image caption: ਭਗਵਾਨ ਸਿੰਘ ਜੌਹਲ
ਪੰਜਾ ਸਾਹਿਬ ਦਾ ਸ਼ਹੀਦੀ ਸਾਕਾ ਜਦੋਂ ਸ਼ਹੀਦਾਂ ਦੇ ਪਵਿੱਤਰ ਖੂਨ ਨੇ ਰੇਲ ਗੱਡੀ ਰੋਕ ਦਿੱਤੀ
 31 ਅਕਤੂਬਰ ਲਈ
20ਵੀਂ ਸਦੀ ਦੇ ਆਰੰਭ ਵਿੱਚ ਗੁਰਦੁਆਰਾ ਸੁਧਾਰ ਲਹਿਰ ਨੇ ਸਮੁੱਚੀ ਸਿੱਖ ਕੌਮ ਵਿੱਚ ਗੁਰਮਤਿ ਸਿਧਾਂਤਾਂ ਨੂੰ ਦ੍ਰਿੜ ਕਰਵਾਉਣ ਲਈ ਜਿਹੜੀ ਜਾਗ੍ਰਤੀ ਪੈਦਾ ਕੀਤੀ, ਉਸ ਦੀ ਗਵਾਹੀ ਸਿੱਖ ਇਤਿਹਾਸ ਦੇ ਪੰਨੇ ਬਾਖੂਬੀ ਬਿਆਨ ਕਰਦੇ ਹਨ । ਇਸ ਲਹਿਰ ਦੇ ਦੌਰਾਨ ਜਨਮ ਅਸਥਾਨ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਦੀ ਪਾਵਨ ਧਰਤੀ &lsquoਤੇ ਵਾਪਰਿਆ ਸ਼ਹੀਦੀ ਸਾਕਾ ਲੂਹ ਕੰਡੇ ਖੜ੍ਹੇ ਕਰਨ ਵਾਲੀ ਅਹਿਮ ਘਟਨਾ ਹੈ । ਇਸ ਤੋਂ ਇਲਾਵਾ ਗੁਰਦੁਆਰਾ ਸੁਧਾਰ ਲਹਿਰ ਦੀ ਇਕ ਹੋਰ ਅਹਿਮ ਘਟਨਾ ਗੁਰੂ ਕੇ ਬਾਗ਼ ਦਾ ਮੋਰਚਾ ਹੈ । ਇਹ ਮੋਰਚਾ 8 ਅਗਸਤ, 1922 ਈ: ਨੂੰ ਆਰੰਭ ਹੋਇਆ । ਇਸ ਮੋਰਚੇ ਵਿੱਚ ਸ਼ਾਮਿਲ ਹੋਣ ਵਾਲੇ ਮਰਜੀਵੜਿਆਂ ਦੇ ਜਥੇ ਸਮੁੱਚੇ ਪੰਜਾਬ ਵਿੱਚੋਂ ਵਹੀਰਾਂ ਘੱਤ ਕੇ ਆਉਂਦੇ ਸਨ । ਜਦੋਂ ਇਹ ਜਥੇ ਆਪਣੇ ਪਿੰਡਾਂ/ਸ਼ਹਿਰਾਂ ਤੋਂ ਰਵਾਨਾ ਹੁੰਦੇ ਸਨ ਤਾਂ ਆਪਣੇ ਜਾਨਾਂ ਤੋਂ ਪਿਆਰੇ ਗੁਰਧਾਮਾਂ ਲਈ ਆਪਾ ਵਾਰਨ ਲਈ ਪਰਿਵਾਰਾਂ ਤੋਂ ਵਿਛੜਣ ਸਮੇਂ ਅਰਦਾਸ ਕਰਕੇ ਤੁਰਦੇ ਸਨ । ਉਨ੍ਹਾਂ ਦਾ ਅਰਦਾਸ ਕਰਨ ਦਾ ਮਕਸਦ ਇਕੋ ਹੁੰਦਾ ਸੀ, ਗੁਰੂ ਘਰਾਂ ਦੀ ਹੋ ਰਹੀ ਬੇਹੁਰਮੀ ਨੂੰ ਰੋਕਣ ਲਈ ਸ਼ਹੀਦੀ ਪ੍ਰਾਪਤ ਕਰਨਾ ਜਾਂ ਮੋਰਚੇ ਦੀ ਸਮਾਪਤੀ ਤੱਕ ਗੁਰਧਾਮਾਂ ਦੀ ਸੇਵਾ ਲਈ ਕੁਰਬਾਨੀ ਲਈ ਪ੍ਰਣ ਕਰਨਾ । ਗੁਰੂ ਕੇ ਬਾਗ਼ ਦੇ ਮੋਰਚੇ ਵਿੱਚ ਸ਼ਾਮਿਲ ਸਿੰਘਾਂ ਨੂੰ ਗ੍ਰਿਫਤਾਰ ਕਰਕੇ ਪਹਿਲਾਂ ਅੰਮ੍ਰਿਤਸਰ ਸਾਹਿਬ ਦੇ ਕਿਲ੍ਹਾ ਗੋਬਿੰਦਗੜ੍ਹ ਵਿੱਚ ਬੰਦੀ ਬਣਾ ਕੇ ਰੱਖਿਆ ਜਾਂਦਾ ਸੀ ।
ਜਦੋਂ ਇਨ੍ਹਾਂ ਕੈਦੀ ਸਿੰਘਾਂ ਦੀ ਗਿਣਤੀ ਇਕ ਰੇਲ ਗੱਡੀ ਵਿੱਚ ਸਵਾਰ ਹੋਣ ਲਈ ਪੂਰੀ ਹੋ ਜਾਂਦੀ ਸੀ, ਤਾਂ ਇਸ ਤੋਂ ਪਿੱਛੋਂ ਇਨ੍ਹਾਂ ਸਾਰੇ ਮਰਜੀਵੜਿਆਂ ਨੂੰ ਦੂਰ ਦੁਰਾਡੇ ਦੀਆਂ ਜੇਲ੍ਹਾਂ ਵਿੱਚ ਤਬਦੀਲ ਕਰ ਦਿੱਤਾ ਜਾਂਦਾ ਸੀ । 29 ਅਕਤੂਬਰ, 1922 ਨੂੰ ਇਕ ਰੇਲ ਗੱਡੀ ਕੈਦੀ ਸਿੰਘਾਂ ਨਾਲ ਭਰ ਕੇ ਅੰਮ੍ਰਿਤਸਰ ਤੋਂ ਅਟਕ ਜ਼ਿਲ੍ਹੇ (ਹੁਣ ਪਾਕਿਸਤਾਨ) ਵੱਲ ਭੇਜੀ ਗਈ । ਗੁਰਦੁਆਰਾ ਪੰਜਾ ਸਾਹਿਬ ਦੀ ਪ੍ਰਬੰਧਕ ਕਮੇਟੀ ਅਤੇ ਸਿੱਖ ਸੰਗਤ ਨੇ ਅੰਮ੍ਰਿਤਸਰ ਸਾਹਿਬ ਤੋਂ ਅਟਕ ਜਾ ਰਹੀ ਰੇਲ ਗੱਡੀ ਵਿੱਚ ਸਵਾਰ ਕੈਦੀ ਸਿੰਘਾਂ ਨੂੰ ਨੇੜਲੇ ਸਟੇਸ਼ਨ ਹਸਨ ਅਬਦਾਲ ਵਿਖੇ ਰੋਕ ਕੇ ਗੁਰੂ ਕਾ ਲੰਗਰ ਛਕਾਊਣ ਦਾ ਫੈਸਲਾ ਕੀਤਾ । ਅੰਗ੍ਰੇਜ਼ ਹਕੂਮਤ ਮੁਤਾਬਿਕ ਰੇਲਵੇ ਵਿਭਾਗ ਨੂੰ ਇਹ ਹਦਾਇਤ ਕੀਤੀ ਗਈ ਸੀ ਕਿ ਇਸ ਰੇਲ ਗੱਡੀ ਨੂੰ ਇਸ ਸਟੇਸ਼ਨ ਤੋਂ ਬਿਨਾਂ ਰੁੱਕਣ ਦੇ ਅੱਗੇ ਨਿਕਲ ਜਾਣਾ ਹੈ । ਇਹ ਸਮਾਂ ਸਵੇਰੇ 10 ਵਜੇ ਦਾ ਸੀ । ਸਟੇਸ਼ਨ ਮਾਸਟਰ ਨੇ ਸੰਗਤ ਨੂੰ ਸੂਚਿਤ ਕਰ ਦਿੱਤਾ ਕਿ ਕੈਦੀ ਸਿੰਘਾਂ ਵਾਲੀ ਰੇਲ ਗੱਡੀ ਸਰਕਾਰ ਦੇ ਹੁਕਮ ਮੁਤਾਬਕ ਰੋਕੀ ਨਹੀਂ ਜਾ ਸਕਦੀ । ਲੰਗਰ ਦੀ ਪ੍ਰਥਾ ਨੂੰ ਕਾਇਮ ਰੱਖਣ ਤੇ ਭੁੱਖੇ ਨੂੰ ਪ੍ਰਸ਼ਾਦਾ ਛਕਾਉਣ ਦੇ ਗੁਰਮਤਿ ਸਿਧਾਂਤ ਤੇ ਪਹਿਰਾ ਦਿੰਦਿਆਂ, ਉਤਾਵਲੀ ਹੋਈ ਸੰਗਤ ਰੇਲ ਦੀ ਪਟੜੀ ਉੱਪਰ ਬੈਠ ਗਈ । ਇਨ੍ਹਾਂ ਮਰਜੀਵੜੇ ਸ਼ਰਧਾਲੂਆਂ ਵਿੱਚੋਂ ਭਾਈ ਕਰਮ ਸਿੰਘ ਤੇ ਭਾਈ ਪ੍ਰਤਾਪ ਸਿੰਘ ਨੇ ਰੇਲ ਗੱਡੀ ਨੂੰ ਰੋਕਣ ਲਈ ਸ਼ਹੀਦੀ ਜਾਮ ਪੀ ਕੇ ਕੈਦੀ ਸਿੰਘਾਂ ਨੂੰ ਲੰਗਰ ਛਕਾਉਣ ਲਈ ਕੀਤੀ ਅਰਦਾਸ ਨੂੰ ਪੂਰਾ ਕੀਤਾ ।
ਇਨ੍ਹਾਂ ਸ਼ਹੀਦਾਂ ਵਿੱਚੋਂ ਭਾਈ ਪ੍ਰਤਾਪ ਸਿੰਘ ਦਾ ਜਨਮ 26 ਮਾਰਚ, 1899 ਨੂੰ ਜ਼ਿਲ੍ਹਾ ਗੁਜਰਾਂਵਾਲਾ ਦੇ ਪਿੰਡ ਅਕਾਲਗੜ੍ਹ (ਲਹਿੰਦਾ ਪੰਜਾਬ) ਦੇ ਸ। ਸਰੂਪ ਸਿੰਘ ਦੇ ਘਰ ਬੀਬੀ ਪ੍ਰੇਮ ਕੌਰ ਦੀ ਕੁੱਖ ਤੋਂ ਹੋਇਆ । ਆਪਣੇ ਕਸਬੇ ਵਿੱਚ ਸਿੱਖਿਆ ਪ੍ਰਾਪਤ ਕਰਨ ਤੋਂ ਪਿੱਛੋਂ ਭਾਈ ਪ੍ਰਤਾਪ ਸਿੰਘ ਸਰਗੋਧਾ ਜ਼ਿਲ੍ਹੇ ਦੀ ਮੰਡੀ ਭਲਵਾਲ ਵਿੱਚ ਅਧਿਆਪਕ ਨਿਯੁਕਤ ਹੋ ਗਏ । ਪਿੱਛੋਂ ਕਰਾਚੀ (ਪਾਕਿਸਤਾਨ) ਦੇ ਕਿਸੇ ਆੜ੍ਹਤੀ ਦੇ ਕੋਲ ਵੀ ਨੌਕਰੀ ਕੀਤੀ । 1918 ਵਿੱਚ ਇਨ੍ਹਾਂ ਦਾ ਅਨੰਦਕਾਰਜ ਬੀਬੀ ਹਰਨਾਮ ਕੌਰ ਨਾਲ ਹੋਇਆ । ਜਦੋਂ ਸ੍ਰੀ ਨਨਕਾਣਾ ਸਾਹਿਬ ਦਾ ਸ਼ਹੀਦੀ ਸਾਕਾ ਵਾਪਰਿਆ ਤਾਂ ਇਸ ਸਾਕੇ ਦਾ ਅਸਰ ਇਨ੍ਹਾਂ ਦੇ ਕੋਮਲ ਮਨ &lsquoਤੇ ਅਜਿਹਾ ਹੋਇਆ ਕਿ ਨੌਕਰੀ ਨੂੰ ਲੱਤ ਮਾਰ ਕੇ ਪੂਰਾ ਜੀਵਨ ਗੁਰਦੁਆਰਾ ਸੁਧਾਰ ਲਹਿਰ ਲਈ ਗੁਰੂ ਪੰਥ ਦੇ ਲੇਖੇ ਲਾਉਣ ਲਈ ਕੌਮੀ ਹਿੱਤਾਂ ਲਈ ਸਮਰਪਿਤ ਕਰ ਦਿੱਤਾ । ਸੰਗਤ ਦੇ ਹੁਕਮ ਮੁਤਾਬਿਕ ਹਿਸਾਬ ਕਿਤਾਬ ਵਿੱਚ ਤੇਜ਼ ਤਰਾਰ ਬੁੱਧੀ ਕਾਰਨ ਗੁਰਦੁਆਰਾ ਪੰਜਾ ਸਾਹਿਬ ਵਿਖੇ ਖਜ਼ਾਨਚੀ ਦੀ ਸੇਵਾ ਸ਼ੁਰੂ ਕਰ ਦਿੱਤੀ ।
ਇਸ ਸਾਕੇ ਦੇ ਦੂਸਰੇ ਸ਼ਹੀਦ ਭਾਈ ਕਰਮ ਸਿੰਘ ਸਨ । ਇਨ੍ਹਾਂ ਦਾ ਜਨਮ 14 ਨਵੰਬਰ, 1885 ਈ: ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਅਨੰਦਪੁਰ ਸਾਹਿਬ ਦੇ ਗ੍ਰੰਥੀ/ਪ੍ਰਬੰਧਕ ਭਾਈ ਭਗਵਾਨ ਸਿੰਘ ਦੇ ਗ੍ਰਹਿ ਵਿਖੇ ਹੋਇਆ । ਖੰਡੇ ਬਾਟੇ ਦੀ ਪਾਹੁਲ ਲੈਣ ਤੋਂ ਪਹਿਲਾਂ ਇਨ੍ਹਾਂ ਦਾ ਪਰਿਵਾਰਕ ਨਾਂਅ ਸ। ਸੰਤ ਸਿੰਘ ਸੀ, ਪਰ ਘਰ ਦੇ ਧਾਰਮਿਕ ਪ੍ਰਭਾਵ ਕਾਰਨ ਪਿਤਾ ਜੀ ਤੋਂ ਗੁਰਬਾਣੀ ਦੀ ਸੰਥਿਆ ਅਤੇ ਕੀਰਤਨ ਦੀ ਸਿਖਲਾਈ ਪ੍ਰਾਪਤ ਕਰਕੇ ਥੋੜ੍ਹੇ ਸਮੇਂ ਵਿੱਚ ਨਾਮਵਰ ਕੀਰਤਨੀਏ ਬਣ ਗਏ । ਇਥੇ ਹੀ ਕੀਰਤਨ ਦੀ ਸੇਵਾ ਨਿਭਾਉਣ ਲੱਗ ਪਏ । 1922 ਵਿੱਚ ਆਪਣੀ ਧਰਮ ਪਤਨੀ ਸਮੇਤ ਗੁਰਦੁਆਰਾ ਪੰਜਾ ਸਾਹਿਬ ਦੇ ਦਰਸ਼ਨਾਂ ਨੂੰ ਪੁੱਜੇ । ਸੰਗਤ ਦੀ ਬੇਨਤੀ &lsquoਤੇ ਗੁਰਦੁਆਰਾ ਪੰਜਾ ਸਾਹਿਬ ਵਿੱਚ ਕੀਰਤਨ ਦੀ ਸੇਵਾ ਕਰਨੀ ਸ਼ੁਰੂ ਕਰ ਦਿੱਤੀ । ਇਥੋਂ ਹੀ ਅੰਮ੍ਰਿਤਪਾਨ ਕਰਨ ਤੋਂ ਪਿੱਛੋਂ ਸੰਤ ਸਿੰਘ ਤੋਂ ਕਰਮ ਸਿੰਘ ਦੇ ਨਾਂਅ ਦੀ ਪ੍ਰਾਪਤੀ ਪੰਜਾਂ ਸਿੰਘਾਂ ਤੋਂ ਪ੍ਰਾਪਤ ਹੋਈ । 
ਜਦੋਂ ਇਸ ਸਾਕੇ ਦੀ ਖੂਨੀ ਘਟਨਾ ਵਾਪਰੀ, ਉਦੋਂ ਭਾਈ ਪ੍ਰਤਾਪ ਸਿੰਘ ਤੇ ਭਾਈ ਕਰਮ ਸਿੰਘ ਰੇਲਵੇ ਲਾਈਨ ਉੱਪਰ ਸੰਗਤ ਸਮੇਤ ਲਾਈਨ ਉੱਪਰ ਚੌਂਕੜੇ ਮਾਰ ਕੇ ਬੈਠੇ ਸਨ, ਬਾਕੀ ਸੰਗਤ ਇਨ੍ਹਾਂ ਦੇ ਪਿੱਛੇ ਰੇਲਵੇ ਲਾਈਨ ਉੱਪਰ ਬੈਠੀ, ਵਾਹਿਗੁਰੂ ਦਾ ਸਿਮਰਨ ਕਰ ਰਹੀ ਸੀ, ਗੱਡੀ ਵਿਸਲਾਂ ਮਾਰਦੀ ਆ ਰਹੀ ਸੀ ਪਰ ਇਹ ਮਰਜੀਵੜੇ ਆਪਣੇ ਅਕੀਦੇ ਅਤੇ ਕੀਤੀ ਅਰਦਾਸ ਤੋਂ ਜ਼ਰਾ ਜਿੰਨਾ ਵੀ ਨਹੀਂ ਥਿੜਕੇ । ਰੇਲ ਗੱਡੀ ਰੁੱਕ ਤਾਂ ਗਈ ਪਰ ਗਿਆਰਾਂ ਸਿੰਘਾਂ ਨੂੰ ਦਰੜ ਕੇ । ਭਾਈ ਪ੍ਰਤਾਪ ਸਿੰਘ ਅਤੇ ਭਾਈ ਕਰਮ ਸਿੰਘ ਗੰਭੀਰ ਰੂਪ ਵਿੱਚ ਜ਼ਖਮੀ ਸਨ, ਪਰ ਸੁਆਸ ਚੱਲ ਰਹੇ ਸਨ । ਸਾਰੇ ਜ਼ਖਮੀਆਂ ਨੂੰ ਗੁਰਦੁਆਰਾ ਪੰਜਾ ਸਾਹਿਬ ਇਲਾਜ ਲਈ ਪਹੁੰਚਾਇਆ ਗਿਆ । ਲੰਗਰ ਲੈ ਕੇ ਪੁੱਜੀ ਸੰਗਤ ਨੇ ਕੈਦੀ ਸਿੰਘਾਂ ਦੀ ਗੁਰੂ ਕੇ ਲੰਗਰ ਨਾਲ ਭਰਪੂਰ ਸੇਵਾ ਕੀਤੀ । ਇਸ ਘਟਨਾ ਦੀ ਖ਼ਬਰ ਪੂਰੀ ਦੁਨੀਆਂ ਵਿੱਚ ਜੰਗਲ ਦੀ ਅੱਗ ਵਾਂਗ ਫੈਲ ਗਈ । ਇਹ ਸਾਕਾ 29 ਅਕਤੂਬਰ, 1922 ਨੂੰ ਵਾਪਰਿਆ । ਸਮੁੱਚੇ ਸੰਸਾਰ ਦੀਆਂ ਦੂਸਰੀਆਂ ਕੌਮਾਂ ਵਿੱਚ ਇਹ ਖ਼ਬਰ ਜੰਗਲ ਦੀ ਅੱਗ ਵਾਂਗ ਫੈਲ ਗਈ । ਸਿੱਖ ਕੌਮ ਦੀ ਆਪਾ ਵਾਰ ਕੇ ਭੁੱਖੇ ਸਿੱਖ ਕੈਦੀਆਂ ਨੂੰ ਲੰਗਰ ਛਕਾਉਣ ਦੀ ਚਰਚਾ ਤਾਂ ਹੋਣੀ ਸੀ, ਉਥੇ ਭਾਰਤੀ ਅੰਗ੍ਰੇਜ਼ ਹਕੂਮਤ ਨੂੰ ਲਾਹਨਤ ਦਾ ਟਿੱਕਾ ਵੀ ਪੱਕੇ ਤੌਰ &lsquoਤੇ ਮੱਥੇ ਦਾ ਕਲੰਕ ਬਣ ਗਿਆ । ਗੰਭੀਰ ਰੂਪ ਵਿੱਚ ਜ਼ਖਮੀ ਸਾਥੀ ਭਾਈ ਕਰਮ ਸਿੰਘ ਤੇ ਭਾਈ ਪ੍ਰਤਾਪ ਸਿੰਘ 31 ਅਕਤੂਬਰ, 1922 ਨੂੰ ਸ਼ਹਾਦਤ ਪ੍ਰਾਪਤ ਕਰ ਗਏ । ਪਹਿਲੀ ਨਵੰਬਰ ਨੂੰ ਦੋਵਾਂ ਸ਼ਹੀਦਾਂ ਦਾ ਸੰਸਕਾਰ ਰਾਵਲਪਿੰਡੀ ਵਿਖੇ ਲਈ ਨਦੀ ਦੇ ਕਿਨਾਰੇ ਕੀਤਾ ਗਿਆ । 1947 ਦੀ ਪੰਜਾਬ ਦੀ ਵੰਡ ਤੋਂ ਪਹਿਲਾਂ ਇਸ ਸ਼ਹੀਦੀ ਸਾਕੇ ਦਾ ਤਿੰਨ ਦਿਨਾਂ ਜੋੜ ਮੇਲਾ ਸ੍ਰੀ ਪੰਜਾ ਸਾਹਿਬ ਵਿਖੇ ਮਨਾਇਆ ਜਾਂਦਾ ਸੀ, ਪਰ ਹੁਣ ਇਨ੍ਹਾਂ ਸ਼ਹੀਦਾਂ ਦੀ ਅਮਰ ਯਾਦ ਹੀ ਬਾਕੀ ਹੈ । ਗੁਰੂ ਕੇ ਲੰਗਰ ਦੀ ਪ੍ਰਥਾ ਦੀ ਕਾਇਮੀ ਲਈ ਤੇ ਗੁਰਮਤਿ ਸਿਧਾਂਤਾਂ ਦੀ ਦ੍ਰਿੜਤਾ ਲਈ ਆਪਾ ਵਾਰਨ ਵਾਲੇ ਸ਼ਹੀਦਾਂ ਨੂੰ ਸਾਡਾ ਪ੍ਰਣਾਮ । 
-ਭਗਵਾਨ ਸਿੰਘ ਜੌਹਲ