ਅੰਮ੍ਰਿਤਪਾਲ ਤੇ ਦੂਜੀ ਵਾਰ ਐਨਐਸ ਏ ਲਾਉਣ ਦਾ ਮਾਮਲਾ ਬਨਾਮ ਹਾਈਕੋਰਟ
ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਤੇ ਉਸ ਦੇ ਸਾਥੀਆਂ ਤੇ ਦੂਜੀ ਵਾਰ ਰਾਸ਼ਟਰੀ ਸੁਰੱਖਿਆ ਕਾਨੂੰਨ (ਐੱਨਐੱਸਏ) ਲਾਉਣ ਦਾ ਰਿਕਾਰਡ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਤੋਂ ਤਲਬ ਕਰ ਲਿਆ ਹੈ| ਨਾਲ ਹੀ ਇਸ ਨਾਲ ਜੁੜਿਆ ਰਿਕਾਰਡ ਕੇਂਦਰ ਸਰਕਾਰ ਨੂੰ ਵੀ ਸੌਂਪਣ ਦਾ ਆਦੇਸ਼ ਦਿੱਤਾ ਹੈ| ਦੂਜੇ ਪਾਸੇ, ਪੰਜਾਬ ਸਰਕਾਰ ਨੇ ਆਪਣੇ ਜਵਾਬ ਚ ਕਿਹਾ ਕਿ ਅੰਮ੍ਰਿਤਪਾਲ ਦੇ ਸਾਥੀਆਂ ਦੀ ਹਿਰਾਸਤ ਰਾਜ ਦੀ ਸੁਰੱਖਿਆ ਲਈ ਬੇਹੱਦ ਅਹਿਮ ਹੈ| ਅਜਿਹੇ ਵਿਚ ਉਨ੍ਹਾਂ ਦੀ ਹਿਰਾਸਤ ਵਧਾਉਣਾ ਸਹੀ ਹੈ| ਹਾਈ ਕੋਰਟ ਮੰਗਲਵਾਰ ਨੂੰ ਐੱਨਐੱਸਏ ਲਾਉਣ ਅਤੇ ਇਸ ਨੂੰ ਵਿਸਥਾਰ ਦੇ ਕੇ ਹਿਰਾਸਤ ਵਧਾਉਣ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਤੇ ਸੁਣਵਾਈ ਕਰ ਰਿਹਾ ਸੀ| ਜਦੋਂ ਇਸ ਕੇਸ ਤੇ ਸੁਣਵਾਈ ਸ਼ੁਰੂ ਹੋਈ ਤਾਂ ਅਦਾਲਤ ਨੇ ਪੰਜਾਬ ਸਰਕਾਰ ਤੋਂ ਪੁੱਛਿਆ ਕਿ ਕਿਸ ਆਧਾਰ ਤੇ ਇਨ੍ਹਾਂ ਸਾਰਿਆਂ &rsquoਤੇ ਨਵੇਂ ਸਿਰੇ ਤੋਂ ਐੱਨਐੱਸਏ ਲਾਇਆ ਗਿਆ ਹੈ| 
ਇਹ ਰਿਕਾਰਡ ਪੰਜਾਬ ਸਰਕਾਰ ਦੇ ਕੋਲ ਨਹੀਂ ਸੀ| ਇਸ ਤੇ ਹਾਈ ਕੋਰਟ ਨੇ ਸਰਕਾਰ ਨੂੰ ਚਾਰ ਦਸੰਬਰ ਤਕ ਰਿਕਾਰਡ ਪੇਸ਼ ਕਰਨ ਦੇ ਆਦੇਸ਼ ਦਿੰਦੇ ਹੋਏ ਸੁਣਵਾਈ ਮੁਲਤਵੀ ਕਰ ਦਿੱਤੀ| ਅੰਮ੍ਰਿਤਪਾਲ ਦੇ ਸਾਥੀਆਂ ਸਰਬਜੀਤ ਸਿੰਘ ਕਲਸੀ, ਗੁਰਮੀਤ ਗਿੱਲ, ਪਪਲਪ੍ਰੀਤ ਸਿੰਘ ਤੇ ਹੋਰਨਾਂ ਨੇ ਆਪਣੀ ਪਟੀਸ਼ਨ ਵਿਚ ਕਿਹਾ ਹੈ ਕਿ ਉਨ੍ਹਾਂ ਖ਼ਿਲਾਫ਼ ਐੱਨਐੱਸਏ ਲਾਉਣ ਸਮੇਤ ਹੋਰ ਕਾਰਵਾਈ ਗ਼ੈਰਸੰਵਿਧਾਨਕ, ਕਾਨੂੰਨ ਦੇ ਖ਼ਿਲਾਫ਼ ਅਤੇ ਮੰਦਭਾਵਨਾ ਨਾਲ ਕੀਤੀ ਗਈ ਹੈ| ਸਿੱਖ ਮਨਾਂ ਵਿਚ ਭਾਵਨਾ ਇਹੀ ਹੈ ਕਿ ਭਾਈ ਅੰਮ੍ਰਿਤ ਪਾਲ ਸਿੰਘ ਨਾਲ ਸਰਕਾਰ ਵਲੋਂ ਵਿਤਕਰਾ ਕੀਤਾ ਗਿਆ ਹੈ| ਉਹ ਸਿੱਖ ਨੌਜਵਾਨਾਂ ਦੀ ਲੀਡਰਸ਼ਿਪ ਨੂੰ ਦਬਾਉਣਾ ਚਾਹੁੰਦੀ ਹੈ ਤੇ ਦੂਜੇ ਪਾਸੇ ਉਹ ਹਿੰਸਕ ਫਿਰਕੂ ਭਗਵੇਂਵਾਦੀ ਜਥੇਬੰਦੀਆਂ ਨੂੰ ਪ੍ਰਮੋਟ ਕਰ ਰਹੀ ਹੈ| ਝੂਠੀਆਂ ਕਹਾਣੀਆਂ ਘੜਕੇ ਅੰਮ੍ਰਿਤ ਪਾਲ ਸਿੰਘ ਨੂੰ ਕਾਲੇ ਕਨੂੰਨਾਂ ਤਹਿਤ ਜੇਲ ਵਿਚ ਰਖਣਾ ਚਾਹੁੰਦੀ ਹੈ|
ਕੈਨੇਡਾ ਸਿੱਖ ਮਾਮਲੇ ਬਾਰੇ ਅਕਾਲੀ ਦਲ ਦੀ ਕਮਜ਼ੋਰ ਬਿਆਨਬਾਜ਼ੀ
ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੇ ਕੈਨੇਡਾ ਵਿਚ ਧਾਰਮਿਕ ਅਸਥਾਨਾਂ ਦੇ ਬਾਹਰ ਵਾਪਰੀਆਂ ਹਿੰਸਕ ਘਟਨਾਵਾਂ ਦੀ ਨਿਖੇਧੀ ਕੀਤੀ ਹੈ| ਉਨ੍ਹਾਂ ਭਾਰਤੀ ਮੂਲ ਦੇ ਲੋਕਾਂ ਨੂੰ ਉਹਨਾਂ ਨੂੰ ਫਿਰਕੂ ਲੀਹਾਂ ਤੇ ਵੰਡਣ ਦੀਆਂ ਰਚੀਆਂ ਜਾ ਰਹੀਆਂ ਸਾਜ਼ਿਸ਼ਾਂ ਨੂੰ ਮਾਤ ਪਾਉਣ ਦੀ ਅਪੀਲ ਕੀਤੀ| ਉਨ੍ਹਾਂ ਕੈਨੇਡਾ ਸਰਕਾਰ ਨੂੰ ਸਾਰੇ ਧਾਰਮਿਕ ਅਸਥਾਨਾਂ ਨੂੰ ਅਜਿਹੀਆਂ ਹਿੰਸਕ ਘਟਨਾਵਾਂ ਤੋਂ ਬਚਾਉਣ ਦੀ ਅਪੀਲ ਕੀਤੀ| ਅਕਾਲੀ ਦਲ ਨੇ ਨਾ ਭਾਈ ਹਰਦੀਪ ਸਿੰਘ ਨਿਝਰ ਦਾ ਮੱਸਲਾ ਉਠਾਇਆ ਹੈ| ਨਾ ਹੀ ਕੈਨੇਡਾ ਵਿਚ ਗੁਰਦੁਆਰਿਆਂ ਉਪਰ  ਹਿੰਦੂਤਵੀ ਹਮਲੇ ਦਾ|
ਅਕਾਲੀ ਦਲ ਬਿਆਨ ਸਚਾਈ ਦੇ ਨੇੜੇ ਤੇੜੇ ਵੀ ਨਹੀਂ ਹੈ| ਉਸਨੂੰ ਕੈਨੇਡਾ ਵਿਚ ਵਫਦ ਭੇਜਕੇ ਇਸ ਸਾਰੇ ਮਸਲੇ ਬਾਰੇ ਜਾਣਕਾਰੀ ਲੈਣੀ ਚਾਹੀਦੀ ਹੈ ਤੇ ਸਾਰੀ ਸਚਾਈ ਪੇਸ਼ ਕਰਨੀ ਚਾਹੀਦੀ ਹੈ| ਇਸ ਨੀਤੀ ਨਾਲ ਅਕਾਲੀ ਦਲ ਦਾ ਪੰਥਕ ਵਕਾਰ ਵਧੇਗਾ| ਯਾਦ ਰਖਣਾ ਚਾਹੀਦਾ ਹੈ ਕਿ ਉਹ ਰਾਸ਼ਟਰਵਾਦੀ ਪਾਰਟੀ ਨਹੀਂ ਹੈ, ਪੰਥਕ ਸਰੋਕਾਰਾਂ ਵਾਲੀ ਪਾਰਟੀ ਹੈ| ਸੱਚ ਇਹ ਵੀ ਹੈ ਕਿ ਖਾਲਿਸਤਾਨੀ ਸਿਖਾਂ ਨੇ ਮੰਦਰ ਉਪਰ ਹਮਲਾ ਨਹੀਂ ਕੀਤਾ ਜਿਸਤਰ੍ਹਾਂ ਭਾਰਤੀ ਮੀਡੀਆ ਨੇ ਪੇਸ਼ ਕੀਤਾ ਹੈ| ਉਲਟਾ ਭਗਵੇਂ ਵਾਦੀਆਂ ਨੇ ਗੁਰਦੁਆਰਿਆਂ ਉਪਰ ਹਮਲੇ ਕੀਤੇ ਹਨ| ਇਸ ਦੀ ਅਕਾਲੀ ਦਲ ਵਲੋਂ ਨਿਖੇਧੀ ਹੋਣੀ ਚਾਹੀਦੀ ਹੈ| ਅਸੀਂ ਸਮਝਦੇ ਹਾਂ ਕਿ ਹਿੰਦੂ ਭਾਈਚਾਰਾ ਫਾਸ਼ੀਵਾਦੀ ਹਿੰਦੂਤਵੀਆਂ ਤੋਂ ਵਖਰਾ ਹੈ| ਇਹ ਮਨੂਵਾਦੀ ਹਿੰਦੂ ਸਿਖਾਂ ਨੂੰ ਲੜਾਉਣਾ ਚਾਹੁੰਦੇ ਹਨ| ਇਹਨਾਂ ਦਾ ਪਰਦਾਫਾਸ਼ ਕਰਨ ਦੀ ਲੋੜ ਹੈ|
ਪੰਜਾਬ ਬਸਪਾ ਬਾਰੇ ਮਾਇਆਵਤੀ ਦੀ ਹਿਟਲਰਸ਼ਾਹੀ ਨੀਤੀ
ਬਹੁਜਨ ਸਮਾਜ ਪਾਰਟੀ ਦੀ ਕੌਮੀ ਪ੍ਰਧਾਨ ਕੁਮਾਰੀ ਮਾਇਆਵਤੀ ਨੇ ਬਸਪਾ ਪੰਜਾਬ ਦੇ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੂੰ ਪਾਰਟੀ ਵਿਚ ਅਨੁਸ਼ਾਸਨਹੀਣਤਾ ਅਪਣਾਉਣ ਦੇ ਦੋਸ਼ ਲਾ ਕੇ ਬਰਖਾਸਤ ਕਰ ਦਿੱਤਾ ਹੈ| ਇਸ ਸਬੰਧੀ ਬਸਪਾ ਪੰਜਾਬ ਦੇ ਇੱਥੇ ਸਥਿਤ ਮੁੱਖ ਦਫ਼ਤਰ ਵੱਲੋਂ ਦਫਤਰ ਸਕੱਤਰ ਜਸਵੰਤ ਰਾਏ ਦੇ ਦਸਤਖ਼ਤਾਂ ਹੇਠ ਜਾਰੀ ਬਿਆਨ ਚ ਕਿਹਾ ਗਿਆ ਹੈ ਕਿ ਪਾਰਟੀ ਨੂੰ ਜਸਵੀਰ ਸਿੰਘ ਗੜ੍ਹੀ ਨੂੰ ਪਾਰਟੀ ਵਿਚੋਂ ਕੱਢ ਦਿੱਤਾ ਹੈ ਅਤੇ ਉਨ੍ਹਾਂ ਦੀ ਥਾਂ ਤੇ ਸਾਬਕਾ ਪ੍ਰਧਾਨ ਤੇ ਸਾਬਕਾ ਰਾਜ ਸਭਾ ਮੈਂਬਰ ਅਵਤਾਰ ਸਿੰਘ ਕਰੀਮਪੁਰੀ ਨੂੰ ਬਸਪਾ ਪੰਜਾਬ ਦਾ ਪ੍ਰਧਾਨ ਬਣਾ ਦਿੱਤਾ ਗਿਆ ਹੈ| ਜਸਵੀਰ ਸਿੰਘ ਗੜ੍ਹੀ ਅਨੁਸਾਰ ਪਾਰਟੀ ਚੋਂ ਕੱਢੇ ਜਾਣ ਬਾਰੇ ਮੀਡੀਆ ਰਾਹੀਂ ਪਤਾ ਲੱਗਾ ਹੈ ਤੇ ਉਨ੍ਹਾਂ ਨੂੰ ਪਾਰਟੀ ਵੱਲੋਂ ਕੋਈ ਨੋਟਿਸ ਨਹੀਂ ਭੇਜਿਆ ਗਿਆ| ਪਾਰਟੀ ਚੋਂ ਕੱਢੇ ਜਾਣ ਦੇ ਕਾਰਨਾਂ ਬਾਰੇ ਪੁੱਛੇ ਜਾਣ ਤੇ ਗੜ੍ਹੀ ਨੇ ਕਿਹਾ ਕਿ ਉਹ ਪਿਛਲੇ ਸਮੇਂ ਤੋਂ ਬਸਪਾ ਪੰਜਾਬ ਦੇ ਇੰਚਾਰਜ ਰਣਧੀਰ ਸਿੰਘ ਬੈਨੀਵਾਲ ਵੱਲੋਂ 2022 ਦੀਆ ਚੋਣਾਂ ਦੌਰਾਨ ਟਿਕਟਾਂ ਦੀ ਵੰਡ ਵੇਲੇ ਕੀਤੇ ਗਏ ਭ੍ਰਿਸ਼ਟਾਚਾਰ ਤੇ ਪਾਰਟੀ ਫੰਡ ਚ ਘੁਟਾਲੇ ਦਾ ਮਾਮਲਾ ਲਗਾਤਾਰ ਪਾਰਟੀ ਹਾਈਕਮਾਂਡ ਕੋਲ ਰੱਖ ਰਹੇ ਸਨ|
ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਦੁੱਖ ਦੀ ਗੱਲ ਹੈ ਕਿ ਪਾਰਟੀ ਹਾਈਕਮਾਂਡ ਨੇ ਬੈਨੀਵਾਲ ਦੀਆ ਪਾਰਟੀ ਨੂੰ ਨੁਕਸਾਨ ਪਹੁੰਚਾਉਣ ਵਾਲੀਆ ਸਰਗਰਮੀਆਂ &rsquoਤੇ ਕਾਰਵਾਈ ਕਰਨ ਦੀ ਬਜਾਏ ਉਨ੍ਹਾਂ ਨੂੰ ਪਾਰਟੀ &rsquoਚ ਕੱਢ ਦਿੱਤਾ ਹੈ| ਉਨ੍ਹਾਂ ਕਿਹਾ ਕਿ ਉਹ ਚੁੱਪ ਨਹੀਂ ਬੈਠਣਗੇ ਅਤੇ ਪਾਰਟੀ ਦੀ ਕੌਮੀ ਪ੍ਰਧਾਨ ਕੁਮਾਰੀ ਮਾਇਆਵਤੀ ਨਾਲ ਮਿਲ ਕੇ ਆਪਣੇ ਪੱਖ ਰੱਖਣਗੇ|
ਮਸਲਾ ਇਹ ਕਿ ਬਸਪਾ ਸੁਪਰੀਮੋ ਮਾਇਆਵਤੀ ਪੰਜਾਬ ਦੇ ਦਲਿਤ ਸੁਭਾਅ, ਪੰਜਾਬ ਤੇ ਸਿਖ ਨੀਤੀਆਂ ਨੂੰ ਨਹੀਂ ਸਮਝ ਸਕੀ| ਇਸ ਕਾਰਣ ਪੰਜਾਬ ਵਿਚ ਬਸਪਾ ਦਾ ਵਡਾ ਨੁਕਸਾਨ ਹੋਇਆ ਹੈ| ਪੰਜਾਬ ਬਸਪਾ ਨੂੰ ਮਾਇਆਵਤੀ ਦੀ ਨਹੀਂ ਕਾਂਸ਼ੀ ਰਾਮ ਵਰਗੇ ਸਾਧੂ ਲੀਡਰ ਦੀ ਲੋੜ ਹੈ ਜੋ ਪੰਜਾਬ ਵਿਚ ਦਲਿਤ ਤੇ ਸਿਖ ਏਕਤਾ ਲਈ ਸਰਗਰਮ ਹੋ ਸਕੇ ਤੇ ਦਲਿਤ ਸਿਆਸਤ ਉਪਰ ਉਠਾ ਸਕੇ|
-ਰਜਿੰਦਰ ਸਿੰਘ ਪੁਰੇਵਾਲ