ਪੰਜਾਬੀ ਵਿਰਸਾ ਤੇ ਸਭਿਆਚਾਰ ਬਨਾਮ ਸਿੱਖੀ ਵਿਰਸਾ ਤੇ ਸਭਿਆਚਾਰ
   ਅਜੋਕੇ ਚੜ੍ਹਦੇ ਪੰਜਾਬ ਵਿੱਚ ਹਿੰਦੂ, ਸਿੱਖ, ਮੁਸਲਮਾਨ ਤੇ ਈਸਾਈ ਕੌਮਾਂ ਵੱਸਦੀਆਂ ਹਨ। ਸਾਰਿਆਂ ਦਾ ਵਿਰਸਾ ਅਤੇ ਸਭਿਆਚਾਰ ਅਲੱਗ-ਅਲੱਗ ਹੈ। ਇਸ ਕਰਕੇ ਸਾਰੀਆਂ ਕੌਮਾਂ ਦੇ ਵਿਆਹ ਪ੍ਰਬੰਧ, ਰੀਤੀ-ਰਿਵਾਜ, ਧਾਰਮਿਕ ਵਿਸ਼ਵਾਸ਼, ਇਤਿਹਾਸ ਤੇ ਕਲਾਵਾਂ ਵੀ ਆਪੋ-ਆਪਣੀਆਂ ਹਨ । ਹਿੰਦ (ਅਜੋਕਾ ਭਾਰਤ ਜਿਸ ਦਾ ਇਕ ਹਿੱਸਾ ਹੈ) ਨੂੰ ਹਜ਼ਾਰ ਸਾਲ ਗੁਲਾਮ ਰੱਖਣ ਲਈ ਹਿੰਦੂਆਂ ਦੀਆਂ ਕੋਮਲ ਕਲਾਵਾਂ ਵੀ ਜ਼ਿੰਮੇਵਾਰ ਹਨ । ਸ੍ਰੀ ਕ੍ਰਿਸ਼ਨ ਜੀ ਨੂੰ ਖੁਸ਼ ਕਰਨ ਲਈ ਗੋਪੀਆਂ ਦਾ ਡਾਂਸ ਕਰਨਾ, ਨਾਚ-ਗਾਣਾ ਐਸ਼ ਪ੍ਰਸਤੀ ਅਤੇ ਹਰ ਇਕ ਉਹ ਕਲਾ ਜਿਸ ਵਿੱਚ ਜ਼ੁਲਮ ਤੇ ਬੇ-ਇਨਸਾਫੀ ਵਿਰੁੱਧ ਜੂਝਣ ਦੀ ਭਾਵਨਾ ਹੀ ਨਾ ਹੋਵੇ । ਮਾਂ ਬੋਲੀ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਗੁਹਾਰ ਲਾ ਕੇ ਪੰਜਾਬੀ ਸਭਿਆਚਾਰ ਨੂੰ ਵੀ ਗਿੱਧੇ-ਭੰਗੜੇ ਤੱਕ ਹੀ ਸੀਮਤ ਕਰ ਦਿੱਤਾ ਗਿਆ ਹੈ। ਸਾਡੇ ਬਚਪਨ ਦੇ ਸਮਿਆਂ ਵਿੱਚ ਵਿਆਹ ਸ਼ਾਦੀਆਂ ਨੂੰ ਔਰਤਾਂ ਗਿੱਧਾ ਤੇ ਬੋਲੀਆਂ ਕੇਵਲ ਘਰਾਂ ਦੀਆਂ ਚਾਰ ਦੀਵਾਰੀਆਂ ਦੇ ਅੰਦਰ ਹੀ ਪਾਉਂਦੀਆਂ ਸਨ ਤੇ ਕਿਸੇ ਪੁਰਸ਼ ਨੂੰ ਚੋਰੀ ਵੀ ਵੇਖਣ ਦੀ ਆਗਿਆ ਨਹੀਂ ਸੀ ਹੁੰਦੀ। ਪਰ ਹੁਣ ਤੀਆਂ ਦੇ ਬਹਾਨੇ ਗਿੱਧਾ ਤੇ ਬੋਲੀਆਂ ਪਾਰਕਾਂ ਵਿੱਚ ਪੈਂਦੀਆਂ ਹੈ । ਮੈਰਿਜ-ਪੈਲਸਾਂ ਵਿੱਚ ਤਾਂ ਡੀ।ਜੇ। &rsquoਤੇ ਗਲਾਸੀ ਲਾ ਕੇ ਨੱਚਣ ਨਚਾਉਣ ਵਾਲਿਆਂ ਨੂੰ ਚਿਤ-ਚੇਤਾ ਵੀ ਨਹੀਂ ਕਿ ਅਸੀਂ ਕਿਸ ਵਿਰਸੇ ਦੇ ਵਾਰਿਸ ਹਾਂ ਅਤੇ ਅਸੀਂ ਆਪ ਹੀ ਸਿੱਖੀ ਦੀਆਂ ਜੜ੍ਹਾਂ ਵਿੱਚ ਤੇਲ ਦੇ ਕੇ ਸਿੱਖੀ ਦੇ ਮਾਣ ਮਤੇ ਵਿਰਸੇ ਅਤੇ ਸਿੱਖ ਸਭਿਆਚਾਰ ਨੂੰ ਖੁਦ ਹੀ ਤਬਾਹ ਕਰਨ &lsquoਤੇ ਤੁਲੇ ਹੋਏ ਹਾਂ । ਅਸੀਂ ਵੀ ਵਾਰਾਂ ਅਤੇ ਜੰਗ-ਨਾਮਿਆਂ ਦੇ ਸਭਿਆਚਾਰ ਦਾ ਤਿਆਗ ਕਰਕੇ ਕੋਮਲ ਕਲਾਵਾਂ ਵਾਲਾ ਅਖੌਤੀ ਪੰਜਾਬੀ ਸੱਭਿਆਚਾਰ ਅਪਣਾ ਰਹੇ ਹਾਂ, ਜਿਸ ਦਾ ਕੰਮ ਕੇਵਲ ਮਨੋਰੰਜਨ ਕਰਨਾ ਹੈ । 
   ਸਿੱਖ ਗੁਰੂ ਸਾਹਿਬਾਨਾਂ ਨੇ ਜ਼ੁਲਮ, ਜ਼ਬਰ ਅਤੇ ਬੇ-ਇਨਸਾਫੀ ਵਿਰੁੱਧ ਲੜਨ ਲਈ ਮੱਲ ਅਖਾੜੇ ਤਿਆਰ ਕਰਵਾਏ, ਘੋੜ ਸਵਾਰੀ, ਸ਼ਸ਼ਤਰ ਵਿੱਦਿਆ ਦੀ ਸਿੱਖਲਾਈ ਲਈ ਸਿੱਖਾਂ ਦੀ ਤਿਆਰੀ ਕਰਵਾਈ । ਸਿੱਖ ਨੇ ਸਾਰੀ ਜ਼ਿੰਦਗੀ ਸਮਾਜਿਕ ਬੁਰਾਈਆਂ ਅਤੇ ਆਪਣੇ ਵਕਾਰਾਂ ਨਾਲ ਜੰਗ ਕਰਨਾ ਹੈ। ਇਸ ਵਾਸਤੇ ਸਿੱਖ ਦੀ ਆਤਮਾ ਨੂੰ ਸਦੀਵੀ ਅਤੇ ਬਲਵਾਨ ਰੱਖਣ ਵਾਸਤੇ ਸਤਿਗੁਰਾਂ ਨੇ ਵਾਰਾਂ ਦੀ ਰਚਨਾ ਕੀਤੀ। ਕਿਉਂਕਿ ਦੁਨਿਆਵੀ ਮਨੋਰੰਜਨ ਨਾਲ ਮਨੁੱਖ ਦਾ ਮਨ ਕਮਜ਼ੋਰ ਹੋ ਜਾਂਦਾ ਹੈ ਅਤੇ ਉਸ ਦੇ ਅੰਦਰੋਂ ਜੁਲਮ ਵਿਰੁੱਧ ਜੂਝਣ ਦੀ ਭਾਵਨਾ ਖ਼ਤਮ ਹੋ ਜਾਂਦੀ ਹੈ । ਜੋਧਿਆਂ ਦੀਆਂ ਵਾਰਾਂ ਵਿੱਚ ਕਿਸੇ ਭੀ ਜੋਧੇ ਦਾ ਸਾਰਾ ਜੀਵਨ ਨਹੀਂ ਦਿੱਤਾ ਜਾਂਦਾ, ਉਸ ਦੇ ਜੀਵਨ ਵਿੱਚੋਂ ਕੋਈ ਵੀ ਇਕ ਉੱਘਾ ਕਾਰਨਾਮਾ ਚੁਣ ਲਿਆ ਜਾਂਦਾ ਹੈ ਅਤੇ ਦਿਲ ਖਿੱਚਵੀਂ ਜੋਸ਼ ਭਰਪੂਰ ਕਵਿਤਾ ਵਿੱਚ ਸਰੋਤਿਆਂ ਦੇ ਸਾਹਮਣੇ ਗਾਇਆ ਜਾਂਦਾ ਹੈ ਤਾਂ ਕਿ ਆਮ ਜਨਤਾ ਦੇ ਦਿਲਾਂ ਵਿੱਚ ਵੀ ਜਬਰ ਜੁਲਮ ਵਿਰੁੱਧ ਅੜਨ, ਲੜਨ ਦੀ ਦਲੇਰੀ ਪੈਦਾ ਹੋ ਸਕੇ। ਦੁਨੀਆਂ ਦੇ ਕਵੀਆਂ ਨੇ ਕਿਸੇ ਸੂਰਮੇ ਦੀ ਉਹ ਬਹਾਦਰੀ ਲੋਕਾਂ ਸਾਹਮਣੇ ਪੇਸ਼ ਕੀਤੀ ਜੋ ਉਸ ਨੇ ਤਲਵਾਰ ਫੜ ਕੇ ਰਣਭੂਮੀ ਵਿੱਚ ਵਿਖਾਈ । ਪਰ ਗੁਰੂ ਸਾਹਿਬਾਨ ਨੇ ਇਸ ਸਾਰੇ ਜਗਤ ਨੂੰ ਇਕ ਰਣਭੂਮੀ ਵਜੋਂ ਵੇਖਿਆ, ਸਭ ਜੀਵ-ਸਿਪਾਹੀ ਕਾਮਾਦਿਕ ਬੇ-ਅੰਤ ਵੈਰੀਆਂ ਨਾਲ ਲੜ ਰਹੇ ਹਨ । 
   ਆਮ ਦੁਨੀਆਂ ਤਾਂ ਭਾਂਜ ਖਾ ਰਹੀ ਹੈ, ਪਰ ਵਿਰਲੇ ਵਿਰਲੇ ਗੁਰਮੁਖਿ ਯੋਧੇ ਇਨ੍ਹਾਂ ਵੈਰੀਆਂ ਨੂੰ ਕਰਾਰੇ ਹੱਥ ਵਿਖਾਂਦੇ ਹਨ । ਤਲਵਾਰ ਵਾਲੀ ਰਣਭੂਮੀ ਵਿੱਚ ਤਲਵਾਰ ਚਲਾਉਣ ਦੇ ਕਈ ਦਾਅ-ਪੇਚ ਹੁੰਦੇ ਹਨ ਤੇ ਦੁਨਿਆਵੀ ਕਵੀ ਉੱਘੇ ਜੋਧਿਆਂ ਦੇ ਉੱਘੇ ਦਾਅ-ਪੇਚ ਆਪਣੀ ਕਵਿਤਾ ਵਿੱਚ ਗਾ ਕੇ ਬਿਆਨ ਕਰਦੇ ਹਨ । ਆਤਮ-ਸੰਗ੍ਰਾਮ ਵਿੱਚ ਵੀ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਕਾਮਾਦਿਕ ਵੈਰੀਆਂ ਦਾ ਟਾਕਰਾ ਕਰਨ ਲਈ ਵੀ ਸੁਚੱਜੇ ਦਾਅ-ਪੇਚ ਹਨ ਜੋ ਗੁਰਮੁਖਿ ਯੋਧੇ ਵਰਤਦੇ ਹਨ, ਉਹ ਦਾਅ-ਪੇਚ ਹਨ, ਨਾਮ ਸਿਮਰਨ, ਸੇਵਾ, ਕੀਰਤਨ, ਸਤਿਸੰਗ ਅਤੇ ਗੁਰੂ ਪ੍ਰਤੀ ਅਤੁੱਟ ਸ਼ਰਧਾ ਤੇ ਦ੍ਰਿੜ ਵਿਸ਼ਵਾਸ਼ ਹਨ । ਗੁਰੂ ਸਾਹਿਬਾਨ ਨੇ ਆਤਮ-ਸੰਗ੍ਰਾਮ ਵਾਸਤੇ ਵਾਰਾਂ ਲਿਖੀਆਂ । ਮਿਸਾਲ ਦੇ ਤੌਰ &lsquoਤੇ ਆਸਾ ਦੀ ਵਾਰ ਮਹਲਾ ਪਹਿਲਾ ਅਤੇ ਸਿਰੀ ਰਾਗ ਕੀ ਵਾਰ ਮਹਲਾ ਚੌਥਾ ਵਿੱਚ ਮਨੁੱਖਾ ਜੀਵਨ ਦਾ ਮਨੋਰਥ ਦਰਸਾਇਆ ਗਿਆ ਹੈ । ਪੰਜਵੇਂ ਪਾਤਸ਼ਾਹ ਦੀ ਸ਼ਹਾਦਤ ਤੋਂ ਛੇਵੇਂ ਪਾਤਸ਼ਾਹ ਦੀ ਤਖ਼ਤ ਨਸ਼ੀਨੀ ਦੀ ਵਾਰ ਦੋ ਢਾਡੀਆਂ ਅਬਦੁਲਾ ਤੇ ਨੱਥ ਮਲ ਨੇ ਪੜ੍ਹੀ । ਅਬਦੁਲਾ ਬਾਰੇ ਸਿੱਖ ਇਤਿਹਾਸ ਨੇ ਲਿਖਿਆ ਹੈ ਕਿ ਜਦ ਉਹ ਵਾਰਾਂ ਗਾਂਦੇ ਸੀ ਤਾਂ ਕਾਇਰ ਵੀ ਜੰਗ ਵਿੱਚ ਜੂਝਣ ਲਈ ਉੱਠ ਖਲੋਂਦੇ ਸਨ, ਐਸੇ ਰੰਗ ਢੰਗ ਸੋ ਉਚਰੇ, ਕਾਇਰ ਸੁਣ ਰਣ ਪਾਠੇ । ਉਨ੍ਹਾਂ ਸਿੱਖਾਂ ਦੀ ਚੜ੍ਹਦੀ ਕਲਾ ਦਰਸਾਉਣ ਲਈ ਵਾਰ ਵਿੱਚ ਟਾਕਰਾ ਸਿੱਧਾ ਜਹਾਂਗੀਰ ਦੀ ਪਗੜੀ ਤੇ ਸ਼ਾਨ ਨਾਲ ਕੀਤਾ ।
ਦੋ ਤਲਵਾਰੀਂ ਬਧੀਆਂ, 
ਇਕ ਮੀਰੀ ਦੀ ਇਕ ਪੀਰੀ ਦੀ ।
ਇਕ ਅਜ਼ਮਤ ਦੀ, ਇਕ ਰਾਜ ਦੀ, 
ਇਕ ਰਾਖੀ ਕਰੇ ਵਜ਼ੀਰ ਦੀ ।
ਹਿੰਮਤ ਬਾਹਾਂ ਕੋਟ ਗੜ੍ਹ, 
ਦਰਵਾਜਾ ਬਲਖ ਬਖੀਰ ਦੀ ।
ਪਗ ਤੇਰੀ,  ਕੀ ਜਹਾਂਗੀਰ ਦੀ ।
   ਹੱਥਲਾ ਲੇਖ ਲਿਖਣ ਦਾ ਮਕਸਦ ਇਹ ਹੀ ਹੈ ਕਿ ਪੰਜਾਬ ਵਿੱਚ ਵੱਸਦੀਆਂ ਵੱਖ-ਵੱਖ ਕੌਮਾਂ ਦਾ ਆਪੋ ਆਪਣਾ ਇਤਿਹਾਸ, ਵਿਰਸਾ ਤੇ ਸਭਿਆਚਾਰ ਹੈ, ਇਸ ਕਰਕੇ ਸਿੱਖ ਕੌਮ ਦੇ ਇਤਿਹਾਸ ਅਤੇ ਸਿਰਜੇ ਸਿਧਾਂਤ ਨਿਆਰਾਪਣ ਤੇ ਸਿੱਖ ਕੌਮ ਦੀ ਸਭਿਅਤਾ ਦਾ ਦੂਜੀਆਂ ਕੌਮਾਂ ਨਾਲ ਮਿਲ-ਗੋਭਾ ਨਹੀਂ ਕੀਤਾ ਜਾ ਸਕਦਾ । ਪੰਜਾਬੀ ਸਭਿਆਚਾਰ ਵਿੱਚ ਪਤਿਤਪੁਣਾ, ਸ਼ਰਾਬ, ਸਿਗਰਟ ਤੇ ਨਚਣ ਗਾਉਣ ਦੀ ਖੁੱਲੀ ਖੇਡ ਪ੍ਰਵਾਨ ਹੈ, ਪਰ ਸਿੱਖ ਸਭਿਆਚਾਰ ਵਿੱਚ ਇਨ੍ਹਾਂ ਸਭ ਚੀਜ਼ਾਂ ਦੀ ਮਨਾਹੀ ਹੈ । ਗੁਰੂ ਨਾਨਕ ਸਾਹਿਬ ਨੇ ਤਾਂ ਸਿੱਖ ਸਭਿਆਚਾਰ ਲਈ ਹੇਠ ਲਿਖੇ ਨਿਯਮ ਨਿਰਧਾਰਤ ਕੀਤੇ ਹਨ: 
ਬਾਬਾ ਹੋਰੁ ਖਾਣਾ ਖੁਸੀ ਖੁਆਰੁ ॥ 
ਜਿਤੁ ਖਾਧੈ ਤਨੁ ਪੀੜੀਐ 
ਮਨ ਮਹਿ ਚਲਹਿ ਵਿਕਾਰ ॥
(ਗੁ: ਗ੍ਰੰ: ਸਾ: ਪੰਨਾ 16) 
ਅਤੇ 
ਬਾਬਾ ਹੋਰੁ ਪੈਨਣੁ ਖੁਸੀ ਖੁਆਰੁ ॥
ਜਿਤੁ ਪੈਧੈ ਤਨੁ ਪੀੜੀਐ 
ਮਨ ਮਹਿ ਚਲਹਿ ਵਿਕਾਰ ॥
(ਗੁ: ਗ੍ਰੰ: ਸਾ: ਪੰਨਾ 16) 
ਸਿੱਖ ਵਾਸਤੇ ਸਭ ਤੋਂ ਵੱਡਾ ਰਹਿਤਨਾਮਾ ਗੁਰੂ ਗ੍ਰੰਥ ਸਾਹਿਬ ਜੀ ਹਨ, ਗੁਰੂ ਗ੍ਰੰਥ ਸਾਹਿਬ ਵਿੱਚ ਸ਼ਰਾਬ ਦੀ ਮਨਾਹੀ ਹੈ : 
ਦੁਰਮਤਿ ਮਦੁ ਜੋ ਪੀਵਤੇ
ਬਿਖਲੀ ਪਤਿ ਕਮਲੀ ॥ 
ਰਾਮ ਰਸਾਇਣਿ ਜੋ ਰਤੇ 
ਨਾਨਕ ਸਚ ਅਮਲੀ ॥ 
(ਗੁ: ਗ੍ਰੰ: ਸਾ: ਪੰਨਾ 399) 
ਇਤੁ ਮਦਿ ਪੀਤੈ ਨਾਨਕਾ 
ਬਹੁਤੇ ਖਟੀਅਹਿ ਬਿਕਾਰ ॥ 
(ਪੰਨਾ 553) ਅਤੇ 
ਜਿਤੁ ਪੀਤੈ ਮਤਿ ਦੂਰਿ ਹੋਇ 
ਬਰਲੁ ਪਵੈ ਵਿਚਿ ਆਇ ॥ 
ਆਪਣਾ ਪਰਾਇਆ ਨ ਪਛਾਣਈ 
ਖਸਮਹੁ ਧਕੇ ਖਾਇ ॥ 
ਜਿਤੁ ਪੀਤੈ ਖਸਮੁ ਵਿਸਰੈ 
ਦਰਗਹ ਮਿਲੈ ਸਜਾਇ ॥ 
ਝੂਠਾ ਮਦੁ ਮੂਲਿ ਨ ਪੀਚਈ
ਜੇ ਕਾ ਪਾਰ ਵਸਾਇ ॥ 
(ਸਾਰੰਗ ਮਹਲਾ ਪੰਜਵਾਂ ਪੰਨਾ 1225)
   ਗੁਰਾਂ ਦੇ ਨਾਂ ਉੱਤੇ ਜਿਊਣ ਵਾਲੇ ਪੰਜਾਬ ਵਿੱਚੋਂ ਅਧਿਆਤਮਿਕਤਾ ਖੰਭ ਲਾ ਕੇ ਉੱਡ ਗਈ ਹੈ । ਬੱਸ ਪਖੰਡ, ਕਰਮ-ਕਾਂਡ, ਜਾਤ-ਪਾਤ, ਊਚ-ਨੀਚ, ਫਿਰਕਾ ਪ੍ਰਸਤੀ, ਵਿਖਾਵਾ, ਨਾਸਤਿਕਤਾ ਦਾ ਪ੍ਰਾਪੇਗੰਡਾ, ਸਿੱਖਾਂ ਦੇ ਨਿਆਰੇਪਣ ਨਾਲ ਈਰਖਾ ਦਾ ਵਰਤਾਰਾ ਆਮ ਹੋ ਰਿਹਾ ਹੈ । ਪੰਜਾਬ ਦੀ ਆਤਮਾ ਗੁਰੂ ਉਪਦੇਸ਼ ਤੋਂ ਕੋਰੀ ਅਤੇ ਜੁਆਨੀ ਮਹਾਨ ਵਿਰਸੇ ਤੋਂ ਸਖਣੀ ਹੋ ਗਈ ਹੈ । ਪੰਜਾਬ ਦੀ ਜੁਆਨੀ ਮੁਕੰਮਲ ਮਯੂਸੀ ਦੇ ਦੌਰ ਵਿੱਚੋਂ ਗੁਜ਼ਰ ਰਹੀ ਹੈ । ਨਤੀਜਾ ਗੱਭਰੂ ਤੇ ਮੁਟਿਆਰਾਂ ਨਸ਼ੇ ਦਾ ਸ਼ਿਕਾਰ ਹੋ ਰਹੇ ਹਨ। 20 ਤੋਂ 30 ਸਾਲ ਉਮਰ ਵਾਲਿਆਂ ਵਿੱਚ 80% ਲੜਕੇ ਨਸ਼ੇੜੀ ਬਣ ਗਏ ਹਨ ਅਤੇ 30% ਲੜਕੀਆਂ ਨਸ਼ੇੜੀ ਬਣ ਗਈਆਂ ਹਨ। ਕੁੱਲ ਗਿਣਤੀ ਵਿੱਚੋਂ 80% ਮਰਦ ਅਤੇ 70 ਫੀਸਦੀ ਇਸਤਰੀਆਂ ਨਸ਼ਾ ਕਰਦੀਆਂ ਹਨ । ਇਨ੍ਹਾਂ ਨੂੰ ਸਤਿਗੁਰਾਂ ਦਾ ਮਹਾਨ ਉਪਦੇਸ਼ : 
ਅੰਮ੍ਰਿਤੁ ਭੋਜਨੁ ਨਾਮੁ ਹਰਿ 
ਰਜਿ ਰਜਿ ਜਨ ਖਾਹੁ ॥ 
ਸਭਿ ਪਦਾਰਥ ਪਾਈਅਨ 
ਸਿਮਰਣੁ ਸਚੁ ਲਾਹੁ ॥ 
    ਵਿਸਰ ਗਿਆ ਹੈ (ਅੰਕੜੇ ਰਿਪੋਰਟ ਦਾ ਹਵਾਲਾ, ਗੁਰਮਤਿ ਪ੍ਰਕਾਸ਼ ਜੁਲਾਈ 2022 ਸਫ਼ਾ 34-35) 
   ਹੁਣ ਗੱਲ ਕਰੀਏ ਵਿਰਸੇ ਦੀ, ਵਿਰਸੇ ਦਾ ਭਾਵ ਵੀ ਸਮਝੀਏ ਕਿ ਵਿਰਸਾ ਕਿਹਨੂੰ ਕਿਹਾ ਜਾਂਦੈ । ਐਵੇਂ ਕਾਵਾਂ ਰੌਲੀ ਵਿੱਚ ਨਾ ਉਲਝੀਏ ਕਿ ਪੰਜਾਬੀ ਵਿਰਸਾ, ਪੰਜਾਬੀ ਸਭਿਆਚਾਰ, ਪੁਰਾਣੇ ਟਿਡਾਂ ਵਾਲੇ ਖੂਹ, ਚਰਖੇ, ਗਿੱਧਾ ਭੰਗੜਾ ਤੇ ਬੋਲੀਆਂ ਹੀ ਹਨ । ਭਾਈ ਕਾਨ ਸਿੰਘ ਜੀ ਨਾਭਾ ਵਿਰਸੇ ਬਾਰੇ ਲਿਖਦੇ ਹਨ ਕਿ ਇਹਦਾ ਭਾਵ ਹੈ ਜੱਦੀ ਹੱਕ, ਜੋ ਸਾਡੇ ਬਜ਼ੁਰਗਾਂ ਨੇ ਕੁਰਬਾਨੀਆਂ ਜਾਂ ਸਾਡੇ &lsquoਤੇ ਪਰਉਪਕਾਰ ਕੀਤੇ ਨੇ, ਉਹ ਸਰਦਾਰੀਆਂ ਕਾਇਮ ਰੱਖਣ ਦਾ ਸਾਡਾ ਜੱਦੀ ਹੱਕ ਹੈ । ਭੰਗੜੇ ਪਾਈ ਜਾਣੇ, ਢੋਲ ਢਮਾਕਾ ਕਰੀ ਜਾਣਾ, ਸਟੇਜਾਂ &lsquoਤੇ ਨਚਾਰ ਬਣ ਕੇ ਨੱਚੀ ਟੱਪੀ ਜਾਣਾ ਅਤੇ ਪੰਜਾਬੀ ਬੋਲੀ ਨਾਲ ਖਿਲਵਾੜ ਕਰਕੇ ਪੰਜਾਬੀ ਗੀਤਾਂ ਵਿੱਚ ਪੰਜਾਬੀ ਬੋਲੀ ਦਾ ਸਰੂਪ ਵਿਗਾੜ ਕੇ ਉਸ ਦਾ ਅੰਗ੍ਰੇਜ਼ੀ ਕਰਨ ਕਰਨਾ ਪੰਜਾਬ ਦਾ ਵਿਰਸਾ ਨਹੀਂ ਹੈ । ਪੰਜਾਬ ਦੇ ਅਸਲੀ ਵਾਰਿਸ ਨੇ ਉਹ ਸਿੱਖ ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਦੀ : 
ਜਉ ਤਉ ਪ੍ਰੇਮ ਖੇਲਣ ਕਾ ਚਾਉ ॥ 
ਸਿਰੁ ਧਰਿ ਤਲੀ ਗਲੀ ਮੇਰੀ ਆਉ ॥ 
ਇਤੁ ਮਾਰਗਿ ਪੈਰੁ ਧਰੀਜੈ ॥ 
ਸਿਰੁ ਦੀਜੈ ਕਾਣਿ ਨ ਕੀਜੈ॥ 
  ਦੀ ਸਿੱਖਿਆ ਨੂੰ ਧਾਰਨ ਕਰਕੇ ਰਬਾਬ ਤੋਂ ਨਗਾਰੇ ਤੱਕ ਨਿਰਮਲ ਪੰਥ ਤੋਂ ਖ਼ਾਲਸਾ ਪੰਥ ਦਾ ਸਫ਼ਰ ਤੈਅ ਕੀਤਾ । ਜਬਰ, ਜੁਲਮ ਕਰਨ ਵਾਲੇ ਦੁਸ਼ਮਣ ਨਾਲ ਜੂਝਣਾ ਸਿੱਖ ਲਿਆ । ਫਿਰ ਚਾਹੇ ਉਹ ਦੱਸ ਖੈਬਰ ਵੱਲੋਂ ਆਉਣ ਵਾਲਾ ਮੁਗਲ ਜਾਂ ਪਠਾਣ ਹੋਵੇ ਜਾਂ ਸੱਤ ਸਮੁੰਦਰ ਪਾਰ ਕਰਕੇ ਆਏ ਹੋਏ ਚਿੱਟੀ ਚਮੜੀ ਵਾਲੇ ਗੋਰੇ ਹੋਣ ਜਾਂ ਸਿੱਖ ਵਿਚਾਰਧਾਰਾ ਦੇ ਵਿਰੋਧੀ ਬ੍ਰਾਹਮਣ ਹੋਣ ॥ ਸਿੱਖ ਕੌਮ ਦੇ ਦੂਜੇ ਬਾਦਸ਼ਾਹ ਸ਼ੇਰੇ ਪੰਜਾਬ ਰਣਜੀਤ ਸਿੰਘ ਨੇ ਚਾਰ ਦੇਸ਼ਾਂ ਦੀਆਂ ਹੱਦਾਂ ਦਾ ਪੁਨਰਗਠਨ ਕਰਕੇ ਨਵਾਂ ਇਤਿਹਾਸ ਸਿਰਜਿਆ । ਭਾਰਤ ਦੇ ਲਿਖਤੀ ਇਤਿਹਾਸ ਵਿੱਚ ਪਹਿਲੀ ਵਾਰ ਸਿੱਖਾਂ ਨੇ ਕੁਦਰਤੀ ਹਮਲਿਆਂ ਤੇ ਦਰਾ ਖੈਬਰ ਰਾਹੀਂ ਆਉਣ ਵਾਲੇ ਹਮਲਾਵਰਾਂ ਦਾ ਰੁੱਖ ਉੱਤਰ-ਪੱਛਮ ਤੋਂ ਦੱਖਣ-ਪੂਰਬ ਦੀ ਥਾਂ ਦੱਖਣ ਪੂਰਬ ਤੋਂ ਉੱਤਰ ਪੱਛਮ ਵੱਲ ਮੋੜ ਦਿੱਤਾ ਅਤੇ 19ਵੀਂ ਸਦੀ ਵਿੱਚ ਕਾਬਲ ਤੇ ਗਜਨੀ ਦੀਆਂ ਗਲੀਆਂ ਵਿੱਚ ਇਸ ਤਬਦੀਲੀ ਦੇ ਸਬੂਤ ਵਜੋਂ ਸਤਿ ਸ੍ਰੀ ਅਕਾਲ ਦੇ ਜੰਗੀ ਜੈਕਾਰੇ ਗੂੰਜਦੇ ਸੁਣੇ ਗਏ । 
   ਇਹ ਹਕੀਕਤ ਹੈ ਕਿ ਕਿਸੇ ਕੌਮ ਦੀ ਬੋਲੀ ਤੇ ਸਭਿਆਚਾਰ ਨੂੰ ਮਲੀਆਮੇਟ ਕਰਕੇ ਉਸ ਨੂੰ ਨਸ਼ਈ ਬਣਾਉਣਾ, ਹਾਕਮ ਧਿਰਾਂ ਦਾ ਇਹ ਬਹੁਤ ਪੁਰਾਣਾ ਸ਼ੌਕ ਰਿਹਾ ਹੈ । ਪੰਜਾਬ ਵਿੱਚ ਵੀ ਹੁਣ ਇਥੋਂ ਦੇ ਲੋਕਾਂ ਨੂੰ ਅਸਭਿਅਕ ਬਣਾਉਣ ਦੀ ਮੁਹਿੰਮ ਜੋਰਾਂ &lsquoਤੇ ਹੈ । ਅੱਜ ਹਾਲਾਤ ਇਹ ਹਨ ਕਿ ਇਕ ਪਾਸੇ ਹਰਿਆਣੇ ਵਿੱਚ ਉਨ੍ਹਾਂ ਲੋਕਾਂ ਨੂੰ ਅਜ਼ਾਦੀ ਘੁਲਾਟੀਏ ਦਾ ਦਰਜਾ ਮਿਲਣ ਜਾ ਰਿਹਾ ਹੈ ਜਿਨ੍ਹਾਂ ਨੇ 1957 ਵਿੱਚ ਹਿੰਦੀ ਲਈ ਪੰਜਾਬੀ ਬੋਲੀ ਦਾ ਵਿਰੋਧ ਕੀਤਾ ਸੀ, ਦੂਜੇ ਪਾਸੇ ਪੰਜਾਬ ਵਿੱਚ ਪੰਜਾਬੀ ਬੋਲੀ ਲਈ ਹਿੱਕ ਡਾਹ ਕੇ ਜੂਝਣ ਵਾਲੇ ਖਾੜਕੂਆਂ ਨੂੰ ਅਤਿਵਾਦੀ ਕਹਿ ਕੇ ਨਿੰਦਿਆ ਜਾ ਰਿਹਾ ਹੈ । ਕੇ।ਪੀ।ਐੱਸ। ਗਿੱਲ ਸ਼ਰੇਆਮ ਕਹਿੰਦਾ ਸੀ ਜੋ ਕੁਝ ਖਾੜਕੂ ਕਹਿੰਦੇ ਤੇ ਕਰਦੇ ਰਹੇ ਹਨ ਅਸੀਂ ਉਸ ਤੋਂ ਬਿਲਕੱੁਲ ਉਲਟ ਚੱਲਣਾ ਹੈ । ਇੰਝ ਸਮਾਜ ਸੁਧਾਰ ਲਹਿਰ ਅਤੇ ਪੰਜਾਬੀ ਲਾਗੂ ਕਰਨ ਦੇ ਖਾੜਕੂਆਂ ਫੈਸਲਿਆਂ ਦੇ ਉਲਟ ਨੀਤੀ ਲਾਗੂ ਕੀਤੀ ਗਈ । ਗਿੱਲ ਨੇ ਸਭਿਆਚਾਰਕ ਮੇਲਿਆਂ ਦੇ ਨਾਂ ਹੇਠ ਉਹ ਕੰਜਰਪੁਣਾ ਸ਼ੁਰੂ ਕੀਤਾ ਜਿਸ ਦਾ ਨਤੀਜਾ ਅੱਜ ਅਸ਼ਲੀਲ ਗਾਇਕੀ ਦਾ ਘੁੱਗੂ ਬੋਲ ਰਿਹਾ ਹੈ । ਪੰਜਾਬ ਦੀ ਜੁਆਨੀ ਨੂੰ ਧਰਮੀ ਤੇ ਕਿਰਤੀ ਬਣਨੋਂ ਰੋਕ ਕੇ, ਹਕੂਮਤੀ ਨੀਤੀ ਤਹਿਤ, ਨਸ਼ੇੜੀ, ਅਯਾਸ਼ ਤੇ ਪਤਿਤ ਬਣਾਉਣ ਲਈ ਜੋ ਮਿਹਨਤ ਕੀਤੀ ਗਈ ਉਸ ਦੇ ਨਤੀਜੇ ਵਜੋਂ ਅੱਜ ਪੰਜਾਬ ਦੇ ਅਖ਼ਬਾਰਾਂ ਵਿੱਚ ਸ਼ਰਮਸ਼ਾਰ ਕਰ ਦੇਣ ਵਾਲੀਆਂ ਖ਼ਬਰਾਂ ਛੱਪ ਰਹੀਆਂ ਹਨ । (ਹਵਾਲਾ - ਪੰਜਾਬ ਦਾ ਬੁੱਚੜ, ਠਹੲ ਭੁਟਚਹੲਰ ੋਡ ਫੁਨਜੳਬ ਖ.ਫ.ਸ਼. ਘਲਿਲ, , ਲੇਖਕ ਸ: ਸਰਬਜੀਤ ਸਿੰਘ ਘੁਮਾਣ ਪੰਨਾ 98-99 ਪੰਜਵੀਂ ਐਡੀਸ਼ਨ)
   ਆਰ।ਐੱਸ।ਐੱਸ। ਤੇ ਭਾਜਪਾ ਸਿੱਖੀ ਸਰੂਪ ਵਾਲਿਆਂ ਦੇ ਰਾਹੀਂ ਹੀ ਕਈ ਤਰ੍ਹਾਂ ਦੇ ਛੜਯੰਤਰ ਰੱਚ ਰਹੀ ਹੈ ਜਿਸ ਨਾਲ ਸਿੱਖਾਂ ਦਾ ਕੌਮੀ ਜਜ਼ਬਾ ਤਹਿਸ ਨਹਿਸ ਹੋ ਜਾਵੇ ਅਤੇ ਸਿੱਖ ਗੁਰੂ ਸਾਹਿਬਾਨਾਂ ਦੇ ਸੰਦੇਸ਼ਾਂ ਤੋਂ ਅਵੇਸਲੇ ਹੋ ਕੇ ਹਿੰਦੂ ਧਰਮ ਦੇ ਖਾਰੇ ਸਾਗਰ ਵਿੱਚ ਗਰਕ ਹੋ ਜਾਣ ਅਤੇ ਆਪਣੀ ਨਿਆਰੀ ਹੋਂਦ ਹਸਤੀ ਦੀ ਵੱਖਰੀ ਪਛਾਣ ਭੁੱਲ ਜਾਣ । 
   ਸ਼੍ਰੋਮਣੀ ਅਕਾਲੀ ਦਲ ਵੀ ਜਦ ਤੋਂ ਪੰਜਾਬੀ ਪਾਰਟੀ ਬਣਿਆ ਹੈ, ਉਨ੍ਹਾਂ ਦੇ ਬੰਦ ਲਫਾਫਿਆਂ ਵਿੱਚੋਂ ਨਿਕਲੀਆਂ ਅਹੁਦੇਦਾਰੀਆਂ ਨੇ ਵੀ ਸਿੱਖੀ ਦੀਆਂ ਮਹਾਨ ਰਵਾਇਤਾਂ ਦਾ ਘਾਣ ਕੀਤਾ ਹੈ ਅਤੇ ਕੌਮ ਦੇ ਅਣਖੀ ਯੋਧਿਆਂ ਨੂੰ ਨਸ਼ਿਆਂ ਦੇ ਲੜ ਲਾ ਕੇ ਕੰਨਾਂ ਵਿੱਚ ਮੁੰਦਰਾਂ ਪੁਆ ਦਿੱਤੀਆਂ । ਰਹਿੰਦੀ ਕਸਰ ਘੋਨ ਮੋਨ ਨਕਲੀ ਸ਼ਹੀਦਾਂ ਨੂੰ ਮਹਾਨ ਸ਼ਹੀਦ ਪ੍ਰਚਾਰ ਕੇ ਪੂਰੀ ਕਰ ਲਈ । ਵੱਡੇ ਅਪ੍ਰੇਸ਼ਨ ਤੋਂ ਪਹਿਲਾਂ ਬੇਹੋਸ਼ੀ ਦੀ ਦਵਾਈ ਦੇ ਤੌਰ &lsquoਤੇ ਮਣਾਂ ਮੂਹੀ ਭੁੱਕੀ, ਅਫ਼ੀਮ, ਹੈਰੋਇਨ ਆਦਿ ਪੰਜਾਬ ਵਿੱਚ ਝੋਕੇ ਗਏ । ਸ਼ਰਾਬ ਦੇ ਠੇਕਿਆਂ ਦੀਆਂ ਬਹਾਰਾਂ ਹਰ ਗਲੀ ਮੋੜ ਉੱਤੇ ਸਜਾਈਆਂ ਗਈਆਂ । ਨੌਜੁਆਨਾਂ ਦੀ ਜਮੀਰ ਕਤਲ ਕਰਨ ਲਈ ਬੇਰੋਜ਼ਗਾਰੀ ਦੀ ਮਹਾਂਮਾਰੀ ਨੂੰ ਖੁੱਲੀ ਛੁੱਟੀ ਦਿੱਤੀ ਗਈ । ਬਲਦੀ &lsquoਤੇ ਤੇਲ ਪਾਇਆ ਮੁੰਦਰਾਂ ਵਾਲੇ ਜੋਗੀਆਂ ਸੂਫੀਆਂ ਨੇ । ਇਨ੍ਹਾਂ ਨੇ ਲੱਚਰਤਾ ਪ੍ਰਸਾਰਨ ਲਈ ਦੋ-ਮੂੰਹੇ ਸ਼ਬਦਾਂ ਵਿੱਚ ਗੀਤ ਰਚਕੇ, ਭੈਣਾਂ, ਨਾਬਾਲਗ ਬੱਚੀਆਂ ਬੀਬੀਆਂ ਦੀਆਂ ਕੁੜਤੀਆਂ ਚੋਲੀਆਂ ਹੇਠ ਤੱਕ ਬੁਰੀਆਂ ਨਜ਼ਰਾਂ ਨੂੰ ਪੁਚਾਇਆ । ਗਿੱਧਾ ਪਾਉਂਦੇ ਬਾਬੇ ਤਾਂ ਪੰਜਾਬ ਨੇ ਵੇਖੇ ਸਨ, ਹੁਣ ਨੂੰਹਾਂ ਧੀਆਂ ਸਮੇਤ ਨੰਗੇ ਨਾਚ ਨਿਹਾਰਦੇ ਵੇਖਕੇ ਸਭਿਅਤਾ ਵੀ ਸ਼ਰਮਸਾਰ ਹੋਈ (ਸ: ਗੁਰਤੇਜ ਸਿੰਘ) ਜਦੋਂ ਤੱਕ ਸਿੱਖ ਖ਼ੁਦ-ਮੁਖਤਿਆਰ ਨਹੀਂ ਹੋ ਜਾਂਦੇ, ਉਦੋਂ ਤੱਕ ਪੰਥ ਦੀ ਹਾਨੀ ਕਰਨ ਵਾਲੇ ਗ਼ਦਾਰਾਂ ਨੂੰ ਸਰਕਾਰਾਂ ਨਿਵਾਜਦੀਆਂ ਰਹਿਣਗੀਆਂ, ਜਿਵੇਂ ਹੁਣ ਭਾਜਪਾ ਵਿੱਚ ਸ਼ਾਮਿਲ ਹੋਣ ਵਾਲੇ ਸਿੱਖਾਂ ਨੂੰ ਕਈ ਤਰ੍ਹਾਂ ਦੇ ਲਾਭ ਪਹੁੰਚਾਏ ਜਾ ਰਹੇ ਹਨ ਅਤੇ ਵੱਡੇ ਵੱਡੇ ਅਹੁਦੇ ਦੇ ਕੇ ਨਿਵਾਜਿਆ ਜਾ ਰਿਹਾ ਹੈ, ਦੂਜੇ ਪਾਸੇ, ਭੈ ਕਾਹੂ ਕਉ ਹੇਤ ਨਹਿ, ਨਹਿ ਭੋ ਮਾਨਤ ਆਨ ॥ ਦੇ ਸੱਚੇ ਪਾਤਸ਼ਾਹ ਦੇ ਵਚਨਾਂ &lsquoਤੇ ਡੱਟ ਕੇ ਪਹਿਰਾ ਦੇਣ ਵਾਲੇ ਅਜ਼ਾਦੀ ਦੇ ਰਾਹ ਤੁਰੇ ਸੰਘਰਸ਼ਕਾਰੀ ਸਿੱਖਾਂ ਨੂੰ ਅੱਤਵਾਦੀ, ਵੱਖਵਾਦੀ, ਖਾਲਿਸਤਾਨੀ ਆਖ ਕੇ ਨਿੰਦਿਆ ਭੰਡਿਆ ਅਤੇ ਮਰਵਾਇਆ ਜਾ ਰਿਹਾ ਹੈ । 
ਸੁਪਨਾ ਪੁਰੀ ਅਨੰਦ ਦਾ ਦੇ-ਨੂਰ ਦੁਰਾਡਾ। 
ਤੂੰ ਆਵੀਂ ਕਲਗੀ ਵਾਲਿਆ 
ਕੋਈ ਦੇਸ਼ ਨਾ ਸਾਡਾ ।
ਜਥੇਦਾਰ ਮਹਿੰਦਰ ਸਿੰਘ ਯੂ.ਕੇ.