image caption: ਜਥੇਦਾਰ ਮਹਿੰਦਰ ਸਿੰਘ ਖਹਿਰਾ ਯੂ ਕੇ

ਜੇ ਦੂਜਿਆਂ ਦੀ ਆਲੋਚਨਾ ਕਰਨੀ ਹੈ ਤਾਂ ਆਪਣੀ ਆਲੋਚਨਾ ਬਰਦਾਸ਼ਤ ਕਰਨ ਦਾ ਵੀ ਮਾਦਾ ਹੋਣਾ ਚਾਹੀਦਾ ਹੈ ।

ਸਤਿਕਾਰ ਯੋਗ ਸੰਪਾਦਕ ਜੀਉ,
ਵਾਹਿਗੁਰੂ ਜੀ ਕਾ ਖ਼ਾਲਸਾ
ਵਾਹਿਗੁਰੂ ਜੀ ਕੀ ਫ਼ਤਹਿ
ਪਿਛਲੇ ਹਫ਼ਤੇ ਦੇ ਪੰਜਾਬ ਟਾਈਮਜ਼ ਦੇ ਅੰਕ 3052 ਦੇ ਸਫ਼ਾ 42 ਉੱਤੇ ਪੰਜਾਬ ਟਾਈਮਜ਼ ਦੀ ਪੜਚੋਲੀਆ ਲੇਖਿਕਾ ਦਾ ਲੇਖ, ਪੱਗ ਵਾਲਾ ਮੁੰਡਾ ਕਹਿੰਦੀ ਬਾਲ੍ਹਾ ਜੱਚਦਾ ਦੇ ਸਿਰਲੇਖ ਹੇਠ ਛਪਿਆ ਹੈ । ਪੜਚੋਲੀਆ ਲੇਖਿਕਾ ਨੇ ਡਿਸਕੋ ਸਿੰਘ ਫ਼ਿਲਮ ਬਣਾ ਕੇ ਸਿੱਖ ਕੌਮ ਦਾ ਮਜ਼ਾਕ ਉਡਾਉਣ ਵਾਲੇ ਅਤੇ ਜੱਟ ਐਂਡ ਜੂਲੀਅਟ 3 ਫਿਲਮ ਵਿੱਚ ਆਪੇ ਖੋਲ ਲੈ ਵਾਲ ਨਹੀਂ ਤਾਂ ਮੈਂ ਖੋਲ ਦੂੰ, ਜੇ ਨੱਚੀ ਨਾ ਮੇਰੇ ਨਾਲ ਗੋਰੀਏ ਲਹਿੰਗੇ ਤੇ ਸ਼ਰਾਬ ਡੋਲ ਦੂੰ, ਵਰਗੇ ਗੀਤ ਗਾ ਕੇ ਸ਼ਰਾਬ ਨੂੰ ਪਰਮੋਟ ਕਰਨ ਵਾਲੇ ਦਿਲਜੀਤ ਦੁਸਾਂਝ ਦੀ ਭਰਪੂਰ ਪ੍ਰਸ਼ੰਸਾ ਕੀਤੀ ਹੈ । ਪੜਚੋਲੀਆ ਲੇਖਿਕਾ ਨੇ ਪਤਾ ਨਹੀਂ ਇਹ ਅੰਦਾਜ਼ਾ ਕਿਵੇਂ ਲਾਇਆ ਕਿ ਪੱਗ ਦੀ ਪ੍ਰਸਿੱਧੀ (ਕੇਵਲ) ਦਿਲਜੀਤ ਦੁਸਾਂਝ ਦੀ ਦੇਣ ਹੈ । ਅੰਤਰਰਾਸ਼ਟਰੀ ਪੱਧਰ &lsquoਤੇ ਪੱਗ ਦੀ ਪ੍ਰਸਿੱਧੀ ਕਰਨ ਵਾਲੇ ਹੋਰ ਵੀ ਗਾਇਕ ਹਨ, ਪੁਰਾਣਿਆਂ ਵਿੱਚੋਂ ਮਲਕੀਤ ਸਿੰਘ ਗੋਲਡਨ ਸਟਾਰ ਦਾ ਨਾਂਅ ਲਿਆ ਜਾ ਸਕਦਾ ਹੈ ਅਤੇ ਨਵਿਆਂ ਵਿੱਚੋਂ ਸਿੱਧੂ ਮੂਸੇਵਾਲੇ (ਸ਼ੁੱਭਦੀਪ ਸਿੰਘ) ਦਾ ਨਾਂਅ ਲਿਆ ਜਾ ਸਕਦਾ ਹੈ । ਪੜਚੋਲੀਆ ਲੇਖਿਕਾ ਨੇ ਮੁੰਡੇ ਕੁੜੀਆਂ ਨੂੰ ਪਟਿਆਲਾ ਪੈੱਗ ਲਾਉਣ ਦੀ ਵੀ ਪ੍ਰੇਰਨਾ ਦਿੱਤੀ ਹੈ, ਖ਼ੈਰ ਖਿਆਲ ਆਪਣਾ ਆਪਣਾ ! ਦਾਸ ਦੇ ਇਸ ਪੱਤਰ ਦਾ ਮੁੱਖ ਵਿਸ਼ਾ ਇਹ ਹੈ ਕਿ ਪਰਚਾ ਪੜਚੋਲੀਆ ਲੇਖਿਕਾ ਪੰਜਾਬ ਟਾਈਮਜ਼ ਵਿੱਚ ਛੱਪੀ ਹਰ ਲਿਖਤ ਨੂੰ ਆਪਣੀਆਂ ਪ੍ਰਾਈਵੇਟ, ਸਨਾਤਨੀ ਅਤੇ ਅਕਾਲੀ ਦਲ ਬਾਦਲ ਦੀਆਂ ਐਨਕਾਂ ਨਾਲ ਹੀ ਵੇਖਦੀ ਹੈ । ਅਤੇ ਕਦੇ ਕਦੇ ਇਹ ਪੜਚੋਲੀਆ ਲੇਖਿਕਾ ਐਂਟੀ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਅਤੇ ਸਿੱਖ ਕੌਮ ਦੇ ਕੌਮੀ ਸ਼ਹੀਦ ਸੁੱਖੇ ਜਿੰਦੇ ਵਾਲੀਆਂ ਐਨਕਾਂ ਦੀ ਵਰਤੋਂ ਵੀ ਕਰ ਲੈਂਦੀ ਹੈ । ਇਸ ਦਾ ਨਮੂਨਾ ਪਿਛਲੇ ਹਫ਼ਤੇ ਦੇ ਪੰਜਾਬ ਟਾਈਮਜ਼ ਦੇ ਪਾਠਕਾਂ ਦੇ ਪੱਤਰ ਦੇ ਕਾਲਮ ਵਿੱਚ ਇਸ ਵੱਲੋਂ ਲਿਖੇ ਪੱਤਰ ਵਿੱਚੋਂ ਵੇਖਿਆ ਜਾ ਸਕਦਾ ਹੈ । 19-9-2024 ਪੰਜਾਬ ਟਾਈਮਜ਼ ਯੂ।ਕੇ। ਦੇ ਅੰਕ 3047 ਦੇ ਸਫ਼ਾ 11 ਉੱਤੇ ਬਲਵਿੰਦਰ ਸਿੰਘ ਪ੍ਰੋਫੈਸਰ ਦੀ ਲਿਖੀ ਕਵਰ ਸਟੋਰੀ ਛਪੀ । ਜਿਸ ਦਾ ਸਿਰਲੇਖ ਅਤੇ ਸਾਰ ਅੰਸ਼ ਹੇਠ ਲਿਖੇ ਅਨੁਸਾਰ ਹੈ । ਨਕੋਦਰ ਬੇਅਦਬੀ ਕਾਂਡ ਕਾਰਨ ਸੁਖਬੀਰ ਸਿੰਘ ਬਾਦਲ ਤੇ ਉਸ ਦੇ ਜੋਟੀਦਾਰ ਫਸੇ, ਦਰਬਾਰਾ ਸਿੰਘ ਗੁਰੂ ਦੀ ਨਿਯੁਕਤੀ ਵਾਪਸ ਲਈ, ਜਥੇਦਾਰ ਮੋਨ ਕਿਉਂ, ਬਾਦਲਕਿਆਂ ਦੀਆਂ ਸਰਗਰਮੀਆਂ ਉੱਪਰ ਪਾਬੰਦੀ ਕਿਉਂ ਨਹੀਂ, ਵਾਰ ਵਾਰ ਸਿੱਖ ਪੰਥ ਪ੍ਰਤੀ ਗੁਨਾਹ ਦੁਹਰਾਨੇ ਬਾਦਲਕੇ, ਕੀ ਪੰਥ ਦੇ ਗੁਨਾਹਕਾਰ ਚਲਾਉਣਗੇ ਅਕਾਲੀ ਦਲ, ਜਥੇਦਾਰ ਜੁਆਬ ਦੇਣ । ਪਰਚਾ ਪੜਚੋਲੀਆ ਬੀਬੀ 26-9-2024 ਦੇ ਪੰਜਾਬ ਟਾਈਮਜ਼ ਦੇ ਅੰਕ 3048 ਦੇ ਸਫ਼ਾ 41 ਉੱਤੇ ਉਪਰਲੀ ਕਵਰ ਸਟੋਰੀ ਦਾ ਪਰਚਾ ਪੜਚੋਲ ਦੇ ਸਿਰਲੇਖ ਹੇਠ ਅਕਾਲੀ ਦਲ ਬਾਦਲ ਦੀਆਂ ਐਨਕਾਂ ਲਾ ਕੇ ਜਿਥੇ ਪਰਚਾ ਪੜਚੋਲ ਕਰਦੀ ਹੈ, ਉਥੇ ਪ੍ਰੋਫੈਸਰ ਬਲਵਿੰਦਰਪਾਲ ਸਿੰਘ ਨੂੰ ਇਸ ਲਹਿਜੇ ਵਿੱਚ ਸੁਆਲ ਵੀ ਕਰਦੀ ਹੈ ਕਿ ਤੂੰ ਕੌਣ ਹੁੰਨਾ ਅਕਾਲੀ ਦਲ ਬਾਦਲ ਤੇ ਉਂਗਲ ਚੁੱਕਣ ਵਾਲਾ ? ਇਥੇ ਹੀ ਬੱਸ ਨਹੀਂ ਪੜਚੋਲੀਆ ਬੀਬੀ ਉਸ ਉੱਤੇ ਜਾਤੀ ਹਮਲਾ ਵੀ ਕਰਦੀ ਹੈ । ਪਰਚਾ ਪੜਚੋਲੀਆ ਬੀਬੀ ਨੇ ਪ੍ਰੋ: ਬਲਵਿੰਦਰਪਾਲ ਸਿੰਘ ਕੋਲੋਂ ਜੋ ਸੁਆਲ ਪੁੱਛੇ ਉਨ੍ਹਾਂ ਦਾ ਸਾਰਅੰਸ਼ ਅਤੇ ਸਿਰਲੇਖ ਹੇਠ ਅਨੁਸਾਰ ਹੈ । ਪੜਚੋਲੀਆ ਬੀਬੀ ਨੇ ਜਿਵੇਂ ਲਿਖਿਆ ਦਾਸ ਹੂ-ਬ-ਹੂ ਹੀ ਲਿਖ ਰਿਹਾ ਹੈ । - ਪ੍ਰੋਫੈਸਰ ਬਲਵਿੰਦਰ ਪਾਲ ਸਿੰਘ ਗਰਾੜੀ ਨੂੰ ਜੋਕਾਂ ਦੀ : ਪਹਿਲਾ ਸੁਆਲ ਤੁਸੀਂ ਪ੍ਰੋਫੈਸਰ ਕਿਹੜੀ ਡਿਗਰੀ ਮਜਬੂਨ ਦੇ, ਦੂਜਾ ਅਕਾਲ ਤਖ਼ਤ ਨੂੰ ਕਿਵੇਂ ਹਦਾਇਤਾਂ, ਤੀਜਾ ਸਿੱਖੀ ਵਿੱਚ ਜਾਤ ਪਾਤ ਨਹੀਂ (ਮੈਂ ਤਾਂ ਮੰਨਦੀ ਹੀ ਨਹੀਂ) ਕੀ ਤੁਸੀਂ ਭੱਤਿਆਂ ਵਿਰੁੱਧ ਜਾਤੀ ਪ੍ਰਕਿਰਿਆ ਦਾ ਵਿਰੋਧ ਕੀਤਾ ? ਤੁਹਾਡੀ ਕੀ ਪੰਥਕ ਸੇਵਾ ਹੈ ? ਚੌਥਾ ਕੀ ਜਥੇਬੰਦੀ ਬਣਾ ਕੇ ਲਾਹੇ ਲਵੋ ਤੇ ਨਿੰਦਕ ਬਣੋ ਉਸ ਵਰਗ ਦੇ ਜੋ ਭੱਤਾ ਸ਼੍ਰੇਣੀ ਨਹੀਂ ਹਨ ਫਿਰ ਅਕਾਲੀ ਦਲ ਦੇ ਤੁਸੀਂ ਕਿਵੇਂ ਵਿਰੋਧੀ ਹੋ ਜਦੋਂ ਕਦੀ ਵੀ ਸਮਰਥੱਕ ਨਹੀਂ॥॥॥।ਕੀ ਤੁਸੀਂ ਜੋ ਨਿਰਪੱਖਤਾ ਦੀ ਸੁਰ ਜਾਣਦੇ ਹੀ ਨਹੀਂ, ਵਿੱਦਿਆਰਥੀਆਂ ਨੂੰ ਪੜ੍ਹਾਕੇ ਕੀ ਉਸਾਰੂ ਨੀਤੀ ਸਿਖਾ ਰਹੇ ਹੋ ਤਾਂ ਹੀ ਹੁਣ ਵਿੱਦਿਆ ਦਾ ਮਿਆਰ ਨਿਘਰ ਗਿਆ ਹੈ, ਸਾਡੇ ਵੇਲੇ ਪ੍ਰੋਫੈਸਰ ਗੱਲ ਨਹੀਂ ਕਰ ਸਕਦੇ ਸਿਆਸਤ ਦੀ (ਭਾਵ ਪ੍ਰੋਫੈਸਰ ਸਿਆਸਤ ਦੀ ਗੱਲ ਨਹੀਂ ਸੀ ਕਰ ਸਕਦੇ) ਕੇਵਲ ਸਿੱਖਿਆ ਵੱਲ ਧਿਆਨ ਆਹ ਦੋ ਤਿੰਨ ਪ੍ਰੋਫੈਸਰਾਂ ਨੇ ਤਾਂ ਬੇੜਾ ਗਰਕ ਕਰਤਾ ਤਾਂ ਹੀ ਹੁਣ ਵਿੱਦਿਆਰਥੀ ਸਾਰਾ ਸਮਾਂ ਹੀ ਸਿਆਸਤਾਂ ਵਿੱਚ ਪੜ੍ਹਾਈ ਗੁੱਲ ਮਾਨਸਿਕਤਾ ਰੋਗੀ । ਹੁਣ ਪਾਠਕ ਜਨ ਆਪੇ ਹੀ ਸਮਝ ਜਾਣਗੇ ਕਿ ਪਰਚਾ ਪੜਚੋਲੀਆ ਬੀਬੀ ਕਿਵੇਂ ਅਕਾਲੀ ਦਲ ਬਾਦਲ ਦੀਆਂ ਐਨਕਾਂ ਲਾ ਕੇ ਕਿੰਨੀ ਪਿਆਰ ਭਰੀ ਸ਼ਬਦਾਵਲੀ ਵਿੱਚ ਪ੍ਰੋਫੈਸਰ ਬਲਵਿੰਦਰਪਾਲ ਸਿੰਘ ਦੀ ਲਿਖਤ ਦੀ ਪੜਚੋਲ ਕਰ ਰਹੀ ਹੈ । ਇਸੇ ਤਰ੍ਹਾਂ 10-10-2024 ਪੰਜਾਬ ਟਾਈਮਜ਼ ਦੇ ਅੰਕ 3050 ਦੇ ਸਫ਼ਾ 47 ਉੱਤੇ ਸਿੱਖ ਬੁੱਧੀਜੀਵੀ, ਪ੍ਰੋ: ਬਲਵਿੰਦਰਪਾਲ ਸਿੰਘ, ਭਾਈ ਹਰਸਿਮਰਨ ਸਿੰਘ, ਪਰਮਿੰਦਰਪਾਲ ਸਿੰਘ ਖਾਲਸਾ ਅਤੇ ਸ: ਗੁਰਤੇਜ ਸਿੰਘ ਆਈ। ਏ। ਐੱਸ। ਵੱਲੋਂ ਸਾਂਝਾ ਬਿਆਨ ਇਸ ਸਿਰਲੇਖ ਹੇਠ ਦਿੱਤਾ ਗਿਆ : ਅਕਾਲ ਤਖ਼ਤ ਦੇ ਜਥੇਦਾਰ ਬਾਦਲ ਪਰਿਵਾਰ ਦੇ ਪ੍ਰਭਾਵ ਅਧੀਨ ਬੀਬੀ ਜਗੀਰ ਕੌਰ ਨੂੰ ਜ਼ਲੀਲ ਨਾ ਕਰਨ-ਸਿੱਖ ਬੁੱਧੀਜੀਵੀ, ਗੁਨਾਹ ਲੀਡਰਸ਼ਿੱਪ ਨੂੰ ਬਚਾਉਣ ਦਾ ਰਾਹ ਪੱਧਰਾ ਨਾ ਕਰੋ ਜਥੇਦਾਰ ਜੀ, ਮੌਜੂਦਾ ਪੰਥਕ ਸੰਕਟ ਤੇ ਅਕਾਲੀ ਦਲ ਦੀ ਸਿਰਜਣਾ ਲਈ ਨੁਮਾਇੰਦਾ ਪੰਥਕ ਇਕੱਠ ਸੱਦੋ । ਪੰਥਕ ਬੁੱਧੀਜੀਵੀਆਂ ਦੇ ਉਕਤ ਬਿਆਨਾਂ ਦਾ ਪਰਚਾ ਪੜਚੋਲੀਆ ਬੀਬੀ ਜੀ, 17-10-2024 ਪੰਜਾਬ ਟਾਈਮਜ਼ ਯੂ।ਕੇ। ਦੇ ਅੰਕ 3051 ਦੇ ਪੰਨਾ 47 ਉੱਤੇ ਅਕਾਲੀ ਦਲ ਬਾਦਲ ਦੀਆਂ ਐਨਕਾਂ ਰਾਹੀਂ ਪੜਚੋਲ ਕਰਦੇ ਹੋਏ ਲਿਖਦੇ ਹਨ । ਪਰਚਾ ਪੜਚੋਲ ਸਫ਼ਾ 47 ਗੁਰਤੇਜ ਸਿੰਘ, ਪਰਮਿੰਦਰਪਾਲ ਸਿੰਘ, ਹਰਿਸਿਮਰਤ ਸਿੰਘ ਅਤੇ ਪ੍ਰੋ: ਬਲਵਿੰਦਪਾਲ ਸਿੰਘ, ਚਾਰ ਨਿਆਰੇ ਪੰਜਵੀਂ ਸ਼ਾਇਦ ਬੀਬੀ ਜੀ ਹੁਕਮ : ਅਕਾਲ ਤਖ਼ਤ ਦੇ ਜਥੇਦਾਰ ਨੂੰ ਗੁਨਾਹਗਾਰ ਲੀਡਰਸ਼ਿੱਪ ਨੂੰ ਬਚਾਉਣਾ ਆਦਿ : ਸਵਾਲ ਨੰਬਰ ਇਕ ਤੁਸੀਂ ਕੌਣ ਹੋ ਜੀ ਕੀਹਨੇ ਬੁੱਧੀਮਾਨ ਬਣਾਇਆ, ਕੀਹਨੇ ਚੁਣੇ ? ਕੀ ਹੱਕ ਹੈ ਤੁਹਾਨੂੰ ਗੁਨਾਹਗਾਰ ਗਰਦਾਨਣ ਦਾ ? (ਨੋਟ ਇਸ ਪੈਰ੍ਹੇ ਵਿੱਚ ਵੀ ਪਰਚਾ ਪੜਚੋਲੀਆ ਨੇ ਚੌਹਾਂ ਹੀ ਸਨਮਾਨਯੋਗ ਬੁੱਧੀਜੀਵੀਆਂ ਨੂੰ ਅਕਾਲੀ ਦਲ ਬਾਦਲ ਦੀਆਂ ਐਨਕਾਂ ਰਾਹੀਂ ਹੀ ਚੈਲਿੰਜ ਕੀਤਾ ਹੈ) ਇਸ ਤੋਂ ਅੱਗੇ ਵੀ ਪਰਚਾ ਪੜਚੋਲੀਆ ਨੇ ਕਾਫੀ ਲੰਬਾ ਚੌੜਾ ਲਿਖਤੀ ਵਿਖਿਆਨ ਕੀਤਾ ਹੋਇਆ ਹੈ, ਪਰ ਕੋਈ ਵੀ ਸੱਤਰ ਦੂਜੀ ਸੱਤਰ ਨਾਲ ਨਹੀਂ ਜੁੜਦੀ । ਦਾਸ ਪਰਚਾ ਪੜਚੋਲੀਆ ਦੀ ਬੇ-ਸਿਰ ਪੈਰ ਲਿਖਤ ਦੀ ਇਕ ਵੰਨਗੀ ਪੇਸ਼ ਕਰਕੇ ਸਮਾਪਤੀ ਕਰਦਾ ਹੈ, ਪਰਚਾ ਪੜਚੋਲੀਆ ਜੀ ਲਿਖਦੇ ਹਨ : ਸੁਖਬੀਰ ਸਿੰਘ ਤਾਂ ਹੁਕਮ ਮੰਨ ਚੁੱਪ ਹੈ ਤੁਹਾਡੀ ਬੀਬੀ ਸਭ ਨੂੰ ਹਿਸਤ ਕਹਿੰਦੀ ਹੈ ਡੇਰੇਦਾਰ ਪੰਥਕ ਠੀਕ ਹੈ ਬਾਦਲ ਸਾਹਿਬ ਨੇ ਸਿਆਸਤ ਵਿੱਚ ਲਿਆਂਦੀ ਮਾਣ ਦਿੱਤਾ ਹੈ ਤੇ ਇਹ ਅਹਿਸਾਨ ਫਰਾਮੋਸ਼ ਤੁਸੀਂ ਵਕੀਲੀ ਤੁਸੀਂ ਤਾਂ ਤਮਾਸ਼ਾ ਦੇਖਣੇ ਹੋ ਕੌਮੀ ਧਰਮੀ ਨਹੀਂ ਅਕਾਲ ਤਖ਼ਤ ਦੇ ਜਥੇਦਾਰ ਭੀ ਜੇਕਰ ਆਹੋ ਜਿਹੀਆਂ ਅਦਾਲਤਾਂ ਲਾਉਣਗੇ ਤੇ ਪ੍ਰਭਤਾ ਲਈ ਦੂਜੇ ਤੇ ਦੂਸ਼ਣ ਲਾ ਕੇ ਸੁੱਚੇ ਬਣਨਗੇ, ਰੱਬ ਦੀ ਕਚਹਿਰੀ ਹੈ ਉਥੇ ਤੁਹਾਡੇ ਵਰਗੇ ਨੀ ਬੈਠੇ ਮਿਲ ਜਾਊ ਇਨਾਮ ਧਾਰੇ ਰਹੋ ਤੁਹਾਨੂੰ ਭੀ ਕੁਫਰ ਦੀ ਉਮਰ ਹੁੰਦੀ ਹੈ, ਪਰਚਾ ਪੜਚੋਲੀਆ ਬੀਬੀ ਦੀ ਕਲਮ ਵਿੱਚੋਂ ਕਿਵੇਂ ਫੁੱਲ ਕਿਰਦੇ ਹਨ, ਉਕਤ ਪੈਰ੍ਹਾ ਪੜ੍ਹਕੇ ਪੰਜਾਬ ਟਾਈਮਜ਼ ਦੇ ਪਾਠਕ ਅਨੰਦ ਮਾਨਣਗੇ । ਕਿਸੇ ਵੀ ਲਿਖਤ ਦੀ ਪੜਚੋਲ ਕਰਨ ਲਈ, ਉਸ ਵਿੱਚਲੇ ਵਿਸ਼ੇ ਵਸਤੂ ਦਾ ਪਰਚਾ ਪੜਚੋਲੀਆ ਨੂੰ ਪੂਰਨ ਗਿਆਨ ਹੋਣਾ ਚਾਹੀਦਾ ਹੈ, ਪਰ ਇਥੇ ਪੜਚੋਲੀਆ ਬੀਬੀ ਦਾ ਆਦਮ ਨਿਰਾਲਾ ਹੈ, ਉਸ ਨੂੰ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਸਾਹਿਬ, ਗੁਰ ਇਤਿਹਾਸ ਗੁਰੂ ਜੋਤਿ ਦੀ ਨਿਰੰਤਰਤਾ ਬਾਰੇ ਕੋਈ ਗਿਆਨ ਨਹੀਂ ਹੈ, ਹਰ ਹਫ਼ਤੇ ਗੁਰੂ ਨਾਨਕ ਸਾਹਿਬ ਬਾਰੇ ਅਤੇ ਸਿੱਖ ਧਰਮ ਬਾਰੇ ਮਨ-ਘੜਤ ਦਲੀਲਾਂ ਦੇ ਕੇ ਸਨਾਤਨ ਧਰਮ ਨੂੰ ਵੱਡਿਆਉਣ ਦਾ ਯਤਨ ਕਰਦੀ ਰਹਿੰਦੀ ਹੈ - ਉਦਾਹਰਣ ਵਜੋਂ 3-10-2024 ਪੰਜਾਬ ਟਾਈਮਜ਼ ਦੇ ਪੰਨਾ 45 ਉੱਤੇ, ਮੂਰਖ ਲੋਕ ਸਦਾ ਸੁੱਖੀ ਸੌਂਦੇ ਕਿਨੀ ਡੂੰਘੀ ਸੋਚ ਦੀ ਤੁਕ ਹੈ, ਦੇ ਸਿਰਲੇਖ ਹੇਠ ਪੜਚੋਲੀਆ ਜੀ ਲਿਖਦੇ ਹਨ : ਪੰਜ ਵਰ੍ਹਿਆਂ ਦੇ ਬਾਲਕ ਨੂੰ ਗੱਦੀ ਨਸ਼ੀਨ ਕਿਸ ਕਰਕੇ ਥਾਪਿਆ ਹਾਂ ਜਦੋਂ ਸਮਾਂ ਬੀਤ ਜਾਂਦਾ ਹੈ ਅਸੀਂ ਉਸ ਨੂੰ ਵਧੀਆ ਮੰਨਦੇ ਹਾਂ, ਬਹੁਤ ਕੁਝ ਆਦਿ ਜੁਗਾਦ ਜੋੜਦੇ ਹਾਂ, ਜੀ ਗੁਰੂ ਕਾਲ ਵਿੱਚ ਆਹ ਹਾਲਾਂਕਿ (ਗੁਰੂ ਨਾਨਕ ਦੇਵ) ਜੀਵਨ ਵਿੱਚ ਗੁਰੂ ਨਹੀਂ ਸਨ, ਨਾ ਕੋਈ ਹੱਥ ਲਿਖਤ ਹੈ, ਕਿਸੇ ਵੀ ਗੁਰੂ ਸਾਹਿਬ ਦੀ ਆਪਣੀ ਹੱਥ ਲਿਖਤ ਸੁਸ਼ੋਭਿਤ ਨਹੀਂ, ਭਾਈ ਗੁਰਦਾਸ ਪੰਡਤਾਂ ਦਾ ਵਿੱਦਿਆਰਥੀ ਵੇਦਾਂ ਉਪਨਿਸ਼ਦਾਂ ਦਾ ਪ੍ਰਾਨਾ ਧਨੀ ਸੀ । ਇਥੇ ਵਿਚਾਰਨ ਯੋਗ ਤੱਥ ਇਹ ਹੈ ਕਿ ਕੌਣ ਨਹੀਂ ਜਾਣਦਾ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਨਾਨਕ ਸਾਹਿਬ ਤੇ ਬਾਕੀ ਪੰਜ ਗੁਰੂ ਸਾਹਿਬਾਨਾਂ ਦੀ ਜੋ ਬਾਣੀ ਅੰਕਿਤ ਹੈ ਉਹ ਉਨ੍ਹਾਂ ਦੀ ਆਪਣੀ ਹੱਥ ਲਿਖਤ ਹੈ । ਸਮਾਂ ਤੇ ਸਥਾਨ ਆਗਿਆ ਨਹੀਂ ਦਿੰਦਾ ਕਿ ਭਾਈ ਗੁਰਦਾਸ ਜੀ ਦੇ ਸਿੱਖੀ ਜੀਵਨ ਤੇ ਚਾਨਣਾ ਪਾਇਆ ਜਾ ਸਕੇ । ਪਰਚਾ ਪੜਚੋਲੀਆ ਬੀਬੀ ਜੀ ਨੂੰ ਬਹੁਤ ਹੀ ਨਿਮਰਤਾ ਸਹਿਤ ਬੇਨਤੀ ਹੈ ਕਿ ਜੇ ਸਿੱਖ ਧਰਮ, ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਸਾਹਿਬ &lsquoਤੇ ਕੋਈ ਟਿੱਪਣੀ ਕਰਨੀ ਹੈ ਤਾਂ ਗੁਰਮਤਿ ਗੁਰਇਤਿਹਾਸ ਅਤੇ ਗੁਰੂ ਗ੍ਰੰਥ, ਗੁਰੂ ਪੰਥ ਦੇ ਸਿੱਖੀ ਸਿਧਾਂਤਾਂ ਦਾ ਪੂਰਨ ਅਧਿਐਨ ਕਰਕੇ ਕਰੋ ਨਾ ਕਿ ਸਨਾਤਨੀ ਧਰਮ ਦੀਆਂ ਐਨਕਾਂ ਲਾ ਕੇ ਕਰੋ । ਜੇ ਦੂਜਿਆਂ ਦੀ ਆਲੋਚਨਾ ਕਰਨੀ ਹੈ ਤਾਂ ਆਪਣੀ ਆਲੋਚਨਾ ਬਰਦਾਸ਼ਤ ਕਰਨ ਦਾ ਵੀ ਮਾਦਾ ਹੋਣਾ ਚਾਹੀਦਾ ਹੈ । 
ਗੁਰੂ ਪੰਥ ਦਾ ਦਾਸ
ਜਥੇਦਾਰ ਮਹਿੰਦਰ ਸਿੰਘ