SGPC ਪ੍ਰਧਾਨਗੀ ਦੀ ਚੋਣ -, ਹਰਜਿੰਦਰ ਸਿੰਘ ਧਾਮੀ ਹੋਣਗੇ ਅਕਾਲੀ ਦਲ ਦੇ ਉਮੀਦਵਾਰ
ਅੰਮ੍ਰਿਤਸਰ: SGPC ਪ੍ਰਧਾਨਗੀ ਦੀ ਚੋਣ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ। ਸ਼੍ਰੋਮਣੀ ਅਕਾਲੀ ਦਲ ਵੱਲੋਂ ਹਰਜਿੰਦਰ ਸਿੰਘ ਧਾਮੀ ਨੂੰ ਉਮੀਦਵਾਰ ਐਲਾਨ ਦਿੱਤਾ ਹੈ। ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨਾਲ ਮੀਟਿੰਗਾਂ ਅਤੇ ਪਾਰਟੀ ਦੇ ਸੀਨੀਅਰ ਆਗੂਆਂ ਨਾਲ ਵਿਚਾਰ-ਵਟਾਂਦਰੇ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੇ ਹਰਜਿੰਦਰ ਸਿੰਘ ਧਾਮੀ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਲਈ ਉਮੀਦਵਾਰ ਬਣਾਇਆ। ਉਧਰ ਅਕਾਲੀ ਸੁਧਾਰ ਨੇ ਬੀਬੀ ਜਗੀਰ ਕੌਰ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ। ਜ਼ਿਕਰਯੋਗ ਹੈ ਕਿ 28 ਅਕਤੂਬਰ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਚੋਣ ਹੋਣੀ ਹੈ।
ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਰਾਜਾ ਵੜਿੰਗ ਨੂੰ ਦਿੱਤੀ ਚੇਤਾਵਨੀ
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਪ੍ਰਭੂਸੱਤਾ ਸੰਪੰਨ ਹਸਤੀ ਅਤੇ ਮਾਣ-ਮਰਿਆਦਾ ਨੂੰ ਠੇਸ ਪਹੁੰਚਾਉਣ ਵਾਲੀ ਗੁੰਮਰਾਹਕੁੰਨ ਬਿਆਨਬਾਜ਼ੀ ਦਾ ਗੰਭੀਰ ਨੋਟਿਸ ਲੈਂਦਿਆਂ ਸਖ਼ਤ ਸ਼ਬਦਾਂ ਵਿਚ ਚਿਤਾਵਨੀ ਦਿੱਤੀ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਤੋਂ ਜਾਰੀ ਲਿਖਤੀ ਬਿਆਨ ਵਿਚ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਆਖਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਸਾਜਿਆ ਸੱਚੀ ਪਾਤਸ਼ਾਹੀ ਦਾ ਤਖ਼ਤ ਹੈ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਗੁਰਮਤਿ ਸਿਧਾਂਤਾਂ ਦੀ ਤਰਜ਼ਮਾਨੀ ਕਰਨ ਵਾਲਾ ਸਿੱਖਾਂ ਦਾ ਸਰਬਉੱਚ ਅਸਥਾਨ ਹੈ ਅਤੇ ਸਿੱਖ ਸਿਧਾਂਤਾਂ ਦੀ ਅਵੱਗਿਆ ਕਰਨ ਵਾਲੇ ਕਿਸੇ ਵੱਡੇ ਤੋਂ ਵੱਡੇ ਤਾਕਤਵਰ ਦੇ ਨਾਲ ਵੀ ਇੱਥੋਂ ਕੋਈ ਲਿਹਾਜ਼ ਨਹੀਂ ਕੀਤਾ ਜਾਂਦਾ।
ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਆਖਿਆ ਕਿ ਉਨ੍ਹਾਂ ਦੇ ਧਿਆਨ ਵਿਚ ਆਇਆ ਹੈ ਕਿ ਰਾਜਾ ਵੜਿੰਗ ਨੇ ਆਪਣੀ ਸਿਆਸੀ ਬੁਖਲਾਹਟ ਵਿਚ ਕੀਤੀ ਬਿਆਨਬਾਜ਼ੀ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਪ੍ਰਭੂਸੱਤਾ ਅਤੇ ਸਨਮਾਨ ਨੂੰ ਭਾਰੀ ਠੇਸ ਪਹੁੰਚਾਈ ਹੈ, ਜੋ ਹਰਗਿਜ਼ ਨਾ-ਕਾਬਲੇ-ਬਰਦਾਸ਼ਤ ਹੈ। ਉਨ੍ਹਾਂ ਕਿਹਾ ਕਿ ਰਾਜਾ ਵੜਿੰਗ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਖ਼ਿਲਾਫ਼ ਕੂੜ-ਪ੍ਰਚਾਰ ਕਰਨ ਤੋਂ ਪਹਿਲਾਂ ਆਪਣੇ ਗਿਰੀਵਾਨ ਵਿਚ ਝਾਤ ਮਾਰਨੀ ਚਾਹੀਦੀ ਹੈ ਕਿ ਉਹ ਉਸ ਕਾਂਗਰਸ ਪਾਰਟੀ ਦਾ ਪੰਜਾਬ ਪ੍ਰਧਾਨ ਹੈ, ਜਿਸ ਦੀ ਸਰਕਾਰ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਤੋਪਾਂ-ਟੈਂਕਾਂ ਦੇ ਨਾਲ ਢਾਹਿਆ ਸੀ ਅਤੇ ਹਜ਼ਾਰਾਂ ਸਿੱਖਾਂ ਦਾ ਕੋਹ-ਕੋਹ ਕੇ ਕਤਲੇਆਮ ਕੀਤਾ ਸੀ।
ਉਨ੍ਹਾਂ ਸਪੱਸ਼ਟ ਸ਼ਬਦਾਂ ਵਿਚ ਆਖਿਆ ਕਿ ਜੇਕਰ ਰਾਜਾ ਵੜਿੰਗ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮਾਨ ਵਿਰੁੱਧ ਕੀਤੀ ਬਿਆਨਬਾਜ਼ੀ ਲਈ ਤੁਰੰਤ ਗੁਰੂ ਪੰਥ ਕੋਲੋਂ ਮਾਫ਼ੀ ਨਾ ਮੰਗੀ ਤਾਂ ਉਸ ਦੇ ਖ਼ਿਲਾਫ਼ ਅਗਲੇ ਦਿਨਾਂ ਦੌਰਾਨ ਸਿੱਖ ਪਰੰਪਰਾਵਾਂ ਅਨੁਸਾਰ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਤੋਂ ਗੁਰੇਜ਼ ਨਹੀਂ ਕੀਤਾ ਜਾਵੇਗਾ।
ਸ਼੍ਰੋਮਣੀ ਅਕਾਲੀ ਦਲ ਦੇ ਚੋਣ ਲੜਨ &rsquoਤੇ ਕੋਈ ਰੋਕ ਨਹੀਂ: ਜਥੇਦਾਰ ਗਿਆਨੀ ਰਘਬੀਰ ਸਿੰਘ
 
ਅੰਮ੍ਰਿਤਸਰ- ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਵਿਚ ਹੋਣ ਜਾ ਰਹੀਆਂ ਜ਼ਿਮਣੀ ਚੋਣਾਂ ਨਾ ਲੜਨ ਦੇ ਕੀਤੇ ਗਏ ਐਲਾਨ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਦਾ ਬਿਆਨ ਸਾਹਮਣੇ ਆਇਆ ਹੈ। ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕਿਹਾ ਹੈ ਕਿ ਪੰਜਾਬ ਵਿੱਚ ਚਾਰ ਵਿਧਾਨ ਸਭਾ ਹਲਕਿਆਂ ਲਈ ਹੋ ਰਹੀਆਂ ਜ਼ਿਮਨੀ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਹਿੱਸਾ ਲੈ ਸਕਦਾ ਹੈ, ਇਸ ਸਬੰਧੀ ਉਸ ਉਤੇ ਕੋਈ ਪਾਬੰਦੀ ਨਹੀਂ ਹੈ । ਇਸ ਸਬੰਧ ਵਿੱਚ ਇੱਕ ਵੀਡੀਓ ਸੁਨੇਹੇ ਰਾਹੀਂ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸਪਸ਼ਟ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਸਬੰਧਤ ਮਾਮਲਾ ਸ੍ਰੀ ਅਕਾਲ ਤਖਤ ਵਿਖੇ ਵਿਚਾਰ ਅਧੀਨ ਹੈ। ਇਸ ਲਈ ਉਨ੍ਹਾਂ ਨੂੰ ਚੋਣ ਲੜਨ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ, ਪਰ ਬਾਕੀ ਪਾਰਟੀ &rsquoਤੇ ਕੋਈ ਪਾਬੰਦੀ ਨਹੀਂ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਇਨ੍ਹਾਂ ਜ਼ਿਮਨੀ ਚੋਣਾਂ ਵਿੱਚ ਹੋਰਨਾਂ ਸਿਆਸੀ ਪਾਰਟੀਆਂ ਵਾਂਗ ਆਪਣੇ ਉਮੀਦਵਾਰ ਐਲਾਨ ਸਕਦਾ ਹੈ ਅਤੇ ਚੋਣ ਲੜ ਸਕਦਾ ਹੈ।
ਸੀਨੀਅਰ ਅਕਾਲੀ ਆਗੂ ਸੋਹਨ ਸਿੰਘ ਠੰਡਲ ਭਾਜਪਾ &rsquoਚ ਸ਼ਾਮਲ ਚੱਬੇਵਾਲ ਤੋਂ ਹੋ ਸਕਦੇ ਨੇ ਉਮੀਦਵਾਰ
ਚੰਡੀਗੜ੍ਹ,- ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਸੋਹਨ ਸਿੰਘ ਠੰਡਲ ਵੀਰਵਾਰ ਨੂੰ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋ ਗਏ ਹਨ। ਉਨ੍ਹਾਂ ਨੂੰ ਪੰਜਾਬ ਭਾਜਪਾ ਦੇ ਇੰਚਾਰਜ ਵਿਜੇ ਰੂਪਾਨੀ ਵੱਲੋਂ ਪਾਰਟੀ ਵਿਚ ਸ਼ਾਮਲ ਕੀਤਾ ਗਿਆ। ਇਸ ਸਬੰਧੀ ਬੀਜੇਪੀ ਪੰਜਾਬ ਦੇ &lsquoਐਕਸ&rsquo ਖਾਤੇ &rsquoਤੇ ਜਾਣਕਾਰੀ ਸਾਂਝੀ ਕੀਤੀ ਗਈ ਹੈ, ਜਿਸ ਵਿਚ ਪਾਰਟੀ ਆਗੂ ਵਿਜੇ ਰੂਪਾਨੀ ਉਨ੍ਹਾਂ ਨੂੰ ਪਾਰਟੀ ਵਿਚ ਸ਼ਾਮਲ ਕਰਦੇ ਦਿਖਾਈ ਦੇ ਰਹੇ ਹਨ।
ਸਿੱਖਾਂ ਨੂੰ ਐਮਰਜੈਂਸੀ ਫ਼ਿਲਮ ਦੇ ਇਤਰਾਜ਼ਯੋਗ ਦ੍ਰਿਸ਼ ਪ੍ਰਵਾਨ ਨਹੀਂ: ਬਿੱਟੂ
ਨਵੀਂ ਦਿੱਲੀ- ਭਾਜਪਾ ਆਗੂ ਤੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਐਮਰਜੈਂਸੀ ਫ਼ਿਲਮ ਵਿੱਚ ਕੁੱਝ ਅਜਿਹੇ ਸੀਨ ਸਨ ਜਿਹੜੇ ਸਿੱਖ ਹੋਣ ਦੇ ਨਾਤੇ ਉਨ੍ਹਾਂ ਨੂੰ ਇਤਰਾਜ਼ਯੋਗ ਲੱਗੇ ਅਤੇ ਇਹ ਦ੍ਰਿਸ਼ ਸਿੱਖ ਸੰਗਤ ਨੂੰ ਵੀ ਪ੍ਰਵਾਨ ਨਹੀਂ ਸਨ। ਫ਼ਿਲਮ ਦੇ ਇਤਰਾਜ਼ਯੋਗ ਹਿੱਸੇ ਸਿੱਖ ਬੁੱਧੀਜੀਵੀ ਵਿਜੈ ਸਤਬੀਰ ਸਿੰਘ, ਚੇਅਰਮੈਨ ਨਾਂਦੇੜ ਸਾਹਿਬ ਬੋਰਡ ਅਤੇ ਲੁਧਿਆਣਾ ਤੋਂ ਜੌਹਲ ਸਾਹਿਬ ਦੀ ਨਿਗਰਾਨੀ ਹੇਠ ਕਟਵਾਏ ਜਾ ਚੁੱਕੇ ਹਨ। ਇਸ ਗੱਲ ਨੂੰ ਯਕੀਨੀ ਬਣਾਇਆ ਗਿਆ ਕਿ ਫ਼ਿਲਮ ਵਿੱਚ ਸਿੱਖ ਸੰਗਤ ਨੂੰ ਠੇਸ ਪਹੁੰਚਾਉਣ ਵਾਲੀ ਕੋਈ ਚੀਜ਼ ਨਾ ਦਿਖਾਈ ਜਾਵੇ। ਉਨ੍ਹਾਂ ਕਿਹਾ ਕਿ ਦੂਜੇ ਪਾਸੇ ਇੰਦਰਾ ਗਾਂਧੀ ਦੇ ਸਿੱਖ ਵਿਰੋਧੀ ਕੁਕਰਮਾਂ ਨੂੰ ਦਿਖਾਉਣ ਤੋਂ ਕਿਸੇ ਨੂੰ ਕੋਈ ਪ੍ਰੇਸ਼ਾਨੀ ਨਹੀਂ ਹੈ। ਇਹ ਪ੍ਰੇਸ਼ਾਨੀ ਸਿਰਫ਼ ਕਾਂਗਰਸ ਦੇ ਕੁੱਝ ਆਗੂਆਂ ਨੂੰ, ਜੋ ਆਪਣੇ ਨਾਮ ਪਿੱਛੇ ਸਿੰਘ ਤਾਂ ਲਗਾਉਂਦੇ ਹਨ ਪਰ ਇੰਦਰੀ ਗਾਂਧੀ ਦੀ ਸਿੱਖ ਵਿਰੋਧੀ ਰਾਜਨੀਤੀ ਨੂੰ ਲੋਕਾਂ ਸਾਹਮਣੇ ਆਉਣ ਨਹੀਂ ਦੇਣਾ ਚਾਹੁੰਦੇ।
ਤੋਸ਼ਾਖ਼ਾਨਾ ਮਾਮਲਾ: ਇਮਰਾਨ ਦੀ ਪਤਨੀ ਬੁਸ਼ਰਾ ਬੀਬੀ ਨੂੰ ਮਿਲੀ ਜ਼ਮਾਨਤ
ਇਸਲਾਮਾਬਾਦ- ਪਾਕਿਸਤਾਨ ਦੀ ਅਦਾਲਤ ਨੇ ਸਰਕਾਰੀ ਤੋਹਫ਼ਿਆਂ ਦੀ ਕਥਿਤ ਗ਼ੈਰਕਾਨੂੰਨੀ ਵਿਕਰੀ ਨਾਲ ਸਬੰਧਿਤ ਤੋਸ਼ਾਖ਼ਾਨਾ ਭ੍ਰਿਸ਼ਟਾਚਾਰ ਮਾਮਲੇ ਵਿੱਚ ਜੇਲ੍ਹ &rsquoਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਪਤਨੀ ਬੁਸ਼ਰਾ ਬੀਬੀ ਨੂੰ ਗ੍ਰਿਫ਼ਤਾਰੀ ਦੇ ਕਰੀਬ ਨੌਂ ਮਹੀਨਿਆਂ ਮਗਰੋਂ ਅੱਜ ਜ਼ਮਾਨਤ ਦੇ ਦਿੱਤੀ ਹੈ। ਜੀਓ ਨਿਊਜ਼ ਦੀ ਖ਼ਬਰ ਅਨੁਸਾਰ ਇਸਲਾਮਾਬਾਦ ਹਾਈ ਕੋਰਟ ਦੇ ਜੱਜ ਮਿਆਂਗੁਲ ਹਸਨ ਔਰੰਗਜ਼ੇਬ ਨੇ 10 ਲੱਖ ਰੁਪਏ ਦੇ ਮੁਚੱਲਕੇ &rsquoਤੇ 50 ਸਾਲਾ ਬੁਸ਼ਰਾ ਬੀਬੀ ਨੂੰ ਜ਼ਮਾਨਤ ਦਿੱਤੀ। ਅਦਾਲਤ ਦੇ ਇਸ ਫ਼ੈਸਲੇ ਨਾਲ ਬੁਸ਼ਰਾ ਬੀਬੀ ਨੂੰ ਰਾਹਤ ਮਿਲੀ ਹੈ, ਜਿਨ੍ਹਾਂ ਨੂੰ 31 ਜਨਵਰੀ ਨੂੰ ਅਦਾਲਤ ਵੱਲੋਂ ਭ੍ਰਿਸ਼ਟਾਚਾਰ ਦੇ ਇੱਕ ਮਾਮਲੇ &rsquoਚ ਦੋਸ਼ੀ ਠਹਿਰਾਏ ਜਾਣ ਅਤੇ ਜੋੜੇ ਨੂੰ 14 ਸਾਲ ਦੀ ਸਜ਼ਾ ਸੁਣਾਏ ਜਾਣ ਮਗਰੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਸੁਣਵਾਈ ਦੌਰਾਨ ਜਸਟਿਸ ਔਰੰਗਜ਼ੇਬ ਨੇ ਸੰਘੀ ਜਾਂਚ ਏਜੰਸੀ (ਐੱਫਆਈਏ) ਦੇ ਜਾਂਚ ਅਧਿਕਾਰੀ ਤੋਂ ਬੁਸ਼ਰਾ ਬੀਬੀ ਤੋਂ ਭਵਿੱਖ ਦੀ ਪੁੱਛ ਪੜਤਾਲ ਦੀ ਲੋੜ ਬਾਰੇ ਸਵਾਲ ਕੀਤੇ। ਅਧਿਕਾਰੀ ਨੇ ਪੁਸ਼ਟੀ ਕੀਤੀ ਕਿ ਹੋਰ ਜਾਂਚ ਦੀ ਲੋੜ ਨਹੀਂ ਹੈ, ਜਿਸ ਮਗਰੋਂ ਜੱਜ ਨੇ ਜ਼ਮਾਨਤ ਦੇ ਦਿੱਤੀ। ਬੁਸ਼ਰਾ ਬੀਬੀ ਕਿਸੇ ਹੋਰ ਮਾਮਲੇ &rsquoਚ ਲੋੜੀਂਦੀ ਜਾਂ ਗ੍ਰਿਫ਼ਤਾਰ ਨਹੀਂ ਹੈ, ਅਜਿਹੇ ਵਿੱਚ ਜ਼ਮਾਨਤ ਮੁਚੱਲਕਾ ਜਮ੍ਹਾ ਕਰਵਾਉਣ ਅਤੇ ਲੋੜੀਂਦੀਆਂ ਕਾਰਵਾਈਆਂ ਪੂਰੀਆਂ ਹੋਣ ਮਗਰੋਂ ਉਨ੍ਹਾਂ ਨੂੰ ਰਿਹਾਅ ਕੀਤਾ ਜਾ ਸਕਦਾ ਹੈ।  
ਅਕਾਲੀ ਦਲ ਦਾ ਵੱਡਾ ਫ਼ੈਸਲਾ - ਅਕਾਲੀ ਦਲ ਜਿਮਨੀ ਚੋਣਾਂ ਨਹੀਂ ਲੜੇਗਾ
ਚੰਡੀਗੜ੍ਹ : ਅੱਜ ਸ਼੍ਰੋਮਣੀ ਅਕਾਲੀ ਦਲ ਨੇ ਵਰਕਿੰਗ ਕਮੇਟੀ ਵਿਚ ਫ਼ੈਸਲਾ ਲਿਆ ਕਿ ਅਕਾਲੀ ਦਲ ਪੰਜਾਬ ਵਿਚ ਜਿਮਨੀ ਚੋਣਾਂ ਨਹੀਂ ਲੜੇਗਾ। ਇਸ ਫ਼ੈਸਲੇ ਤੋਂ ਇਹ ਅੰਦਾਜਾ ਸਾਫ਼ ਹੀ ਲਾਇਆ ਜਾ ਸਕਦਾ ਹੈ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋ ਤਨਖ਼ਾਹੀਆ ਕਰਾਰ ਦਿੱਤਾ ਗਿਆ ਹੈ। ਇਥੇ ਦਸ ਦਈਏ ਕਿ ਜਿਸ ਨੂੰ ਵੀ ਤਨਖ਼ਾਹੀਆ ਕਰਾਰ ਦਿੱਤਾ ਗਿਆ ਹੋਵੇ ਉਹ ਅੰਤਮ ਫ਼ੈਸਲੇ ਤੱਕ ਕੋਈ ਗਤੀਵਿਧੀ ਨਹੀ ਕਰ ਸਕਦਾ। ਜੱਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਪਹਿਲਾਂ ਹੀ ਸਪਸ਼ਟ ਕਰ ਦਿੱਤਾ ਸੀ ਕਿ ਸੁਖਬੀਰ ਬਾਦਲ ਦੀ ਤਨਖ਼ਾਹ ਦਾ ਫ਼ੈਸਲਾ ਦੀਵਾਲੀ ਤੋ ਬਾਅਦ ਕੀਤਾ ਜਾਵੇਗਾ। ਅਜਿਹੇ ਵਿਚ ਨਾਮਜ਼ਦਗੀਆਂ ਦਾ ਸਮਾਂ ਤਾਂ ਲੰਘ ਹੀ ਜਾਵੇਗਾ ਤਾਂ ਅਜਿਹੇ ਵਿਚ ਅਕਾਲੀ ਦਲ ਪੰਜਾਬ ਵਿਚ 4 ਸੀਟਾਂ ਉਤੇ ਜਿਮਨੀ ਚੋਣਾਂ ਲੜ ਹੀ ਨਹੀ ਸਕੇਗਾ।
ਜੰਮੂ-ਕਸ਼ਮੀਰ ਨੂੰ ਛੇਤੀ ਹੀ ਮਿਲ ਸਕਦਾ ਹੈ ਸੂਬੇ ਦਾ ਦਰਜਾ
ਜੰਮੂ-ਕਸ਼ਮੀਰ : ਜੰਮੂ-ਕਸ਼ਮੀਰ ਦਾ ਰਾਜ ਦਾ ਦਰਜਾ ਜਲਦੀ ਹੀ ਬਹਾਲ ਹੋ ਸਕਦਾ ਹੈ। ਖ਼ਬਰ ਹੈ ਕਿ ਕੇਂਦਰ ਤੋਂ ਜਲਦ ਹੀ ਇਸ ਸਬੰਧੀ ਪ੍ਰਕਿਰਿਆ ਸ਼ੁਰੂ ਕੀਤੀ ਜਾ ਸਕਦੀ ਹੈ। ਹਾਲਾਂਕਿ ਇਸ ਬਾਰੇ ਅਧਿਕਾਰਤ ਤੌਰ 'ਤੇ ਕੁਝ ਨਹੀਂ ਕਿਹਾ ਗਿਆ ਹੈ। ਬੁੱਧਵਾਰ ਸ਼ਾਮ ਨੂੰ ਦਿੱਲੀ 'ਚ ਮੁੱਖ ਮੰਤਰੀ ਉਮਰ ਅਬਦੁੱਲਾ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵਿਚਾਲੇ ਵੱਡੀ ਬੈਠਕ ਹੋਈ। ਸਰਕਾਰ ਬਣਾਉਣ ਤੋਂ ਬਾਅਦ ਪਹਿਲੀ ਹੀ ਮੀਟਿੰਗ ਵਿੱਚ ਐਨਸੀ ਸਰਕਾਰ ਨੇ ਰਾਜ ਦਾ ਦਰਜਾ ਬਹਾਲ ਕਰਨ ਦਾ ਮਤਾ ਪਾਸ ਕੀਤਾ ਸੀ।
ਕੈਨੇਡਾ ਦੇ PM ਜਸਟਿਨ ਟਰੂਡੋ ਦੇਣਗੇ ਅਸਤੀਫਾ ?
ਆਪਣੀ ਹੀ ਪਾਰਟੀ ਦੇ ਆਗੂ ਖਿਲਾਫ ਹੋਏ ਟਰੂਡੋ ਦੀ ਪਾਰਟੀ ਦੇ 24 ਸੰਸਦ ਮੈਂਬਰਾਂ ਨੇ ਇਸ ਪੱਤਰ 'ਤੇ ਦਸਤਖਤ ਕੀਤੇ ਟਰੂਡੋ ਨੂੰ 28 ਅਕਤੂਬਰ ਤੱਕ ਦਾ ਸਮਾਂ ਦਿੱਤਾ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀਆਂ ਮੁਸ਼ਕਿਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਖੁਦ ਉਨ੍ਹਾਂ ਤੋਂ ਨਾਰਾਜ਼ ਹੋ ਗਈ ਹੈ। ਉਨ੍ਹਾਂ ਦੀ ਪਾਰਟੀ ਦੇ ਕਈ ਨੇਤਾਵਾਂ ਨੇ ਟਰੂਡੋ ਖਿਲਾਫ ਆਵਾਜ਼ ਉਠਾਈ ਹੈ ਅਤੇ ਉਨ੍ਹਾਂ ਦੇ ਅਸਤੀਫੇ ਦੀ ਮੰਗ ਕੀਤੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਜਸਟਿਨ ਟਰੂਡੋ ਦੀ ਪਾਰਟੀ ਦੇ 24 ਸੰਸਦ ਮੈਂਬਰਾਂ ਨੇ ਇਸ ਪੱਤਰ 'ਤੇ ਦਸਤਖਤ ਕੀਤੇ ਹਨ। ਇਸ ਪੱਤਰ ਵਿੱਚ ਜਸਟਿਨ ਟਰੂਡੋ ਤੋਂ ਅਸਤੀਫਾ ਮੰਗਿਆ ਗਿਆ ਹੈ। ਸਾਰੇ ਸੰਸਦ ਮੈਂਬਰਾਂ ਨੇ ਟਰੂਡੋ ਨੂੰ 28 ਅਕਤੂਬਰ ਤੱਕ ਦਾ ਸਮਾਂ ਦਿੱਤਾ ਹੈ। ਉਸ ਦਾ ਕਹਿਣਾ ਹੈ ਕਿ ਉਹ ਟਰੂਡੋ ਦੀ ਲੀਡਰਸ਼ਿਪ ਤੋਂ ਖੁਸ਼ ਨਹੀਂ ਹੈ। ਇਸ ਦਾ ਖ਼ਮਿਆਜ਼ਾ ਪਾਰਟੀ ਨੂੰ ਆਉਣ ਵਾਲੀਆਂ ਚੋਣਾਂ ਵਿੱਚ ਵੀ ਭੁਗਤਣਾ ਪੈ ਸਕਦਾ ਹੈ।