ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਨਾਨਕ ਜੋਤਿ ਦੀ ਨਿਰੰਤਰਤਾ ਅਤੇ ਹਲੇਮੀ ਰਾਜ ਦਾ ਸੰਕਲਪ ਨਾਨਕ ਦੀ ਸਿੱਖੀ ਦਾ ਅਕਾਲ ਪੁਰਖ ਨਾਲ ਸਿੱਧਾ ਸੰਬੰਧ ਸਥਾਪਤ ਹੁੰਦਾ ਹੈ ਕਿਸੇ ਅਵਤਾਰ ਦੇ ਰਾਹੀਂ ਨਹੀਂ !
ਗੁਰੂ ਨਾਨਕ ਦੀ ਸਿੱਖੀ ਦਾ ਅਕਾਲ ਪੁਰਖ ਨਾਲ ਸਿੱਧਾ ਸੰਬੰਧ ਸਥਾਪਤ ਹੁੰਦਾ ਹੈ ਕਿਸੇ ਅਵਤਾਰ ਦੇ ਰਾਹੀਂ ਨਹੀਂ ! ਸਿੱਖੀ ਅਕਾਲ ਦੀ ਸੱਭਿਅਤਾ ਦਾ ਸੰਪੂਰਨ ਵਿਕਾਸ ਹੈ । ਜੋ ਅਕਾਲ ਦੇ ਇਕ ਰਾਸ਼ਟਰਵਾਦ ਦਾ ਪ੍ਰਤੱਖ ਰੂਪ ਹੈ । (Sikhi is the complete evolution of Akal&rsquos civilisation. It is a direct image of Akal&rsquos of Almighty Akals&rsquos nationalism (ਪੁਸਤਕ, ਸਿੱਖ ਸਭਿਆਚਾਰ ਦਾ ਮੂਲ ਅਧਾਰ ਪੰਨਾ 21) ਨਿਆਰੀ ਹੋਂਦ ਹੀ ਸਿੱਖੀ ਦਾ ਬੁਨਿਆਦੀ ਸਿਧਾਂਤ ਹੈ । ਸਿੱਖ ਗੁਰੂ ਸਾਹਿਬਾਨਾਂ ਨੇ ਸਿੱਖ-ਧਰਮ ਨੂੰ ਇਕ ਅਜਿਹਾ ਸੰਪੰਨ ਧਰਮ-ਪ੍ਰਬੰਧ ਐਲਾਨਿਆ ਹੈ, ਜਿਸ ਦੇ ਉਪਦੇਸ਼ ਅਕਾਲ ਪੁਰਖ ਪ੍ਰਮਾਤਮਾਂ ਦੀ ਸਿੱਧੀ ਉਪਜ ਹਨ (ਧੁਰ ਕੀ ਬਾਣੀ ਆਈ) ਸਿੱਖ ਗੁਰੂ ਸਾਹਿਬਾਨਾਂ ਨੇ ਆਰੀਅਨਾਂ ਅਤੇ ਨਾਲ ਹੀ ਸਾਮੀ ਧਰਮ ਗ੍ਰੰਥਾਂ ਦੀ ਪ੍ਰਭਤਾ ਨੂੰ ਨਾਮਨਜ਼ੂਰ ਕਰ ਦਿੱਤਾ । ਬ੍ਰਾਹਮਣੀ ਹਿੰਦੂ ਦੇਵਤਿਆਂ ਨੂੰ ਤਿਆਗ ਦਿੱਤਾ, ਨਿੰਦਣਯੋਗ ਜਾਤ-ਪ੍ਰਥਾ ਨੂੰ ਰੱਦ ਕਰ ਦਿੱਤਾ ਅਤੇ ਕਰਮ-ਕਾਂਡਾਂ ਦਾ ਖੰਡਨ ਕੀਤਾ । (ਹਵਾਲਾ ਪੁਸਤਕ ਸ਼ਹੀਦ-ਬਿਲਾਸ ਸੰਤ ਜਰਨੈਲ ਸਿੰਘ, ਪੰਨਾ 126) 
ਸਿੱਖ ਧਰਮ ਦੇ ਬਾਨੀ ਜਗਤ ਗੁਰੂ, ਗੁਰੂ ਨਾਨਕ ਨੂੰ ਸੁਧਾਰਕ, ਕ੍ਰਾਂਤੀਕਾਰੀ, ਚਿੰਤਕ ਜਾਂ ਦੇਸ਼ ਭਗਤ ਵਜੋਂ ਪ੍ਰਚਾਰਿਆ ਜਾ ਰਿਹਾ ਹੈ, ਪਰ ਇਹ ਸਾਰੀਆਂ ਧਾਰਨਾਵਾਂ ਦਾ ਖੰਡਨ ਹਰਿੰਦਰ ਸਿੰਘ ਮਹਿਬੂਬ ਨੇ ਸਹਿਜੇ ਰਚਿੳ ਖ਼ਾਲਸਾ ਵਿੱਚ ਹੇਠ ਲਿਖੇ ਅਨੁਸਾਰ ਕੀਤਾ ਹੈ : ਆਧੁਨਿਕ ਰਾਜਸੀ ਤੇ ਸਮਾਜਿਕ ਸ਼ਾਸ਼ਤਰਾਂ ਦੇ ਬੱਝਵੇਂ ਕਾਇਦੇ-ਕਾਨੂੰਨਾਂ ਵਿੱਚ ਕੈਦ ਹੋਈ ਦ੍ਰਿਸ਼ਟੀ ਗੁਰੂ ਸਾਹਿਬ ਦੇ ਦਿੱਬ-ਬਿਬੇਕ ਦੀ ਖਾਂਹ ਨਹੀਂ ਪਾ ਸਕਦੀ, ॥॥ਗੁਰੂ ਨਾਨਕ ਕੋਈ ਸੁਧਾਰਕ, ਕ੍ਰਾਂਤੀਕਾਰੀ ਚਿੰਤਕ ਜਾਂ ਦੇਸ਼ ਭਗਤ ਦੇ ਤੌਰ &lsquoਤੇ ਦੁਨੀਆਂ ਉੱਤੇ ਨਹੀਂ ਸਨ ਆਏ । ਇਸ ਕਿਸਮ ਦੇ ਵਿਸ਼ਲੇਸ਼ਣ, ਆਦਰਯੋਗ ਨਾਂ ਅਤੇ ਇਨ੍ਹਾਂ ਨਾਲ ਸੰਬੰਧਿਤ ਇਸਤਲਾਹਾਂ (ਤੲੜਙਸ਼) ਗੁਰੂ ਸਾਹਿਬ ਦੀ ਸ਼ਾਨ ਲਈ ਵਰਤਣੀਆਂ ਕਿਸੇ ਅੰਧ-ਮੂਰਖਤਾ ਦੀ ਪ੍ਰਦਰਸ਼ਣੀ ਕਰਨ ਤੋਂ ਵੱਧ ਕੁਝ ਨਹੀਂ॥॥ ਗੁਰੂ ਸਾਹਿਬ ਨੇ ਕਿਸੇ ਇਕਹਿਰੇ ਵਿਰੋਧ ਦੀ ਵੰਗਾਰ ਨੂੰ ਆਪਣੇ ਅਮਲ ਦਾ ਧੁਰਾ ਨਹੀਂ ਬਣਾਇਆ ॥। ਇਕ ਮਾਮੂਲੀ ਫਕੀਰ ਤੋਂ ਲੈ ਕੇ ਰੱਬੀ ਅਜ਼ਮਤਾਂ ਵਾਲੇ ਪੀਰ ਤੱਕ, ਕਿਸੇ ਖ਼ਾਾਨ ਸਲਾਰ ਤੋਂ ਲੈ ਕੇ ਬਾਬਰ ਦੀ ਬੇ-ਮਿਸਾਲ ਸ਼ਹਿਸ਼ਾਨੀ ਤੱਕ ਅਤੇ ਦੱਖਣ ਦੇ ਸ਼ਿਵ-ਲਿੰਗ ਪੂਜਾ ਦੇ ਮੂਰਖ ਦੰਭ ਤੋਂ ਲੈ ਕੇ ਸੁਮੇਰ ਪਰਬਤ ਦੇ ਬਲਵਾਨ ਯੋਗੀਆਂ ਤੱਕ, ਜਿਥੇ ਵੀ ਸੰਸਾਰਕ ਹਉਮੇ ਦਾ ਗੜ੍ਹ ਨਜ਼ਰ ਪਿਆ, ਬੇਸ਼ੱਕ ਮਨ ਵਿੱਚ ਲੁਕਿਆ ਸੀ, ਬੇਸ਼ਕ ਬਾਹਰ ਦਿੱਸਦਾ ਸੀ ਗੁਰੂ ਨਾਨਕ ਸਾਹਿਬ ਨੇ ਤੋੜ ਕੇ ਨਾਸ਼ਮਾਨਤਾ ਦੇ ਥਲ ਵਿੱਚ ਸੁੱਟ ਦਿੱਤਾ । (ਹਵਾਲਾ ਪੁਸਤਕ, ਕਿਸ ਬਿਧ ਰੁਲੀ ਪਾਤਸ਼ਾਹੀ ਪੰਨਾ 137) ਗੁਰੂ ਨਾਨਕ ਸਾਹਿਬ ਨੇ ਮਾਨਸਿਕ, ਸਮਾਜਿਕ ਤੇ ਰਾਜਸੀ ਗੁਲਾਮੀ ਦੀਆਂ ਜੰਜੀਰਾਂ ਤੋੜ ਕੇ ਰਾਜੇ ਸ਼ੀਹ ਮੁਕਦਸ ਕੁਤਿਆਂ ਦੀ ਸਤਾਈ ਲੋਕਾਈ ਨੂੰ ਜੇ ਜੀਵੈ ਪਤਿ ਲਖੀ ਜਾਇ ॥ ਸਭੁ ਹਰਾਮੁ ਜੇਤਾ ਕਿਛੁ ਖਾਇ ॥ ਦਾ ਪਾਠ ਪੜ੍ਹਾਇਆ ।
ਗੁਰੂ ਨਾਨਕ ਸਾਹਿਬ ਨੇ ਉਨ੍ਹਾਂ (ਮਜ਼ਲੂਮਾਂ) ਨੂੰ ਆਪਣੇ ਮਨ (ਮਨਿ ਜੀਤੈ ਜਗੁ ਜੀਤੁ) ਆਪਣੀ ਆਤਮਾ ਅਤੇ ਆਪਣੇ ਸਰੀਰ ਦੀ ਖ਼ੁਦਮੁਖ਼ਤਿਆਰੀ ਤੇ ਪਾਤਸ਼ਾਹੀ ਦਿੱਤੀ । ਉਨ੍ਹਾਂ ਨੂੰ ਦ੍ਰਿੜ ਕਰਵਾਇਆ ਕਿ ਮਨੁੱਖ ਨੂੰ ਮਿਲੀਆਂ ਰੱਬੀ ਸ਼ਕਤੀਆਂ ਉੱਤੇ ਦੂਸਰੇ ਹੋਰ ਕਿਸੇ ਹੁਕਮਰਾਨ ਜਾਂ ਉੱਚ ਪਦਵੀ ਵਾਲੇ ਦਾ ਅਧਿਕਾਰ ਨਹੀਂ ਹੈ । ਹਰ ਇਕ ਮਨੁੱਖ ਵਿੱਚ ਰੱਬ ਦੀ ਅੰਸ਼ ਹੈ (ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ) ਹਰ ਇਕ ਮਨੁੱਖ ਰੱਬ ਦੀ ਕੁਦਰਤ ਦਾ ਸਰਬਰਾਹ ਹੈ । ਹਰ ਇਕ ਮਨੱੁਖ ਆਪਣੇ ਅੰਦਰ ਗਿਆਨ ਦੀ ਜੋਤਿ ਜਗਾ ਕੇ ਨੀਚੋਂ ਊਚ ਬਣ ਸਕਦਾ ਹੈ । ਕੰਗਲੇ ਤੋਂ ਅਮੀਰ-ਵਜ਼ੀਰ ਬਣ ਸਕਦਾ ਹੈ ਅਗਿਆਨੀ ਤੋਂ ਬ੍ਰਹਮ ਗਿਆਨੀ ਬਣ ਸਕਦਾ ਹੈ । ਗੁਰੂ ਨਾਨਕ ਦੀ ਸਿੱਖੀ ਨੂੰ ਕਿਸੇ ਇਕ ਰਾਸ਼ਟਰ ਦੀ ਸੀਮਾ ਅੰਦਰ ਹੀ ਨਹੀਂ ਰੱਖਿਆ ਜਾ ਸਕਦਾ । ਉਨ੍ਹਾਂ (ਗੁਰੂ ਨਾਨਕ) ਦਾ ਮਾਰਗ, ਉਨ੍ਹਾਂ ਦੀ ਚਲਾਈ ਰਹੁਰੀਤ (ਸਿੱਖੀ ਸਿਧਾਂਤ) ਹਰ ਦੇਸ਼ ਤੇ ਹਰ ਕੌਮ ਦੇ ਉਸ ਪ੍ਰਾਣੀ ਲਈ ਹੈ ਜੋ ਸੱਚ ਦਾ ਪਾਂਧੀ ਹੋਵੇ, ਸ਼ਾਂਤੀ ਤੇ ਮਾਨਵ ਏਕਤਾ ਦਾ ਚਾਹਵਾਨ ਹੋਵੇ, ਮਨੁੱਖੀ ਅਧਿਕਾਰਾਂ, ਮਨੁੱਖੀ ਅਜ਼ਾਦੀ ਦਾ ਆਸ਼ਕ ਹੋਵੇ (ਹਵਾਲਾ ਪੁਸਤਕ, ਜੀਵਨ ਚਰਿੱਤ੍ਰ ਗੁਰੂ ਨਾਨਕ ਦੇਵ, ਮੁੱਖ ਬੰਧ ਲੇਖਕ ਡਾ: ਤ੍ਰਿਲੋਚਨ ਸਿੰਘ) ਸਿੱਖ ਧਰਮ ਅਤੇ ਗੁਰੂ ਸਾਹਿਬ ਦੇ ਸਰਬੱਤ ਦੇ ਭਲੇ ਅਤੇ ਸਭੇ ਸਾਂਝੀਵਾਲ ਸਦਾਇਨਿ ਤੂੰ ਕਿਸੇ ਨਾ ਕਿਸੇ ਬਾਹਰਾ ਜੀਉ ॥ ਦੇ ਸਿੱਖੀ ਸਿਧਾਂਤਾਂ ਦਾ ਵਿਰੋਧ ਦੋਹਾਂ ਹੀ ਧਿਰਾਂ ਹਿੰਦੂ ਸਨਾਤਨੀਆਂ ਅਤੇ ਮੁਸਲਿਮ ਕੱਟੜ ਪੰਥੀਆਂ ਵੱਲੋਂ ਬਰਾਬਰ ਮਾਤਰਾ ਵਿੱਚ ਹੋਇਆ । ਗੁਰੂ ਨਾਨਕ ਦਾ ਮਿਸ਼ਨ ਸੀ ਧਰਤੀ ੳੱੁੱਤੇ ਰੱਬ ਦਾ ਰਾਜ ਸਥਾਪਤ ਕਰਨਾ ।
ਗੁਰੂ ਨਾਨਕ ਸਾਹਿਬ ਦਾ ਮਿਸ਼ਨ ਨਾ ਤਾਂ ਹਿੰਦੂ ਮੱਤ ਦੇ ਵਰਣ-ਆਸ਼ਰਮ ਦੇ ਜਾਤ-ਪਾਤੀ ਚੌਖਟੇ ਵਿੱਚ ਰਹਿ ਕੇ ਤੇ ਨਾ ਹੀ ਸ਼ਰੀਅਤ ਦੇ ਕੱਟੜ ਵਿਧਾਨ ਅੰਦਰ ਰਹਿ ਕੇ ਪੂਰਾ ਹੋ ਸਕਦਾ ਸੀ । ਗੁਰੂ ਨਾਨਕ ਸਾਹਿਬ ਨੇ ਆਪਣੇ ਮਿਸ਼ਨ ਦੀ ਪੂਰਤੀ ਲਈ ਤਤਕਾਲੀਨ ਪ੍ਰਚੱਲਤ ਦੋਹਾਂ ਮਜ਼੍ਹਬਾਂ ਨਾਲੋਂ ਵੱਖਰੇ ਤੀਸਰੇ ਪੰਥ (ਨਿਰਮਲ ਪੰਥ) ਦੀ ਸਥਾਪਨਾ ਕੀਤੀ । ਗੁਰੂ ਨਾਨਕ ਸਾਹਿਬ ਨੇ ਤੀਸਰੇ ਰਾਹ ਦੀ ਮੰਜ਼ਿਲ ਤੇ ਦਿਸ਼ਾਵਾਂ ਸਾਫ਼ ਉਲੀਕ ਦਿੱਤੀਆਂ ਸਨ । ਉਨ੍ਹਾਂ ਤੋਂ ਬਾਅਦ ਅਗਲੇ ਗੁਰੂਆਂ ਨੇ ਜੋ ਵੀ ਕਦਮ ਪੁੱਟੇ ਉਹ ਮਿਥੀ ਹੋਈ ਮੰਜ਼ਿਲ ਦੀ ਦਿਸ਼ਾ ਵਿੱਚ ਹੀ ਪੁੱਟੇ । ਜੋ ਉਸਾਰੀ ਹੋਈ, ਉਹ ਸੁਚੇਤ ਤੇ ਯੋਜਨਾਬੱਧ ਰੂਪ ਵਿੱਚ ਹੋਈ । ਹਰ ਚੀਜ਼ ਸਿਰਜੀ ਗਈ । ਕੁਝ ਵੀ ਆਮ ਮੁਹਾਰਾ ਜਾਂ ਇਤਫਾਕੀਆ ਨਹੀਂ ਵਾਪਰਿਆ, ਦੋ ਸੌ ਸਾਲਾਂ ਤੋਂ ਵੀ ਵਧੇਰੇ ਲੰਮੇ ਸਮੇਂ ਤੱਕ (1486 ਤੋਂ 1708 ਤੱਕ) ਸਿੱਖ ਗੁਰੂਆਂ ਨੇ ਸਿੱਖ ਪੰਥ ਦੀ ਆਪ (ਜੋਤਿ Eਹਾ ਜੁਗਤਿ ਸਾਇ ਸਹਿ ਕਾਇਆ ਫੇਰਿ ਪਲਟੀਐ) ਸਿੱਧੇ ਰੂਪ ਵਿੱਚ ਰਹਿਨੁਮਾਈ ਕੀਤੀ । ਸਿੱਖ ਧਰਮ ਵਾਂਗ ਹੋਰ ਕਿਸੇ ਵੀ ਧਰਮ ਨੇ ਪੂਰੀ ਸ਼ਿਦਤ ਨਾਲ ਐਨੀ ਸੰਯੁਕਤਾ ਸਹਿਤ ਦੋ ਸੌ ਸਾਲ ਉੱਤੇ ਫੈਲੇ ਦੌਰ ਨੂੰ ਆਪਣੀ ਪੈਗੰਬਰੀ ਅਜ਼ਮਤ ਦਾ ਪਾਤਰ ਨਹੀਂ ਬਣਾਇਆ । ਸਿੱਖ ਧਰਮ ਵਾਂਗ ਕਿਸੇ ਵੀ ਹੋਰ ਧਰਮ ਦੇ ਦੈਵੀ ਅਨੁਭਵ ਨੇ ਮਨੁੱਖੀ ਫ਼ਿਤਰਤ ਅਤੇ ਅਮਲ ਨੂੰ ਐਨੀ ਦੇਰ ਐਨੇ ਭਿੰਨ-ਭਿੰਨ ਰੂਪਾਂ ਅਤੇ ਐਨੀਆਂ ਬਦਲਦੀਆਂ ਹਾਲਾਤਾਂ ਵਿੱਚ ਆਪਣਾ ਸੰਗੀ ਨਹੀਂ ਬਣਾਇਆ । (ਪੁਸਤਕ ਕਿਸ ਬਿਧ ਰੁਲੀ ਪਾਤਸ਼ਾਹੀ ਪੰਨਾ 183)
ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਿਰਜਣਾ ਨਾਨਕ ਨਿਰਮਲ ਪੰਥ ਦੀ ਨਿਰਮਲ ਵਿਚਾਰਧਾਰਾ ਦਾ ਇਕ ਮਹੱਤਵਪੂਰਨ ਪੜਾਅ ਹੈ । ਸ੍ਰੀ ਅਕਾਲ ਤਖ਼ਤ ਸਾਹਿਬ ਦਾ ਸਿਧਾਂਤ ਤੇ ਸੁਭਾਉ ਸੰਸਾਰੀ ਤਖ਼ਤਾਂ ਤੋਂ ਨਿਰਾਲਾ ਹੈ । ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਿਰਜਣਾ ਨਾਲ ਸਿੱਖ ਕੌਮ ਇਕ ਸੁਤੰਤਰ ਤੇ ਪ੍ਰਭੂ ਸੱਤਾ ਸੰਪੰਨ ਦੈਵੀ ਗੁਣਾਂ ਅਧਾਰਿਤ ਕੌਮ ਦੇ ਰੂਪ ਵਿੱਚ ਪ੍ਰਗਟ ਹੋਈ । 
ਅਕਾਲ ਤਖ਼ਤ ਉਨ੍ਹਾਂ ਅਕਾਲ ਰੂਪ ਪੁਰਖਾਂ ਦੀ ਦੇਣ ਹੈ ਜੋ ਭਾਰੀ ਘਾਲਣਾ ਘਾਲ ਕੇ ਅੰਤਮ ਸੱਚ ਨਾਲ ਏਸ ਹੱਦ ਤੱਕ ਇਕ ਹੋ ਚੁੱਕੇ ਸਨ ਕਿ ਉਨ੍ਹਾਂ ਦਾ ਬੋਲਿਆ ਹਰ ਅੱਖਰ ਖ਼ੁਦ ਅਕਾਲ ਦੀ ਬਾਣੀ ਹੈ । ਏਸ ਬਾਣੀ ਰਾਹੀਂ ਉਨ੍ਹਾਂ ਨੇ ਅਕਾਲ ਪੁਰਖ ਦੇ ਗੁਣਾਂ, ਸਰੂਪ, ਸੁਭਾਅ ਦਾ ਸੱਚਾ ਸੁੱਚਾ ਵਰਨਣ ਕੀਤਾ ਹੈ । ਅਕਾਲ ਤਖ਼ਤ ਤਾਂ ਜੁਗੋ-ਜੁਗ ਅਟੱਲ ਗੁਰੂ ਗ੍ਰੰਥ ਸਾਹਿਬ ਦਾ ਬਾਹਰੀ ਸਰੂਪ ਹੈ । ਏਸ ਰੂਪ ਵਿੱਚ ਇਹ ਹਰ ਸਿੱਖ ਦੀ ਅੰਤਰ-ਆਤਮਾ ਅੰਦਰ ਉਸਰਿਆ ਹੋਇਆ ਹੈ ਅਤੇ ਗੁਰਬਾਣੀ ਵਾਂਗ ਹੀ ਥਿਰ ਹੈ (ਥਿਰ ਨਰਾਇਣੁ ਥਿਰੁ ਗੁਰੂ ਥਿਰੁ ਸਾਚਾ ਬੀਚਾਰ) ਏਸ ਦੀ ਹੋਂਦ ਮਨੁੱਖਤਾ ਦੇ ਸਦੀਵੀ ਭਲੇ ਦੀ ਜਾਮਨ ਹੈ । (ਹਵਾਲਾ ਅਕਾਲ ਤਖ਼ਤ ਦਾ ਵਿਰਾਟ ਦਰਸ਼ਨ, ਸ: ਗੁਰਤੇਜ ਸਿੰਘ)
ਗੁਰਬਾਣੀ ਇਕ ਐਸੇ ਗੁਰਸਿੱਖ ਦੀ ਘਾੜਤ ਘੜਦੀ ਹੈ ਜਿਸ ਦਾ ਬਦਲ ਦੁਨੀਆਂ ਦੇ ਕਿਸੇ ਹੋਰ ਧਰਮ ਵਿੱਚ ਨਹੀਂ ਹੈ । ਜਦੋਂ ਯੋਗੀ ਗੁਰੂ ਨਾਨਕ ਸਾਹਿਬ ਨੂੰ ਆਪਣੇ ਮੱਤ ਦੇ ਸਿਧਾਂਤਾਂ ਤੇ ਮਰਿਯਾਦਾ ਦੁਆਰਾ ਪ੍ਰਭਾਵਿਤ ਕਰਨ ਵਿੱਚ ਅਸਫਲ ਹੋ ਗਏ ਤਾਂ ਉਨ੍ਹਾਂ ਨੇ ਗੁਰੂ ਜੀ ਦੇ ਮੱਤ (ਸਿੱਖ ਧਰਮ) ਬਾਰੇ ਅਨੇਕਾਂ ਸੁਆਲ ਕੀਤੇ ਜਿਨ੍ਹਾਂ ਦਾ ਜੁਆਬ ਗੁਰੂ ਸਾਹਿਬ ਨੇ ਗੁਰਮਿਤ ਅਨੁਸਾਰ ਦਿੱਤਾ, ਇਨ੍ਹਾਂ ਸੁਆਲਾਂ ਜੁਆਬਾਂ ਨੂੰ ਸਿਧ ਗੋਸ਼ਟਿ ਵਜੋਂ ਗੁਰੂ ਗ੍ਰੰਥ ਸਾਹਿਬ ਵਿੱਚ ਪੰਨਾ 938 ਉੱਤੇ ਦਰਜ ਕੀਤਾ ਗਿਆ ਹੈ ।
ਸਿਧ ਗੋਸ਼ਟਿ ਵਿੱਚ ਗੁਰਮੁਖਿ ਦੀ ਵਿਆਖਿਆ ਬਹੁਤ ਵਿਸਤਾਰ ਨਾਲ ਕੀਤੀ ਹੋਈ ਹੈ ਦਾਸ ਨੇ ਇਥੇ ਕੇਵਲ ਕੁਝ ਪੰਗਤੀਆਂ ਹੀ ਉਦਾਹਰਣ ਵਜੋਂ ਲਿਖੀਆਂ ਹਨ :
ਗੁਰਮੁਖਿ ਸਾਚੇ ਕਾ ਭਉ ਪਾਵੈ ॥ ਗੁਰਮੁਖਿ ਬਾਣੀ ਅਘੜੁ ਘੜਾਵੈ ॥
ਗੁਰਮੁਖੀ ਨਿਰਮਲ ਹਰਿ ਗੁਣ ਗਾਵੈ ॥ ਗੁਰਮੁਖਿ ਪਵਿਤ੍ਰ ਧਰਮ ਪਦੁ ਪਾਵੈ ॥
ਗੁਰਮੁਖਿ ਰੋਮਿ ਰੋਮਿ ਹਰਿ ਧਿਆਵੈ ॥ ਨਾਨਕ ਗੁਰਮੁਖਿ ਸਾਚਿ ਸਮਾਵੈ ॥ (ਗੁ: ਗ੍ਰੰ: ਸਾ: ਪੰਨਾ 938)
ਭਾਵ ਜਿਹੜਾ ਮਨੁੱਖ ਸਤਿਗੁਰੂ ਦੇ ਅਨੁਸਾਰ ਹੋ ਕੇ ਤੁਰਦਾ ਹੈ, ਉਹ ਸੱਚੇ ਪ੍ਰਭੂ ਦਾ ਡਰ ਆਪਣੇ ਹਿਰਦੇ ਵਿੱਚ ਟਿਕਾਂਦਾ ਹੈ, ਗੁਰੂ ਦੀ ਬਾਣੀ ਰਾਹੀਂ ਅਮੋੜ ਮਨ ਨੂੰ ਸੁਚੱਜਾ ਬਣਾਂਦਾ ਹੈ । ਉਹ ਨਿਰਮਲ ਪ੍ਰਮਾਤਮਾਂ ਦੀ ਸਿਫਤਿ-ਸਲਾਹ ਕਰਦਾ ਹੈ ਅਤੇ ਇੰਝ ਪਵਿੱਤਰ ਤੇ ਉੱਚੀ ਆਤਮਕ ਅਵਸਥਾ ਹਾਸਲ ਕਰਦਾ ਹੈ । ਗੁਰਮੁਖਿ ਮਨੁੁੱਖ ਤਨੋਂ ਮਨੋਂ ਪ੍ਰਮਾਤਮਾਂ ਨੂੰ ਯਾਦ ਕਰਦਾ ਹੈ, ਗੁਰਮੁਖਿ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਵਿੱਚ ਲੀਨ ਰਹਿੰਦਾ ਹੈ (ਨੋਟ-ਗੁਰਮੁਖਿ ਹੀ ਗੁਰੂ ਨਾਨਕ ਦੀ ਇਸ ਕਸਵੱਟੀ ਉੱਤੇ ਪੂਰਾ ਉਤਰਦਾ ਹੈ : ਜਉ ਤਉ ਪ੍ਰੇਮ ਖੇਲਣ ਕਾ ਚਾਉ ॥ ਸਿਰੁ ਧਰਿ ਤਲੀ ਗਲੀ ਮੇਰੀ ਆਉ ॥ ਇਤੁ ਮਾਰਗਿ ਪੈਰੁ ਧਰੀਜੈ ॥ ਸਿਰੁ ਦੀਜੈ ਕਾਣਿ ਨ ਕੀਜੈ ॥ (ਗੁ: ਗ੍ਰੰ: ਸਾ: ਪੰਨਾ 1412) ਇਹ ਗੁਰਮੁਖਿ ਹੀ 1699 ਦੀ ਵੈਸਾਖੀ ਨੂੰ ਖ਼ਾਲਸੇ ਦੇ ਰੂਪ ਵਿੱਚ ਪ੍ਰਗਟ ਹੋਇਆ । ਰਬਾਬ ਤੋਂ ਨਗਾਰੇ ਤੱਕ ਅਤੇ ਨਿਰਮਲ ਪੰਥ ਤੋਂ ਖ਼ਾਲਸਾ ਪੰਥ ਤੱਕ ਦਾ ਸਫ਼ਰ ਸਿੱਖ ਧਰਮ ਦੀ ਘਾਲਣਾ ਦਾ ਸਿਖਰ ਹੈ । ਗੁਰੂ ਨਾਨਕ ਸਾਹਿਬ ਅਤੇ ਉਨ੍ਹਾਂ ਦੇ ਬਾਕੀ ਨੌਂ ਸਰੂਪਾਂ ਨੇ ਆਪਣੇ ਜਿਗਰ ਦਾ ਖੂਨ ਪਾ-ਪਾ ਕੇ ਸਿੱਖ ਧਰਮ ਦਾ ਇਹ ਨਵਾਂ ਲਾਇਆ ਬੂਟਾ ਪਾਲਿਆ । ਲੋੜ ਪੈਣ ਉੱਤੇ ਸੱਚੇ ਪਾਤਸ਼ਾਹ ਨਾਨਕ ਤਤੀਆਂ ਤਵੀਆਂ ਉੱਤੇ ਬੈਠੇ ਕ੍ਰਿਪਾਨ ਫੜਕੇ ਰਣ ਤੱਤੇ ਵਿੱਚ ਜੂਝੇ, ਜਲਾਦਾਂ ਦਾ ਵਾਰ ਆਪਣੇ ਪਰਮ-ਪਾਕ ਸੀਸ ਉੱਤੇ ਸਹਾਰਿਆ ਅਤੇ ਚਰਮ ਸੀਮਾਂ ਉੱਤੇ ਪਹੁੰਚ ਕੇ ਆਪਣਾ ਸਰਬੰਸ, ਇਨ ਪੁਤਰਨ ਕੇ ਸੀਸ ਪਰ ਵਾਰ ਦਿੱਤਾ । ਸੱਚੇ ਸਾਹਿਬ ਦੇ ਨਿਰਾਲੇ ਚੋਜ, ਨਿਰਭੈ-ਨਿਰਵੈਰ ਪਹੁੰਚ, ਆਪਾ-ਵਾਰੂ ਪ੍ਰਵਿਰਤੀ ਨੇ ਸਦੀਆਂ ਦੇ ਦੱਬੇ-ਕੁਚਲੇ ਲੋਕਾਂ ਦੇ ਕਪਾਟ ਖੋਲ੍ਹ ਦਿੱਤੇ । ਉਹ ਹਰ ਕਿਸਮ ਦੇ ਭੈਅ ਨੂੰ ਵਿਸਾਰ ਕੇ ਲੋਹੜੇ ਦਾ ਆਤਮ ਵਿਸ਼ਵਾਸ਼ ਲੈ ਕੇ ਸਵਾ ਲੱਖ ਨਾਲ ਜੂਝਣ ਦੇ ਜਜ਼ਬੇ ਅਧੀਨ ਵੱਡੇ ਤੋਂ ਵੱਡੇ ਜਰਵਾਣੇ ਨਾਲ ਦੋ-ਦੋ ਹੱਥ ਕਰਨ ਲੱਗ ਪਏ । ਪਲਾਂ ਪਲਾਂ ਵਿੱਚ ਹਜ਼ਾਰਾਂ ਲੋਕ ਸਾਹਿਬਾਂ ਦਾ ਅੰਮ੍ਰਿਤ ਛੱਕ ਕੇ ਬਾਜ਼ਾਂ ਉੱਤੇ ਭਾਰੂ ਚਿੜੀਆਂ ਬਣਨ ਲੱਗੇ । ਮਨੁੱਖੀ ਜਮੀਰ ਨੇ ਅਜਿਹੀ ਕਰਵਟ ਲਈ ਕਿ ਹੰਨੇ-ਹੰਨੇ ਮੀਰ ਪੈਦਾ ਹੋ ਗਏ, ਸਭ ਜ਼ਾਲਮ ਮੈਦਾਨੋਂ ਖ਼ਦੇੜ ਦਿੱਤੇ ਗਏ ਅਤੇ ਸਹੀ ਮਾਅਨਿਆਂ ਵਿੱਚ ਇਥੇ ਪਹਿਲਾ ਲੋਕ ਰਾਜ ਸਥਾਪਤ ਹੋਇਆ । ਇਹ ਇਕ ਵੱਡਾ ਕਰਿਸ਼ਮਾ ਸੀ ਜੋ ਕਿਸੇ ਦੁਨਿਆਵੀ ਅੱਖ ਨੇ ਪਹਿਲਾਂ ਕਦੀ ਨਹੀਂ ਸੀ ਵੇਖਿਆ । ਮਨੁੱਖੀ ਜੀਵਨ ਦੀ ਹਰ ਧਰਾਤਲ ਦੀਆਂ ਕਦਰਾਂ-ਕੀਮਤਾਂ ਵਿੱਚ ਜੁਗਗਰਦੀ ਆ ਗਈ (ਉਲਟਾ ਜਗ ਕਾ ਹੋਇ ਵਰਤਾਰਾ) ਗੰਗਾ ਸਮੁੰਦਰ ਵਲ ਵਹਿਣੋ ਹੱਟ ਕੇ ਪਹਾੜਾਂ ਦਾ ਰੁੱਖ ਕਰਨ ਲੱਗੀ । (ਹਵਾਲਾ ਪੁਸਤਕ, ਕੂੜ ਨਿਖੁਟੇ ਨਾਨਕਾ Eੜਕਿ ਸਚਿ ਰਹੀ, ਪੰਨਾ 48-49)
ਗੁਰੂ ਨਾਨਕ ਦੇ ਉਪਦੇਸ਼ਾਂ ਨੇ ਇਕ ਅਜਿਹੇ ਧਰਮ (ਸਿੱਖ ਧਰਮ) ਨੂੰ ਜਨਮ ਦਿੱਤਾ, ਜੋ ਕਿ ਇਕ ਖਾਸ ਸਿਫਤ ਵਾਲਾ ਹੈ ਕਿਉਂਕਿ ਇਸ ਨੇ ਨਾ ਕੇਵਲ ਜਾਤ-ਪਾਤ ਰਹਿਤ ਸਮਾਜ ਦੀ ਸਿਰਜਨਾ ਕੀਤੀ ਸਗੋਂ ਇਕ ਰਾਜਸੀ ਕੌਮ ਦੀ ਵੀ ਸਿਰਜਨਾ ਕੀਤੀ ਅਤੇ ਇਸ ਕੌਮ ਦਾ ਨਿਸ਼ਾਨਾ ਹੈ ਹਲੇਮੀ ਰਾਜ । ਸਭ ਸੁਖਾਲੀ ਵੁਠੀਆ ਇਹੁ ਹੋਆ ਹਲੇਮੀ ਰਾਜੁ ਜੀਉ । (ਗੁ: ਗ੍ਰੰ: ਸਾ: ਪੰਨਾ 74) ਪ੍ਰਮਾਤਮਾਂ ਨੂੰ ਇਹੋ ਮਨਜ਼ੂਰ ਕਿ ਧਰਮ ਵਿਸ਼ਵ-ਕਲਿਆਣਕਾਰੀ ਹੋਵੇ ਅਤੇ ਸੰਸਾਰ ਦੇ ਹਰ ਦੂਜੇ ਧਰਮਾਂ ਲਈ ਭਾਈਚਾਰੇ ਅਤੇ ਸਦਭਾਵਨਾ ਦੇ ਵਿਚਾਰ ਰੱਖਦਾ ਹੋਵੇ । ਗੁਰਮੁਖ ਵਿਸ਼ਵ ਵਿਆਪੀ ਨਾਗਰਿਕਤਾ ਹੈ । ਸਿੱਖ ਧਰਮ ਦੇ ਅਕਾਲ ਹੁਕਮ ਸਰਬ ਸਾਂਝੀਵਾਲਤਾ ਦਾ ਇਹ ਗੁਰਮੁਖ ਹੀ (ਖ਼ਾਲਸਾ) ਵਿਸ਼ਵੀਕਰਨ ਦੀ ਕਲਪਨਾ ਵਿੱਚਲਾ ਉਹ ਧਰਮੀ ਨਾਗਰਿਕ ਹੈ ਜੋ ਸਭੇ ਸਾਂਝੀਵਾਲ ਸਦਾਇਨ ਤੂੰ ਕਿਸੇ ਨ ਦਿਸਹਿ ਬਾਹਰਾ ਜੀਉ, ਵਾਲੀ ਅਨੇਕਤਾ ਵਿੱਚ ਏਕਤਾ ਦੇ ਸੱਭਿਆਚਾਰ ਅਤੇ ਸਰਬ ਕਲਿਆਣਕਾਰੀ ਦੀ ਆਰਥਿਕਤਾ ਦੀ ਸਰਬ ਵਿਆਪਕਤਾ ਵਾਲੀ ਸੰਸਾਰੀ ਨਾਗਰਿਕਤਾ ਦਾ ਮੁੱਢ ਹੈ, ਘਟ ਘਟ ਅੰਤਰਿ ਤੂੰ ਹੈ ਵੁਠਾ ਦਾ ਇਹੋ ਸੰਕਲਪ ਹੈ ਤੇ ਸੰਸਾਰ ਸਭ ਕੋ ਆਸੈ ਤੇਰੀ ਬੈਠਾ ਦੀ ਉਡੀਕ ਵਿੱਚ ਹੈ (ਗੁ: ਗ੍ਰੰ: ਸਾ: ਪੰਨਾ 97) ਅਜਿਹੇ ਗੁਰਮੁਖ (ਖ਼ਾਲਸੇ) ਨੇ ਹੀ ਸੰਸਾਰੀ ਨਾਗਰਿਕਾਂ ਨੂੰ ਸਰਬ ਕਲਿਆਣਕਾਰੀ ਵਿਵਸਥਾ ਅਤੇ ਪ੍ਰਣਾਲੀ ਦਾ ਨਾਨਕਸ਼ਾਹੀ ਸੰਕਲਪ ਸਮਝਾਉਣਾ ਤੇ ਲਾਗੂ ਕਰਨਾ ਹੈ । (ਹਵਾਲਾ ਪੁਸਤਕ - ਨਾਨਕ ਦੀ ਨਾਨਕਸ਼ਾਹੀ ਸਿੱਖੀ, ਪੰਨਾ 99-100) ਸਿਧਾਂਤਕ ਤੌਰ ਤੇ ਦਸਾਂ ਜੋਤਾਂ ਵਿੱਚ ਇਕੋ ਗੁਰੂ ਹੋਣ, ਮੀਰੀ ਪੀਰੀ ਦਾ ਸਿਧਾਂਤ ਅਤੇ ਸਿੱਖ ਧਰਮ ਦੀ ਉਤਪਤੀ ਅਕਾਲ ਪੁਰਖ ਦੀ ਆਗਿਆ ਨਾਲ ਹੋਣ ਕਰਕੇ ਹੀ ਸਿੱਖ ਧਰਮ ਸਭ ਧਰਮਾਂ ਤੋਂ ਅਲੱਗ ਸੰਪੂਰਨ, ਵਿਲੱਖਣ ਅਤੇ ਨਿਆਰਾ ਧਰਮ ਤੇ ਅਡੱਰੀ ਤੇ ਸੁਤੰਤਰ ਹੋਂਦ ਹਸਤੀ ਵਾਲਾ ਨਿਆਰਾ ਪੰਥ ਹੈ ।
ਭੁੱਲਾਂ ਚੁੱਕਾਂ ਦੀ ਖਿਮਾਂ
ਗੁਰੂ ਪੰਥ ਦਾ ਦਾਸ
ਜਥੇਦਾਰ ਮਹਿੰਦਰ ਸਿੰਘ ਯੂ।ਕੇ।