image caption:

1 ਅਕਤੂਬਰ 2024 (ਮੰਗਲਵਾਰ)- ਅੱਜ ਦੀਆਂ ਮੁੱਖ ਖਬਰਾਂ

 ਅਮਰੀਕਾ ਵੱਲੋਂ ਭਾਰਤੀਆਂ ਨੂੰ 2.5 ਲੱਖ ਵੀਜ਼ੇ ਦੇਣ ਦਾ ਐਲਾਨ!

 ਅਮਰੀਕਾ ਵੱਲੋਂ ਭਾਰਤੀ ਲੋਕਾਂ ਨੂੰ ਢਾਈ ਲੱਖ ਵਾਧੂ ਵੀਜ਼ਾ ਅਪੁਆਇੰਟਮੈਂਟਸ ਮੁਹੱਈਆ ਕਰਵਾਉਣ ਦਾ ਐਲਾਨ ਕੀਤਾ ਗਿਆ ਹੈ ਜਿਨ੍ਹਾਂ ਵਿਚ ਨਾ ਸਿਰਫ਼ ਵਿਜ਼ਟਰ ਸ਼ਾਮਲ ਹੋਣਗੇ ਸਗੋਂ ਹੁਨਰਮੰਦ ਕਾਮੇ ਅਤੇ ਕੌਮਾਂਤਰੀ ਵਿਦਿਆਰਥੀ ਵੀ ਸ਼ਾਮਲ ਕੀਤੇ ਗਏ ਹਨ। ਦੂਜੇ ਪਾਸੇ ਅਮਰੀਕਾ ਦੇ ਬਾਰਡਰ &rsquoਤੇ ਭਾਰਤੀ ਲੋਕਾਂ ਦੇ ਇਕ ਵੱਡੇ ਦੇ ਝੁੰਡ ਨੂੰ ਬਾਰਡਰ ਏਜੰਟਾਂ ਵੱਲੋਂ ਰੋਕੇ ਜਾਣ ਦੀ ਰਿਪੋਰਟ ਹੈ ਜੋ ਗੈਰਕਾਨੂੰਨੀ ਤਰੀਕੇ ਨਾਲ ਅਮਰੀਕਾ ਵਿਚ ਦਾਖਲ ਹੋਣ ਦਾ ਯਤਨ ਕਰ ਰਹੇ ਸਨ। ਇੰਮੀਗ੍ਰੇਸ਼ਨ ਹਿਰਾਸਤ ਵਿਚ ਲਏ ਤਕਰੀਬਨ 70 ਭਾਰਤੀਆਂ ਨੂੰ ਅਜਿਹੇ ਸਮੇਂ ਕਾਬੂ ਕੀਤਾ ਗਿਆ ਹੈ ਜਦੋਂ ਅਮਰੀਕਾ ਸਰਕਾਰ ਅਸਾਇਲਮ ਦੇ ਦਾਅਵੇ ਸਿੱਧੇ ਤੌਰ &rsquoਤੇ ਰੱਦ ਕਰ ਰਹੀ ਹੈ। ਦੂਜੇ ਪਾਸੇ ਅਮਰੀਕਾ ਦਾ ਵਿਜ਼ਟਰ ਵੀਜ਼ਾ ਹਾਸਲ ਕਰਨ ਵਾਲਿਆਂ ਦੀ ਗਿਣਤੀ ਪਿਛਲੇ ਸਾਲ ਦੇ ਮੁਕਾਬਲੇ 35 ਫ਼ੀ ਸਦੀ ਵਧ ਚੁੱਕੀ ਹੈ ਅਤੇ ਇਸ ਵੇਲੇ 60 ਲੱਖ ਭਾਰਤੀਆਂ ਕੋਲ ਅਮਰੀਕਾ ਦਾ ਨੌਨ ਇੰਮੀਗ੍ਰੈਂਟ ਵੀਜ਼ਾ ਮੌਜੂਦ ਹੈ। ਭਾਰਤ ਵਿਚ ਅਮਰੀਕਾ ਦੇ ਰਾਜਦੂਤ ਐਰਿਕ ਗਾਰਸੈਟੀ ਨੇ ਕਿਹਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਵੱਲੋਂ ਵੀਜ਼ਾ ਪ੍ਰਕਿਰਿਆ ਨੂੰ ਸੁਖਾਲਾ ਅਤੇ ਤੇਜ਼ ਬਣਾਉਣ ਦਾ ਟੀਚਾ ਮਿੱਥਿਆ ਗਿਆ ਅਤੇ ਇਸ ਟੀਚੇ ਨੂੰ ਪੂਰਾ ਕਰਦਿਆਂ ਅੰਬੈਸੀ ਦਾ ਸਟਾਫ਼ ਮਾਣ ਮਹਿਸੂਸ ਕਰ ਰਿਹਾ ਹੈ।

ਥਾਈਲੈਂਡ ਵਿਚ ਸਕੂਲੀ ਬੱਸ ਨੂੰ ਅੱਗ, 25 ਮੌਤਾਂ

 ਬੈਂਕਾਕ : ਥਾਈਲੈਂਡ ਵਿਚ ਇਕ ਸਕੂਲ ਬੱਸ ਨੂੰ ਅੱਗ ਲੱਗਣ ਕਾਰਨ 25 ਵਿਦਿਆਰਥੀਆਂ ਦੀ ਮੌਤ ਹੋ ਗਈ। ਹਾਦਸੇ ਵੇਲੇ ਬੱਸ ਵਿਚ 40 ਤੋਂ 45 ਜਣੇ ਸਵਾਰ ਸਨ ਜਿਨ੍ਹਾਂ ਵਿਚੋਂ 16 ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਫਿਲਹਾਲ ਹਾਦਸੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਅਤੇ ਸਬੰਧਤ ਮਹਿਕਮੇ ਵੱਲੋੀ ਪੜਤਾਲ ਕੀਤੀ ਜਾ ਰਹੀ ਹੈ। ਹਾਦਸਾ ਬੈਂਕਾਕ ਦੇ ਖੂ-ਖਾਟ ਇਲਾਕੇ ਵਿਚ ਵਾਪਰਿਆ ਜਦੋਂ ਬੱਸ ਸਕੂਲ ਟ੍ਰਿਪ ਤੋਂ ਪਰਤ ਰਹੀ ਸੀ ਅਤੇ ਇਸ ਵਿਚ 15 ਸਾਲ ਤੱਕ ਦੇ ਬੱਚੇ ਅਤੇ 5 ਟੀਚਰ ਸਵਾਰ ਸਨ। ਹਾਦਸਾ ਅੱਖੀਂ ਦੇਖਣ ਵਾਲਿਆਂ ਨੇ ਦੱਸਿਆ ਕਿ ਬੱਸ ਦਾ ਟਾਇਰ ਫਟਣ ਮਗਰੋਂ ਅੱਗ ਲੱਗੀ। ਥਾਈਲੈਂਡ ਦੀ ਪ੍ਰਧਾਨ ਮੰਤਰੀ ਪਾਇਤੌਂਗਤਰਨ ਸ਼ਿਨਾਵਾਤਰਾ ਨੇ ਹਾਦਸੇ ਦੌਰਾਨ ਜਾਨ ਗਵਾਉਣ ਵਾਲੇ ਬੱਚਿਆਂ ਦੇ ਪਰਵਾਰਾਂ ਨਾਲ ਦੁੱਖ ਦਾ ਪ੍ਰਗਟਾਵਾ ਕਰਦਿਆਂ ਟ੍ਰਾਂਸਪੋਰਟ ਮੰਤਰੀ ਨੂੰ ਹਾਦਸੇ ਵਾਲੀ ਥਾਂ &rsquoਤੇ ਜਾ ਕੇ ਹਾਲਾਤ ਦਾ ਜਾਇਜ਼ਾ ਲੈਣ ਦੇ ਹੁਕਮ ਦਿਤੇ। ਦੂਜੇ ਪਾਸੇ ਗ੍ਰਹਿ ਮੰਤਰੀ ਅਨੁਤਿਨ ਚਰਨਵਿਰਾਕੁਲ ਨੇ ਦੱਸਿਆ ਕਿ ਫਾਇਰ ਸਰਵਿਸ ਵਾਲਿਆਂ ਦੇ ਪਹੁੰਚਣ ਮੌਕੇ ਬੱਸ ਅੱਗ ਦੀਆਂ ਲਾਟਾਂ ਵਿਚ ਘਿਰੀ ਹੋਈ ਸੀ ਅਤੇ ਅੱਗ ਬੁਝਾਏ ਜਾਣ ਤੱਕ ਵੱਡਾ ਜਾਨੀ ਨੁਕਸਾਨ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਬੱਸ ਕੰਪ੍ਰੈਸਡ ਨੈਚੁਰਲ ਗੈਸ ਨਾਲ ਚੱਲ ਰਹੀ ਸੀ ਅਤੇ ਗੈਸ ਟੈਂਕ ਵਿਚ ਦੇ ਅੱਗ ਦੀ ਲਪੇਟ ਵਿਚ ਆਉਣ ਕਾਰਨ ਹਾਲਾਤ ਹੋਰ ਜ਼ਿਆਦਾ ਖਤਰਨਾਕ ਬਣ ਗਏ। ਥਾਈਲੈਂਡ ਦੇ ਟ੍ਰਾਂਸਪੋਰਟ ਮੰਤਰੀ ਵੱਲੋਂ ਪੈਸੰਜਰ ਗੱਡੀਆਂ ਵਿਚ ਸੀ.ਐਨ.ਜੀ. ਦੀ ਬਜਾਏ ਕੋਈ ਹੋਰ ਫਿਊਲੀ ਵਰਤਣ ਦਾ ਸੁਝਾਅ ਦਿਤਾ ਗਿਆ ਹੈ।

ਅਮਰੀਕਾ ਵੱਲੋਂ ਕੈਨੇਡਾ ਸਣੇ ਦੁਨੀਆਂ ਦੀਆਂ 40 ਏਅਰਲਾਈਨਜ਼ ਨੂੰ ਚਿਤਾਵਨੀ

ਵਾਸ਼ਿੰਗਟਨ : ਅਮਰੀਕਾ ਵੱਲੋਂ ਕੈਨੇਡਾ ਸਣੇ ਦੁਨੀਆਂ ਦੇ ਵੱਖ ਵੱਖ ਮੁਲਕਾਂ ਨਾਲ ਸਬੰਧਤ 40 ਏਅਰਲਾਈਨਜ਼ ਨੂੰ ਚਿਤਾਵਨੀ ਦਿਤੀ ਗਈ ਹੈ ਕਿ ਬੋਇੰਗ 737 ਜਹਾਜ਼ਾਂ ਦੀ ਵਰਤੋਂ ਸੋਚ ਸਮਝ ਕੇ ਕੀਤੀ ਜਾਵੇ। ਅਮਰੀਕਾ ਦੇ ਨੈਸ਼ਨਲ ਟ੍ਰਾਂਸਪੋਰਟੇਸ਼ਨ ਸੇਫਟੀ ਬੋਰਡ ਨੇ ਕਿਹਾ ਹੈ ਕਿ ਬੋਇੰਗ 737 ਦੇ ਰਡਰ ਕੰਪੋਨੈਂਟਸ ਹੁਣ ਵੀ ਵੱਡਾ ਸੁਰੱਖਿਆ ਖਤਰਾ ਪੈਦਾ ਕਰ ਸਕਦੇ ਹਨ। ਫੈਡਰਲ ਐਵੀਏਸ਼ਨ ਐਡਮਨਿਸਟ੍ਰੇਸ਼ਨ ਦੇ ਮੁਖੀ ਮਾਈਕ ਵਿਟੇਕਰ ਨੂੰ ਲਿਖੇ ਪੱਤਰ ਵਿਚ ਨੈਸ਼ਨਲ ਟ੍ਰਾਂਸਪੋਰਟੇਸ਼ਨ ਸੇਫਟੀ ਬੋਰਡ ਦੀ ਮੁਖੀ ਜੈਨੀਫਰ ਹੌਮੈਂਡੀ ਨੇ ਕਿਹਾ ਕਿ ਏਅਰਲਾਈਨਜ਼ ਨੂੰ ਆਪਣੇ ਬੋਇੰਗ 737 ਜਹਾਜ਼ਾਂ ਅੰਦਰਲੀਆਂ ਕਈ ਚੀਜ਼ਾਂ ਬਾਰੇ ਪਤਾ ਹੀ ਨਹੀਂ ਜਿਸ ਤੋਂ ਅਸੀਂ ਬੇਹੱਦ ਚਿੰਤਤ ਹਾਂ।

ਕਾਂਗਰਸ ਨੇ ਅਯੁੱਧਿਆ ਵਿੱਚ ਰਾਮ ਮੰਦਰ ਨਹੀਂ ਬਣਨ ਦਿੱਤਾ : ਮੋਦੀ

ਪਲਵਲ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਦੋਸ਼ ਲਾਇਆ ਕਿ ਕਾਂਗਰਸ ਜਾਤੀਵਾਦ ਅਤੇ ਧਰਮ ਰਾਹੀਂ ਦੇਸ਼ ਦੀ 'ਦੇਸ਼ ਭਗਤੀ ਨੂੰ ਕੁਚਲਣਾ' ਚਾਹੁੰਦੀ ਹੈ। ਹਰਿਆਣਾ ਦੇ ਪਲਵਲ ਵਿੱਚ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ, "ਕਾਂਗਰਸ ਨੇ ਦੇਸ਼ ਲਈ ਮਹੱਤਵਪੂਰਨ ਹਰ ਮੁੱਦੇ ਨੂੰ ਉਲਝਾ ਕੇ ਰੱਖਿਆ। ਕਾਂਗਰਸ ਨੇ ਅਯੁੱਧਿਆ ਵਿੱਚ ਰਾਮ ਮੰਦਰ ਨਹੀਂ ਬਣਨ ਦਿੱਤਾ। ਕਾਂਗਰਸ ਨੇ ਜੰਮੂ-ਕਸ਼ਮੀਰ ਵਿੱਚ ਸੰਵਿਧਾਨ ਨੂੰ ਪੂਰੀ ਤਰ੍ਹਾਂ ਲਾਗੂ ਨਹੀਂ ਹੋਣ ਦਿੱਤਾ। " &ldquoਉਨ੍ਹਾਂ ਨੇ ਸਾਡੀਆਂ ਭੈਣਾਂ ਨੂੰ ਸੰਸਦ ਅਤੇ ਵਿਧਾਨ ਸਭਾ ਵਿੱਚ ਰਾਖਵੇਂਕਰਨ ਤੋਂ ਵਾਂਝਾ ਰੱਖਿਆ। ਕਾਂਗਰਸ ਨੇ ਸਾਡੀਆਂ ਮੁਸਲਿਮ ਭੈਣਾਂ ਨੂੰ ਤਿੰਨ ਤਲਾਕ ਦੀ ਸਮੱਸਿਆ ਵਿੱਚ ਉਲਝਾ ਕੇ ਰੱਖਿਆ। ਕਾਂਗਰਸ ਨੇ ਦੇਸ਼ ਅਤੇ ਇਸ ਦੇ ਨਾਗਰਿਕਾਂ ਦੀਆਂ ਸਮੱਸਿਆਵਾਂ ਦਾ ਹੱਲ ਨਹੀਂ ਕੀਤਾ, ਸਗੋਂ ਆਪਣੇ ਪਰਿਵਾਰ ਨੂੰ ਸਥਾਪਿਤ ਕਰਨ ਲਈ ਆਪਣੀ ਸਾਰੀ ਊਰਜਾ ਵਰਤੀ।


ਪੰਚਾਇਤੀ ਚੋਣਾਂ : ਜ਼ੀਰਾ ਵਿਚ ਚੱਲੀ ਗੋ-ਲੀ, ਵਿਧਾਇਕ ਜ਼-ਖ਼ਮੀ, ਗੁਰਦਾਸਪੁਰ ਵਿਚ ਵੀ ਝੜ-ਪ

ਗੁਰਦਾਸਪੁਰ : ਅੱਜ ਪੰਜਾਬ ਵਿਚ ਪੰਚਾਇਤੀ ਚੋਣਾਂ ਨੂੰ ਲੈ ਕੇ ਇਕ ਬੰਨੇ ਤਾਂ ਗੋਲੀਆਂ ਚੱਲੀਆਂ ਜਿਸ ਵਿਚ ਕਾਂਗਰਸੀ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਜ਼ਖ਼ਮੀ ਹੋ ਗਏ। ਦੂਜੇ ਪਾਸੇ ਗੁਰਦਾਸਪੁਰ ਵਿਚ ਝੜਪ ਹੋ ਗਈ। ਦਰਅਸਲ ਪੰਜਾਬ ਦੇ ਗੁਰਦਾਸਪੁਰ ਵਿੱਚ ਗ੍ਰਾਮ ਪੰਚਾਇਤ ਦੀਆਂ ਆਮ ਚੋਣਾਂ ਦੇ ਮੱਦੇਨਜ਼ਰ ਬੀਡੀਪੀਓ ਦਫ਼ਤਰ ਵੱਲੋਂ ਲੋੜੀਂਦੇ ਦਸਤਾਵੇਜ਼ ਮੁਹੱਈਆ ਨਹੀਂ ਕਰਵਾਏ ਗਏ। ਖਾਸ ਕਰਕੇ ਕਾਂਗਰਸੀ ਵਰਕਰਾਂ ਨਾਲ ਪਹੁੰਚੇ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਸੰਸਦ ਮੈਂਬਰ ਸੁਖਜਿੰਦਰ ਰੰਧਾਵਾ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਗੁਰਦੀਪ ਸਿੰਘ ਰੰਧਾਵਾ ਵੀ ਆਪਣੇ ਵਰਕਰਾਂ ਨਾਲ ਬੀਡੀਪੀਓ ਦਫ਼ਤਰ ਪੁੱਜੇ। ਇਸ ਮੌਕੇ ਵੱਡੀ ਗਿਣਤੀ &rsquoਚ ਪੁੱਜੇ ਦੋਵਾਂ ਧਿਰਾਂ ਦੇ ਵਰਕਰਾਂ ਦਰਮਿਆਨ ਦਫ਼ਤਰ ਵਿੱਚ ਤਕਰਾਰ ਹੋ ਗਿਆ। ਦੋਵਾਂ ਪਾਰਟੀਆਂ ਦੇ ਵਰਕਰਾਂ ਨੇ ਇੱਕ ਦੂਜੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।

ਹਰਿਆਣਾ ਚੋਣਾਂ ਵਿਚਾਲੇ ਜੇਲ੍ਹ ਤੋਂ ਬਾਹਰ ਆਵੇਗਾ ਰਾਮ ਰਹੀਮ !  

ਹਰਿਆਣਾ ਵਿੱਚ ਵਿਧਾਨ ਸਭਾ ਚੋਣਾਂ ਹਨ ਅਤੇ ਵੋਟਾਂ ਤੋਂ ਸਿਰਫ਼ ਪੰਜ ਦਿਨ ਪਹਿਲਾਂ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਇੱਕ ਵਾਰ ਫਿਰ ਜੇਲ੍ਹ ਤੋਂ ਬਾਹਰ ਆਉਣ ਵਾਲਾ ਹੈ। ਚੋਣ ਕਮਿਸ਼ਨ ਨੇ ਸੋਮਵਾਰ 30 ਸਤੰਬਰ ਨੂੰ ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਦੀ ਪੈਰੋਲ ਨੂੰ ਮਨਜ਼ੂਰੀ ਦੇ ਦਿੱਤੀ ਹੈ। ਹਾਲਾਂਕਿ ਕਮਿਸ਼ਨ ਨੇ 3 ਸ਼ਰਤਾਂ ਲਗਾਈਆਂ ਹਨ। ਰਾਮ ਰਹੀਮ ਅੱਜ (1 ਅਕਤੂਬਰ) ਰੋਹਤਕ ਦੀ ਸੁਨਾਰੀਆ ਜੇਲ੍ਹ ਤੋਂ ਬਾਹਰ ਆ ਜਾਵੇਗਾ।

ਸ਼ਰਤਾਂ ਮੁਤਾਬਕ ਗੁਰਮੀਤ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਹਰਿਆਣਾ ਵਿੱਚ ਨਹੀਂ ਰਹੇਗਾ। ਉਹ ਕਿਸੇ ਸਿਆਸੀ ਗਤੀਵਿਧੀ ਦਾ ਹਿੱਸਾ ਵੀ ਨਹੀਂ ਬਣੇਗਾ। ਸੋਸ਼ਲ ਮੀਡੀਆ &lsquoਤੇ ਪ੍ਰਚਾਰ ਨਹੀਂ ਕਰ ਸਕਣਗੇ। ਗੁਰਮੀਤ ਨੇ 20 ਦਿਨਾਂ ਲਈ ਐਮਰਜੈਂਸੀ ਪੈਰੋਲ ਦੀ ਮੰਗ ਕੀਤੀ ਸੀ। ਗੁਰਮੀਤ ਨੇ ਜੇਲ੍ਹ ਵਿਭਾਗ ਨੂੰ ਦਿੱਤੀ ਅਰਜ਼ੀ ਵਿੱਚ ਕਿਹਾ ਸੀ ਕਿ ਉਹ ਯੂਪੀ ਦੇ ਬਰਨਾਵਾ ਆਸ਼ਰਮ ਵਿੱਚ ਰਹੇਗਾ। ਰਾਮ ਰਹੀਮ ਨੂੰ 4 ਸਾਲਾਂ &lsquoਚ ਕਰੀਬ 11 ਵਾਰ ਪੈਰੋਲ ਜਾਂ ਫਰਲੋ ਮਿਲੀ ਹੈ।

ਐਪ ਰਾਹੀਂ 4 ਭਾਸ਼ਾਵਾਂ &lsquoਚ ਗੁਰਬਾਣੀ ਤੇ ਸਿੱਖ ਇਤਿਹਾਸ ਬਾਰੇ ਮਿਲੇਗੀ ਜਾਣਕਾਰੀ, ਰਾੜਾ ਸਾਹਿਬ ਸੰਪਰਦਾ ਦੇ ਮੁਖੀ ਦਾ ਵੱਡਾ ਉਪਰਾਲਾ

ਦੇਸ਼-ਵਿਦੇਸ਼ ਦੇ ਲੋਕ ਗੁਰਬਾਣੀ ਅਤੇ ਸਿੱਖ ਇਤਿਹਾਸ ਬਾਰੇ ਐਪ ਰਾਹੀਂ ਜਾਣਕਾਰੀ ਹਾਸਲ ਕਰਨਗੇ। ਖੰਨਾ ਦੇ ਰਾੜਾ ਸਾਹਿਬ ਵਿਖੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘੁਵੀਰ ਸਿੰਘ, ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਐਪ ਲਾਂਚ ਕੀਤਾ। ਇਸ ਮੌਕੇ ਗੁਰਦੁਆਰਾ ਕਰਮਸਰ ਰਾੜਾ ਸਾਹਿਬ ਵਿਖੇ ਸਮਾਗਮ ਕਰਵਾਇਆ ਗਿਆ। ਇਸ ਐਪ ਨੂੰ ਰਾੜਾ ਸਾਹਿਬ ਸੰਪਰਦਾ ਦੇ ਮੁਖੀ ਬਾਬਾ ਬਲਜਿੰਦਰ ਸਿੰਘ ਨੇ ਤਿਆਰ ਕੀਤਾ ਹੈ। ਇਸ਼ਟਾਰ ਮਾਈਕ੍ਰੋ ਮੀਡੀਆ ਦੀ ਇਹ ਐਪ ਪੰਜਾਬੀ, ਹਿੰਦੀ, ਉਰਦੂ ਅਤੇ ਅੰਗਰੇਜ਼ੀ ਭਾਸ਼ਾਵਾਂ ਵਿੱਚ ਹੈ।

ਗੁਰਦੁਆਰਾ ਕਰਮਸਰ ਰਾੜਾ ਸਾਹਿਬ ਦੇ ਸਕੱਤਰ ਰਣਧੀਰ ਸਿੰਘ ਨੇ ਦੱਸਿਆ ਕਿ ਸੰਤ ਬਾਬਾ ਬਲਜਿੰਦਰ ਸਿੰਘ ਪਿਛਲੇ 20 ਸਾਲਾਂ ਤੋਂ ਲਗਾਤਾਰ ਮਿਹਨਤ ਕਰ ਰਹੇ ਹਨ। ਉਦੋਂ ਤੋਂ ਡਾਟਾ ਇਕੱਠਾ ਕੀਤਾ ਜਾ ਰਿਹਾ ਸੀ। ਉਨ੍ਹਾਂ ਦੀ ਮਿਹਨਤ ਸਦਕਾ ਹੁਣ ਗੁਰਬਾਣੀ ਅਤੇ ਸਿੱਖ ਇਤਿਹਾਸ ਚਾਰ ਭਾਸ਼ਾਵਾਂ ਵਿੱਚ ਇੱਕ ਐਪ ਵਿੱਚ ਉਪਲਬਧ ਹੋਵੇਗਾ। ਸਮਾਗਮ ਵਿੱਚ ਸਿੱਖ ਜਗਤ ਦੀਆਂ ਨਾਮਵਰ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ ਅਤੇ ਇਸ ਦੀ ਸ਼ਲਾਘਾ ਕੀਤੀ।

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘੁਵੀਰ ਸਿੰਘ ਨੇ ਕਿਹਾ ਕਿ ਸੰਤ ਬਾਬਾ ਬਲਜਿੰਦਰ ਸਿੰਘ ਨੇ ਬਹੁਤ ਵਧੀਆ ਉਪਰਾਲਾ ਕੀਤਾ ਹੈ। ਤਕਨੀਕੀ ਯੁੱਗ ਵਿੱਚ ਇਸਦੀ ਬਹੁਤ ਲੋੜ ਸੀ। ਕਿਉਂਕਿ ਅੱਜ ਕੱਲ੍ਹ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਹਰ ਕੋਈ ਮੋਬਾਈਲ &lsquoਤੇ ਹੈ। ਵਿਦੇਸ਼ਾਂ ਤੋਂ ਵੀ ਬਹੁਤ ਮੰਗ ਸੀ ਕਿ ਅਜਿਹਾ ਕੰਮ ਡਿਜੀਟਲ ਪੱਧਰ &lsquoਤੇ ਕੀਤਾ ਜਾਵੇ। ਉਹ ਰਾੜਾ ਸਾਹਿਬ ਸੰਪਰਦਾ ਨੂੰ ਪੂਰਾ ਸਹਿਯੋਗ ਦੇਣਗੇ। ਇਸ ਐਪ ਦਾ ਪ੍ਰਚਾਰ ਵੀ ਕੀਤਾ ਜਾਵੇਗਾ।

ਟਰੰਪ ਦੀਆਂ ਰੈਲੀਆਂ ਤੋਂ ਲੋਕ ਕੰਨੀ ਕਤਰਾਉਣ ਲੱਗੇ: ਹੈਰਿਸ
ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਲਾਸ ਏਂਜਲਸ ਵਿਚ ਫੰਡ ਜੁਟਾਉਣ ਲਈ ਰੱਖੇ ਪ੍ਰੋਗਰਾਮ ਦੌਰਾਨ ਰਾਸ਼ਟਰਪਤੀ ਚੋਣਾਂ &rsquoਚ ਆਪਣੇ ਵਿਰੋਧੀ ਉਮੀਦਵਾਰ ਡੋਨਲਡ ਟਰੰਪ ਨੂੰ ਜਮ ਕੇ ਭੰਡਿਆ। ਹੈਰਿਸ ਨੇ ਪ੍ਰੋਗਰਾਮ ਵਿਚ ਮੌਜੂਦ ਲੋਕਾਂ ਨੂੰ ਕਿਹਾ ਕਿ ਉਸ ਦੀਆਂ ਚੋਣ ਰੈਲੀਆਂ ਵਿਚ ਜਿੱਥੇ &lsquoਵੱਡੀ ਗਿਣਤੀ ਲੋਕ&rsquo ਪੁੱਜ ਰਹੇ ਹਨ, ਉਥੇ ਟਰੰਪ ਦੀਆਂ ਚੋਣ ਰੈਲੀਆਂ ਤੋਂ ਲੋਕ ਉਸ ਦੀਆਂ ਬੇਤੁਕੀਆਂ ਤਕਰੀਰਾਂ ਕਰਕੇ ਕੰਨੀ ਕਤਰਾਉਣ ਲੱਗੇ ਹਨ। ਟਰੰਪ ਵੱਲੋੋਂ ਰੈਲੀਆਂ ਦੌਰਾਨ ਪਰਵਾਸ ਦੇ ਮੁੱਦੇ &rsquoਤੇ ਹੈਰਿਸ ਨੂੰ ਘੇਰੇ ਜਾਣ ਕਰਕੇ ਉਪ ਰਾਸ਼ਟਰਪਤੀ ਨੇ ਸ਼ੁੱਕਰਵਾਰ ਨੂੰ ਐਰੀਜ਼ੋਨਾ ਦੇ ਸਰਹੱਦੀ ਕਸਬੇ ਡਗਲਸ ਦਾ ਦੌਰਾ ਕੀਤਾ ਸੀ। ਜੋਅ ਬਾਇਡਨ ਤੋਂ ਰਾਸ਼ਟਰਪਤੀ ਚੋਣਾਂ ਦੀ ਕਮਾਨ ਆਪਣੇ ਹੱਥਾਂ ਵਿਚ ਲੈਣ ਮਗਰੋੋਂ ਹੈਰਿਸ ਦੀ ਅਮਰੀਕਾ-ਮੈਕਸਿਕੋ ਬਾਰਡਰ ਦੀ ਇਹ ਪਹਿਲੀ ਫੇਰੀ ਸੀ।

ਅਦਾਕਾਰ ਰਜਨੀਕਾਂਤ ਹਸਪਤਾਲ ਦਾਖ਼ਲ, ਹਾਲਤ ਸਥਿਰ

ਤਾਮਿਲ ਫਿਲਮਾਂ ਦੇ ਸੁਪਰ ਸਟਾਰ ਰਜਨੀਕਾਂਤ ਨੂੰ ਸੋਮਵਾਰ ਰਾਤ ਇਥੇ ਇਕ ਕਾਰਪੋਰੇਟ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ, ਜਿਥੇ ਇਸ 73 ਸਾਲਾ ਅਦਾਕਾਰ ਦੀ ਹਾਲਤ ਸਥਿਰ ਦੱਸੀ ਜਾਂਦੀ ਹੈ। ਜਾਣਕਾਰੀ ਮੁਤਾਬਕ ਉਨ੍ਹਾਂ ਦੇ ਮੰਗਵਾਰ ਨੂੰ ਦਿਨੇ ਕੁਝ ਟੈਸਟ ਕੀਤੇ ਜਾਣਗੇ ਅਤੇ ਸ਼ਾਮ ਤੱਕ ਹਸਪਤਾਲ ਤੋਂ ਛੁੱਟੀ ਦੇ ਦਿੱਤੇ ਜਾਣ ਦੇ ਆਸਾਰ ਹਨ। ਤਾਮਿਲਨਾਡੂ ਦੇ ਰਾਜਪਾਲ ਆਰਐੱਨ ਰਵੀ ਅਤੇ ਮੁੱਖ ਮੰਤਰੀ ਐੱਮ ਕੇ ਸਟਾਲਿਨ ਨੇ ਉਨ੍ਹਾਂ ਦੀ ਛੇਤੀ ਸਿਹਤਯਾਬੀ ਦੀ ਕਾਮਨਾ ਕੀਤੀ ਹੈ। ਉਨ੍ਹਾਂ ਦੇ ਅਣਗਿਣਤ ਪ੍ਰਸੰਸਕਾਂ ਨੇ ਵੀ ਉਨ੍ਹਾਂ ਲਈ ਦੁਆਵਾਂ ਤੇ ਸ਼ੁਭਕਾਨਾਵਾਂ ਦੇ ਸੰਦੇਸ਼ ਭੇਜੇ ਹਨ।

ਬਾਲੀਵੁੱਡ ਅਦਾਕਾਰ ਗੋਵਿੰਦਾ ਆਪਣੀ ਹੀ ਰਿਵਾਲਵਰ ਦੀ ਗੋਲੀ ਨਾਲ ਜ਼ਖ਼ਮੀ

ਬਾਲੀਵੁੱਡ ਅਦਾਕਾਰ ਗੋਵਿੰਦਾ ਮੰਗਲਵਾਰ ਤੜਕੇ ਉਦੋਂ ਜ਼ਖ਼ਮੀ ਹੋ ਗਏ ਜਦੋਂ ਉਨ੍ਹਾਂ ਦੀ ਰਿਵਾਲਵਰ ਤੋਂ ਅਚਾਨਕ ਗੋਲੀ ਚੱਲ ਗਈ, ਜਿਹੜੀ ਉਨ੍ਹਾਂ ਦੀ ਲੱਤ ਵਿਚ ਲੱਗੀ। ਪੁਲੀਸ ਮੁਤਾਬਕ ਗੋਵਿੰਦਾ ਉਦੋਂ ਆਪਣੀ ਜੁਹੂ ਸਥਿਤ ਰਿਹਾਇਸ਼ ਤੋਂ ਮੁੰਬਈ ਹਵਾਈ ਅੱਡੇ ਲਈ ਰਵਾਨਾ ਹੋਣ ਵਾਲੇ ਸਨ ਜਦੋਂ ਇਹ ਘਟਨਾ ਵਾਪਰੀ। ਬਾਅਦ ਵਿਚ ਗੋਵਿੰਦਾ (60) ਨੇ ਆਪਣੇ ਪ੍ਰਸੰਸਕਾਂ ਲਈ ਇਕ ਬਿਆਨ ਜਾਰੀ ਕਰ ਕੇ ਜਾਣਕਾਰੀ ਦਿੱਤੀ ਕਿ ਡਾਕਟਰਾਂ ਨੇ ਉਨ੍ਹਾਂ ਦੀ ਲੱਤ ਵਿਚੋਂ ਗੋਲੀ ਕੱਢ ਦਿੱਤੀ ਹੈ ਅਤੇ ਉਹ ਹੁਣ &lsquoਆਪਣੇ ਪ੍ਰਸੰਸਕਾਂ ਦੇ ਪਿਆਰ ਤੇ ਦੁਆਵਾਂ ਸਦਕਾ&rsquo ਬਿਲਕੁਲ ਠੀਕ ਹਨ।

ਹਾਈਕੋਰਟ 29 ਨਵੰਬਰ ਨੂੰ ਕਰੇਗੀ ਜਗਦੀਸ਼ ਟਾਈਟਲਰ ਦੀ ਚੁਣੌਤੀ ਪਟੀਸ਼ਨ 'ਤੇ ਸੁਣਵਾਈ

ਨਵੀਂ ਦਿੱਲੀ: 1984 ਦੇ ਸਿੱਖ ਵਿਰੋਧੀ ਦੰਗਿਆਂ ਨਾਲ ਸਬੰਧਤ ਪੁਲਬੰਗਸ਼ ਗੁਰਦੁਆਰਾ ਹਿੰਸਾ ਮਾਮਲੇ ਦੇ ਦੋਸ਼ੀ ਜਗਦੀਸ਼ ਟਾਈਟਲਰ ਨੂੰ ਫਿਲਹਾਲ ਕੋਈ ਰਾਹਤ ਨਹੀਂ ਮਿਲੀ ਹੈ। ਹਾਈ ਕੋਰਟ ਨੇ ਹੇਠਲੀ ਅਦਾਲਤ ਵੱਲੋਂ ਦੋਸ਼ ਤੈਅ ਕਰਨ ਦੇ ਹੁਕਮਾਂ ਖ਼ਿਲਾਫ਼ ਦਾਇਰ ਪਟੀਸ਼ਨ &rsquoਤੇ 29 ਨਵੰਬਰ ਨੂੰ ਸੁਣਵਾਈ ਕਰਨ ਦਾ ਹੁਕਮ ਦਿੱਤਾ ਹੈ। ਜਸਟਿਸ ਮਨੋਜ ਕੁਮਾਰ ਓਹਰੀ ਦੀ ਬੈਂਚ ਨੇ ਹੇਠਲੀ ਅਦਾਲਤ 'ਚ ਚੱਲ ਰਹੀ ਸੁਣਵਾਈ 'ਤੇ ਕੋਈ ਰੋਕ ਲਗਾਉਣ ਤੋਂ ਇਨਕਾਰ ਕਰ ਦਿੱਤਾ ਹੈ। ਹਾਈ ਕੋਰਟ ਨੇ ਟਾਈਟਲਰ ਦੇ ਵਕੀਲ ਅਰਵਿੰਦ ਨਿਗਮ ਨੂੰ ਗਵਾਹਾਂ ਦੇ ਬਿਆਨ ਦਰਜ ਕਰਨ ਦੇ ਨਿਰਦੇਸ਼ ਦਿੱਤੇ ਹਨ। ਅਰਵਿੰਦ ਨਿਗਮ ਨੇ ਕਿਹਾ ਕਿ ਹੇਠਲੀ ਅਦਾਲਤ ਦਾ ਦੋਸ਼ ਤੈਅ ਕਰਨ ਦਾ ਹੁਕਮ ਗੈਰ-ਕਾਨੂੰਨੀ ਹੈ। ਉਨ੍ਹਾਂ ਕਿਹਾ ਕਿ ਚਾਰ ਦਹਾਕੇ ਪੁਰਾਣੇ ਇਸ ਮਾਮਲੇ ਵਿੱਚ ਟਾਈਟਲਰ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਇਸ ਮਾਮਲੇ ਵਿੱਚ ਟਾਈਟਲਰ ਤੋਂ ਇਲਾਵਾ ਕੋਈ ਹੋਰ ਮੁਲਜ਼ਮ ਨਹੀਂ ਹੈ।

ਸੀਬੀਆਈ ਨੇ ਇਸ ਮਾਮਲੇ ਵਿੱਚ ਸਪਲੀਮੈਂਟਰੀ ਚਾਰਜਸ਼ੀਟ ਦਾਇਰ ਕਰਨ ਤੋਂ ਬਾਅਦ ਕਲੋਜ਼ਰ ਰਿਪੋਰਟ ਵੀ ਦਾਖ਼ਲ ਕੀਤੀ ਸੀ। ਹੁਣ ਸੀਬੀਆਈ ਉਨ੍ਹਾਂ ਗਵਾਹਾਂ ਦੇ ਬਿਆਨਾਂ 'ਤੇ ਭਰੋਸਾ ਕਰ ਰਹੀ ਹੈ, ਜਿਨ੍ਹਾਂ ਨੇ ਪਹਿਲਾਂ ਵੱਖ-ਵੱਖ ਬਿਆਨ ਦਿੱਤੇ ਸਨ। ਉਨ੍ਹਾਂ ਕਿਹਾ ਕਿ ਟਾਈਟਲਰ ਖ਼ਿਲਾਫ਼ ਕੋਈ ਠੋਸ ਸਬੂਤ ਨਹੀਂ ਹੈ ਜਿਸ ਨਾਲ ਦੋਸ਼ ਆਇਦ ਕੀਤੇ ਜਾ ਸਕਣ। ਦੱਸ ਦਈਏ ਕਿ 30 ਅਗਸਤ ਨੂੰ ਰਾਊਸ ਐਵੇਨਿਊ ਕੋਰਟ ਨੇ ਟਾਈਟਲਰ ਖਿਲਾਫ ਦੋਸ਼ ਆਇਦ ਕਰਨ ਦਾ ਹੁਕਮ ਦਿੱਤਾ ਸੀ। ਅਦਾਲਤ ਨੇ ਟਾਈਟਲਰ ਖ਼ਿਲਾਫ਼ ਭਾਰਤੀ ਦੰਡਾਵਲੀ ਦੀਆਂ ਧਾਰਾਵਾਂ 147, 149, 153ਏ, 188, 109, 295, 380, 302 ਤਹਿਤ ਦੋਸ਼ ਆਇਦ ਕਰਨ ਦਾ ਹੁਕਮ ਦਿੱਤਾ ਸੀ। 13 ਸਤੰਬਰ ਨੂੰ ਜਗਦੀਸ਼ ਟਾਈਟਲਰ ਨੇ ਆਪਣੇ 'ਤੇ ਲੱਗੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਸੀ ਕਿ ਉਹ ਮੁਕੱਦਮੇ ਦਾ ਸਾਹਮਣਾ ਕਰਨਗੇ।


ਕਿਸਾਨਾਂ ਵੱਲੋਂ ਦੇਸ਼ ਭਰ 'ਚ 3 ਅਕਤੂਬਰ ਤੋਂ ਚਲਾਇਆ ਜਾਵੇਗਾ ਰੇਲ ਰੋਕੋ ਅੰਦੋਲਨ : ਸਰਵਣ ਸਿੰਘ ਪੰਧੇਰ
ਜਲੰਧਰ 'ਚ ਕਿਸਾਨ ਮਜ਼ਦੂਰ ਸੰਘਰਸ ਕਮੇਟੀ ਦੇ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਪ੍ਰੈੱਸ ਕਾਨਫਰੰਸ ਕਰਕੇ ਸਰਕਾਰ 'ਤੇ ਜੰਮ ਕੇ ਨਿਸ਼ਾਨਾ ਸਾਧਿਆ ਹੈ। ਸਰਵਣ ਸਿੰਘ ਪੰਧੇਰ ਨੇ ਆਪਣੀਆਂ ਮੰਗਾਂ ਸਰਕਾਰ ਅੱਗੇ ਰੱਖੀਆਂ ਅਤੇ ਸਰਕਾਰ ਨੂੰ ਉਕਤ ਮੰਗਾਂ ਨੂੰ ਜਲਦ ਤੋਂ ਜਲਦ ਪੂਰਾ ਕਰਨ ਦੀ ਅਪੀਲ ਕੀਤੀ।

ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ 3 ਅਕਤੂਬਰ ਤੋਂ ਦੇਸ਼ ਭਰ ਵਿੱਚ ਕਿਸਾਨਾਂ ਵੱਲੋਂ ਦੋ ਘੰਟੇ ਲਈ ਦੇਸ਼ ਪੱਧਰੀ ਰੇਲ ਰੋਕੋ ਅੰਦੋਲਨ ਚਲਾਇਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ 12.30 ਵਜੇ ਤੋਂ 2.30 ਵਜੇ ਤੱਕ ਰੇਲ ਰੋਕਾਂ ਜਾਣਗੀਆਂ।

ਪੰਧੇਰ ਨੇ ਪਰਾਲੀ ਸਾੜਨ ਨੂੰ ਲੈ ਕੇ ਕੇਂਦਰ ਅਤੇ ਪੰਜਾਬ ਸਰਕਾਰ 'ਤੇ ਨਿਸ਼ਾਨਾ ਸਾਧਿਆ ਅਤੇ ਉਨ੍ਹਾਂ 'ਤੇ ਪਰਾਲੀ ਪ੍ਰਬੰਧਨ ਨੂੰ ਲੈ ਕੇ ਗੰਭੀਰ ਆਰੋਪ ਲਗਾਏ। ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਅੱਜ ਦੀ ਪ੍ਰੈਸ ਕਾਨਫਰੰਸ ਪੰਜਾਬ ਸਰਕਾਰ ਨੂੰ ਸਿਰਫ਼ ਚੇਤਾਵਨੀ ਹੈ। ਸਾਨੂੰ ਸਾਡਾ 28 ਕਰੋੜ ਰੁਪਏ ਬਕਾਇਆ ਦਿਓ ਨਹੀਂ ਤਾਂ ਅਸੀਂ ਸਖ਼ਤ ਕਦਮ ਚੁੱਕਾਂਗੇ।