ਮੰਗਲਵਾਰ 8 ਅਕਤੂਬਰ 2024 - ਅੱਜ ਦੀਆਂ ਮੁੱਖ ਖਬਰਾਂ
 ਰਾਹੁਲ ਗਾਂਧੀ ਨੇ ਦਲਿਤ ਪਰਿਵਾਰ ਦੇ ਘਰ ਪਕਾਇਆ ਖਾਣਾ, ਕੀਤੀ ਵੀਡੀਓ ਸ਼ੇਅਰ
ਨਵੀਂ ਦਿੱਲੀ ਆਮ ਲੋਕਾਂ ਨਾਲ ਰਾਹੁਲ ਗਾਂਧੀ ਦੇ ਕਈ ਵੀਡੀਓ ਵਾਇਰਲ ਹੁੰਦੇ ਰਹਿੰਦੇ ਹਨ। ਰਾਹੁਲ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਕਈ ਵੀਡੀਓਜ਼ ਸ਼ੇਅਰ ਕਰਦੇ ਹਨ। ਹਾਲ ਹੀ 'ਚ ਉਨ੍ਹਾਂ ਨੇ ਇਕ ਹੋਰ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਉਹ ਇਕ ਦਲਿਤ ਪਰਿਵਾਰ ਨਾਲ ਸਮਾਂ ਬਿਤਾਉਂਦੇ ਨਜ਼ਰ ਆ ਰਹੇ ਹਨ। ਕੋਲਹਾਪੁਰ ਦੇ ਰਾਹੁਲ ਦੇ ਇਸ ਵੀਡੀਓ ਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ।
ਰਾਹੁਲ ਨੇ ਐਕਸ 'ਤੇ ਇਕ ਵੀਡੀਓ ਸ਼ੇਅਰ ਕੀਤਾ ਹੈ ਜਿਸ 'ਚ ਉਨ੍ਹਾਂ ਨੇ ਕੈਪਸ਼ਨ ਵੀ ਲਿਖੀ ਹੈ। ਉਨ੍ਹਾਂ ਲਿਖਿਆ ਕਿ ਅੱਜ ਵੀ ਦਲਿਤ ਰਸੋਈ ਬਾਰੇ ਬਹੁਤ ਘੱਟ ਲੋਕ ਜਾਣਦੇ ਹਨ। ਜਿਵੇਂ ਕਿ ਸ਼ਾਹੂ ਪਟੋਲੇ ਨੇ ਕਿਹਾ, ਕੋਈ ਨਹੀਂ ਜਾਣਦਾ ਕਿ ਦਲਿਤ ਕੀ ਖਾਂਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਲੋਕ ਕੀ ਖਾਂਦੇ ਹਨ ਅਤੇ ਕਿਵੇਂ ਪਕਾਉਂਦੇ ਹਨ, ਇਸ ਦਾ ਸਮਾਜਿਕ ਅਤੇ ਰਾਜਨੀਤਕ ਮਹੱਤਵ ਕੀ ਹੈ? ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਦੇਣ ਲਈ, ਮੈਂ ਅਜੇ ਤੁਕਾਰਾਮ ਸਨਡੇ ਅਤੇ ਅੰਜਨਾ ਤੁਕਾਰਾਮ ਸਨਡੇ ਨਾਲ ਸਮਾਂ ਬਿਤਾਇਆ।
ਫਰਾਂਸ ਨੇ ਓਸਾਮਾ ਬਿਨ ਲਾਦੇਨ ਦੇ ਪੁੱਤਰਾਂ 'ਚੋਂ ਇੱਕ ਦੀ ਵਾਪਸੀ ਰੋਕਣ ਲਈ ਚੁੱਕੇ ਸਖ਼ਤ ਕਦਮ
ਪੈਰਿਸ : ਫਰਾਂਸ ਦੇ ਗ੍ਰਹਿ ਮੰਤਰੀ ਨੇ ਮੰਗਲਵਾਰ ਨੂੰ ਦੱਸਿਆ ਕਿ ਉਨ੍ਹਾਂ ਨੇ ਅਲ-ਕਾਇਦਾ ਦੇ ਆਗੂ ਓਸਾਮਾ ਬਿਨ ਲਾਦੇਨ ਦੇ ਪੁੱਤਰਾਂ ਵਿੱਚੋਂ ਇੱਕ ਦੀ ਫਰਾਂਸ ਵਾਪਸੀ ਦੀ ਕਿਸੇ ਵੀ ਕੋਸ਼ਿਸ਼ ਵਿਰੁੱਧ ਵਾਧੂ ਕਦਮ ਚੁੱਕੇ ਹਨ। ਗ੍ਰਹਿ ਮੰਤਰਾਲੇ ਨੇ ਕਿਹਾ ਕਿ ਉਮਰ ਬਿਨ ਲਾਦੇਨ ਫਰਾਂਸ ਦੇ ਨੌਰਮੈਂਡੀ ਖੇਤਰ ਵਿੱਚ ਰਹਿ ਰਿਹਾ ਸੀ ਪਰ ਫਰਾਂਸ ਦੇ ਅਧਿਕਾਰੀਆਂ ਵੱਲੋਂ ਉਸ ਦੇ ਰਿਹਾਇਸ਼ੀ ਕਾਗਜ਼ਾਤ ਵਾਪਸ ਲੈਣ ਅਤੇ ਉਸ ਨੂੰ ਬਾਹਰ ਕੱਢਣ ਦਾ ਹੁਕਮ ਦੇਣ ਤੋਂ ਬਾਅਦ ਅਕਤੂਬਰ 2023 ਵਿੱਚ ਦੇਸ਼ ਛੱਡ ਦਿੱਤਾ ਗਿਆ ਸੀ। ਮੰਤਰਾਲੇ ਨੇ ਅੱਗੇ ਕਿਹਾ ਕਿ ਉਸ ਸਮੇਂ,ਅਧਿਕਾਰੀਆਂ ਨੇ ਉਸ ਨੂੰ ਦੋ ਸਾਲਾਂ ਲਈ ਫਰਾਂਸ ਵਾਪਸ ਆਉਣ ਤੋਂ ਵੀ ਰੋਕ ਦਿੱਤਾ ਸੀ। ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਮੰਗਲਵਾਰ ਨੂੰ ਇੱਕ ਪੋਸਟ ਵਿੱਚ, ਫਰਾਂਸ ਦੇ ਗ੍ਰਹਿ ਮੰਤਰੀ ਬਰੂਨੋ ਰੀਟੇਲਿਊ ਨੇ ਕਿਹਾ ਕਿ ਉਸਨੇ ਇਹ ਯਕੀਨੀ ਬਣਾਉਣ ਲਈ ਇੱਕ ਵਾਧੂ ਪਾਬੰਦੀ ਲਗਾਈ ਹੈ ਕਿ ਉਮਰ ਬਿਨ ਲਾਦੇਨ "ਕਿਸੇ ਵੀ ਕਾਰਨ ਕਰਕੇ ਫਰਾਂਸ ਵਾਪਸ ਨਹੀਂ ਆ ਸਕੇਗਾ।" ਫਰਾਂਸੀਸੀ ਅਖਬਾਰ ਲੇ ਪੈਰਿਸੀਅਨ ਨੇ ਦੱਸਿਆ ਕਿ ਉਮਰ ਬਿਨ ਲਾਦੇਨ ਹੁਣ ਕਤਰ ਵਿੱਚ ਰਹਿੰਦਾ ਹੈ।
'ਆਪ' ਨੇ ਪੰਜਾਬ 'ਚ ਲੋਕਤੰਤਰ ਦਾ ਕੀਤਾ ਕਤਲ : ਰਾਜਾ ਵੜਿੰਗ
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਲੋਕ ਸਭਾ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇੱਕ ਤਿੱਖੇ ਬਿਆਨ ਵਿੱਚ ਆਮ ਆਦਮੀ ਪਾਰਟੀ ਅਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਵਿੱਚ ਹੋਣ ਵਾਲੀਆਂ ਪੰਚਾਇਤੀ ਚੋਣਾਂ ਵਿੱਚ ਕੀਤੀ ਜਾ ਰਹੀ ਹੇਰਾਫੇਰੀ ਦੀ ਸਖ਼ਤ ਨਿਖੇਧੀ ਕੀਤੀ ਹੈ। ਵੜਿੰਗ ਨੇ ਗਿੱਦੜਬਾਹਾ ਦੇ ਕਰੀਬ 29 ਤੋਂ 30 ਪਿੰਡਾਂ ਦੇ ਉਮੀਦਵਾਰਾਂ ਦੇ ਚੋਣ ਨਿਸ਼ਾਨ ਅਤੇ ਦਸਤਾਵੇਜ਼ ਰੱਦ ਕੀਤੇ ਜਾਣ ਬਾਰੇ ਹੈਰਾਨ ਕਰਨ ਵਾਲੇ ਵੇਰਵੇ ਜ਼ਾਹਰ ਕੀਤੇ। ਉਨ੍ਹਾਂ ਅਨੁਸਾਰ &lsquoਆਪ&rsquo ਦੀ ਅਗਵਾਈ ਵਾਲੀ ਸਰਕਾਰ ਆਪਣੇ ਹਮਾਇਤੀ ਉਮੀਦਵਾਰਾਂ ਦੀ ਜਿੱਤ ਯਕੀਨੀ ਬਣਾਉਣ ਲਈ ਜਾਣਬੁੱਝ ਕੇ ਲੋਕਤੰਤਰੀ ਪ੍ਰਕਿਰਿਆ ਨੂੰ ਤੋੜ-ਮਰੋੜ ਕੇ ਪੇਸ਼ ਕਰ ਰਹੀ ਹੈ।
'ਆਪ' 'ਤੇ ਵਰ੍ਹਦਿਆਂ ਵੜਿੰਗ ਨੇ ਕਿਹਾ,"ਖਜ਼ਾਨੇ ਨੂੰ ਭਰਨ ਦੇ ਉਦੇਸ਼ ਨਾਲ ਇੱਛੁਕ ਉਮੀਦਵਾਰਾਂ ਤੋਂ ਪੈਸੇ ਲਏ ਜਾ ਰਹੇ ਹਨ, ਅਤੇ ਉਨ੍ਹਾਂ ਨੂੰ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਦੇ ਸਾਰੇ ਦਸਤਾਵੇਜ਼ ਤਿਆਰ ਹਨ, ਪਰ ਬਾਅਦ ਵਿੱਚ ਇਨ੍ਹਾਂ ਦਸਤਾਵੇਜ਼ਾਂ ਨੂੰ ਤਕਨੀਕੀਤਾ ਦੀ ਆੜ ਵਿੱਚ ਰੱਦ ਕੀਤਾ ਜਾ ਰਿਹਾ ਹੈ, ਇਹ ਸਰਕਾਰ ਨਾ ਸਿਰਫ ਹੈ ਲੋਕਾਂ ਨੂੰ ਧੋਖਾ ਦੇ ਰਹੇ ਹਨ ਸਗੋਂ ਪੰਜਾਬ ਵਿੱਚ ਜਮਹੂਰੀਅਤ ਦੀ ਨੀਂਹ ਦਾ ਗਲਾ ਘੁੱਟ ਰਹੇ ਹਨ।"
ਅਮਰੀਕਾ 'ਚ 10 ਦਿਨਾਂ 'ਚ ਦੂਜੀ ਵਾਰ ਆਏਗਾ ਵੱਡਾ ਤੂਫਾਨ
 ਅਮਰੀਕਾ 'ਚ 10 ਦਿਨਾਂ 'ਚ ਦੂਜੀ ਵਾਰ ਵੱਡਾ ਤੂਫਾਨ ਆਉਣ ਵਾਲਾ ਹੈ। ਰਿਪੋਰਟਰ ਮੁਤਾਬਕ ਤੂਫ਼ਾਨ ਮਿਲਟਨ ਨੂੰ ਲੈ ਕੇ ਫਲੋਰੀਡਾ 'ਚ ਚੇਤਾਵਨੀ ਜਾਰੀ ਕੀਤੀ ਗਈ ਹੈ। ਨੈਸ਼ਨਲ ਹਰੀਕੇਨ ਸੈਂਟਰ ਨੇ ਇਸ ਨੂੰ ਸਭ ਤੋਂ ਵਿਨਾਸ਼ਕਾਰੀ ਤੂਫਾਨਾਂ ਦੀ ਸ਼੍ਰੇਣੀ 5 ਵਿੱਚ ਰੱਖਿਆ ਹੈ। ਇਸ ਵਰਗ ਵਿੱਚ ਭਾਰੀ ਜਾਨੀ ਤੇ ਮਾਲੀ ਨੁਕਸਾਨ ਹੋਣ ਦਾ ਖਤਰਾ ਹੈ। ਮਿਲਟਨ ਬੁੱਧਵਾਰ ਨੂੰ ਫਲੋਰੀਡਾ ਦੇ ਸੰਘਣੀ ਆਬਾਦੀ ਵਾਲੇ ਖੇਤਰ 'ਟੈਂਪਾ ਬੇ' ਨਾਲ ਟਕਰਾ ਸਕਦਾ ਹੈ। ਹੁਣ ਇਹ ਟੈਂਪਾ ਤੋਂ 1000 ਕਿਲੋਮੀਟਰ ਦੂਰ ਹੈ। ਟੈਂਪਾ ਦੀ ਆਬਾਦੀ 3 ਮਿਲੀਅਨ ਤੋਂ ਵੱਧ ਹੈ। ਤੂਫਾਨ ਦੇ ਟੈਂਪਾ ਖਾੜੀ ਤੱਕ ਪਹੁੰਚਣ 'ਤੇ ਕਮਜ਼ੋਰ ਹੋਣ ਦੀ ਉਮੀਦ ਹੈ। ਇਸ ਤੋਂ ਬਾਅਦ ਇਹ ਮੱਧ ਫਲੋਰੀਡਾ ਤੋਂ ਅਟਲਾਂਟਿਕ ਮਹਾਸਾਗਰ ਵੱਲ ਵਧੇਗਾ। ਤੂਫਾਨ ਮਿਲਟਨ ਇਸ ਸਮੇਂ ਮੈਕਸੀਕੋ ਦੀ ਖਾੜੀ ਤੋਂ ਲੰਘ ਰਿਹਾ ਹੈ। ਸੋਮਵਾਰ ਰਾਤ ਨੂੰ ਤੂਫਾਨ ਦੀ ਰਫਤਾਰ 285 ਕਿਲੋਮੀਟਰ ਪ੍ਰਤੀ ਘੰਟਾ ਸੀ। ਇਹ ਫਲੋਰੀਡਾ ਰਾਜ ਵੱਲ ਜਾ ਰਿਹਾ ਹੈ। ਤੂਫ਼ਾਨ ਕਾਰਨ ਫਲੋਰੀਡਾ ਦੀਆਂ 67 ਕਾਉਂਟੀਆਂ ਵਿੱਚੋਂ 51 ਵਿੱਚ ਐਮਰਜੈਂਸੀ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਫਲੋਰੀਡਾ ਦੇ ਤੱਟੀ ਇਲਾਕਿਆਂ ਨੂੰ ਖਾਲੀ ਕਰਵਾਇਆ ਜਾ ਰਿਹਾ ਹੈ। ਹੁਣ ਤੱਕ ਕਰੀਬ 5 ਲੱਖ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਗਿਆ ਹੈ। ਤੂਫਾਨ ਹੈਲਨ ਇਸ ਤੋਂ ਪਹਿਲਾਂ ਅਮਰੀਕਾ 'ਚ ਆ ਗਿਆ ਸੀ। ਇਸ 'ਚ ਘੱਟੋ-ਘੱਟ 225 ਲੋਕਾਂ ਦੀ ਮੌਤ ਹੋ ਗਈ। ਫਲੋਰੀਡਾ ਦੇ ਗਵਰਨਰ ਨੇ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਜਾਣ ਲਈ ਕਿਹਾ ਹੈ। ਉਨ੍ਹਾਂ ਨੇ ਲੋਕਾਂ ਨੂੰ ਜਲਦੀ ਤੋਂ ਜਲਦੀ ਸੁਰੱਖਿਅਤ ਸਥਾਨਾਂ 'ਤੇ ਜਾਣ ਲਈ ਕਿਹਾ ਹੈ।
ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ 10 ਅਕਤੂਬਰ ਨੂੰ ਬੰਦ ਹੋਣਗੇ 
 ਉੱਤਰਾਖੰਡ ਵਿਖੇ ਲਗਭਗ 15000 ਫੁੱਟ ਦੀ ਉਚਾਈ &rsquoਤੇ ਸਥਾਪਿਤ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ 10 ਅਕਤੂਬਰ ਨੂੰ ਬੰਦ ਹੋ ਜਾਣਗੇ ਅਤੇ ਇਹ ਸਲਾਨਾ ਯਾਤਰਾ ਸਮਾਪਤ ਹੋ ਜਾਵੇਗੀ। ਇਸ ਤੋਂ ਪਹਿਲਾਂ ਭਲਕੇ 9 ਅਕਤੂਬਰ ਨੂੰ ਉੱਤਰਾਖੰਡ ਦੇ ਰਾਜਪਾਲ ਲੈਫਟੀਨੈਂਟ ਜਨਰਲ ਗੁਰਮੀਤ ਸਿੰਘ (ਸੇਵਾ ਮੁਕਤ) ਇਸ ਪਾਵਨ ਅਸਥਾਨ &rsquoਤੇ ਨਤਮਸਤਕ ਹੋਣ ਲਈ ਪੁੱਜ ਰਹੇ ਹਨ। ਇਹ ਯਾਤਰਾ 25 ਮਈ ਨੂੰ ਆਰੰਭ ਹੋਈ ਸੀ ਅਤੇ ਲਗਭਗ ਸਾਢੇ ਚਾਰ ਮਹੀਨੇ ਚੱਲਣ ਤੋਂ ਬਾਅਦ 10 ਅਕਤੂਬਰ ਨੂੰ ਸਮਾਪਤ ਹੋ ਰਹੀ ਹੈ। ਇਸ ਦੌਰਾਨ ਦੋ ਲੱਖ ਤੋਂ ਵੱਧ ਯਾਤਰੂ ਇੱਥੇ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਵਿਖੇ ਨਤਮਸਤਕ ਹੋ ਚੁੱਕੇ ਹਨ। ਸਮਾਪਤੀ ਸਮਾਗਮ ਦੇ ਸਬੰਧ ਵਿੱਚ ਅੱਜ ਅਖੰਡ ਪਾਠ ਆਰੰਭ ਕੀਤੇ ਗਏ ਹਨ ਜਿਸ ਤੇ ਭੋਗ 10 ਅਕਤੂਬਰ ਨੂੰ ਪੈਣਗੇ।
ਯੂਕਰੇਨ ਵੱਲੋਂ ਰੂਸ ਦੇ ਤੇਲ ਭੰਡਾਰ &rsquoਤੇ ਹਮਲਾ
ਯੂਕਰੇਨ ਦੀ ਫ਼ੌਜ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਅੱਜ ਕ੍ਰੀਮੀਆ &rsquoਚ ਅਹਿਮ ਤੇਲ ਟਰਮੀਨਲ &rsquoਤੇ ਹਮਲਾ ਕੀਤਾ, ਜੋ ਰੂਸ ਨੂੰ ਜੰਗ ਲਈ ਈਂਧਣ ਮੁਹੱਈਆ ਕਰ ਰਿਹਾ ਸੀ। ਇਸੇ ਦੌਰਾਨ ਯੂਕਰੇਨ ਦੇ ਰਾਸ਼ਟਰਪਤੀ ਜ਼ੈਲੇਂਸਕੀ ਨੇ ਕਿਹਾ ਕਿ ਜੰਗ ਅਹਿਮ ਗੇੜ &rsquoਚ ਦਾਖਲ ਹੋ ਗਈ ਹੈ। ਦੋਵੇਂ ਧਿਰਾਂ ਇਸ ਮਸਲੇ ਦਾ ਸਾਹਮਣਾ ਕਰ ਰਹੀਆਂ ਹਨ ਕਿ ਇਸ ਮਹਿੰਗੀ ਜੰਗ ਨੂੰ ਕਿਸ ਤਰ੍ਹਾਂ ਕਾਇਮ ਰੱਖਿਆ ਜਾਵੇ। ਫਰਵਰੀ 2022 &rsquoਚ ਯੂਕਰੇਨ &rsquoਤੇ ਰੂਸ ਦੇ ਹਮਲੇ ਨਾਲ ਸ਼ੁਰੂ ਹੋਈ ਇਸ ਜੰਗ ਦੇ ਖਤਮ ਹੋਣ ਦਾ ਕੋਈ ਸੰਕੇਤ ਦਿਖਾਈ ਨਹੀਂ ਦੇ ਰਿਹਾ।
ਯੂਕਰੇਨ ਦੇ ਜਨਰਲ ਸਟਾਫ ਨੇ ਸੋਸ਼ਲ ਮੀਡੀਆ &rsquoਤੇ ਕਿਹਾ ਕਿ ਰੂਸ ਦੇ ਕਬਜ਼ੇ ਹੇਠਲੇ ਕ੍ਰੀਮੀਆ ਪੈਨਿਨਸੁਲਾ ਦੇ ਦੱਖਣੀ ਤੱਟ &rsquoਤੇ ਫਿਓਦੋਸੀਆ &rsquoਚ ਤੇਲ ਟਰਮੀਨਲ ਨੂੰ ਨਿਸ਼ਾਨਾ ਬਣਾਇਆ ਗਿਆ ਹੈ, ਜਿੱਥੋਂ ਰੂਸੀ ਸੈਨਾ ਨੂੰ ਈਂਧਣ ਦੀ ਸਪਲਾਈ ਹੋ ਰਹੀ ਸੀ। ਇਹ ਹਮਲਾ ਰੂਸ ਦੀ ਫੌਜੀ ਤੇ ਆਰਥਿਕ ਸਮਰੱਥਾ ਨੂੰ ਕਮਜ਼ੋਰ ਕਰਨ ਦੀਆਂ ਚੱਲ ਰਹੀਆਂ ਕੋਸ਼ਿਸ਼ਾਂ ਦਾ ਹਿੱਸਾ ਸੀ। ਕਾਲਾ ਸਾਗਰ ਦੇ ਤੱਟ &rsquoਤੇ ਫਿਓਦੋਸੀਆ ਸ਼ਹਿਰ &rsquoਚ ਰੂਸ ਵੱਲੋਂ ਸਥਾਪਤ ਅਧਿਕਾਰੀਆਂ ਨੇ ਅੱਜ ਸਵੇਰੇ ਤੇਲ ਟਰਮੀਨਲ &rsquoਚ ਅੱਗ ਲੱਗਣ ਦੀ ਸੂਚਨਾ ਦਿੱਤੀ ਪਰ ਅੱਗ ਲੱਗਣ ਦੇ ਕਾਰਨਾਂ ਬਾਰੇ ਜਾਣਕਾਰੀ ਨਹੀਂ ਦਿੱਤੀ। ਯੂਕਰੇਨ ਨੇ ਜੰਗ ਦੇ ਤੀਜੇ ਸਾਲ ਅੰਦਰ ਦਾਖਲ ਹੋਣ ਮਗਰੋਂ ਤੇਜ਼ੀ ਨਾਲ ਰੂਸ ਦੇ ਪਿਛਲੇ ਖੇਤਰਾਂ ਨੂੰ ਨਿਸ਼ਾਨਾ ਬਣਾਇਆ ਹੈ।
ਪੰਜਾਬੀ ਗਾਇਕ ਐਮੀ ਵਿਰਕ ਦੇ ਪਿਤਾ ਚੁਣੇ ਗਏ ਸਰਪੰਚ
ਪਟਿਆਲਾ : ਪੰਜਾਬ ਦੇ ਮਸ਼ਹੂਰ ਗਾਇਕ ਐਮੀ ਵਿਰਕ ਦੇ ਪਿਤਾ ਪਟਿਆਲਾ ਦੇ ਨਾਭਾ ਸਥਿਤ ਲੋਹਾਰ ਮਾਜਰਾ ਬਲਾਕ ਦੇ ਸਰਪੰਚ ਚੁਣੇ ਗਏ ਹਨ। ਗਾਇਕ ਐਮੀ ਵਿਰਕ ਦੇ ਪਿਤਾ ਕੁਲਜੀਤ ਸਿੰਘ ਨੂੰ ਪਿੰਡ ਵਾਸੀਆਂ ਵੱਲੋਂ ਸਰਬਸੰਮਤੀ ਨਾਲ ਸਰਪੰਚ ਚੁਣ ਲਿਆ ਗਿਆ ਹੈ। ਦੱਸ ਦੇਈਏ ਕਿ ਨਾਭਾ ਬਲਾਕ ਦੇ ਪਿੰਡ ਲੋਹਾਰ ਮਾਜਰਾ ਦੇ ਜੰਮਪਲ ਐਮੀ ਵਿਰਕ ਦੇ ਪਿਤਾ ਕੁਲਜੀਤ ਸਿੰਘ ਨੇ ਪਿੰਡ ਵਾਸੀਆਂ ਦਾ ਲੱਡੂਆਂ ਨਾਲ ਮੂੰਹ ਮਿੱਠਾ ਕਰਵਾ ਕੇ ਖੁਸ਼ੀ ਮਨਾਈ। ਐਮੀ ਵਿਰਕ ਦੇ ਪਿਤਾ ਕੁਲਜੀਤ ਸਿੰਘ ਪਹਿਲਾਂ ਵੀ ਪਿੰਡ ਵਿੱਚ ਸਮਾਜ ਭਲਾਈ ਦੇ ਕੰਮ ਕਰਦੇ ਰਹੇ ਹਨ ਅਤੇ ਹੁਣ ਪਿੰਡ ਵਾਸੀਆਂ ਨੇ ਉਨ੍ਹਾਂ ਨੂੰ ਸਰਬਸੰਮਤੀ ਨਾਲ ਸਰਪੰਚ ਚੁਣ ਕੇ ਵੱਡੀ ਜ਼ਿੰਮੇਵਾਰੀ ਸੌਂਪੀ ਹੈ। ਇਸ ਮੌਕੇ ਐਮੀ ਵਿਰਕ ਦਾ ਪਰਿਵਾਰ ਅਤੇ ਪਿੰਡ ਵਾਸੀ ਵੀ ਕਾਫੀ ਖੁਸ਼ ਨਜ਼ਰ ਆ ਰਹੇ ਹਨ ਕਿਉਂਕਿ ਪਿੰਡ ਲੋਹਾਰ ਮਾਜਰਾ ਐਮੀ ਵਿਰਕ ਦੇ ਨਾਂ ਨਾਲ ਮਸ਼ਹੂਰ ਹੈ।
ਵੈੱਬਸਾਈਟਾਂ ਨਹੀਂ ਕਰ ਸਕਣਗੀਆਂ ਗੁਟਕਾ ਸਾਹਿਬ ਤੇ ਪੋਥੀਆਂ ਦੀ ਆਨਲਾਈਨ ਵਿਕਰੀ
 ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ, ਸਿੱਖ ਇਤਿਹਾਸ ਰੀਸਰਚ ਬੋਰਡ ਅਤੇ ਐਜੂਕੇਸ਼ਨ ਕਮੇਟੀ ਦੀਆਂ ਵੱਖ-ਵੱਖ ਤਿੰਨ ਅਹਿਮ ਇਕੱਤਰਤਾਵਾਂ ਅੱਜ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਹੇਠ ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਵੱਲ੍ਹਾ ਸ੍ਰੀ ਅੰਮ੍ਰਿਤਸਰ ਵਿਖੇ ਹੋਈਆਂ। ਇਸ ਦੌਰਾਨ ਸਿੱਖੀ ਦੇ ਪ੍ਰਚਾਰ ਪ੍ਰਸਾਰ ਲਈ ਰੂਪ ਰੇਖਾ ਦੇ ਨਾਲ-ਨਾਲ ਸਿੱਖ ਸਾਹਿਤ ਦੀਆਂ ਨਵੀਆਂ ਪ੍ਰਕਾਸ਼ਨਾਵਾਂ ਅਤੇ ਵਿਦਿਅਕ ਅਦਾਰਿਆਂ ਦੇ ਮਾਮਲੇ ਵਿਚਾਰੇ ਗਏ। ਇਕੱਤਰਤਾਵਾਂ ਮਗਰੋਂ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਮੇਤ ਹੋਰ ਇਤਿਹਾਸਕ ਗੁਰਦੁਆਰਾ ਸਾਹਿਬਾਨ ਅੰਦਰ ਸੰਗਤ ਵੱਲੋਂ ਸ਼ਰਧਾ ਤੇ ਸਤਿਕਾਰ ਵਜੋਂ ਵੱਡੀ ਗਿਣਤੀ ਵਿਚ ਰੁਮਾਲਾ ਸਾਹਿਬ ਭੇਟ ਕੀਤੇ ਜਾਂਦੇ ਹਨ, ਪਰੰਤੂ ਅਕਸਰ ਹੀ ਰੁਮਾਲਿਆਂ ਦੀ ਗੁਣਵਤਾ ਤੇ ਮਿਆਰ ਠੀਕ ਨਹੀਂ ਹੁੰਦਾ। ਇਸ ਦੇ ਨਾਲ ਹੀ ਰੁਮਾਲਿਆਂ ਦੀ ਬਹੁਤਾਤ ਕਾਰਨ ਸਾਂਭ-ਸੰਭਾਲ ਵਿਚ ਵੱਡੀ ਸਮੱਸਿਆ ਬਣਦੀ ਹੈ।
ਜੰਮੂ ਕਸ਼ਮੀਰ ਚੋਣ ਨਤੀਜੇ : ਜਨਤਾ ਨੇ ਉਮੀਦ ਤੋਂ ਵੱਧ ਸਮਰਥਨ ਦਿੱਤਾ : ਉਮਰ ਅਬਦੁੱਲਾ
ਜੰਮੂ ਕਸ਼ਮੀਰ : ਜੰਮੂ ਕਸ਼ਮੀਰ ਵਿਧਾਨ ਸਭਾ ਚੋਣਾਂ ਦੇ ਨਤੀਜੇ ਆ ਗਏ ਹਨ। ਇੰਡੀਆ ਅਲਾਇੰਸ ਨੇ 48 ਸੀਟਾਂ ਜਿੱਤ ਕੇ ਬਹੁਮਤ ਵਾਲੀ ਸਰਕਾਰ ਬਣਾਉਣ ਦਾ ਰਸਤਾ ਸਾਫ਼ ਕਰ ਲਿਆ ਹੈ, ਜਦਕਿ ਭਾਜਪਾ 29 ਸੀਟਾਂ ਜਿੱਤ ਕੇ ਵਿਧਾਨ ਸਭਾ ਵਿੱਚ ਦੂਜੀ ਸਭ ਤੋਂ ਵੱਡੀ ਪਾਰਟੀ ਹੈ। ਇੱਕ ਦਹਾਕੇ ਬਾਅਦ ਹੋ ਰਹੀਆਂ ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਵਿੱਚ ਹੁਣ ਤੱਕ 90 ਵਿੱਚੋਂ 87 ਸੀਟਾਂ ਦੇ ਨਤੀਜੇ ਆ ਚੁੱਕੇ ਹਨ, ਜਿਸ ਵਿੱਚ ਨੈਸ਼ਨਲ ਕਾਨਫਰੰਸ ਸਫਲ ਰਹੀ ਹੈ। ਆਪਣੇ ਦਮ 'ਤੇ 42 ਸੀਟਾਂ ਜਿੱਤੀਆਂ ਹਨ। ਗਠਜੋੜ ਦਾ ਹਿੱਸਾ ਰਹੀ ਕਾਂਗਰਸ ਵੀ 6 ਸੀਟਾਂ ਜਿੱਤਣ 'ਚ ਸਫਲ ਰਹੀ ਹੈ। ਇਸ ਤਰ੍ਹਾਂ INDIA ਗਠਜੋੜ (48) ਨੇ ਜੰਮੂ-ਕਸ਼ਮੀਰ ਵਿਧਾਨ ਸਭਾ ਵਿੱਚ ਬਹੁਮਤ ਦਾ ਅੰਕੜਾ (46) ਪਾਰ ਕਰ ਲਿਆ ਹੈ। ਜੰਮੂ ਵਿੱਚ ਵੀ ਭਾਰਤੀ ਜਨਤਾ ਪਾਰਟੀ ਆਪਣੀ ਉਮੀਦ ਮੁਤਾਬਕ ਸੀਟਾਂ ਨਹੀਂ ਜਿੱਤ ਸਕੀ, ਹੁਣ ਤੱਕ ਸਿਰਫ਼ 29 ਸੀਟਾਂ ਹੀ ਜਿੱਤਣ ਵਿੱਚ ਕਾਮਯਾਬ ਰਹੀ ਹੈ।
ਹਰਿਆਣਾ ਵਿਚ ਭਾਜਪਾ ਦੀ &lsquoਹੈਟ੍ਰਿਕ&rsquo
ਚੰਡੀਗੜ੍ਹ : ਹਰਿਆਣਾ ਵਿਧਾਨ ਸਭਾ ਚੋਣਾਂ ਦੇ ਹੈਰਾਨਕੁੰਨ ਨਤੀਜਿਆਂ ਵਿਚ ਭਾਜਪਾ ਲਗਾਤਾਰ ਤੀਜੀ ਵਾਰ ਜੇਤੂ ਰਹੀ ਅਤੇ ਸੂਬੇ ਵਿਚ ਇਹ ਮਾਣ ਹਾਸਲ ਵਾਲੀ ਪਹਿਲੀ ਪਾਰਟੀ ਬਣ ਗਈ। ਵੋਟਾਂ ਦੀ ਗਿਣਤੀ ਸ਼ੁਰੂ ਹੋਣ ਮਗਰੋਂ ਕਾਂਗਰਸ 65 ਸੀਟਾਂ &rsquoਤੇ ਲੀਡ ਕਰ ਰਹੀ ਸੀ ਪਰ ਅਚਨਚੇਤ ਰੁਝਾਨ ਬਦਲਣ ਲੱਗੇ ਅਤੇ ਭਾਜਪਾ 17 ਸੀਟਾਂ ਤੋਂ 51 ਸੀਟਾਂ &rsquoਤੇ ਪੁੱਜ ਗਈ। ਅੰਤਮ ਨਤੀਜਿਆਂ ਮੁਤਾਬਕ 90 ਮੈਂਬਰਾਂ ਵਾਲੀ ਹਰਿਆਣਾ ਵਿਧਾਨ ਸਭਾ ਵਿਚ ਭਾਜਪਾ ਨੂੰ 47 ਸੀਟਾਂ ਮਿਲੀਆਂ ਜਦਕਿ ਇਕ ਵੇਲੇ ਜਿੱਤ ਦੇ ਘੋੜੇ &rsquoਤੇ ਸਵਾਰ ਕਾਂਗਰਸ ਨੂੰ 37 ਸੀਟਾਂ ਨਾਲ ਹੀ ਸਬਰ ਕਰਨਾ ਪਿਆ। ਦੂਜੇ ਪਾਸੇ ਜੰਮੂ-ਕਸ਼ਮੀਰ ਵਿਚ ਨੈਸ਼ਨਲ ਕਾਨਫਰੰਸ ਅਤੇ ਕਾਂਗਰਸ ਦਾ ਗਠਜੋੜ ਬਹੁਮਤ ਹਾਸਲ ਕਰਨ ਵਿਚ ਸਫਲ ਰਿਹਾ ਅਤੇ ਉਮਰ ਅਬਦੁੱਲਾ ਨਵੇਂ ਮੁੱਖ ਮੰਤਰੀ ਹੋਣਗੇ। ਕਾਂਗਰਸ ਤੋਂ ਵੀ ਮਾੜਾ ਹਾਲ ਚੌਟਾਲਾ ਪਰਵਾਰ ਦਾ ਹੋਇਆ ਜਿਨ੍ਹਾਂ ਦੀਆਂ ਦੋ ਪਾਰਟੀਆਂ ਵਿਚੋਂ ਸਿਰਫ਼ ਇਕ ਉਮੀਦਵਾਰ ਜਿੱਤ ਸਕਿਆ ਜਦਕਿ ਕਿੰਗ ਮੇਕਰ ਵਜੋਂ ਉਭਰਨ ਦਾ ਦਾਅਵਾ ਕਰ ਰਹੀ ਆਮ ਆਦਮੀ ਪਾਰਟੀ ਖਾਤਾ ਵੀ ਨਾ ਖੋਲ੍ਹ ਸਕੀ ਅਤੇ ਅਰਵਿੰਦ ਕੇਜਰੀਵਾਲ ਦਾ ਚੋਣ ਪ੍ਰਚਾਰ ਕੋਈ ਰੰਗ ਨਾ ਲਿਆ ਸਕਿਆ।