image caption: -ਭਗਵਾਨ ਸਿੰਘ ਜੌਹਲ
23 ਸਤੰਬਰ ਬਰਸੀ ਤੇ ਵਿਸ਼ੇਸ਼ ਸਿਰਮੌਰ ਢਾਡੀ, ਪ੍ਰਚਾਰਕ ਤੇ ਸਫ਼ਲ ਲੇਖਕ ਗਿਆਨੀ ਸੋਹਣ ਸਿੰਘ ਸੀਤਲ ਨੂੰ ਯਾਦ ਕਰਦਿਆਂ
ਗੁਰੂ ਸਾਹਿਬਾਨ ਦੇ ਸਮੇਂ ਤੋਂ ਲੈ ਕੇ ਵਰਤਮਾਨ ਸਮੇਂ ਤੱਕ ਗੁਰੂ-ਘਰਾਂ ਵਿੱਚ ਅਨੇਕਾਂ ਸਮਰਪਿਤ ਢਾਡੀਆਂ ਨੇ ਲਾਸਾਨੀ ਗੁਰ-ਇਤਿਹਾਸ ਅਤੇ ਸਿੱਖ ਇਤਿਹਾਸ ਨੂੰ ਵਾਰਾਂ ਦੇ ਰੂਪ ਵਿੱਚ ਲਿਖਿਆ ਤੇ ਗਾਇਆ, ਇਨ੍ਹਾਂ ਇਤਿਹਾਸਕ ਕਿਰਤਾਂ ਨੂੰ ਵਾਚਿਆ, ਸਰਵਣ ਕੀਤਾ ਅਤੇ ਮਾਣ-ਵੱਡਿਆਈ ਵੀ ਰੱਜ ਕੇ ਕੀਤੀ ਹੈ । ਪਰ ਅਜੋਕੇ ਸਮੇਂ ਵੀਹਵੀਂ ਸਦੀ ਵਿੱਚ ਪ੍ਰਵਾਨ ਚੜ੍ਹੇ ਪ੍ਰਤਿਭਾਵਾਨ ਢਾਡੀ ਗਿਆਨੀ ਸੋਹਣ ਸਿੰਘ ਸੀਤਲ ਨੇ ਅਕਾਲ ਪੁਰਖ ਵਾਹਿਗੁਰੂ ਵੱਲੋਂ ਬਖ਼ਸ਼ੀ ਗੁਰੂ ਕ੍ਰਿਪਾ ਦੀ ਨਦਰ ਨਾਲ ਗੁਰ-ਇਤਿਹਾਸ ਅਤੇ ਸਿੱਖ ਇਤਿਹਾਸ ਦਾ ਡੂੰਘਾ ਅਧਿਐਨ ਕਰਕੇ ਵਿਸਮਾਦੀ ਕਾਵਿ-ਇਤਿਹਾਸ ਦੀ ਪੁਨਰ ਸਿਰਜਣਾ ਕਰਕੇ ਜਿਹੜਾ ਮਾਣ ਪ੍ਰਾਪਤ ਕੀਤਾ, ਉਹ ਵਿਰਲੇ ਗੁਰਸਿੱਖ ਲੇਕਖਾਂ ਦੇ ਹਿੱਸੇ ਆਇਆ ਹੈ । ਸਿਰਮੌਰ ਢਾਡੀ, ਪ੍ਰਚਾਰਕ ਤੇ ਸਫ਼ਲ ਲੇਖਕ ਹੋਣਾ ਵੀ ਕੇਵਲ ਗਿਆਨੀ ਸੋਹਣ ਸਿੰਘ ਸੀਤਲ ਦੇ ਹਿੱਸੇ ਹੀ ਆਇਆ ਹੈ । ਢਾਡੀ ਗਿਆਨੀ ਸੋਹਣ ਸਿੰਘ ਸੀਤਲ ਨੇ ਇਕ ਨਿਸ਼ਠਾਵਾਨ ਸਿਦਕੀ ਸਿੱਖ ਦੀ ਤਰ੍ਹਾਂ ਪੂਰਨ ਸਮਰਪਨ ਸਹਿਤ ਇਸ ਮਹਾਨ ਕਾਰਜ ਨੂੰ ਲੰਮੇ ਅਰਸੇ ਤੱਕ ਨਿਭਾ ਕੇ ਸਿੱਖ ਪੰਥ ਵਿੱਚ ਆਪਣੀ ਸਦੀਵੀ ਤੇ ਚਿਰ-ਸਥਾਈ ਥਾਂ ਬਣਾਈ । 
ਗਿਆਨੀ ਸੋਹਣ ਸਿੰਘ ਸੀਤਲ ਦਾ ਜਨਮ 7 ਅਗਸਤ, 1909 ਈ: ਨੂੰ ਪਿਤਾ ਸ: ਖੁਸ਼ਹਾਲ ਸਿੰਘ ਅਤੇ ਮਾਤਾ ਦਿਆਲ ਕੌਰ ਦੀ ਕੁੱਖ ਤੋਂ ਕਾਦੀਵਿੰਡ (ਲਾਹੌਰ) ਵਿਖੇ ਹੋਇਆ । ਸੀਤਲ ਜੀ ਨੇ ਪੰਜਾਬ ਯੂਨੀਵਰਸਿਟੀ ਲਾਹੌਰ ਤੋਂ ਮੈਟ੍ਰਿਕ ਤੇ ਗਿਆਨੀ ਦਾ ਇਮਤਿਹਾਨ ਪਾਸ ਕੀਤਾ । ਇਹ ਉਹ ਸਮਾਂ ਸੀ ਜਦੋਂ ਸਿੰਘ ਸਭਾ ਲਾਹੌਰ ਅਤੇ ਅਕਾਲੀ ਲਹਿਰ ਗੁਰਮਤਿ ਪ੍ਰਚਾਰ ਨਾਲ ਸਿੱਖ ਸੰਗਤ ਨੂੰ ਪ੍ਰਭਾਵਿਤ ਕਰ ਰਹੀਆਂ ਸਨ । ਗਿ: ਸੋਹਣ ਸਿੰਘ ਸੀਤਲ ਬਚਪਨ ਤੋਂ ਚੇਤੰਨ ਤੇ ਬਿਬੇਕ-ਬੁੱਧੀ ਵਾਲਾ ਇਨਸਾਨ ਸੀ, ਉਸ ਸਮੇਂ ਪਿੰਡ-ਪਿੰਡ ਸਜਣ ਵਾਲੇ ਦੀਵਾਨਾਂ ਵਿੱਚ ਸਿੱਖ ਇਤਿਹਾਸ ਸਬੰਧੀ ਢਾਡੀਆਂ ਵੱਲੋਂ ਗਾਈਆਂ ਜੋਸ਼ੀਲੀਆਂ ਵਾਰਾਂ ਸ਼ਹੀਦਾਂ ਅਤੇ ਸਿੱਖ ਸੂਰਵੀਰਾਂ ਦੀਆਂ ਜੀਵਨ-ਘਟਨਾਵਾਂ ਨੇ ਇਸ ਨੌਜਵਾਨ ਨੂੰ ਇਸ ਤਰ੍ਹਾਂ ਕੀਲਿਆ ਕਿ ਉਸ ਨੇ ਤਾਅ ਜੀਵਨ ਗੁਰਬਾਣੀ ਅਤੇ ਸਿੱਖ ਇਤਿਹਾਸ ਵਿੱਚ ਜੀਊਣ ਅਤੇ ਹੰਢਾਉਣ ਦਾ ਮਨ ਬਣਾ ਲਿਆ । ਵਾਰਾਂ ਸੁਣਦਿਆਂ ਹੀ ਵਾਰਾਂ ਲਿਖਣ ਦਾ ਕਾਰਜ ਆਰੰਭ ਕਰ ਦਿੱਤਾ । ਪਿੰਡ ਲਲਿਆਣੀ ਦੇ ਭਰਾਈ ਚਿਰਾਗ ਦੀਨ ਨੂੰ ਉਸਤਾਦ ਧਾਰ ਲਿਆ । ਸੀਤਲ ਜੀ ਆਪਣੇ ਉੱਚ ਆਤਮਿਕ ਜੀਵਨ ਦੌਰਾਨ ਸਿਦਕ, ਭਰੋਸਾ, ਸਿਰੜ, ਲਗਨ ਨੂੰ ਹਮੇਸ਼ਾ ਪੱਲੇ ਬੰਨ੍ਹ ਕੇ ਚੱਲੇ । ਆਪ ਨੇ ਸੰਸਾਰ ਦੇ ਦੂਜੇ ਸਾਰੇ ਧਰਮਾਂ ਦਾ ਵੀ ਡੂੰਘਾ ਅਧਿਐਨ ਕੀਤਾ । ਸੀਤਲ ਜੀ ਕਹਿਣੀ, ਕਰਨੀ ਤੇ ਕਥਨੀ ਦੇ ਸੂਰੇ ਸਨ । ਗਿਆਨੀ ਜੀ ਪੰਜਾਬੀ, ਉਰਦੂ-ਫਾਰਸੀ, ਅੰਗ੍ਰੇਜ਼ੀ ਅਤੇ ਸੰਸਕ੍ਰਿਤ ਦੇ ਵਿਦਵਾਨ ਸਨ ।
ਉਨ੍ਹਾਂ ਦਾ ਵਿਸ਼ਵਾਸ਼ ਸੀ ਕਿ ਜੇ ਤੁਸੀਂ ਆਪਣੇ ਧਰਮ ਦੀ ਗੱਲ ਪੁਰਜ਼ੋਰ ਸ਼ਬਦਾਂ ਵਿੱਚ ਪੇਸ਼ ਕਰਨੀ ਚਾਹੁੰਦੇ ਹੋ ਤਾਂ ਤੁਹਾਨੂੰ ਦੂਜੇ ਧਰਮਾਂ ਦਾ ਵੀ ਸੰਪੂਰਨ ਗਿਆਨ ਹੋਣਾ ਚਾਹੀਦਾ ਹੈ । ਦੁਨਿਆਵੀ ਲੋਕਾਂ ਤੋਂ ਉਲਟ ਗਿਆਨੀ ਸੋਹਣ ਸਿੰਘ ਸੀਤਲ ਵਹਿਮਾਂ-ਭਰਮਾਂ ਅਤੇ ਪਾਖੰਡਾਂ ਤੋਂ ਹਮੇਸ਼ਾਂ ਦੂਰ ਰਹਿੰਦੇ ਸਨ । ਰੋਮ-ਰੋਮ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਗੁਰੂ ਪੰਥ ਪ੍ਰਤੀ ਸਮਰਪਿਤ ਹੋ ਕੇ ਜੀਵਨ ਸਫ਼ਰ ਤੈਅ ਕੀਤਾ । ਸਫਲ ਲੇਖਕ ਤੇ ਸਾਹਿਤਕਾਰ ਵਜੋਂ ਗਿਆਨੀ ਸੀਤਲ ਵੱਲੋਂ ਲਿਖੀਆਂ ਅਤੇ ਗਾਈਆਂ ਵਾਰਾਂ ਦੀਆਂ 18 ਪੁਸਤਕਾਂ ਮਿਲਦੀਆਂ ਹਨ । ਇਕ ਇਤਿਹਾਸਕਾਰ ਵਜੋਂ ਉਨ੍ਹਾਂ ਦੀਆਂ ਰਚਨਾਵਾਂ ਵਿੱਚ ਸਿੱਖ ਰਾਜ ਕਿਵੇਂ ਗਿਆ, ਦੁਖੀਏ ਮਾਂ ਪੁੱਤ, ਬੰਦਾ ਸਿੰਘ ਸ਼ਹੀਦ, ਸਿੱਖ ਰਾਜ ਕਿਵੇਂ ਬਣਿਆ ਸਮੇਤ ਨੌਂ ਪੁਸਤਕਾਂ ਹਨ । ਬੱਚਿਆਂ ਨੂੰ ਇਤਿਹਾਸ ਦੀ ਜਾਣਕਾਰੀ ਦੇਣ ਲਈ ਵੀ ਤਿੰਨ ਪੁਸਤਕਾਂ ਲਿਖੀਆਂ । ਸਿੱਖ ਇਤਿਹਾਸ ਦਾ ਸਭ ਤੋਂ ਵੱਧ ਖੋਜ-ਭਰਪੂਰ ਕੰਮ ਸਿੱਖ ਇਤਿਹਾਸ ਦੇ ਸੋਮੇਂ ਪੰਜ ਜਿਲਦਾਂ ਵਿੱਚ ਪ੍ਰਕਾਸ਼ਿਤ ਕੀਤਾ । ਕਵੀ ਤੇ ਗੀਤਕਾਰ ਵਜੋਂ ਵਹਿੰਦੇ ਹੰਝੂ, ਸੱਜਰੇ ਹੰਝੂ ਤੇ ਦਿਲ ਦਰਿਆ ਕਵਿਤਾ ਦੀਆਂ ਪੁਸਤਕਾਂ ਅਤੇ ਦੋ ਪੁਸਤਕਾਂ ਕੇਸਰੀ ਦੁਪੱਟਾ ਅਤੇ ਜਦੋਂ ਮੈਂ ਲਿਖਦਾ ਹਾਂ, ਗੀਤਾਂ ਦੀਆਂ ਪੁਸਤਕਾਂ ਮਿਲਦੀਆਂ ਹਨ । ਤਿੰਨ ਕਹਾਣੀ ਦੀਆਂ ਪੁਸਤਕਾਂ ਤੋਂ ਇਲਾਵਾ ਡੇਢ ਦਰਜਨ ਨਾਵਲ ਵੀ ਪੰਜਾਬੀ ਸਾਹਿਤ ਨੂੰ ਦਿੱਤੇ । ਦੋ ਇਤਿਹਾਸਕ ਨਾਵਲ ਮਹਾਰਾਣੀ ਜਿੰਦਾ ਅਤੇ ਮਹਾਰਾਜਾ ਦਲੀਪ ਸਿੰਘ ਵੀ ਪੰਜਾਬੀ ਸਾਹਿਤ ਦੀ ਝੋਲੀ ਵਿੱਚ ਪਾਏ । ਗਿਆਨੀ ਸੋਹਣ ਸਿੰਘ ਸੀਤਲ ਦੇ ਨਾਵਲ ਜੁੱਗ ਬਦਲ ਗਿਆ ਨੂੰ ਸਾਹਿਤ ਅਕਾਦਮੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ । ਇਸ ਤੋਂ ਇਲਾਵਾ ਸੀਤਲ ਜੀ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼੍ਰੋਮਣੀ ਢਾਡੀ ਦਾ ਸਨਮਾਨ ਅਤੇ ਪੰਜਾਬ ਸਰਕਾਰ ਵੱਲੋਂ ਵੀ ਸ਼੍ਰੋਮਣੀ ਢਾਡੀ ਤੇ ਸ਼੍ਰੋਮਣੀ ਸਾਹਿਤਕਾਰ ਵਜੋਂ ਵੀ ਸਨਮਾਨਿਆ ਗਿਆ । 23 ਸਤੰਬਰ, 1998 ਨੂੰ ਇਹ ਮਹਾਨ ਇਨਸਾਨ ਤੇ ਗੁਰਸਿੱਖ ਸਾਹਿਤਕਾਰ ਇਸ ਸੰਸਾਰ ਨੂੰ ਹਮੇਸ਼ਾਂ ਲਈ ਅਲਵਿਦਾ ਆਖ ਕੇ ਸਦੀਵੀ ਨੀਂਦ ਸੌਂ ਗਿਆ । ਗਿਆਨੀ ਸੋਹਣ ਸਿੰਘ ਸੀਤਲ ਦੀ ਆਪਣੀ ਰਚਨਾ ਦੀਆਂ ਸਤਰਾਂ ਨੇ
ਸੀਤਲ ਉਹ ਸਦਾ ਜਹਾਨ &lsquoਤੇ ਜੀਂਵਦਾ ਏ,
ਜੀਹਦਾ ਮਰਗਿਆਂ ਦੇ ਪਿੱਛੋਂ ਜੱਸ ਹੋਵੇ ।
-ਭਗਵਾਨ ਸਿੰਘ ਜੌਹਲ