸਕਦੇ ਹਨ । ਸਿੱਖ ਪਰਿਵਾਰਾਂ ਨੂੰ ਆਪਣੇ ਬੱਚਿਆਂ ਨੂੰ ਗੁਰਮੁੱਖੀ ਪੜ੍ਹਾਉਣ ਲਈ ਉੱਦਮ ਉਪਰਾਲੇ ਕਰਨੇ ਚਾਹੀਦੇ ਹਨ । (ਅਗਲੇ ਹਫ਼ਤੇ ਪੜੋ੍ਹ ਗੁਰੂ ਗ੍ਰੰਥ ਸਾਹਿਬ ਵਿੱਚ ਗੁਰ ਨਾਨਕ ਜੋਤਿ ਦੀ ਨਿਰੰਤਰਤਾ ਅਤੇ ਹਲੇਮੀ ਰਾਜ ਦਾ ਸੰਕਲਪ)
ਭੁੱਲਾਂ ਚੁੱਕਾਂ ਦੀ ਖਿਮਾਂ
ਗੁਰੂ ਪੰਥ ਦਾ ਦਾਸ
ਜਥੇਦਾਰ ਮਹਿੰਦਰ ਸਿੰਘ ਯੂ।ਕੇ