image caption: -ਭਗਵਾਨ ਸਿੰਘ ਜੌਹਲ
12 ਅਕਤੂਬਰ ਲਈ ਵਿਸ਼ੇਸ਼, ਸਿੱਖ ਤਵਾਰੀਖ ਦੀ ਅਨੋਖੀ ਘਟਨਾ ਜਦੋਂ ਰੂੜੀਵਾਦ ਸੋਚ ਨੂੰ ਵੰਗਾਰਿਆ ਗਿਆ
ਖ਼ਾਲਸਾ ਅਰਬੀ ਭਾਸ਼ਾ ਦਾ ਸ਼ਬਦ ਹੈ, ਜਿਸ ਦੇ ਅਰਥ ਹਨ, ਨਿਰੋਲ, ਸ਼ੁੱਧ ਜਾਂ ਮਿਲਾਵਟ ਤੋਂ ਰਹਿਤ । ਫ਼ਾਰਸੀ ਭਾਸ਼ਾ ਵਿੱਚ ਉਸ ਇਲਾਕੇ ਜਾਂ ਜ਼ਮੀਨ ਜਾਂ ਇਲਾਕੇ ਨੂੰ ਵੀ ਖ਼ਾਲਸਾ ਕਿਹਾ ਜਾਂਦਾ ਹੈ, ਜੋ ਸਿੱਧੀ ਬਾਦਸ਼ਾਹ ਜਾਂ ਕਿਸੇ ਜਗੀਰਦਾਰ ਦੀ ਮਲਕੀਅਤ ਹੋਵੇ । ਪਾਵਨ ਗੁਰਬਾਣੀ ਵਿੱਚ ਉਨ੍ਹਾਂ ਗੁਰਸਿੱਖਾਂ ਜਾਂ ਗੁਰਮੁੱਖਾਂ ਲਈ ਵੀ ਖ਼ਾਲਸਾ ਸ਼ਬਦ ਦੀ ਵਰਤੋਂ ਹੋਈ ਹੈ, ਜੋ ਬਿਪਰਨ ਦੀਆਂ ਰੀਤਾਂ-ਰਿਵਾਜਾਂ ਜਾਂ ਕਰਮਕਾਂਡਾਂ ਤੋਂ ਉੱਪਰ ਉੱਠ ਕੇ ਅਕਾਲ ਪੁਰਖ ਵਾਹਿਗੁਰੂ ਦੀ ਭਗਤੀ ਕਰਦੇ ਹਨ । ਸ਼੍ਰੋਮਣੀ ਸੰਤ ਕਬੀਰ ਸਾਹਿਬ ਨੇ ਕਹੁ ਕਬੀਰ ਜਨ ਭਏ ਖ਼ਾਲਸੇ ਪ੍ਰੇਮ ਭਗਤ ਜਿਤ ਜਾਨੀ ਨਾਲ ਖ਼ਾਲਸਾ ਸ਼ਬਦ ਦੀ ਵਰਤੋਂ ਕੀਤੀ ਹੈ । ਛੇਵੇਂ ਤੇ ਨੌਵੇਂ ਪਾਤਸ਼ਾਹ ਨੇ ਹੁਕਮਨਾਮਿਆਂ ਵਿੱਚ ਗੁਰੂ ਕਾ ਖ਼ਾਲਸਾ ਸ਼ਬਦ ਵਰਤਿਆ ਹੈ । ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖੰਡੇ ਬਾਟੇ ਦੀ ਪਾਹੁਲ ਦੇ ਕੇ ਆਪਣੇ ਪ੍ਰਾਣਾਂ ਤੋਂ ਪਿਆਰੇ ਸਿੱਖਾਂ ਨੂੰ ਖ਼ਾਲਸਾ ਸ਼ਬਦ ਨਾਲ ਸੰਬੋਧਨ ਕੀਤਾ । ਸੋ ਖ਼ਾਲਸਾ ਭਾਈਚਾਰਾ ਆਪਣੀ ਸਥਾਪਨਾ ਤੋਂ ਪਿੱਛੋਂ ਮੌਤ ਦੇ ਭੈਅ ਤੋਂ ਹਮੇਸ਼ਾ ਲਈ ਮੁਕਤ ਹੋ ਗਿਆ ।
ਸਮੇਂ ਦੇ ਬੀਤਣ ਨਾਲ ਬਿਪਰਨ ਕੀ ਰੀਤ ਦੀ ਸੋਚ ਰੱਖਣ ਵਾਲੇ ਉੱਚ ਜਾਤੀ ਦੇ ਲੋਕਾਂ ਨੇ ਪਛੜੀਆਂ ਸ਼੍ਰੇਣੀਆਂ ਨਾਲ ਵਿਤਕਰਾ ਹਮੇਸ਼ਾਂ ਦੀ ਤਰ੍ਹਾਂ ਕਾਇਮ ਰੱਖਿਆ । 20ਵੀਂ ਸਦੀ ਦੇ ਆਰੰਭ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਥਾਪਨਾ ਤੋਂ ਪਹਿਲਾਂ ਇਕ ਅਜਿਹੀ ਸੰਸਥਾ ਖ਼ਾਲਸਾ ਬਰਾਦਰੀ ਦੀ ਸਥਾਪਨਾ ਕੀਤੀ ਗਈ ਤਾਂ ਜੋ ਅਖੌਤੀ ਪੱਛੜੀਆਂ ਜਾਤੀਆਂ ਦੇ ਸਿੱਖਾਂ ਨਾਲ ਹੋ ਰਹੇ ਵਿਤਕਰੇ ਵਿਰੁੱਧ ਆਵਾਜ਼ ਬੁਲੰਦ ਕੀਤੀ ਜਾ ਸਕੇ । ਅਜਿਹੀ ਸੰਸਥਾ ਬਨਾਉਣ ਦਾ ਵਿਚਾਰ ਜਥੇਦਾਰ ਮਹਿਤਾਬ ਸਿੰਘ ਬੀਰ ਦੇ ਮਨ ਵਿੱਚ ਪੈਦਾ ਹੋਇਆ । ਕਿਉਂਕਿ ਸ। ਮਹਿਤਾਬ ਸਿੰਘ ਖੁਦ ਮੁਸਲਮਾਨ ਹੁੰਦੇ ਹੋਏ, ਸਿੱਖ ਧਰਮ ਦੀ ਸਰਬਸਾਂਝੀ ਵਾਲਤਾ ਦੇ ਮਾਨਵਤਾ-ਵਾਦੀ ਸੰਦੇਸ਼ ਤੋਂ ਪ੍ਰਭਾਵਿਤ ਹੋ ਕੇ ਸਿੰਘ ਸਜਿਆ ਸੀ । ਉਸ ਸਮੇਂ ਉੱਚ ਜੀਵਨ ਵਾਲੇ ਗੁਰਸਿੱਖਾਂ ਨੂੰ ਵੀ ਉੱਚ ਜਾਤੀਆਂ ਵੱਲੋਂ ਕਈ ਪ੍ਰਕਾਰ ਦੇ ਤੰਗ-ਨਜ਼ਰੀਏ ਦਾ ਸ਼ਿਕਾਰ ਹੋਣਾ ਪਿਆ । 1914 ਈ: ਵਿੱਚ ਧੰਨ ਗੁਰੂ ਰਾਮਦਾਸ ਜੀ ਦੇ ਸਰਬਸਾਂਝੇ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਨੇੜੇ ਭਾਈ ਦਸੌਂਧਾ ਸਿੰਘ ਦੀ ਧਰਮਸ਼ਾਲਾ ਵਿੱਚ ਪੱਛੜੀਆਂ ਜਾਤੀਆਂ ਦੇ ਸਿੱਖਾਂ ਦਾ ਇਕੱਠ ਸਭਾ ਦੇ ਰੂਪ ਵਿੱਚ ਬੁਲਾਇਆ ਗਿਆ । ਇਸੇ ਸਭਾ ਵਿੱਚ ਖ਼ਾਲਸਾ ਬਰਾਦਰੀ ਦੀ ਸਥਾਪਨਾ ਕੀਤੀ ਗਈ । ਸਰਹਾਲਾ ਕਾਜੀਆਂ ਦੇ ਸ। ਈਸ਼ਰ ਸਿੰਘ ਨੂੰ ਇਸ ਸੰਸਥਾ ਦਾ ਪ੍ਰਧਾਨ ਅਤੇ ਭਾਈ ਮਹਿਤਾਬ ਸਿੰਘ ਨੂੰ ਜਨਰਲ ਸਕੱਤਰ ਬਣਾਇਆ ਗਿਆ ।
ਇਸ ਸੰਸਥਾ ਦਾ ਉਦੇਸ਼ ਪੱਛੜੀਆਂ ਸ਼੍ਰੇਣੀਆਂ ਦੇ ਸਿੱਖਾਂ ਨੂੰ ਖੰਡੇ ਬਾਟੇ ਦੀ ਪਾਹੁਲ ਛਕਾ ਕੇ ਸਿੰਘ ਸਜਾਉਣਾ ਅਤੇ ਸਮਾਜਿਕ ਤੌਰ ਤੇ ਜਾਗ੍ਰਿਤ ਕਰਨਾ ਸੀ । ਰੂੜੀਵਾਦੀ ਸੋਚ ਰੱਖਣ ਵਾਲੇ ਲੋਕਾਂ ਨੂੰ ਗੁਰੂ ਸਾਹਿਬ ਦੇ ਸਰਬਸਾਂਝੀ ਵਾਲਤਾ ਸੁਨੇਹੇ ਪ੍ਰਤੀ ਜਾਗਰੂਕ ਕਰਨਾ ਸੀ । ਇਸ ਸੰਸਥਾ ਦਾ ਕੇਂਦਰੀ ਦਫ਼ਤਰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸਥਾਪਿਤ ਕਰਕੇ ਜ਼ਿਲ੍ਹਾ ਯੂਨਿਟ ਚੜ੍ਹਦੇ ਤੇ ਲਹਿੰਦੇ ਪੰਜਾਬ (ਸਾਂਝੇ ਪੰਜਾਬ) ਵਿੱਚ ਬਣਾਏ ਗਏ । ਸੰਸਥਾ ਦੇ ਪ੍ਰਚਾਰ ਲਈ ਤੇ ਸਮਾਜ ਲਈ ਬੀਰ ਨਾਂਅ ਦਾ ਹਫ਼ਤਾਵਾਰੀ ਮੈਗਜ਼ੀਨ ਵੀ ਸ਼ੁਰੂ ਕੀਤਾ ਗਿਆ । ਹੁਣ ਇਸ ਸੰਸਥਾ ਵੱਲੋਂ 11 ਅਤੇ 12 ਅਕਤੂਬਰ, 1920 ਨੂੰ ਜਲ੍ਹਿਆਵਾਲੇ ਬਾਗ ਵਿੱਚ ਭਾਰੀ ਇਕੱਠ ਬੁਲਾ ਕੇ ਅਗਾਂਹਵਧੂ ਪੜ੍ਹੇ-ਲਿਖੇ ਵਿਦਵਾਨਾਂ ਨੇ ਸੰਸਥਾ ਨੂੰ ਸੰਬੋਧਨ ਕੀਤਾ । ਦੀਵਾਨ ਤੋਂ ਬਾਅਦ ਵੱਡੀ ਗਿਣਤੀ ਵਿੱਚ ਪਛੜੀਆਂ ਜਾਤੀਆਂ ਦੇ ਅਤੇ ਰਾਮਦਾਸੀਏ ਸਿੱਖਾਂ ਨੂੰ ਅੰਮ੍ਰਿਤ ਛਕਾ ਕੇ ਉਨ੍ਹਾਂ ਵੱਲੋਂ ਤਿਆਰ ਕੀਤੇ ਕੜਾਹ-ਪ੍ਰਸ਼ਾਦਿ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿੱਚ ਪ੍ਰਵਾਨ ਕਰਵਾਉਣ ਲਈ ਨਵੇਂ ਸਜੇ ਸਿੰਘਾਂ ਦਾ ਜਥਾ ਬੜੀ ਸ਼ਰਧਾ ਤੇ ਸਤਿਕਾਰ ਨਾਲ ਸ੍ਰੀ ਗੁਰੂ ਰਾਮਦਾਸ ਜੀ ਦੇ ਦਰ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਹਾਜ਼ਰ ਹੋਇਆ । ਪਰ ਅੰਗ੍ਰੇਜ਼ ਹਕੂਮਤ ਦੀ ਪਾੜੋ ਤੇ ਰਾਜ ਕਰੋ ਦੀ ਨੀਤੀ ਮੁਤਾਬਿਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸੇਵਾਦਾਰ ਦੀ ਅੰਗ੍ਰੇਜ਼ ਪ੍ਰਸਤ ਹੋਣ ਕਰਕੇ ਕੜ੍ਹਾਹ ਪ੍ਰਸ਼ਾਦਿ ਪ੍ਰਵਾਨ ਕਰਨ ਅਤੇ ਅਰਦਾਸ ਕਰਨ ਤੋਂ ਇਨਕਾਰ ਕਰਕੇ ਬਾਹਰ ਭੱਜ ਗਏ । ਹੁਣ ਇਸ ਸੰਸਥਾ ਦੇ ਸਿੰਘਾਂ ਵੱਲੋਂ ਪ੍ਰਸ਼ਾਦਿ ਪ੍ਰਵਾਨ ਕਰਵਾਉਣ ਲਈ ਖੁਦ ਅਰਦਾਸ ਕੀਤੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਮੁੱਖ ਵਾਕ ਲਿਆ ਗਿਆ । ਜਾਗਤ-ਜੋਤਿ ਸਤਿਗੁਰੂ ਦਾ ਪਾਵਨ ਹੁਕਮ ਅਜਿਹੀ ਉਦਾਰ ਭਾਵਨਾ ਵਾਲਾ ਸੀ, ਜਿਸ ਨੂੰ ਸਰਵਣ ਕਰਦਿਆਂ ਹੀ ਨਵੇਂ ਸਜੇ ਸਿੰਘਾਂ ਦੇ ਚਿਹਰਿਆਂ ਤੇ ਨੂਰ ਤੇ ਲਾਲੀ ਦੇ ਭਾਵ ਪ੍ਰਗਟ ਹੋ ਗਏ । ਜਦੋਂ ਹੁਣ ਇਹ ਸਾਰੇ ਸਿੰਘ ਸ੍ਰੀ ਅਕਾਲ ਤਖ਼ਤ ਸਾਹਿਬ ਪੁੱਜੇ ਤਾਂ ਉਥੋਂ ਦੇ ਸੇਵਾਦਾਰ ਵੀ ਖਿਸਕ ਗਏ । ਸ੍ਰੀ ਅਕਾਲ ਤਖ਼ਤ ਸਾਹਿਬ ਹਾਜ਼ਰ ਗੁਰਦੁਆਰਾ ਸੁਧਾਰ ਲਹਿਰ ਦੇ ਪ੍ਰਮੁੱਖ ਆਗੂ ਜਥੇਦਾਰ ਕਰਤਾਰ ਸਿੰਘ ਭੁੱਚਰ ਅਤੇ ਜਥੇਦਾਰ ਕਰਤਾਰ ਸਿੰਘ ਝੱਬਰ ਨੇ ਅਰਦਾਸ ਕੀਤੀ ।
ਇਸ ਅਨੋਖੀ ਘਟਨਾ ਤੋਂ ਪਿੱਛੋਂ ਇਕ 25 ਮੈਂਬਰੀ ਕਮੇਟੀ ਬਣਾ ਕੇ ਜਿਸ ਵਿੱਚ ਅਖੌਤੀ ਪੱਛੜੀਆਂ ਸ਼੍ਰੇਣੀਆਂ ਦੇ ਸਿੰਘਾਂ ਨੂੰ ਵੀ ਸ਼ਾਮਿਲ ਕੀਤਾ ਗਿਆ । ਇਸ ਦਾ ਉਦੇਸ਼ ਗੁਰਧਾਮਾਂ ਨੂੰ ਪਰੰਪਰਾਵਾਂ ਦੀ ਤੇ ਕੱਟੜਵਾਦੀ ਪੁਜਾਰੀਆਂ ਤੋਂ ਆਜ਼ਾਦ ਕਰਵਾਉਣਾ ਅਤੇ ਪੱਛੜੀਆਂ ਜਾਤੀਆਂ ਦੇ ਸਿੱਖਾਂ ਵਿੱਚ ਬਰਾਬਰੀ ਦੀ ਭਾਵਨਾ ਦਾ ਵਿਕਾਸ ਕਰਨਾ ਸੀ । ਅਸਲ ਵਿੱਚ ਇਹ ਘਟਨਾ-ਕ੍ਰਮ ਗੁਰਦੁਆਰਾ ਸੁਧਾਰ ਲਹਿਰ ਦਾ ਆਰੰਭ ਸੀ । ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਥਾਪਨਾ ਤੋਂ ਬਾਅਦ 1939 ਅਤੇ 1941 ਤੱਕ ਇਸ ਸੰਸਥਾ ਨੇ ਧਰਮ-ਪ੍ਰਚਾਰ ਅਤੇ ਸਮਾਜ ਸੁਧਾਰ ਲਈ ਵੱਡੇ ਯਤਨ ਕੀਤੇ । ਜਿਸ ਨਾਲ ਸਿੱਖ ਧਰਮ ਵਿੱਚ ਅਕੀਦਾ ਤੇ ਵਿਸ਼ਵਾਸ ਰੱਖਣ ਵਾਲਿਆਂ ਦੀ ਗਿਣਤੀ ਵਿੱਚ ਚੋਖਾ ਵਾਧਾ ਹੋਇਆ । ਨਵੀਂ ਬਣੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਪ੍ਰਤੀਨਿੱਧਤਾ ਦਿੱਤੀ ਗਈ ਅਤੇ ਫੌਜ ਵਿੱਚ ਭਰਤੀ ਕਰਨ ਦੀ ਮੰਗ ਵੀ ਸਵੀਕਾਰੀ ਗਈ । ਇਸ ਯਤਨ ਨਾਲ ਸਿੱਖਾਂ ਵਿੱਚ ਉਦਾਰ-ਚੇਤਨਾ ਦਾ ਪ੍ਰਸਾਰ ਹੋਇਆ, ਸਿੱਟੇ ਵਜੋਂ ਦੂਜੇ ਧਰਮਾਂ ਵਿੱਚ ਰਹਿਣ ਵਾਲੇ ਦਲਿਤ ਵੀ ਸਿੱਖ ਧਰਮ ਨੂੰ ਅਪਨਾਉਣ ਲੱਗੇ । ਇਸ ਘਟਨਾ ਦੇ ਸੂਤਰਧਾਰ ਜਥੇਦਾਰ ਮਹਿਤਾਬ ਸਿੰਘ 1960 ਈ: ਵਿੱਚ ਇਸ ਫਾਨੀ ਸੰਸਾਰ ਤੋਂ ਕੂਚ ਕਰ ਗਏ । ਅੱਜ ਸਾਨੂੰ ਫਿਰ ਸੁਚੇਤ ਹੋਣਾ ਪਵੇਗਾ, ਕਿਤੇ ਮੁੜ ਅਜਿਹੀਆਂ ਪਰੰਪਰਾਵਾਂ ਦੀ ਤੇ ਕੱਟੜਪੰਥੀ ਜਥੇਬੰਦੀਆਂ ਸਰਬ ਸਾਂਝੇ ਤੇ ਵਿਲੱਖਣ ਸੋਚ ਦੇ ਧਾਰਨੀ ਖ਼ਾਲਸਾ ਪੰਥ ਵਿੱਚ ਤ੍ਰੇੜਾਂ ਪਾ ਕੇ ਸਾਨੂੰ ਖੇਰੂੰ-ਖੇਰੂੰ ਕਰਨ ਦੇ ਮਨਸੂਬੇ ਤਾਂ ਨਹੀਂ ਬਣਾ ਰਹੀਆਂ ।
-ਭਗਵਾਨ ਸਿੰਘ ਜੌਹਲ