ਸ਼੍ਰੋਮਣੀ ਕਮੇਟੀ ਤੇ ਅਕਾਲ ਤਖਤ ਸਾਹਿਬ ਮਿਲਕੇ ਅਕਾਲੀ ਦਲ ਨੂੰ ਮਜਬੂਤ ਕਰਨ
ਹੁਣੇ ਜਿਹੇ ਭਾਈ ਹਰਜਿੰਦਰ ਸਿੰਘ ਧਾਮੀ ਦੀ ਜਿੱਤ ਨੇ ਸਾਬਤ ਕਰ ਦਿੱਤਾ ਹੈ ਕਿ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਦੀ ਬਹੁਤਾਤ ਸ਼੍ਰੋਮਣੀ ਅਕਾਲੀ ਦਲ ਨਾਲ ਹੈ ਜਿਸ ਕਰਕੇ ਅਕਾਲੀ ਸੁਧਾਰ ਲਹਿਰ ਦੀ ਲੀਡਰਸ਼ਿਪ ਨੂੰ ਚਾਹੀਦਾ ਹੈ ਕਿ ਉਹ ਪੰਥਕ ਨਿਰਣੇ ਨੂੰ ਖਿੜੇ ਮੱਥੇ ਪ੍ਰਵਾਨ ਕਰੇ| ਸਿੱਖਾਂ ਦੇ ਧਾਰਮਿਕ ਮਸਲਿਆਂ ਤੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵਿੱਚ ਬਾਹਰੀ ਦਖਲਅੰਦਾਜ਼ੀ ਨੂੰ ਸਿੱਖ ਕੌਮ ਨੇ ਕਦੇ ਵੀ ਬਰਦਾਸ਼ਤ ਨਹੀਂ ਕੀਤਾ| 28 ਅਕਤੂਬਰ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਤੇ ਹੋਰ ਅਹੁਦੇਦਾਰਾਂ ਦੀ ਸਾਲਾਨਾ ਚੋਣ ਨੇ ਵੀ ਆਪਣੇ ਪਹਿਲੇ ਸ਼ਾਨਾਮਤੀ ਇਤਿਹਾਸ ਤੇ ਮੋਹਰ ਲਗਾਈ ਹੈ ਜਿਸ ਕਰਕੇ ਪੰਥਕ ਨਿਰਣੇ ਨੂੰ ਸਿਰ ਮੱਥੇ ਮੰਨ ਕੇ ਪੰਥ ਦੀ ਚੜ੍ਹਦੀ ਕਲਾ ਲਈ ਅਕਾਲੀ ਦਲ ਸੁਧਾਰ ਲਹਿਰ ਦੇ ਆਗੂਆਂ ਨੂੰ ਮਾਂ ਪਾਰਟੀ (ਸ਼੍ਰੋਮਣੀ ਅਕਾਲੀ ਦਲ) ਵਿੱਚ ਸ਼ਾਮਿਲ ਹੋ ਜਾਣਾ ਚਾਹੀਦਾ ਹੈ| ਬੀਬੀ ਜਗੀਰ ਕੌਰ ਨੂੰ ਭੜਕਾਊ ਬਿਆਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਤਾਂ ਜੋ ਅਕਾਲੀ ਦਲ ਵਿਚ ਏਕਤਾ ਹੋ ਸਕੇ| 
ਅਕਾਲ ਤਖਤ ਸਾਹਿਬ ਦੀ ਅਗਵਾਈ ਵਿਚ ਸਿੰਘ ਸਾਹਿਬਾਨਾਂ ਤੇ ਸ੍ਰੋਮਣੀ ਕਮੇਟੀ ਨੂੰ ਮਿਲਕੇ  ਅਕਾਲੀ ਦਲ ਨੂੰ ਮਜਬੂਤ ਕਰਨ ਲਈ ਪੰਥਕ ਧਿਰਾਂ ਦਾ ਇਕਠ ਸਿਰਜਣਾ ਚਾਹੀਦਾ ਹੈ| ਪੰਥਕ ਨਿਸ਼ਾਨਿਆਂ ਤੇ ਪੰਥਕ ਨੀਤੀ ਬਾਰੇ ਪੁਨਰ ਵਿਚਾਰ ਕਰਕੇ ਸਹੀ ਦਿਸ਼ਾ ਪ੍ਰਦਾਨ ਕਰਨ ਦੀ ਲੋੜ ਹੈ| ਅਕਾਲੀ ਦਲ ਦਾ ਪ੍ਰਧਾਨ ਤੇ ਉਸਦੀ ਸੁਪਰ ਕਮੇਟੀ ਉਹ ਹੋਣੀ ਚਾਹੀਦੀ ਹੈ ਜੋ ਚੋਣ ਨਾ ਲੜੇ| ਇਸ ਨਾਲ ਅਕਾਲੀ ਦਲ ਦੋਸ਼ਾਂ ਤੋਂ ਰਹਿਤ ਹੋ ਸਕੇਗਾ| ਸਤਾ ਵਿਚ ਰਹਿਕੇ ਕਈ ਗਲਤੀਆਂ ਹੋ ਜਾਂਦੀਆਂ ਹਨ ਜਿਸ ਨਾਲ ਪੰਥਕ ਪਰੰਪਰਾਵਾਂ ਨੂੰ ਧਕਾ ਲਗਦਾ ਹੈ| ਜੇਕਰ ਅਕਾਲੀ ਦਲ ਦਾ ਪ੍ਰਧਾਨ ਪੰਥਕ ਸੋਚ ਵਾਲਾ, ਸਤਾ ਤੋਂ ਨਿਰਪਖ ਹੋਵੇਗਾ, ਉਹੀ ਅਕਾਲੀ ਦਲ ਦੀ ਨੀਂਹ ਪਰਪੱਕ ਕਰ ਸਕੇਗਾ| ਜਿਸ ਤਰਾਂ ਦੀਆਂ ਪੰਥ ਨੂੰ ਨੈਸ਼ਨਲ ਤੇ ਇੰਟਰਨੈਸ਼ਨਲ ਪੱਧਰ ਉਪਰ ਚੁਣੌਤੀਆਂ ਗੰਭੀਰ ਹਨ, ਉਸਦਾ ਮੁਕਾਬਲਾ ਕਰਨ ਲਈ ਸ੍ਰੋਮਣੀ ਅਕਾਲੀ ਦਲ ਦਾ ਮਜਬੂਤ ਹੋਣਾ ਜਰੂਰੀ ਹੈ|
ਭਾਰਤ ਤੇ ਚੀਨ ਦੇ ਸਬੰਧ ਸੁਧਰਨ ਵਲ
ਭਾਰਤ ਤੇ ਚੀਨ ਵੱਲੋਂ ਪੂਰਬੀ ਲੱਦਾਖ ਵਿਚ ਅਸਲ ਕੰਟਰੋਲ ਰੇਖਾ ਦੇ ਨਾਲ ਟਕਰਾਅ ਵਾਲੇ ਖੇਤਰਾਂ ਵਿਚੋਂ ਫੌਜਾਂ ਪਿੱਛੇ ਹਟਾਉਣ ਦਾ ਅਮਲ ਬੀਤੇ ਦਿਨੀਂ ਪੂਰਾ ਹੋ ਗਿਆ| ਉਪਰੰਤ ਦੋਵਾਂ ਦੇਸ਼ਾਂ ਦੀਆਂ ਫੌਜਾਂ ਨੇ ਆਪੋ ਆਪਣੀਆਂ ਪੁਜ਼ੀਸ਼ਨਾਂ ਦੀ ਤਸਦੀਕ ਅਤੇ ਇਕ ਦੂਜੇ ਵੱਲੋਂ ਉਸਾਰਿਆ ਬੁਨਿਆਦੀ ਢਾਂਚਾ ਢਾਹੁਣ ਦਾ ਅਮਲ ਸ਼ੁਰੂ ਕਰ ਦਿੱਤਾ ਹੈ|  ਦੇਪਸਾਂਗ ਤੇ ਡੈਮਚੌਕ ਵਿਚ ਆਰਜ਼ੀ ਢਾਂਚਾ ਢਾਹੁਣ ਦਾ ਕੰਮ ਲਗਪਗ ਪੂਰਾ ਹੈ ਤੇ ਦੋਵਾਂ ਪਾਸੇ ਚੌਕੀਆਂ ਦੀ ਤਸਦੀਕ ਦਾ ਥੋੜ੍ਹਾ ਕੰਮ ਪਹਿਲਾਂ ਹੀ ਸ਼ੁਰੂ ਹੋ ਚੁੱਕਾ ਹੈ| ਪੁਜ਼ੀਸ਼ਨਾਂ ਦੀ ਤਸਦੀਕ ਲਈ ਸੁਰੱਖਿਆ ਬਲ ਖ਼ੁਦ ਮੌਕੇ ਤੇ ਜਾ ਰਹੇ ਹਨ ਜਦੋਂਕਿ ਇਸ ਕੰਮ ਲਈ ਯੂਏਵੀ&rsquoਜ਼ (ਅਨਮੈਨਡ ਏਰੀਅਲ ਵਹੀਕਲਜ਼) ਦੀ ਵੀ ਮਦਦ ਲਈ ਜਾ ਰਹੀ ਹੈ| ਫੌਜਾਂ ਪਿੱਛੇ ਹਟਾਉਣ ਦੇ ਅਮਲ ਤਹਿਤ ਦੋਵਾਂ ਪਾਸੇ ਸੁਰੱਖਿਆ ਬਲਾਂ ਨੂੰ ਪਿਛਲੀਆਂ ਲੋਕੇਸ਼ਨਾਂ ਉੱਤੇ ਜਾਣ ਲਈ ਆਖ ਦਿੱਤਾ ਗਿਆ ਹੈ| 
ਦੋਵਾਂ ਧਿਰਾਂ ਵਿਚ ਬਣੀ ਸਹਿਮਤੀ ਤਹਿਤ ਸਲਾਮਤੀ ਦਸਤੇ ਹੁਣ 10 ਤੋਂ 15 ਦੀ ਗਿਣਤੀ ਵਿਚ ਹੀ ਉਨ੍ਹਾਂ ਪੁਆਇੰਟਾਂ ਤੱਕ ਗਸ਼ਤ ਕਰ ਸਕਣਗੇ, ਜਿੱਥੇ ਅਪਰੈਲ 2020 ਤੋਂ ਗਸ਼ਤ ਦੀ ਮਨਾਹੀ ਸੀ| ਭਾਰਤ ਤੇ ਚੀਨ ਦਰਮਿਆਨ ਪਿਛਲੇ ਸਾਢੇ ਚਾਰ ਸਾਲਾਂ ਤੋਂ ਐੱਲਏਸੀ ਦੇ ਨਾਲ ਜਮੂਦ ਬਰਕਰਾਰ ਸੀ, ਪਰ ਪਿਛਲੇ ਹਫ਼ਤੇ ਦੋਵਾਂ ਦੇਸ਼ਾਂ ਨੇ ਦੇਪਸਾਂਗ ਤੇ ਡੈਮਚੌਕ ਵਿਚ ਗਸ਼ਤ ਬਾਰੇ ਸਹਿਮਤੀ ਬਣਨ ਦਾ ਐਲਾਨ ਕੀਤਾ ਸੀ| ਭਾਰਤੀ ਫੌਜ ਵਿਚਲੇ ਸੂਤਰਾਂ ਨੇ ਕਿਹਾ ਸੀ ਕਿ ਤਸਦੀਕ ਦਾ ਅਮਲ ਮੁਕੰਮਲ ਹੋਣ ਮਗਰੋਂ ਅਗਲੇ ਦੋ ਤਿੰਨ ਦਿਨਾਂ ਵਿਚ ਗਸ਼ਤ ਸ਼ੁਰੂ ਹੋ ਜਾਵੇਗੀ| ਉਂਝ ਦੋਵਾਂ ਧਿਰਾਂ ਵੱਲੋਂ ਇਸ ਬਾਰੇ ਅਗਾਊਂ ਜਾਣਕਾਰੀ ਇਕ ਦੂਜੇ ਨਾਲ ਜਾਣਕਾਰੀ ਸਾਂਝੀ ਕੀਤੀ ਜਾਵੇਗੀ ਤਾਂ ਕਿ ਟਕਰਾਅ ਵਾਲੀ ਸਥਿਤੀ ਨਾ ਬਣੇ| ਦੇਪਸਾਂਗ ਖੇਤਰ ਵਿਚ ਭਾਰਤੀ ਫੌਜਾਂ ਹੁਣ &lsquoਬੌਟਲਨੈੱਕ&rsquo ਇਲਾਕੇ ਤੋਂ ਪਾਰ ਵੀ ਗਸ਼ਤ ਕਰ ਸਕਣਗੀਆਂ ਜਦੋਂਕਿ ਡੈਮਚੌਕ ਵਿਚ ਭਾਰਤੀ ਸੁਰੱਖਿਆ ਬਲਾਂ ਨੂੰ ਟਰੈਕ ਜੰਕਸ਼ਨ ਤੇ ਚਾਰਡਿੰਗ ਨੁੱਲਾ ਤਕ ਜਾਣ ਦੀ ਖੁੱਲ੍ਹ ਹੋਵੇਗੀ|
ਭਾਰਤ ਤੇ ਚੀਨ ਦੇ ਸੁਧਰ ਰਹੇ ਸਬੰਧ ਦੱਖਣੀ ਏਸ਼ੀਆ ਦੀ ਸ਼ਾਂਤੀ ਲਈ ਜਰੂਰੀ ਸਨ ਜਦੋਂ ਕਿ ਵਿਸ਼ਵ ਦੇ ਹਿਸਿਆਂ ਵਿਚ ਯੂਕਰੇਨ ਰੂਸ ਜੰਗ, ਇਜਰਾਈਲ, ਇਰਾਨ ਤਣਾਅ ਚਲ ਰਿਹਾ ਹੈ| ਇਹ ਯਤਨ ਵਿਸ਼ਵ ਸ਼ਾਂਤੀ ਲਈ ਸੰਦੇਸ਼ ਦੇਵੇਗਾ| ਪ੍ਰਧਾਨ ਮੰਤਰੀ ਮੋਦੀ ਇਸ ਪਖੋਂ ਵਧਾਈ ਦੇ ਹੱਕਦਾਰ ਹਨ| ਅਮਰੀਕਾ ਨੇ ਵੀ ਇਸ ਸਮਝੌਤੇ ਦਾ ਸਵਾਗਤ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੂੰ ਵਧਾਈ ਦਿਤੀ ਹੈ|
ਤਿਹਾੜ ਜੇਲ੍ਹ ਦਾ ਵਾਰਡਰ ਡਰਗ ਦਾ ਸੌਦਾਗਰ
ਐਨਸੀਬੀ ਨੇ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ  ਨਾਲ ਮਿਲ ਕੇ ਨਸ਼ੀਲੇ ਮੈਥਮਫੇਟਾਮਾਈਨ ਡਰੱਗਜ਼  ਬਣਾਉਣ ਤੇ ਉਸਨੂੰ ਦੇਸ਼-ਵਿਦੇਸ਼ ਵਿਚ ਵੇਚਣ ਦੇ ਮਾਮਲੇ ਵਿਚ ਇਕ ਮੈਕਸੀਕਨ ਨਾਗਰਿਕ ਤੇ ਤਿਹਾੜ ਜੇਲ੍ਹ ਦੇ ਵਾਰਡਨ ਸਮੇਤ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ| ਮੈਕਸੀਕਨ ਨਾਗਰਿਕ ਨੂੰ ਸਰਗਨਾ ਦੱਸਿਆ ਜਾ ਰਿਹਾ ਹੈ| ਐੱਨਸੀਬੀ ਨੇ ਗੌਤਮਬੁੱਧ ਨਗਰ ਵਿਚ ਜੇ-36 ਸੂਰਜਪੁਰ ਇੰਡਸਟਰੀਅਲ ਏਰੀਆ ਸਥਿਤ ਫੈਕਟਰੀ ਤੇ ਛਾਪਾ ਮਾਰ ਕੇ ਕਰੀਬ 10 ਕਰੋੜ ਰੁਪਏ ਮੁੱਲ ਦੀ 95 ਕਿੱਲੋ ਮੈਥਮਫੇਟਾਮਾਈਨ ਵੀ ਬਰਾਮਦ ਕੀਤੀ ਹੈ| ਇਸ ਤੋਂ ਇਲਾਵਾ ਇੱਥੇ ਏਸੀਟੋਨ, ਸੋਡੀਅਮ ਹਾਈਡ੍ਰਾਕਸਾਈਡ, ਮੈਥੀਲੀਨ ਕਲੋਰਾਈਡ, ਪ੍ਰੀਮੀਅਮ ਗ੍ਰੇਡ ਇਥੇਨਾਲ, ਟੋਲਯੂਨੀ, ਰੈੱਡ ਫਾਸਫੋਰਸ ਏਥਿਲ ਏਸੀਟੇਟ ਆਦਿ ਰਸਾਇਣ ਤੇ ਨਿਰਮਾਣ ਲਈ ਦਰਾਮਦ ਹੋਈਆਂ ਮਸ਼ੀਨਾਂ ਵੀ ਮਿਲੀਆਂ| ਮੁਲਜ਼ਮਾਂ ਤੋਂ ਪਤਾ ਲੱਗਾ ਕਿ ਛਾਪੇ ਦੇ ਸਮੇਂ ਫੈਕਟਰੀ ਚ ਮਿਲੇ ਕਾਰੋਬਾਰੀ ਨੇ ਤਿਹਾੜ ਜੇਲ੍ਹ ਦੇ ਵਾਰਡਨ ਨਾਲ ਮਿਲ ਕੇ ਨਾਜਾਇਜ਼ ਫੈਕਟਰੀ ਖੋਲ੍ਹੀ ਸੀ| ਉਸਨੇ ਵੱਖ ਵੱਖ ਥਾਵਾਂ ਤੋਂ ਮੈਥਮਫੇਟਾਮਾਈਨ ਦੇ ਨਿਰਮਾਣ ਲਈ ਜ਼ਰੂਰੀ ਰਸਾਇਣਾਂ ਦੀ ਖ਼ਰੀਦ ਕੀਤੀ ਸੀ| ਚਾਰਾਂ ਮੁਲਜ਼ਮਾਂ ਨੂੰ ਪੁੱਛਗਿੱਛ ਲਈ ਤਿੰਨ ਦਿਨਾਂ ਦੇ ਰਿਮਾਂਡ &rsquoਤੇ ਲਿਆ ਗਿਆ ਹੈ| 
ਐੱਨਸੀਬੀ ਦੇ ਡਿਪਟੀ ਡਾਇਰੈਕਟਰ ਜਨਰਲ (ਆਪ੍ਰੇਸ਼ਨ) ਗਿਆਨੇਸ਼ਵਰ ਸਿੰਘ ਨੇ ਕਿਹਾ ਕਿ ਸੂਚਨਾ ਮਿਲੀ ਸੀ ਕਿ ਕੁਝ ਲੋਕ ਵਿਦੇਸ਼ ਚ ਬਰਾਮਦ ਦੇ ਨਾਲ ਭਾਰਤ ਚ ਖ਼ਪਤ ਲਈ ਮੈਥਾਮਫੇਟਾਮਾਈਨ ਵਰਗੀ ਸਿੰਥੈਟਿਕ ਡਰੱਗ ਦਾ ਉਤਪਾਦਨ ਕਰ ਰਹੇ ਹਨ| ਤਸਕਰਾਂ ਨੇ ਐੱਨਸੀਆਰ ਚ ਕਈ ਥਾਵਾਂ ਤੇ ਲੈਬ ਦੀ ਆੜ &rsquoਚ ਫੈਕਟਰੀ ਖੋਲ੍ਹੀ ਹੋਈ ਹੈ, ਜਿਸ ਵਿਚ ਮੈਕਸੀਕਨ ਸੀਜੇਐੱਨਜੀ ਡਰੱਗਜ਼ ਕਾਰਟੇਲ (ਕਾਰਟੇਲ ਡੀ ਜਲਿਸਕੋ ਨੁਏਵਾ ਜਨਰੇਸ਼ਨ) ਦੇ ਲੋਕ ਵੀ ਸ਼ਾਮਲ ਹਨ|
ਪੁਲਿਸ ਅਨੁਸਾਰ ਕਾਰੋਬਾਰੀ ਨੂੰ ਪਹਿਲਾਂ ਮਾਲੀਆ ਖ਼ੁਫ਼ੀਆ ਵਿਭਾਗ (ਡੀਆਰਆਈ) ਵਲੋਂ ਐੱਨਡੀਪੀਐੱਸ ਮਾਮਲੇ ਚ ਗ੍ਰਿਫ਼ਤਾਰ ਕਰ ਕੇ ਤਿਹਾੜ ਜੇਲ੍ਹ ਭੇਜਿਆ ਗਿਆ ਸੀ, ਜਿੱਥੇ ਉਹ ਜੇਲ੍ਹ ਵਾਰਡਨ ਦੇ ਸੰਪਰਕ ਵਿਚ ਆਇਆ| ਡਰੱਗਜ਼ ਦੇ ਨਿਰਮਾਣ ਲਈ ਮੁੰਬਈ ਸਥਿਤ ਰਸਾਇਣ ਮਾਹਰ ਨੂੰ ਸ਼ਾਮਲ ਕੀਤਾ ਗਿਆ ਤੇ ਉਸਦੀ ਗੁਣਵੱਤਾ ਦਾ ਪ੍ਰੀਖਣ ਦਿੱਲੀ ਵਿਚ ਰਹਿਣ ਵਾਲਾ ਮੈਕਸੀਕਨ ਕਾਰਟੇਲ ਦਾ ਮੈਂਬਰ ਕਰਦਾ ਸੀ| ਮੁਲਜ਼ਮਾਂ ਦੇ ਹੋਰ ਲੋਕਾਂ ਨਾਲ ਸਬੰਧ, ਮਨੀ ਟ੍ਰੇਲ ਤੇ ਜਾਇਦਾਦਾਂ ਦਾ ਪਤਾ ਲਗਾਇਆ ਜਾ ਰਿਹਾ ਹੈ|
ਇਸ ਸਾਲ ਐੱਨਸੀਬੀ ਨੇ ਗੁਜਰਾਤ ਦੇ ਗਾਂਧੀਨਗਰ ਤੇ ਅਮਰੇਲੀ, ਰਾਜਸਥਾਨ ਦੇ ਜੋਧਪੁਰ ਤੇ ਸਿਰੋਹੀ ਤੇ ਮੱਧ ਪ੍ਰਦੇਸ਼ ਦੇ ਭੋਪਾਲ ਵਿਚ ਇਸ ਤਰ੍ਹਾਂ ਦੀਆਂ ਫੈਕਟਰੀਆਂ ਦਾ ਪਰਦਾਫਾਸ਼ ਕੀਤਾ ਹੈ| ਭੋਪਾਲ ਦੇ ਬਗਰੋਦਾ ਇੰਡਸਟਰੀਅਲ ਏਰੀਆ ਵਿਚ ਗੁਜਰਾਤ ਏਟੀਐੱਸ ਨਾਲ ਸਾਂਝੀ ਕਾਰਵਾਈ ਵਿਚ ਫੈਕਟਰੀ ਫੜੀ ਗਈ ਸੀ, ਜਿੱਥੋਂ ਲਗਪਗ 907 ਕਿੱਲੋ ਮੇਫੇਡ੍ਰੋਨ ਤੇ ਮਸ਼ੀਨਰੀ ਦੇ ਨਾਲ ਲਗਪਗ 7,000 ਕਿੱਲੋ ਵੱਖ-ਵੱਖ ਰਸਾਇਣ ਜ਼ਬਤ ਕੀਤੇ ਗਏ ਸਨ| ਮੰਨਿਆ ਜਾਂਦਾ ਹੈ ਕਿ ਮੈਥਾਮਫੇਟਾਮਾਈਨ ਤੇ ਮੇਫੇਡ੍ਰੋਨ ਵਰਗੀਆਂ ਸਿੰਥੈਟਿਕ ਡਰੱਗਜ਼ ਦੇ ਉਤਪਾਦਨ ਦੀ ਘੱਟ ਲਾਗਤ ਨੂੰ ਦੇਖਦੇ ਹੋਏ ਮਾਫ਼ੀਆ ਤੇਜ਼ੀ ਨਾਲ ਇੰਡਸਟਰੀਅਲ ਇਲਾਕਿਆਂ ਵਿਚ ਅਜਿਹੀਆਂ ਗੁਪਤ ਪ੍ਰਯੋਗਸ਼ਾਲਾਵਾਂ ਸਥਾਪਤ ਕਰ ਰਹੇ ਹਨ| ਇਸ ਤੋਂ ਸਪੱਸ਼ਟ ਹੈ ਕਿ ਗੁਜਰਾਤ, ਦਿਲੀ ਵਿਚ ਡਰਗ ਦੀਆਂ ਨਾਜਾਇਜ਼ ਫੈਕਟਰੀਆਂ ਹਨ, ਜਿਥੋਂ ਡਰਗ ਪੰਜਾਬ ਵਿਚ ਖਪਾਈ ਜਾਂਦੀ ਹੈ| ਇਸ ਵਿਚ ਭ੍ਰਿਸ਼ਟ ਨੇਤਾ, ਪੁਲਿਸ ਅਫਸਰ, ਡਰਗ ਮਾਫੀਆ ਦਾ ਗਠਜੋੜ ਸ਼ਾਮਲ ਹੈ| ਭਾਰਤ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਇਸ ਨੂੰ ਸਖਤੀ ਨਾਲ ਰੋਕੇ|
-ਰਜਿੰਦਰ ਸਿੰਘ ਪੁਰੇਵਾਲ