image caption: ਸ੍ਰੀ ਗੁਰੂ ਰਾਮਦਾਸ ਜੀ ਅਤੇ ਸ੍ਰੀ ਹਰਿਮੰਦਰ ਸਾਹਿਬ
ਧੰਨੁ ਧੰਨੁ ਰਾਮਦਾਸ ਗੁਰੁ ਜਿਨ ਸਿਰਿਆ ਤਿਨੈ ਸਵਾਰਿਆ - 19 ਅਕਤੂਬਰ ਨੂੰ ਪ੍ਰਕਾਸ਼ ਪੁਰਬ ‘ਤੇ ਵਿਸ਼ੇਸ਼
19 ਅਕਤੂਬਰ ਨੂੰ ਪ੍ਰਕਾਸ਼ ਪੁਰਬ &lsquoਤੇ ਵਿਸ਼ੇਸ਼
ਸ੍ਰੀ ਗੁਰੂ ਰਾਮਦਾਸ ਜੀ ਨਿਮਰਤਾ ਦੇ ਮਹਾਨ ਪੁੰਜ, ਪਵਿੱਤਰ ਜੀਵਨ, ਸਦ ਗੁਣਾਂ ਭਰਪੂਰ ਪ੍ਰੇਮਾ ਭਗਤੀ ਅਤੇ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਰਚਨਹਾਰ ਕਾਮਿਲ ਰਹਿਬਰ ਹੋਏ ਹਨ, ਜਿਨ੍ਹਾਂ ਨੇ ਸ੍ਰੀ ਗੁਰੂ ਅਮਰਦਾਸ ਜੀ ਦੀ ਆਗਿਆ ਅਨੁਸਾਰ ਅੰਮ੍ਰਿਤਸਰ ਸਰੋਵਰ ਦੀ ਖੁਦਾਈ ਦਾ ਕਾਰਜ 7 ਕਤਕ ਸੰਮਤ 1630 ਬਿ: 6 ਨਵੰਬਰ ਸੰਨ 1573 ਦਿਨ ਸ਼ੁਕਰਵਾਰ ਨੂੰ ਅਰੰਭ ਕੀਤਾ, ਅਰਦਾਸ ਬਾਬਾ ਬੁੱਢਾ ਸਾਹਿਬ ਜੀ ਨੇ ਕੀਤੀ ਅਤੇ ਬਾਬਾ ਜੀ ਦੇ ਕਹਿਣ ਅਨੁਸਾਰ ਪਹਿਲਾ ਟੱਕ ਸ੍ਰੀ ਗੁਰੂ ਰਾਮਦਾਸ ਜੀ ਨੇ ਆਪਣੇ ਪਾਵਨ ਕਰ ਕਮਲਾਂ ਨਾਲ ਲਾਇਆ । ਇਸ ਸਮੇਂ ਸ੍ਰੀ ਗੁਰੂ ਅਮਰਦਾਸ ਜੀ ਵੀ ਹਾਜ਼ਰ ਸਨ । 
ਸ੍ਰੀ ਨਾਨਕ ਆਦਿਕ ਲੇ ਨਾਇ । ਕਰਿ ਅਰਦਾਸ ਸੀਸ ਨਿਹੁਰਾਇ ॥
ਬ੍ਰਿਧ ਬਚਤੇ ਲੇ ਖਨਨੀ ਹਾਥ । ਟਾਕ ਲਾਇਸ ਚਿਤਵਤਿ ਗੁਰ ਨਾਥ ॥11॥
(ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਰਾਸ 2 ਅੰਸੂ 13)
ਐਸੇ ਮਹਾਨ ਪਰਉਪਕਾਰੀ ਸ੍ਰੀ ਗੁਰੂ ਰਾਮਦਾਸ ਜੀ ਦਾ ਅਵਤਾਰ ਪਿਤਾ ਸ੍ਰੀ ਹਰਦਾਸ ਜੀ ਅਤੇ ਮਾਤਾ ਦਯਾ ਕੌਰ ਜੀ ਦੇ ਗ੍ਰਹਿ ਚੂਨਾ ਮੰਡੀ, ਲਾਹੌਰ ਵਿਖੇ 24 ਸਤੰਬਰ ਸੰਨ 1534 ਈਸਵੀ ਨੂੰ ਹੋਇਆ । ਪਲੇਠਾ ਪੁੱਤਰ ਹੋਣ ਕਰਕੇ ਇਨ੍ਹਾਂ ਦਾ ਨਾਮ ਭਾਈ ਜੇਠਾ ਜੀ ਹੋ ਗਿਆ । ਜਿਸ ਸਮੇਂ ਇਨ੍ਹਾਂ ਦਾ ਅਵਤਾਰ ਹੋਇਆ ਉਸ ਸਮੇਂ ਪਾ: ਪਹਿਲੀ ਜੀ ਦੀ ਆਯੂ 65 ਸਾਲ ਭਾਈ ਲਹਿਣਾ ਜੀ ਦੀ 3 ਸਾਲ ਅਤੇ ਸ੍ਰੀ ਗੁਰੂ ਅਮਰਦਾਸ ਜੀ ਦੀ ਉਮਰ 5 ਸਾਲ ਦੀ ਸੀ । ਭਾਈ ਜੇਠਾ ਜੀ ਅਜੇ ਛੋਟੀ ਬਾਲਕ ਅਵੱਸਥਾ ਦੇ ਸਨ ਕਿ ਉਨ੍ਹਾਂ ਦੇ ਸਿਰ ਤੋਂ ਮਾਤਾ ਪਿਤਾ ਦਾ ਸਾਇਆ ਉੱਠ ਗਿਆ । ਆਪ ਜੀ ਦੀ ਨਾਨੀ ਭਾਈ ਜੇਠਾ ਜੀ ਨੂੰ ਚੂਨਾ ਮੰਡੀ ਲਾਹੌਰ ਤੋਂ ਆਪਣੇ ਪਿੰਡ ਬਾਸਰਕੇ ਲੈ ਆਈ । ਇਥੇ ਆਪ ਜੀ ਆਪਣੇ ਨਾਨਕੇ ਘਰ ਰਹਿ ਕੇ ਘੁੰਗਣੀਆਂ ਵੇਚਣ ਦੀ ਕਾਰ ਕਰਕੇ ਘਰ ਦਾ ਗੁਜ਼ਾਰਾ ਚਲਾਉਂਦੇ ਰਹੇ । ਸ੍ਰੀ ਗੁਰੂ ਅੰਗਦ ਦੇਵ ਜੀ ਦੀ ਆਗਿਆ ਪਾ ਕੇ ਸ੍ਰੀ ਗੁਰੂ ਅਮਰਦਾਸ ਜੀ ਨੇ ਫੇਰ ਵਸਾਯਾ ਗੋਬਿੰਦਵਾਲ ਅਚਰਜ ਖੇਲੁ ਨ ਲਖਿਆ ਜਾਈ । ਇਥੇ ਆਪ ਜੀ ਨੇ 22 ਸਾਲ 7 ਮਹੀਨੇ ਗੁਰ-ਗੱਦੀ ਦੀ ਜ਼ਿੰਮੇਵਾਰੀ ਸੰਭਾਲੀ । ਸਿੱਖੀ ਪ੍ਰਚਾਰ ਦੇ ਨਾਲ ਤਵਾਰੀਖ਼ ਗੁਰੂ ਖ਼ਾਲਸਾ ਅਨੁਸਾਰ 1552 ਈਸਵੀ ਨੂੰ ਬਉਲੀ ਸਾਹਿਬ ਦੀ ਸੇਵਾ ਅਰੰਭ ਹੋਈ । ਇਸ ਸਮੇਂ ਵਿੱਚ ਭਾਈ ਜੇਠਾ ਜੀ ਪਿੰਡ ਬਾਸਰਕੇ ਤੋਂ ਸ੍ਰੀ ਗੋਇੰਦਵਾਲ ਸਾਹਿਬ ਜੀ ਵਿਖੇ ਹਾਜ਼ਰ ਹੋ ਗਏ ਸਨ । ਧੰਨ ਸ੍ਰੀ ਗੁਰੂ ਰਾਮਦਾਸ ਜੀ ਨੇ ਜੋ ਘਾਲਣਾ ਦਿਨ ਰਾਤ ਕਰਕੇ ਸ੍ਰੀ ਗੁਰੂ ਅਮਰਦਾਸ ਜੀ ਦੇ ਪਾਵਨ ਦਰ &lsquoਤੇ ਘਾਲੀ ਉਹ ਅਸਚਰਜ ਕਰਨ ਵਾਲੀ ਹੈ । ਆਪ ਜੀ ਦਾ ਵਿਆਹ ਸ੍ਰੀ ਗੁਰੂ ਅਮਰਦਾਸ ਜੀ ਦੀ ਸਪੁੱਤਰੀ ਬੀਬੀ ਭਾਨੀ ਜੀ ਨਾਲ 15 ਮਾਰਚ ਸੰਨ 1553 ਈਸਵੀ ਨੂੰ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਹੋਇਆ । ਆਪ ਜੀ ਦਾਮਾਦ ਬਣਕੇ ਵੀ ਇਹ ਰਿਸ਼ਤਾ ਬਿਲਕੁੱਲ ਹੀ ਕਦੇ ਵੀ ਜਾਣਿਆ ਨਹੀਂ । ਕੇਵਲ ਸਤਿਗੁਰੂ ਜੀ ਨੂੰ (ਪਾ: ਤੀਜੀ) ਨਿਰੰਕਾਰ ਜਾਣਕੇ ਹੀ ਮਹਾਰਾਜ ਜੀ ਦੇ ਚਰਨਾਂ ਨਾਲ ਜੁੜੇ ਤੇ ਲਗਾਤਾਰ 22 ਸਾਲ ਅਣਥੱਕ ਮਹਾਨ ਸੇਵਾ ਕੀਤੀ । ਸ੍ਰੀ ਗੁਰੂ ਅਮਰਦਾਸ ਜੀ ਨੇ ਲਗਨ, ਸੇਵਾ ਤੇ ਹੁਕਮ ਦੀ ਪਾਲਣਾ ਅਤੇ ਨਿਮਰਤਾ ਦੇਖ ਕੇ ਗੁਰ-ਗੱਦੀ ਦੀ ਜ਼ਿੰਮੇਵਾਰੀ ਸ੍ਰੀ ਗੁਰੂ ਰਾਮਦਾਸ ਜੀ ਨੂੰ ਸੌਂਪੀ ਗਈ । ਫਿਰ ਆਪ ਜੀ ਸ੍ਰੀ ਅੰਮ੍ਰਿਤਸਰ ਆ ਗਏ । ਇਥੇ ਸਤਿਗੁਰੂ ਜੀ ਨੇ ਨਿਵਾਸ ਰੱਖ ਕੇ ਰਾਮਦਾਸ ਪੁਰ ਦੀ ਨੀਂਹ ਰੱਖੀ । ਇਤਿਹਾਸਕ ਸਰੋਤਾਂ ਅਨੁਸਾਰ ਇਸ ਅਸਥਾਨ &lsquoਤੇ ਪਹਿਲੀ ਵੇਰ ਸ੍ਰੀ ਗੁਰੂ ਨਾਨਕ ਦੇਵ ਜੀ, ਭਾਈ ਮਰਦਾਨਾ ਜੀ ਨਾਲ ਇਥੇ 1502 ਈਸਵੀ ਨੂੰ ਪਧਾਰੇ । ਇਨ੍ਹਾਂ ਤੋਂ ਬਾਅਦ ਭਾਈ ਲਹਿਣਾ ਜੀ (ਸ੍ਰੀ ਗੁਰੂ ਅੰਗਦ ਦੇਵ ਜੀ) ਤੇ ਬਾਬਾ ਬੁੱਢਾ ਜੀ ਸੰਨ 1532 ਈਸਵੀ ਨੂੰ ਇਸ ਛੱਪੜੀ ਦੇ ਕੰਢੇ ਕੁਝ ਦੇਰ ਲਈ ਠਹਿਰੇ ਤੇ ਉਨ੍ਹਾਂ ਨੇ ਇਸ ਪਾਵਨ ਅਸਥਾਨ ਨੂੰ ਸੁਖਾਵੀਂ ਜਗ੍ਹਾ ਸਮਝ ਕੇ ਇਸ ਨੂੰ ਥਾਨ ਸੁਹਾਵਾ ਨਾਲ ਮਾਣ ਬਖ਼ਸ਼ਿਆ । ਪਾਵਨ ਅਸਥਾਨ ਦੁੱਖ ਭੰਜਨੀ ਬੇਰੀ ਦੇ ਨਜ਼ਦੀਕ ਹੀ ਜੋ ਛੱਪੜੀ ਸੀ ਉਸ ਛੱਪੜੀ ਵਿੱਚ ਹੀ ਰਜਨੀ ਦੁਨੀ ਚੰਦ ਦੀ ਬੇਟੀ ਦਾ ਪਤੀ, ਜੋ ਪਿੰਗਲਾ ਸੀ ਗੁਰਬਖ਼ਸ਼ ਰਾਏ ਇਸ਼ਨਾਨ ਕਰਕੇ ਨਵਾਂ ਨਿਰੋਆ ਹੋ ਗਿਆ ਸੀ, ਇਸ ਸੁਭਾਗ ਜੋੜੀ &lsquoਤੇ ਹੀ ਗੁਰੂ ਰਾਮਦਾਸ ਜੀ ਨੇ ਮਿਹਰ ਦੀ ਨਿਗਿਆ ਕੀਤੀ ਸੀ । ਆਪ ਜੀ ਨੇ ਗੁਮਟਾਲਾ ਤੁੰਗ, ਸੁਲਤਾਨ ਵਿੰਡ ਤੇ ਗਿਲਵਾਨੀ ਪਿੰਡਾਂ ਦੇ ਪੈਚਾਂ ਤੇ ਮੁਖੀਆਂ ਨੂੰ ਬੁਲਾ ਕੇ ਸ੍ਰੀ ਅੰਮ੍ਰਿਤਸਰ ਦਾ ਪਹਿਲਾ ਨਾਮ ਸ੍ਰੀ ਗੁਰੂ ਅਮਰਦਾਸ ਜੀ ਦੇ ਹੁਕਮ ਵਿੱਚ ਚੱਕ ਗੁਰੂ ਕਾ ਰੱਖਿਆ ਗਿਆ । ਇਤਿਹਾਸਕ ਸਰੋਤਾਂ ਅਨੁਸਾਰ ਅਹਿਮਦਸ਼ਾਹ ਅਬਦਾਲੀ ਦੇ ਸਮੇਂ ਸ੍ਰੀ ਹਰਿਮੰਦਰ ਸਾਹਿਬ ਨੂੰ ਤਿੰਨ ਵਾਰ ਸੰਨ 1757, ਸੰਨ 1762 ਅਤੇ ਸੰਨ 1764 ਈ: ਵਿੱਚ ਢਾਹਿਆ ਤੇ ਬਰਬਾਦ ਕੀਤਾ ਗਿਆ, ਪਰ ਗੁਰੂ ਕੇ ਸਿੰਘਾਂ ਨੇ ਇਸ ਨੂੰ ਫਿਰ ਉਸਾਰ ਕੇ ਇਹ ਜਾਹਿਰ ਕਰ ਦਿੱਤਾ ਕਿ ਉਹ ਜੀਊਂਦੇ ਹਨ । ਸ੍ਰੀ ਹਰਿਮੰਦਰ ਸਾਹਿਬ ਜੀ ਦਾ ਨੀਂਹ ਪੱਥਰ 13 ਜਨਵਰੀ 1588 ਵਾਲੇ ਦਿਨ ਪੰਜਵੇਂ ਪਾਤਸ਼ਾਹ ਜੀ ਨੇ ਆਪਣੇ ਕਰ ਕਮਲਾਂ ਨਾਲ ਰੱਖਿਆ ਸੀ । ਸ੍ਰੀ ਗੁਰੂ ਰਾਮਦਾਸ ਜੀ ਨੇ ਗੁਰਿਆਈ ਗੱਦੀ ਦੇ ਸੱਤ ਸਾਲ ਦੇ ਸਮੇਂ ਵਿੱਚ ਗੁਰਿਆਈ-ਗੱਦੀ ਦੀਆਂ ਧਾਰਮਿਕ ਜ਼ਿੰਮੇਵਾਰੀਆਂ ਨਿਭਾਈਆਂ, ਸ੍ਰੀ ਅੰਮ੍ਰਿਤਸਰ ਸ਼ਹਿਰ ਨੂੰ ਵਸਾਇਆ, ਨਗਰ ਦੀਆਂ ਨਵੀਆਂ ਇਮਾਰਤਾਂ ਦਾ ਨਿਰਮਾਣ ਕਰਵਾਇਆ । ਦੋਹਾਂ ਸਰੋਵਰਾਂ ਦੀ ਖੁਦਾਈ ਕਰਵਾਈ ਰੋਜ਼ ਆਈਆਂ ਸੰਗਤਾਂ, ਜੋ ਦਰਸ਼ਨਾਂ ਲਈ ਆਉਂਦੀਆਂ ਸਨ, ਉਨ੍ਹਾਂ ਦੀ ਰਿਹਾਇਸ਼ ਤੇ ਲੰਗਰ ਦਾ ਆਪ ਜੀ ਸਾਰਾ ਪ੍ਰਬੰਧ ਕਰਦੇ ਰਹੇ । ਆਪ ਜੀ ਦੇ ਗ੍ਰਹਿ ਤਿੰਨ ਪੁੱਤਰ ਪ੍ਰਿਥੀ ਚੰਦ, ਮਹਾਦੇਵ ਜੀ ਅਤੇ ਤੀਜੇ ਸ੍ਰੀ ਗੁਰੂ ਅਰਜਨ ਦੇਵ ਜੀ ਹੋਏ । ਇਸ ਗੁਰੂ ਕੇ ਚੱਕ ਵਿੱਚ 52 ਕਿਤਿਆਂ ਦੇ ਲੋਕ ਆਪ ਜੀ ਨੇ ਵਸਾਏ । ਆਪ ਜੀ ਦੀ ਮਹਿਮਾ ਸੁਣ ਕੇ ਬਾਬਾ ਸ੍ਰੀ ਚੰਦ ਜੀ ਦਰਸ਼ਨਾਂ ਨੂੰ ਆਏ, ਲੰਮਾ ਦਾਹੜਾ ਦੇਖ ਕਹਿਣ ਲੱਗੇ ਇੰਨਾ ਲੰਮਾ ਕਿਉਂ ਵਧਾਇਆ ਤਾਂ ਸਤਿਗੁਰੂ ਜੀ ਨੇ ਫੁਰਮਾਇਆ, ਆਪ ਜੈਸੇ ਸਤਿਪੁਰਖਾਂ ਦੇ ਚਰਨ ਝਾੜਨ ਲਈ, ਤਾਂ ਬਾਬਾ ਜੀ ਨੇ ਧੰਨ ਧੰਨ ਆਖਿਆ ਤੇ ਆਖ ਕੇ ਬਾਬਾ ਜੀ ਨੇ ਸਿਰ ਝੁਕਾਇਆ :-ਤੁਮਰੀ ਮਹਿਮਾ ਅਧਿਕ ਹੈ, ਕਹੀਏ ਕਾਹਿ ਬਣਾਇ । ਤੁਮਰੇ ਸਰ ਮੈ ਜੋਮਜਹਿ, ਪਾਪੀ ਭੀ ਗਤ ਪਾਇ । ਐਸੇ ਮਹਾਨ ਸਤਿਗੁਰੂ ਜੀ ਨੇ ਜਗਤ ਉਧਾਹਨ ਲਈ 30 ਰਾਗਾਂ ਵਿੱਚ ਧੁਰ ਕੀ ਬਾਣੀ ਦੀ ਰਚਨਾ ਕੀਤੀ । ਗੁਰੂ ਪਾਤਸ਼ਾਹ ਜੀ ਦੀ ਬਾਣੀ ਮਨੁੱਖ ਮਾਤਰ ਲਈ ਜੀਵਨ ਸਫ਼ਲ, ਸੱੁਖਾਂ ਦਾ ਖ਼ਜ਼ਾਨਾ ਅਤੇ ਮੁਕਤ ਪ੍ਰਾਪਤ ਗਿਆਨ ਦਾ ਸੋਮਾ ਹੈ । ਸ੍ਰੀ ਗੁਰੂ ਰਾਮਦਾਸ ਜੀ ਦੇ 490ਵਾਂ ਅਵਤਾਰ ਪੁਰਬ ਦੀ ਸਮੂਹ ਸਿੱਖ ਜਗਤ ਨੂੰ ਵਧਾਈ ਦਿੰਦਿਆਂ, ਆਉ ਗੁਰੂ ਸਾਹਿਬਾਨ ਜੀ ਦੇ ਪਵਿੱਤਰ ਜੀਵਨ &lsquoਤੇ ਅਮਲ ਕਰਦਿਆਂ ਆਪਣੇ ਜੀਵਨ ਵਿੱਚ ਨਿਮਰਤਾ, ਸੇਵਾ, ਪ੍ਰਭੂ ਦੇ ਸਿਮਰਨ ਅਤੇ ਚੰਗੇ ਗੁਣ ਧਾਰਨ ਕਰੀਏ । 
ਲੇਖਕ - ਰਣਧੀਰ ਸਿੰਘ ਸੰਭਲ