image caption: -ਰਜਿੰਦਰ ਸਿੰਘ ਪੁਰੇਵਾਲ

ਭਾਰਤੀ ਮੀਡੀਏ ਤੇ ਭਗਵੇਂਵਾਦੀਆਂ ਵਲੋਂ ਕੈਨੇਡਾ ਦੇ ਸਿੱਖਾਂ ਵਿਰੱੁਧ ਕੀਤਾ ਜਾ ਰਿਹਾ ਹੈ ਨਫਰਤੀ ਪ੍ਰਚਾਰ

ਕੈਨੇਡਾ ਵਿਚ ਭਾਰਤੀ ਮੀਡੀਆ ਤੇ ਭਗਵੇਵਾਦੀਆਂ ਵਲੋਂ ਸਿਖਾਂ ਵਿਰੁਧ ਗਲਤ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਉਹ ਮੰਦਰ ਉਪਰ ਖਾਲਿਸਤਾਨ ਦੇ ਨਾਮ ਉਪਰ ਹਮਲੇ ਕਰ ਰਹੇ ਹਨ| ਜਦ ਕਿ ਕੈਨੇਡੀਅਨ ਪੁਲਿਸ ਰਾਹੀਂ ਸਿਧ ਹੋ ਚੁਕਾ ਹੈ ਕਿ ਬੈਰੰਪਟਨ ਮੰਦਰ ਦਾ ਪੁਜਾਰੀ ਤੇ ਕੁਝ ਭਗਵੇਵਾਦੀਆਂ ਦਾ ਗਿਰੋਹ ਹਿੰਦੂ ਭਾਈਚਾਰੇ ਨੂੰ ਭੜਕਾ ਰਿਹਾ ਸੀ, ਜਿਸ ਕਾਰਣ ਮੰਦਰ ਬਾਹਰ ਝੜਪ ਹੋਈ| ਇਸ ਤੋਂ ਬਾਅਦ ਇਨ੍ਹਾਂ ਦੀਆਂ ਗ੍ਰਿਫਤਾਰੀਆਂ ਵੀ ਹੋਈਆਂ| ਹੁਣ ਕੈਨੇਡਾ ਵਿਚ ਸਿਖਾਂ ਵਿਰੁਧ ਨਫਰਤੀ ਪ੍ਰਚਾਰ ਕੀਤਾ ਜਾ ਰਿਹਾ ਕਿ ਸਿਖ ਹਿੰਦੂ ਭਾਈਚਾਰੇ ਵਿਰੁੱਧ ਹਨ| ਦੂਜੇ ਪਾਸੇ ਹਰਿਆਣੇ ਦਾ ਜਾਟ ਭਾਈਚਾਰਾ ਸਿੱਖ ਪੰਥ ਦੇ ਹੱਕ ਵਿਚ ਆ ਡਟਿਆ ਹੈ ਕਿ ਸਿੱਖ ਹਿੰਦੂ ਭਾਈਚਾਰੇ ਖਿਲਾਫ ਨਹੀਂ ਹਨ| ਇਹ ਸੰਘ ਪਖੀ ਲੋਕ ਸਿੱਖਾਂ ਖਿਲਾਫ ਪ੍ਰਚਾਰ ਕਰ ਰਹੇ ਹਨ|
ਕੈਨੇਡਾ ਵਿਚ ਹਿੰਦੂ ਮੰਦਰਾਂ ਵਿਚ ਇਸ ਹਫਤੇ ਦੇ ਅੰਤ ਵਿਚ ਹੋਣ ਵਾਲੇ ਦੋ ਕੌਂਸਲਰ ਕੈਂਪ ਸੁਰੱਖਿਆ ਕਾਰਨਾਂ ਕਰਕੇ ਰੱਦ ਕਰ ਦਿੱਤੇ ਗਏ ਹਨ, ਕਿਉਂ ਕਿ ਖਾਲਿਸਤਾਨੀ ਇਹਨਾਂ ਕੈਪਾਂ ਦਾ ਵਿਰੋਧ ਕਰ ਰਹੇ ਹਨ| ਖਾਲਿਸਤਾਨੀਆਂ ਨੇ ਦੋਸ਼ ਲਗਾਇਆ ਹੈ ਕਿ ਭਾਰਤੀ ਕੌਂਸਲੇਟ ਦੇ ਅਫਸਰ ਭਾਈ ਹਰਦੀਪ ਸਿੰਘ ਨਿਝਰ ਦੇ ਕਤਲ ਵਿਚ ਸ਼ਾਮਲ ਹਨ| ਇਹੀ ਦੋਸ਼ ਕੈਨੇਡਾ ਸਰਕਾਰ ਪਹਿਲਾਂ ਲਗਾ ਚੁਕੀ ਹੈ|
ਹੁਣ ਇਹ ਕੌਂਸਲਰ ਕੈਂਪ 16 ਨਵੰਬਰ ਨੂੰ ਗ੍ਰੇਟਰ ਟੋਰਾਂਟੋ ਏਰੀਆ ਸਥਿਤ ਬਰੈਂਪਟਨ ਦੇ ਤ੍ਰਿਵੇਣੀ ਮੰਦਿਰ ਅਤੇ ਕਮਿਊਨਿਟੀ ਸੈਂਟਰ ਵਿਖੇ ਅਤੇ 17 ਨਵੰਬਰ ਨੂੰ ਕਾਲੀ ਬਾੜੀ ਮੰਦਿਰ, ਟੋਰਾਂਟੋ ਵਿਖੇ ਲਗਾਏ ਜਾਣੇ ਸਨ| ਇਨ੍ਹਾਂ ਸਮਾਗਮਾਂ ਨੂੰ ਰੱਦ ਕਰਨ ਦਾ ਫੈਸਲਾ ਹਾਲ ਹੀ ਵਿੱਚ ਬਰੈਂਪਟਨ ਦੇ ਹਿੰਦੂ ਸਭਾ ਮੰਦਰ ਵਿੱਚ ਖਾਲਿਸਤਾਨ ਸਮਰਥਕਾਂ ਵੱਲੋਂ ਕੀਤੇ ਗਏ ਵਿਰੋਧ ਤੋਂ ਬਾਅਦ ਲਿਆ ਗਿਆ ਹੈ| ਕੈਨੇਡੀਅਨ ਸਿੱਖ ਦੋਸ਼ ਲਗਾ ਰਹੇ ਹਨ ਕਿ ਭਾਰਤੀ ਕੌਂਸਲੇਟ ਦੇ ਅਫਸਰ ਹਿੰਦੂ ਕਮਿਊਨਿਟੀ ਮੈਂਬਰਾਂ ਤੋਂ ਅਖਵਾ ਰਹੇ ਹਨ ਕਿ ਉਹ ਕੈਨੇਡਾ ਵਿਚ ਅਸੁਰੱਖਿਅਤ ਮਹਿਸੂਸ ਕਰਦੇ ਹਨ| ਤ੍ਰਿਵੇਣੀ ਮੰਦਿਰ ਵੱਲੋਂ ਹੁਣੇ ਜਿਹੇ ਬਿਆਨ ਵਿੱਚ ਕਿਹਾ ਗਿਆ ਹੈ ਕਿ ਪੀਲ ਰੀਜਨਲ ਪੁਲਸ ਨੂੰ ਮਿਲੀ ਖੁਫੀਆ ਜਾਣਕਾਰੀ ਅਨੁਸਾਰ ਵੱਡੇ ਪੱਧਰ ਤੇ ਪ੍ਰਦਰਸ਼ਨਾਂ ਦਾ ਖਤਰਾ ਸੀ, ਜਿਸ ਕਾਰਨ ਇਨ੍ਹਾਂ ਕੌਂਸਲਰ ਕੈਂਪਾਂ ਨੂੰ ਰੱਦ ਕਰਨ ਦਾ ਫੈਸਲਾ ਕੀਤਾ ਗਿਆ ਸੀ| ਇਸ ਸਥਿਤੀ ਦੇ ਮੱਦੇਨਜ਼ਰ ਅਸੀਂ ਬਹੁਤ ਦੁਖੀ ਹਾਂ ਕਿ ਹੁਣ ਕੈਨੇਡੀਅਨ ਹਿੰਦੂ ਆਪਣੇ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨ ਤੋਂ ਵੀ ਡਰਦੇ ਹਨ| ਫਿਰ ਹਿੰਦੂ ਮੰਦਰਾਂ ਵਿਚ ਅਜਿਹੇ ਕੈਂਪ ਲਗਾਉਣ ਤੋਂ ਰੋਕਣਾ ਚਾਹੀਦਾ ਹੈ| ਅਜਿਹੇ ਕੈਂਪ ਧਾਰਮਿਕ ਸਥਾਨਾਂ ਉਪਰ ਨਹੀਂ ਲਗਣੇ ਚਾਹੀਦੇ, ਜਿਸ ਨਾਲ ਤਣਾਅ ਪੈਦਾ ਹੋਵੇ|
ਇਸੇ ਤਰ੍ਹਾਂ ਟੋਰਾਂਟੋ ਸਥਿਤ ਕਾਲੀ ਬਾਰੀ ਮੰਦਿਰ ਦੇ ਟਰੱਸਟੀਆਂ ਨੇ ਵੀ ਕੈਂਪ ਨੂੰ ਰੱਦ ਕਰਨ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਹਿੰਦੂ ਸਭਾ ਵਿਚ ਹੋਈ ਹਿੰਸਾ ਤੋਂ ਬਾਅਦ ਮੰਦਰ ਪ੍ਰਸ਼ਾਸਨ ਆਪਣੀ ਸੁਰੱਖਿਆ ਨੂੰ ਲੈ ਕੇ ਬੇਹੱਦ ਚਿੰਤਤ ਹੈ| ਕੌਂਸਲਰ ਕੈਂਪਾਂ ਨੂੰ ਰੱਦ ਕਰਨ ਦਾ ਫੈਸਲਾ ਇਸ ਲਈ ਵੀ ਲਿਆ ਗਿਆ ਕਿਉਂਕਿ ਵੱਖਵਾਦੀ ਸਮੂਹ ਸਿੱਖਸ ਫਾਰ ਜਸਟਿਸ ਨੇ ਆਨਲਾਈਨ ਨੋਟਿਸਾਂ ਰਾਹੀਂ ਜਨਤਕ ਤੌਰ ਤੇ ਇਨ੍ਹਾਂ ਸਮਾਗਮਾਂ ਨੂੰ ਨਿਸ਼ਾਨਾ ਬਣਾਇਆ ਸੀ| ਵਿਸ਼ਵ ਜੈਨ ਆਰਗੇਨਾਈਜੇਸ਼ਨ, ਕੈਨੇਡਾ ਨੇ ਇਨ੍ਹਾਂ ਕੈਂਪਾਂ ਨੂੰ ਰੱਦ ਕਰਨ ਨੂੰ ਨਿੰਦਣਯੋਗ ਕਰਾਰ ਦਿੰਦਿਆਂ ਕਿਹਾ ਕਿ ਕੈਨੇਡੀਅਨ ਪੁਲਿਸ ਅਤੇ ਆਗੂ ਹਿੰਦੂ ਭਾਈਚਾਰੇ ਦੀ ਸੁਰੱਖਿਆ ਕਰਨ ਵਿੱਚ ਅਸਫਲ ਰਹੇ ਹਨ| ਇਸ ਤੋਂ ਇਲਾਵਾ, ਕੈਨੇਡੀਅਨ ਬ੍ਰਾਂਚ ਆਫ਼ ਹਿੰਦੂਜ਼ ਆਫ਼ ਨਾਰਥ ਅਮਰੀਕਾ ਨੇ ਕਿਹਾ ਕਿ ਕੈਨੇਡਾ ਲਈ ਇਹ ਸ਼ਰਮ ਦੀ ਗੱਲ ਹੈ ਕਿ ਪੁਲਸ ਹਿੰਦੂਆਂ ਦੇ ਅਧਿਕਾਰਾਂ ਦੀ ਰਾਖੀ ਕਰਨ ਦੀ ਬਜਾਏ ਕੱਟੜਪੰਥੀ ਧਮਕੀਆਂ ਦੇ ਅੱਗੇ ਝੁਕਦੀ ਦਿਖਾਈ ਦਿੰਦੀ ਹੈ|
ਦਰਅਸਲ ਕੈਨੇਡਾ ਦੇ ਬਰੈਂਪਟਨ ਵਿੱਚ 3 ਨਵੰਬਰ ਨੂੰ ਹਿੰਦੂ ਸਭਾ ਮੰਦਰ ਬਾਹਰ ਹਿੰਸਾ ਹੋਈ ਸੀ| ਇਸ ਤੋਂ ਬਾਅਦ ਭਗਵੇਂਵਾਦੀਆਂ ਨੇ ਗੁਰਦੁਆਰਾ ਮਾਲਟਨ ਉਪਰ ਹਮਲਾ ਕੀਤਾ ਸੀ ਤੇ ਪੁਲਿਸ ਨੇ ਨਕਾਮ ਕਰ ਦਿਤਾ| ਇਸ ਮਗਰੋਂ ਧਾਰਮਿਕ ਸਥਾਨਾਂ ਉੱਤੇ ਸੁਰੱਖਿਆ ਦੇ ਲਈ ਕੈਨੇਡਾ ਸਰਕਾਰ ਵਲੋਂ ਅਹਿਤਿਆਤ ਵਰਤੇ ਜਾ ਰਹੇ ਹਨ| ਮੌਜੂਦਾ ਘਟਨਾਕ੍ਰਮ ਵਿੱਚ ਸੁਰੱਖਿਆ ਦੇ ਮੱਦੇਨਜ਼ਰ ਭਾਰਤੀ ਕੌਂਸਲੇਟ ਨੇ ਬਰੈਂਪਟਨ ਦੇ ਤ੍ਰਿਵੇਣੀ ਮੰਦਰ ਅਤੇ ਕਮਿਊਨਿਟੀ ਸੈਂਟਰ ਵਿੱਚ 17 ਨਵੰਬਰ, 2024 ਨੂੰ ਹੋਣ ਵਾਲੇ ਆਪਣੇ ਲਾਈਫ਼ ਸਰਟੀਫ਼ੀਕੇਟ ਈਵੈਂਟ ਨੂੰ ਰੱਦ ਕਰ ਦਿੱਤਾ ਸੀ|
ਦੂਜੇ ਪਾਸੇ ਖਾਲਿਸਤਾਨੀ ਸਿੱਖਾਂ ਦਾ ਪੱਖ ਹੈ ਕਿ ਬੀਤੇ ਦਿਨੀਂ ਕੈਨੇਡਾ ਦੇ ਬਰੈਂਪਟਨ ਸ਼ਹਿਰ ਵਿਖੇ ਜੋ ਕੁਝ ਹੋਇਆ, ਉਹ ਸਾਰਾ ਭਾਰਤ ਸਰਕਾਰ ਦੀ ਸ਼ਹਿ ਤੇ ਹੋਇਆ| ਉਨ੍ਹਾਂ ਦਾ ਕਹਿਣਾ ਹੈ ਕਿ ਅਸੀਂ ਪਹਿਲਾਂ ਹੀ ਹਿੰਦੂ ਮੰਦਰ ਕਮੇਟੀ ਨੂੰ ਇਕ ਚਿੱਠੀ ਲਿਖ ਕੇ ਸੂਚਿਤ ਕੀਤਾ ਸੀ ਕਿ ਉਹ ਮੰਦਰ ਵਿਚ ਭਾਰਤੀ ਕੌਂਸਲੇਟ ਦਾ ਕੈਂਪ ਨਾ ਲਗਵਾਉਣ| ਜੇਕਰ ਉਨ੍ਹਾਂ ਕੈਂਪ ਲਗਵਾਇਆ ਤਾਂ ਅਸੀਂ ਸਮੂਹ ਸਿੱਖ ਜਥੇਬੰਦੀਆਂ ਦੇ ਸਹਿਯੋਗ ਨਾਲ ਇਸ ਦਾ ਸ਼ਾਂਤੀਪੂਰਵਕ ਵਿਰੋਧ ਕਰਾਂਗੇ| ਭਾਈ ਹਿੰਮਤ ਸਿੰਘ ਅਮਰੀਕਾ ਨੇ ਕਿਹਾ ਸੀ ਕਿ ਅਸੀਂ ਮੰਦਰ ਕਮੇਟੀ ਨੂੰ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਸਾਡਾ ਹਿੰਦੂ ਭਾਈਚਾਰੇ ਨਾਲ ਜਾਂ ਮੰਦਰ ਕਮੇਟੀ ਨਾਲ ਕੋਈ ਵਿਵਾਦ ਨਹੀਂ ਹੈ| ਅਸੀਂ ਉਨ੍ਹਾਂ ਦਾ ਪੂਰਾ ਸਤਿਕਾਰ ਕਰਦੇ ਹਾਂ ਪਰ ਉਨ੍ਹਾਂ ਮੰਦਰ ਵਿਚ ਉਸ ਦਿਨ ਕੈਂਪ ਲਗਾਇਆ ਅਤੇ ਸਿੱਖ ਜਥੇਬੰਦੀਆਂ ਨੇ ਸ਼ਾਂਤੀਪੂਰਵਰਕ ਇਸ ਕੈਂਪ ਦਾ ਵਿਰੋਧ ਕੀਤਾ| ਇਹ ਸਾਰਾ ਕੁਝ ਸਥਾਨਕ ਪੁਲਿਸ ਨੂੰ ਵੀ ਪਤਾ ਸੀ ਪਰ ਮੰਦਰ ਦੇ ਅੰਦਰ ਜਿਸ ਤਰ੍ਹਾਂ ਹਰਿਆਣੇ ਨਾਲ ਸੰਬੰਧਿਤ ਨੌਜਵਾਨਾਂ ਤੇ ਪੁਜਾਰੀ ਨੇ ਸਿੱਖਾਂ ਪ੍ਰਤੀ ਜ਼ਹਿਰ ਉਗਲਿਆ ਤੇ ਸਾਰੀ ਕੌਮ ਪ੍ਰਤੀ ਭੱਦੀ ਸ਼ਬਦਾਵਲੀ ਬੋਲੀ, ਉਹ ਨਾ-ਸਹਿਣਯੋਗ ਹੈ| ਉਨ੍ਹਾਂ ਕਿਹਾ ਕਿ ਇਨ੍ਹਾਂ ਹਰਿਆਣਵੀ ਨੌਜਵਾਨਾਂ ਨੂੰ ਭੜਕਾਇਆ ਸੀ|
ਅਸੀਂ ਕੈਨੇਡਾ ਦੇ ਸਿਖ ਤੇ ਹਿੰਦੂ ਭਾਈਚਾਰੇ ਨੂੰ ਅਪੀਲ ਕਰਾਂਗੇ ਕਿ ਆਪਸ ਵਿਚ ਸਦਭਾਵਨਾ ਮੀਟਿੰਗਾਂ ਕਰਨ ਤਾਂ ਜੋ ਇਕ ਦੂਜੇ ਵਿਰੁੱਧ ਸ਼ੰਕੇ ਮਿਟ ਸਕਣ ਤੇ ਭਗਵੇਂ ਵਾਦੀਆਂ ਦੀ ਦੋਹਾਂ ਭਾਈਚਾਰਿਆਂ ਨੂੰ ਲੜਾਉਣ ਦੀ ਸਾਜਿਸ਼ ਨੰਗੀ ਹੋ ਸਕੇ| ਇਹ ਇਤਿਹਾਸਕ ਸੱਚ ਹੈ ਕਿ ਸਿੱਖ ਮੰਦਰ ਉਪਰ ਹਮਲਾ ਨਹੀਂ ਕਰ ਸਕਦੇ|ਸਿਖ ਪੰਥ ਦਾ ਮੁਖ ਉਦੇਸ਼ ਹੀ ਸਾਂਝੀਵਾਲਤਾ ਤੇ ਸਰਬੱਤ ਦਾ ਭਲਾ ਹੈ|
ਪ੍ਰਦੂਸ਼ਣ ਕਾਰਣ ਪੰਜਾਬ ਵਿਚ ਸਾਹ ਲੈਣਾ ਔਖਾ
ਪੂਰੇ ਪੰਜਾਬ ਅੰਦਰ ਜਿਥੇ ਪ੍ਰਦੂਸ਼ਣ ਦੇ ਕਾਲੇ ਬੱਦਲ ਛਾਏ ਹੋਏ ਹਨ, ਉੱਥੇ ਹੁਣ ਪੰਜਾਬ ਅੰਦਰ ਵੀ ਜ਼ਹਿਰੀਲੇ ਧੂੰਏਂ ਵਿਚ ਪੰਜਾਬੀ ਕੈਦ ਹੋਏ ਨਜ਼ਰ ਆ ਰਹੇ ਹਨ| ਹਰ ਪਾਸੇ ਹਵਾ ਪ੍ਰਦੂਸ਼ਣ ਦੇ ਕਾਲੇ ਬਦਲ ਛਾਏ ਨਜ਼ਰ ਆ ਰਹੇ ਹਨ, ਜਿਸ ਕਾਰਨ ਲੋਕਾਂ ਦਾ ਸਾਹ ਲੈਣਾ ਵੀ ਮੁਸ਼ਕਿਲ ਹੋਇਆ ਪਿਆ ਹੈ| ਵੱਡੀਆਂ ਫੈਕਟਰੀਆਂ ਦਾ ਧੂੰਆਂ, ਦੀਵਾਲੀ ਦੇ ਪਟਾਕਿਆਂ ਦਾ ਪ੍ਰਦੂਸ਼ਣ, ਕਿਸਾਨਾਂ ਵੱਲੋਂ ਫੂਕੀ ਜਾ ਰਹੀ ਪਰਾਲੀ ਦੇ ਧੂੰਏਂ ਕਾਰਨ ਹੀ ਪੰਜਾਬ ਸਮਾਗ ਦਾ ਪੱਧਰ ਇਨਾ ਜ਼ਿਆਦਾ ਵਧ ਗਿਆ ਹੈ ਕਿ ਲੋਕਾਂ ਨੂੰ ਸਾਹ ਲੈਣਾ ਵੀ ਮੁਸ਼ਕਿਲ ਹੋਇਆ ਪਿਆ ਹੈ| ਧੂੰਏਂ ਕਾਰਨ ਲੋਕਾਂ ਨੂੰ ਅੱਖਾਂ ਵਿਚ ਜਲਨ, ਖਾਂਸੀ, ਸਾਹ ਲੈਣ ਵਿਚ ਤਕਲੀਫ, ਗਲੇ ਵਿਚ ਜਲਨ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ| ਚੰਡੀਗੜ੍ਹ ਦਾ ਏਅਰ ਕੁਆਲਿਟੀ ਇੰਡੈਕਸ 375 ਨੂੰ ਪਾਰ ਕਰ ਗਿਆ ਹੈ| 
ਇਸ ਦਾ ਸਿੱਧਾ ਮਤਲਬ ਇਹ ਹੈ ਕਿ ਇੱਥੇ ਸਾਹ ਲੈਣਾ ਰੋਜ਼ਾਨਾ ਵੀਹ ਸਿਗਰਟਾਂ ਪੀਣ ਵਾਂਗ ਹੈ, ਜੋ ਸਿਹਤ ਲਈ ਬਹੁਤ ਖਤਰਨਾਕ ਹੈ| ਜਦੋਂ ਕਿ ਪੰਜਾਬ ਦੇ ਮੰਡੀ ਗੋਬਿੰਦਗੜ੍ਹ ਵਿੱਚ ਸਭ ਤੋਂ ਵੱਧ 269 ਏਅਰ ਕੁਆਲਿਟੀ ਇੰਡੈਕਸ ਦਰਜ ਕੀਤਾ ਗਿਆ ਹੈ| ਅੰਮ੍ਰਿਤਸਰ ਦਾ ਏਅਰ ਕੁਆਲਿਟੀ ਇੰਡੈਕਸ 254, ਬਠਿੰਡਾ 151, ਜਲੰਧਰ 232, ਲੁਧਿਆਣਾ 228, ਮੰਡੀ ਗੋਬਿੰਦਗੜ੍ਹ 289 ਅਤੇ ਪਟਿਆਲਾ 269 ਦਰਜ ਕੀਤਾ ਗਿਆ ਹੈ| ਜਦਕਿ ਰੂਪਨਗਰ ਦਾ ਏਅਰ ਕੁਆਲਿਟੀ ਇੰਡੈਕਸ 190 ਰਿਹਾ ਹੈ| ਪਰ ਅਧਿਕਾਰੀ ਵੱਲੋਂ ਸਿਰਫ ਮੂਕ ਦਰਸ਼ਕ ਬਣ ਕੇ ਖਾਨਾਪੂਰਤੀ ਕੀਤੀ ਜਾ ਰਹੀ ਹੈ ਅਤੇ ਕਿਸੇ ਉੱਪਰ ਕੋਈ ਕਾਰਵਾਈ ਹੁੰਦੀ ਨਜ਼ਰ ਨਹੀਂ ਆ ਰਹੀ| ਬਰਸਾਤ ਨਾ ਹੋਣ ਕਾਰਣ ਲੋਕਾਂ ਨੂੰ ਇਸ ਵੱਡੀ ਸਮੱਸਿਆ ਨਾਲ ਜੂਝਨਾ ਪੈ ਰਿਹਾ ਹੈ| ਡਾਕਟਰ ਲੋਕਾਂ ਨੂੰ ਮਾਸਕ ਪਾਉਣ ਦੀ ਸਲਾਹ ਦੇ ਰਹੇ ਹਨ| ਧੂੰਏਂ ਤੋਂ ਸਾਹ ਦੇ ਮਰੀਜ਼ਾਂ, ਬਜ਼ੁਰਗਾਂ ਅਤੇ ਬੱਚਿਆਂ ਨੂੰ ਖਾਸ ਕਰ ਕੇ ਬਚਾ ਕੇ ਰੱਖਣ ਦੀ ਹਦਾਇਤ ਦੇ ਰਹੇ ਹਨ| 
ਨਿਯਮਿਤ ਨਿਗਰਾਨੀ ਤੇ ਕਾਨੂੰਨਾਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾ ਕੇ ਉਦਯੋਗਾਂ, ਕਿਸਾਨਾਂ ਤੇ ਲੋਕਾਂ ਨੂੰ ਬੇਸ਼ਕੀਮਤੀ ਕੁਦਰਤੀ ਸਰੋਤਾਂ ਜਿਵੇਂ ਹਵਾ, ਪਾਣੀ ਤੇ ਮਿੱਟੀ ਨੂੰ ਪ੍ਰਦੂਸ਼ਿਤ ਕਰਨ ਤੋਂ ਰੋਕਿਆ ਜਾ ਸਕਦਾ ਹੈ| ਢੁੱਕਵੀਂ ਨਿਗਰਾਨੀ ਤੇ ਕਰੜੀ ਕਨੂੰਨੀ ਕਾਰਵਾਈ ਨਾਲ ਹੀ ਪ੍ਰਦੂਸ਼ਣ ਨੂੰ ਠੱਲ੍ਹ ਪਾਈ ਜਾ ਸਕੇਗੀ| ਇਸ ਵਿੱਚ ਸਿਆਸੀ ਇੱਛਾ ਸ਼ਕਤੀ ਤੇ ਲੋਕ ਚੇਤਨਾ ਦੀ ਵੀ ਮਹੱਤਵਪੂਰਨ ਭੂਮਿਕਾ ਹੋਣੀ ਚਾਹੀਦੀ ਹੈ| ਅਕਾਲ ਤਖਤ ਦੇ ਜਥੇਦਾਰ ਤੇ ਸ੍ਰੋਮਣੀ ਕਮੇਟੀ ਨੂੰ ਵਾਤਾਵਰਨ ਸਾਫ ਰਖਣ ਲਈ ਸਰਕਾਰਾਂ ਤੇ ਲੋਕਾਂ ਨੂੰ ਸੰਦੇਸ਼ ਜਾਰੀ ਕਰਨਾ ਚਾਹੀਦਾ ਹੈ ਤਾਂ ਜੋ ਲੋਕ ਵਾਤਾਵਰਨ ਚੇਤਨਾ ਨਾਲ ਜੁੜ ਸਕਣ|
-ਰਜਿੰਦਰ ਸਿੰਘ ਪੁਰੇਵਾਲ