image caption: -ਰਜਿੰਦਰ ਸਿੰਘ ਪੁਰੇਵਾਲ

ਗੁਰਪਤਵੰਤ ਸਿੰਘ ਪੰਨੂ ਕੇਸ ਨੇ ਭਾਰਤ ਦਾ ਪਿਛਾ ਨਾ ਛਡਿਆ

ਬੀਤੇ ਦਿਨੀਂ ਅਮਰੀਕਾ ਦੀ ਇੱਕ ਅਦਾਲਤ ਨੇ ਗੁਰਪਤਵੰਤ ਸਿੰਘ ਪੰਨੂ ਵੱਲੋਂ ਦਾਇਰ ਕੀਤੇ ਇੱਕ ਸਿਵਲ ਕੇਸ ਵਿੱਚ ਭਾਰਤ ਸਰਕਾਰ ਨੂੰ ਸੰਮਨ ਜਾਰੀ ਕੀਤਾ ਸੀ| ਇਹ ਸੰਮਨ ਨਿਊ ਯਾਰਕ ਦੇ ਦੱਖਣੀ ਜ਼ਿਲ੍ਹੇ ਦੀ ਅਦਾਲਤ ਵੱਲੋਂ ਜਾਰੀ ਕੀਤੇ ਗਏ ਹਨ| ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਕੇਸ ਵਿੱਚ ਦਾਇਰ ਇਲਜ਼ਾਮਾਂ ਨੂੰ ਖਾਰਿਜ ਕੀਤਾ ਹੈ| ਪੰਨੂ ਵੱਲੋਂ ਦਾਇਰ ਕੀਤੇ ਮੁਕੱਦਮੇ ਵਿੱਚ ਇਲਜ਼ਾਮ ਲਗਾਏ ਗਏ ਹਨ ਕਿ ਉਸ ਦੀ ਹੱਤਿਆ ਕਰਨ ਦੀ ਸਾਜ਼ਿਸ਼ ਰਚੀ ਗਈ ਸੀ| 18 ਸਤੰਬਰ ਨੂੰ ਜਾਰੀ ਕੀਤੇ ਸੰਮਨ ਵਿੱਚ ਅਜੀਤ ਡੋਵਾਲ, ਭਾਰਤੀ ਦੀ ਖੂਫੀਆ ਏਜੰਸੀ ਰਾਅ ਦੇ ਸਾਬਕਾ ਮੁਖੀ ਸਮੰਤ ਗੋਇਲ, ਰਾਅ ਦੇ ਏਜੰਟ ਵਿਕਰਮ ਯਾਦਵ ਅਤੇ ਭਾਰਤੀ ਕਾਰੋਬਾਰੀ ਨਿਖਿਲ ਗੁਪਤਾ ਦਾ ਨਾਂ ਵੀ ਸ਼ਾਮਲ ਹੈ| ਬਚਾਅ ਪੱਖ ਨੂੰ 21 ਦਿਨਾਂ ਦੇ ਅੰਦਰ-ਅੰਦਰ ਜਵਾਬ ਦੇਣ ਲਈ ਕਿਹਾ ਗਿਆ ਹੈ|
ਖਾਲਿਸਤਾਨੀ ਸਮਰਥਕ ਗੁਰਪਤਵੰਤ ਸਿੰਘ ਪੰਨੂ ਵੱਲੋਂ ਅਮਰੀਕਾ ਵਿੱਚ ਭਾਰਤ ਸਰਕਾਰ ਖ਼ਿਲਾਫ਼ ਦਾਇਰ ਕੀਤੇ ਮੁਕੱਦਮੇ ਤੇ ਵਿਦੇਸ਼ ਸਕੱਤਰ ਵਿਕਰਮ ਮਿਸਰੀ  ਨੇ ਕਿਹਾ ਸੀ ਕਿ ਜਿਵੇਂ ਕਿ ਅਸੀਂ ਪਹਿਲਾਂ ਵੀ ਕਿਹਾ ਹੈ ਕਿ ਇਹ ਪੂਰੀ ਤਰ੍ਹਾਂ ਨਾਲ ਬੇਬੁਨਿਆਦ ਇਲਜ਼ਾਮ ਹਨ|  ਇਸ ਕੇਸ ਨੂੰ ਦਾਇਰ ਕਰਨ ਵਾਲਾ ਵਿਅਕਤੀ ਗੈਰ-ਕਾਨੂੰਨੀ ਸੰਗਠਨ ਦੀ ਨੁਮਾਇੰਦਗੀ ਕਰਦਾ ਹੈ ਜਿਸ ਨੂੰ ਯੂਏਪੀਏ 1967 ਤਹਿਤ ਗੈਰ-ਕਾਨੂੰਨੀ ਐਲਾਨਿਆ ਗਿਆ ਹੈ|
ਪੰਨੂ ਦਾ ਕਹਿਣਾ ਹੈ ਕਿ ਉਨ੍ਹਾਂ ਉੱਪਰ ਪੁਲਿਸ ਨੇ ਝੂਠੇ ਮੁਕੱਦਮੇ ਦਾਇਰ ਕੀਤੇ ਸਨ| ਅਮਰੀਕੀ ਅਦਾਲਤ ਚ ਦਾਇਰ ਇਲਜ਼ਾਮਾਂ &rsquoਚ ਭਾਰਤੀ ਨਾਗਰਿਕ ਨਿਖਿਲ ਗੁਪਤਾ ਤੇ ਇੱਕ ਲੱਖ ਡਾਲਰ (ਤਕਰੀਬਨ 83 ਲੱਖ ਰੁਪਏ) ਦੀ ਨਕਦੀ ਬਦਲੇ ਅਮਰੀਕੀ ਨਾਗਰਿਕ ਦੇ ਕਤਲ ਦਾ ਠੇਕਾ ਦੇਣ ਦੇ ਇਲਜ਼ਾਮ ਲਗਾਏ ਗਏ ਹਨ|
ਅਦਾਲਤ ਵਿਚ ਪੇਸ਼ ਕੀਤੇ ਗਏ ਦਸਤਾਵੇਜ਼ਾਂ ਅਨੁਸਾਰ ਨਿਖਿਲ ਗੁਪਤਾ ਨੇ ਭਾਰਤ ਸਰਕਾਰ ਲਈ ਕੰਮ ਕਰਨ ਵਾਲੇ ਇਕ ਅਧਿਕਾਰੀ ਦੇ ਨਿਰਦੇਸ਼ਾਂ ਤੇ ਅਮਰੀਕਾ ਵਿੱਚ ਇਕ ਹਿੱਟਮੈਨ ਨਾਲ ਸੰਪਰਕ ਕੀਤਾ ਅਤੇ ਉਸ ਨੂੰ ਇਕ ਸਿੱਖ ਵੱਖਵਾਦੀ ਨੇਤਾ ਨੂੰ ਮਾਰਨ ਦਾ ਠੇਕਾ ਦਿੱਤਾ ਸੀ| ਇਲਜ਼ਾਮ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਇੱਕ ਭਾਰਤੀ ਅਧਿਕਾਰੀ ਨਾਲ ਗੱਲਬਾਤ ਦੌਰਾਨ ਨਿਖਿਲ ਗੁਪਤਾ ਨੇ ਦੱਸਿਆ ਸੀ ਕਿ ਉਹ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਕੌਮਾਂਤਰੀ ਤਸਕਰੀ ਵਿੱਚ ਸ਼ਾਮਲ ਸੀ| ਇਲਜ਼ਾਮ ਵਿੱਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਨਿਖਿਲ ਗੁਪਤਾ ਗੁਜਰਾਤ ਵਿੱਚ ਇੱਕ ਅਪਰਾਧਿਕ ਕੇਸ ਚੱਲ ਰਿਹਾ ਹੈ ਜਿਸ ਵਿੱਚ ਮਦਦ ਦੇ ਬਦਲੇ ਉਸ ਨੇ ਇੱਕ ਭਾਰਤੀ ਅਧਿਕਾਰੀ ਲਈ ਨਿਊਯਾਰਕ ਵਿੱਚ ਕਤਲ ਕਰਵਾਉਣ ਲਈ ਤਿਆਰ ਹੋ ਗਿਆ|
ਦਸਤਾਵੇਜ਼ ਦੇ ਅਨੁਸਾਰ, ਜਿਸ ਹਿੱਟਮੈਨ ਨਾਲ ਨਿਖਿਲ ਗੁਪਤਾ ਨੇ ਸੰਪਰਕ ਕੀਤਾ, ਉਹ ਅਮਰੀਕੀ ਖ਼ੁਫ਼ੀਆ ਵਿਭਾਗ ਦਾ ਇੱਕ ਅੰਡਰਕਵਰ ਏਜੰਟ ਸੀ|ਇਸ ਏਜੰਟ ਨੇ ਨਿਖਿਲ ਗੁਪਤਾ ਦੀਆਂ ਸਾਰੀਆਂ ਗਤੀਵਿਧੀਆਂ ਅਤੇ ਗੱਲਬਾਤ ਰਿਕਾਰਡ ਕੀਤੀ| ਇਸ ਆਧਾਰ &rsquoਤੇ ਇਹ ਮਾਮਲਾ ਦਰਜ ਕੀਤਾ ਗਿਆ ਹੈ| ਮਈ 2024 ਵਿੱਚ ਨਿਖਿਲ ਗੁਪਤਾ ਦੀ ਅਮਰੀਕਾ ਨੂੰ ਹਵਾਲਗੀ ਦੇਣ ਨੂੰ ਚੈੱਕ ਗਣਰਾਜ ਦੀ ਅਦਾਲਤ ਨੇ ਮਨਜ਼ੂਰੀ ਦੇ ਦਿੱਤੀ ਸੀ| ਭਾਰਤੀ ਮੀਡੀਆ ਦੀਆਂ ਰਿਪੋਰਟਾਂ ਅਨੁਸਾਰ ਅਮਰੀਕਾ ਦੇ ਨਿਊਯਾਰਕ ਵਿੱਚ ਰਹਿ ਰਹੇ ਸਿੱਖ ਆਗੂ ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਦਾ ਠੇਕਾ ਦਿੱਤਾ ਗਿਆ ਸੀ| ਪੰਨੂ ਨੇ ਵੀ ਇਕ ਪੱਤਰ ਜਾਰੀ ਕਰਕੇ ਇਸ ਨੂੰ ਆਪਣੇ ਖ਼ਿਲਾਫ਼ ਸਾਜ਼ਿਸ਼ ਦੱਸਿਆ ਸੀ| ਪੰਨੂ ਇੱਕ ਡਿਫੈਂਸ ਵਕੀਲ ਹਨ ਅਤੇ ਉਨ੍ਹਾਂ ਨੇ ਸਾਲ 2007 ਵਿੱਚ ਹੀ ਸਿਖਸ ਫਾਰ ਜਸਟਿਸ ਦੀ ਸਥਾਪਨਾ ਕੀਤੀ ਸੀ|
ਅਮਰੀਕਾ ਪਨੂੰ ਕੇਸ ਕਾਰਣ ਮੋਦੀ ਸਰਕਾਰ ਦਾ ਪਿਛਾ ਨਹੀਂ ਛਡ ਰਿਹਾ| ਡੋਵਾਲ ਸਮੇਤ ਕੁਝ ਅਧਿਕਾਰੀ ਉਸ ਦੀ ਹਿਟ ਲਿਸਟ ਵਿਚ ਹਨ| ਪਰ ਭਾਰਤ ਸਰਕਾਰ ਇਸ ਮਸਲੇ ਉਪਰ ਅਮਰੀਕਾ ਦਾ ਵਿਰੋਧ ਕਰ ਰਹੀ ਹੈ| ਦੂਜੇ ਪਾਸੇ ਪ੍ਰਧਾਨ ਮੰਤਰੀ ਮੋਦੀ ਦਾ ਅਮਰੀਕਾ ਵਿਚ ਸੁਆਗਤ ਵੀ ਕੀਤਾ ਜਾ ਰਿਹਾ ਹੈ| ਪਰ ਇਸ ਮਸਲੇ ਉਪਰ ਅਮਰੀਕਾ ਦਾ ਭਾਰਤ ਸਰਕਾਰ ਨੂੰ ਵਡਾ ਚੈਲਿੰਜ ਹੈ| ਇਸ ਦਾ ਨਿਬੇੜਾ ਕੀ ਹੋਵੇਗਾ ਆਉਣ ਵਾਲਾ ਸਮਾਂ ਦਸੇਗਾ|
ਟਰੰਪ ਨੂੰ ਵਡਾ ਚੈਲਿੰਜ, 100 ਤੋ ਵੱਧ ਸਾਬਕਾ ਰਿਪਬਲਿਕਨਾਂ ਵਲੋਂ ਕਮਲਾ ਹੈਰਿਸ ਦੀ ਹਮਾਇਤ
ਰਿਪਬਲਿਕਨ ਦੇ 100 ਤੋ ਵੱਧ ਅਧਿਕਾਰੀਆਂ ਨੇ ਕਮਲਾ ਹੈਰਿਸ ਦਾ ਸਮਰਥਨ ਕੀਤਾ ਹੈ| ਹਾਲਾਂਕਿ ਵਿਰੋਧੀਆਂ ਤੋਂ ਇਹ ਉਮੀਦ ਕੀਤੀ ਜਾਂਦੀ ਹੈ, ਪਰ ਜਦੋਂ ਤੁਹਾਡੀ ਆਪਣੀ ਪਾਰਟੀ ਦੇ ਮੈਂਬਰਾਂ ਨੂੰ ਤੁਹਾਡੀ ਲੀਡਰਸ਼ਿਪ ਵਿੱਚ ਭਰੋਸਾ ਨਹੀਂ ਹੁੰਦਾ| ਇਸ ਤਰ੍ਹਾਂ 100 ਤੋਂ ਵੱਧ ਸਾਬਕਾ ਰਿਪਬਲਿਕਨ ਅਧਿਕਾਰੀਆਂ ਨੇ ਬੀਤੇ ਦਿਨ ਕਮਲਾ ਹੈਰਿਸ ਲਈ ਆਪਣਾ ਸਮਰਥਨ ਦਰਸਾਉਂਦੇ ਹੋਏ ਇੱਕ ਪੱਤਰ ਜਾਰੀ ਕੀਤਾ ਅਤੇ ਟਰੰਪ ਨੂੰ ਰਾਸ਼ਟਰਪਤੀ ਵਜੋਂ ਦੁਬਾਰਾ ਸੇਵਾ ਕਰਨ ਲਈ ਅਯੋਗ ਮੰਨਿਆ ਹੈ|  ਉਨ੍ਹਾਂ ਨੇ ਸਾਬਕਾ ਰਾਸ਼ਟਰਪਤੀ ਤੇ ਆਪਣੇ ਵਿਰੋਧੀਆਂ ਪ੍ਰਤੀ ਹਮਦਰਦੀ ਅਤੇ ਪੁਤਿਨ ਅਤੇ ਸ਼ੀ ਜਿਨਪਿੰਗ ਵਰਗੇ ਤਾਨਾਸ਼ਾਹੀ ਨੇਤਾਵਾਂ ਨਾਲ ਸਬੰਧ ਦਿਖਾਉਣ ਦਾ ਦੋਸ਼ ਲਗਾਇਆ ਹੈ|ਦਸਤਖ਼ਤ ਕਰਨ ਵਾਲਿਆਂ ਵਿੱਚ  ਸਾਬਕਾ ਰਿਪਬਲਿਕਨ ਰਾਸ਼ਟਰਪਤੀਆਂ ਦੇ ਪ੍ਰਸ਼ਾਸਨ ਦੇ ਅਧਿਕਾਰੀ ਸ਼ਾਮਲ ਸਨ| ਕਮਲ਼ਾ ਹੈਰਿਸ ਨੇ ਹਾਲ ਹੀ ਦੇ ਹਫ਼ਤਿਆਂ ਵਿੱਚ ਮੁੱਖ ਧਾਰਾ ਦੇ ਰਿਪਬਲਿਕਨ ਦਾ ਸਮਰਥਨ ਪ੍ਰਾਪਤ ਕੀਤਾ ਹੈ| ਉਹ ਰਾਸ਼ਟਰਪਤੀ ਦੀ ਬਹਿਸ ਤੋਂ ਬਾਅਦ ਤੋਂ ਉੱਪਰ ਵੱਲ ਵਧ ਰਹੀ ਹੈ ਜਿੱਥੇ ਸਾਰੇ ਮਾਹਿਰਾਂ ਨੇ ਉਸ ਨੂੰ ਉਸ ਦੀ ਆਰਾਮਦਾਇਕ ਜਿੱਤ ਪ੍ਰਾਪਤ ਕਰਨ ਦੀ ਵੀ ਗੱਲ ਕਹੀ|
ਅਮਰੀਕਾ ਚ ਕੀਤੇ ਗਏ ਇੱਕ ਨਵੇਂ ਸਰਵੇਖਣ ਅਨੁਸਾਰ ਏਸ਼ੀਆਈ ਅਮਰੀਕੀ, ਹਵਾਈ ਦੀ ਮੂਲ ਨਿਵਾਸੀ ਤੇ ਪ੍ਰਸ਼ਾਂਤ ਟਾਪੂ ਦੀ ਵੋਟਰ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੂੰ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਮੁਕਾਬਲੇ ਵਧੇਰੇ ਯੋਗ ਉਮੀਦਵਾਰ ਮੰਨਿਆ ਜਾ ਰਿਹਾ ਹੈ|
ਏਸ਼ੀਅਨ ਅਮਰੀਕਨ ਅਤੇ ਪੈਸੀਫਿਕ ਆਈਲੈਂਡਰ ਵੋਟਰ ਵੀ ਮੰਨਦੇ ਹਨ ਕਿ ਹੈਰਿਸ ਇੱਕ ਅਜਿਹੀ ਉਮੀਦਵਾਰ ਹੈ ਜੋ ਉਨ੍ਹਾਂ ਦੇ ਪਿਛੋਕੜ ਅਤੇ ਨੀਤੀਗਤ ਵਿਚਾਰਾਂ ਨੂੰ ਬਿਹਤਰ ਢੰਗ ਨਾਲ ਪੇਸ਼ ਕਰਦੀ ਹੈ| ਏਏਪੀਆਈ ਡੇਟਾ ਅਤੇ ਏਪੀਆਈਵੋਟ ਦੇ ਇੱਕ ਨਵੇਂ ਪੋਲ &rsquoਚ ਪਾਇਆ ਗਿਆ ਹੈ ਕਿ ਲਗਭਗ 10 ਵਿੱਚੋਂ 6 ਏਏਪੀਆਈ ਵੋਟਰਾਂ ਦੀ ਹੈਰਿਸ ਬਾਰੇ ਬਹੁਤ ਜਾਂ ਕੁਝ ਹੱਦ ਤੱਕ ਅਨੁਕੂਲ ਰਾਏ ਹੈ, ਜਦੋਂ ਕਿ ਲਗਭਗ ਇੱਕ ਤਿਹਾਈ ਦੀ ਕੁਝ ਹੱਦ ਤੱਕ ਜਾਂ ਬਹੁਤ ਕੁਝ ਦੀ ਉਲਟ ਰਾਇ ਹੈ|
ਹਰ 10 ਏਸ਼ੀਅਨ ਅਮਰੀਕਨ ਅਤੇ ਪੈਸੀਫਿਕ ਆਈਲੈਂਡਰ ਵੋਟਰਾਂ ਵਿੱਚੋਂ ਤਿੰਨ ਦੀ ਟਰੰਪ ਪ੍ਰਤੀ ਸਕਾਰਾਤਮਕ ਰਾਇ ਹੈ ਤੇ ਲਗਭਗ ਦੋ ਤਿਹਾਈ ਦੀ ਨਕਾਰਾਤਮਕ ਰਾਇ ਹੈ| ਇਹ ਅਕਤੂਬਰ 2023 ਤੋਂ ਹੈਰਿਸ ਦੇ ਪੱਖ ਵਿੱਚ ਸੁਧਾਰ ਨੂੰ ਦਰਸਾਉਂਦਾ ਹੈ|ਸਰਵੇਖਣ ਦਰਸਾਉਂਦਾ ਹੈ ਕਿ ਡੈਮੋਕ੍ਰੇਟਿਕ ਪਾਰਟੀ ਦੇ ਆਗੂ ਏਸ਼ੀਅਨ ਅਮਰੀਕਨ ਅਤੇ ਪੈਸੀਫਿਕ ਆਈਲੈਂਡਰ ਵੋਟਰਾਂ ਤੱਕ ਜ਼ਿਆਦਾ ਪਹੁੰਚ ਕਰ ਰਹੇ ਹਨ| 10 ਵਿੱਚੋਂ 4 ਏਸ਼ੀਅਨ ਅਮਰੀਕਨ ਅਤੇ ਪੈਸੀਫਿਕ ਆਈਲੈਂਡਰ ਵੋਟਰਾਂ ਨੇ ਕਿਹਾ ਕਿ ਪਿਛਲੇ ਸਾਲ ਡੈਮੋਕ੍ਰੇਟਿਕ ਪਾਰਟੀ ਨੇ ਉਨ੍ਹਾਂ ਨਾਲ ਸੰਪਰਕ ਕੀਤਾ, ਜਦੋਂ ਕਿ 10 ਵਿੱਚੋਂ ਲਗਭਗ 3 ਨੇ ਰਿਪਬਲਿਕਨ ਪਾਰਟੀ ਬਾਰੇ ਇਹੀ ਕਿਹਾ|
ਇਸ ਤੋਂ ਸਪਸ਼ਟ ਹੈ ਕਿ ਹੈਰਿਸ ਟਰੰਪ ਨੂੰ ਸਖਤ ਮੁਕਾਬਲਾ ਦੇ ਰਹੀ ਹੈ| ਟਰੰਪ ਦਾ ਜਿਤਣਾ ਸੌਖਾ ਨਹੀਂ| ਇਹ ਬਹੁਤ ਸਖਤ ਮੁਕਾਬਲਾ ਹੋਣ ਜਾ ਰਿਹਾ ਹੈ|
ਇਜ਼ਰਾਈਲ ਲੇਬਨਾਨ ਨੂੰ ਮਿਟਾਉਣ ਉਪਰ ਤੁਲਿਆ
ਲੇਬਨਾਨ ਵਿੱਚ ਪੇਜ਼ਰ ਅਤੇ ਵਾਕੀ-ਟਾਕੀ ਧਮਾਕੇ ਤੋਂ ਬਾਅਦ, ਇਜ਼ਰਾਈਲ ਨੇ ਹੁਣ ਹਿਜ਼ਬੁੱਲਾ ਨਾਲ ਸਿੱਧੀ ਜੰਗ ਸ਼ੁਰੂ ਕਰ ਦਿੱਤੀ ਹੈ|  ਇਜ਼ਰਾਈਲ ਨੇ ਹਿਜ਼ਬੁੱਲਾ ਦੇ ਟਿਕਾਣਿਆਂ ਤੇ ਵੱਡੇ ਹਮਲੇ ਕੀਤੇ, ਜਿਸ ਨਾਲ ੫੦੦ ਤੋਂ ਵੱਧ ਲੋਕ ਮਾਰੇ ਗਏ ਅਤੇ ੩੦੦੦ ਤੋਂ ਵੱਧ ਜ਼ਖਮੀ ਹੋ ਗਏ| ਲੇਬਨਾਨ ਦੇ ਸਿਹਤ ਮੰਤਰਾਲੇ ਨੇ ਇਸ ਦੀ ਪੁਸ਼ਟੀ ਕੀਤੀ ਹੈ| ਇਸ ਦੇ ਨਾਲ ਹੀ, ਇਸ ਹਮਲੇ ਤੋਂ ਬਾਅਦ, ਇਜ਼ਰਾਈਲੀ ਫੌਜ ਨੇ ਕਿਹਾ ਕਿ ਉਸਨੇ ਹਿਜ਼ਬੁੱਲਾ ਅੱਤਵਾਦੀ ਸਮੂਹ ਦੇ ਖਿਲਾਫ ਦਬਾਅ ਵਧਾਉਂਦੇ ਹੋਏ ਲੇਬਨਾਨ ਵਿੱਚ 300 ਟੀਚਿਆਂ &rsquoਤੇ ਹਮਲਾ ਕੀਤਾ|
ਫੌਜ ਮੁਖੀ ਲੈਫਟੀਨੈਂਟ ਜਨਰਲ ਹਰਜੀ ਹਲੇਵੀ ਅਨੁਸਾਰ  ਇਜ਼ਰਾਈਲ ਹੁਣ ਲੇਬਨਾਨ ਤੇ ਹੋਰ ਹਮਲੇ ਕਰਨ ਲਈ ਤਿਆਰ ਹੈ| ਇਹ ਹਿਜ਼ਬੁੱਲਾ ਵਿਰੁੱਧ ਲੜਾਈ ਦੇ ਲਗਭਗ ਇੱਕ ਸਾਲ ਵਿੱਚ ਸਭ ਤੋਂ ਵੱਡੇ ਹਵਾਈ ਹਮਲੇ ਵਿੱਚੋਂ ਇੱਕ ਹੈ| ਹਲੇਵੀ ਅਤੇ ਹੋਰ ਇਜ਼ਰਾਈਲੀ ਨੇਤਾਵਾਂ ਨੇ ਆਉਣ ਵਾਲੇ ਦਿਨਾਂ ਵਿੱਚ ਹਿਜ਼ਬੁੱਲਾ ਦੇ ਖਿਲਾਫ ਸਖਤ ਕਾਰਵਾਈ ਦਾ ਐਲਾਨ ਕੀਤਾ ਹੈ| ਇਜ਼ਰਾਈਲੀ ਸਾਬਕਾ ਉਪ ਸੁਰੱਖਿਆ ਸਲਾਹਕਾਰ ਚੱਕ ਫਰੀਲਿਚ ਦਾ ਕਹਿਣਾ ਹੈ ਕਿ ਇਹ ਤਾਂ ਇਕ ਸ਼ੁਰੂਆਤ ਹੈ, ਉਨ੍ਹਾਂ ਕੋਲ 100 ਕਿਸਮ ਦੇ ਅਜਿਹੇ ਹਮਲਿਆਂ ਦਾ ਪ੍ਰਬੰਧ ਹੈ| ਸਮੁੱਚੇ ਵਿਸ਼ਵ ਭਾਈਚਾਰੇ, ਅਮਰੀਕਾ ਸਮੇਤ ਸਰਮਾਏਦਾਰ ਦੇਸ਼ਾਂ ਅਤੇ  ਯੂਐੱਨ ਸੰਸਥਾ ਨੂੰ ਇਜ਼ਰਾਈਲ ਦੀ ਮਾਰੂ ਅਪਰਾਧਕ ਜੰਗ ਤੇ ਵਿਸ਼ਵ ਨੂੰ ਕਿਸੇ ਵੱਡੀ ਭਿਆਨਕ ਜੰਗ ਵਿਚ ਝੋਕਣ ਪ੍ਰਤੀ ਮੂਕਦਰਸ਼ਕ ਨਹੀਂ ਬਣਨਾ ਚਾਹੀਦਾ ਬਲਕਿ ਤਕੜੀ ਕਾਰਵਾਈ ਅੰਜਾਮ ਦਿੰਦੇ ਹੋਏ ਪੱਕੇ ਪੈਰੀਂ ਰੋਕਣਾ ਚਾਹੀਦਾ ਹੈ| ਇਹ ਜੰਗ ਸਮੁਚੇ ਸੰਸਾਰ ਲਈ ਖਤਰਨਾਕ ਸਿਧ ਹੋਵੇਗੀ| ਇਸਲਾਮੀ ਜਿਹਾਦ ਨੂੰ ਉਤਸ਼ਾਹਿਤ ਕਰੇਗੀ|
-ਰਜਿੰਦਰ ਸਿੰਘ ਪੁਰੇਵਾਲ