ਮਾਰਿਆ ਸਿੱਕਾ ਜਗਤ੍ਰਿ ਵਿਚਿ ਨਾਨਕ ਨਿਰਮਲ ਪੰਥ ਚਲਾਇਆ । ਥਾਪਿਆ ਲਹਿਣੇ ਜੀਵਦੇ ਗੁਰਬਾਣੀ ਸਿਰਿ ਛਤ੍ਰ ਫਿਰਾਇਆ ।
ਤਿਲਕ ਜਨੇਊ ਹਿੰਦੂ ਧਰਮ ਦੇ ਵਿਆਪਕ ਚਿੰਨ ਹਨ, ਇਨ੍ਹਾਂ ਉੱਤੇ ਕੋਈ ਕਿੰਤੂ ਨਹੀਂ ਕਰ ਸਕਦਾ । ਇਨ੍ਹਾਂ ਦੇ ਧਾਰਨੀ ਤੋਂ ਹਰ ਭਲੇ ਦੀ ਆਸ ਹੋਣੀ ਚਾਹੀਦੀ ਸੀ । ਪਰ ਇਨ੍ਹਾਂ ਦੇ ਵੱਡੇ ਧਾਰਨੀ ਬ੍ਰਾਹਮਣਾਂ ਨੇ ਹਜ਼ਾਰਾਂ ਸਾਲਾਂ ਤੱਕ ਕਰੋੜਾਂ ਸ਼ੂਦਰਾਂ ਨੂੰ ਮਨੰੂ ਸਿਮਰਤੀ ਦੇ ਵਿਧਾਨ ਤਹਿਤ ਨਰਕ ਭੁਗਤਾ ਛੱਡਿਆ ਅਤੇ ਪਸ਼ੂਆਂ ਵਰਗਾ ਜੀਵਨ ਜੀਊਣ ਲਈ ਮਜ਼ਬੂਰ ਕਰੀ ਰੱਖਿਆ । ਧਰਮ ਗ੍ਰੰਥ ਪੜ੍ਹਨ, ਸੁਣਨ ਦੇ ਜੁਰਮ ਵਿੱਚ ਉਨ੍ਹਾਂ ਦੀ ਜ਼ੁਬਾਨਾਂ ਵੱਢ ਦਿੱਤੀਆਂ ਜਾਂਦੀਆਂ ਅਤੇ ਕੰਨ ਵਿੱਚ ਸਿੱਕਾ ਢਾਲ ਕੇ ਪਾ ਦਿੱਤਾ ਜਾਂਦਾ ਰਿਹਾ । ਜਾਤ-ਪਾਤ ਦੀ ਵੰਡ ਕਰਕੇ, ਛੂਤ ਛਾਤ ਫੈਲਾਉਣ ਅਤੇ ਭਰਮਾਂ ਪਾਖੰਡਾਂ ਤੇ ਦਾਨਾਂ ਰਾਹੀਂ ਲੁੱਟ ਮਚਾਉਣ ਵਾਲੇ ਬ੍ਰਾਹਮਣਾਂ ਨੇ ਤਿਲਕ ਜਨੇਊ ਦੀ ਮਿੱਟੀ ਪਲੀਤ ਕੀਤੀ ਹੋਈ ਸੀ । ਗੁਰੂ ਨਾਨਕ ਪਾਤਸ਼ਾਹ ਨੇ ਜਨਮ ਅਪਾਰਿਤ ਵਰਣ-ਵੰਡ ਵਾਲੀ ਮਨੂੰ ਸਿਮਰਤੀ ਮੁੱਢੋਂ ਰੱਦ ਕਰਕੇ ਇਕ ਨਵੇਂ ਧਰਮ ਦਾ ਮੁੱਢ ਬੱਨਿਆ, ਜਿਸ ਨੂੰ ਭਾਈ ਗੁਰਦਾਸ ਨੇ ਤੀਸਰੇ ਪੰਥ ਦਾ ਨਾਉਂ ਦਿੱਤਾ । ਇਹ ਤੀਸਰਾ ਪੰਥ ਕਿਸੇ ਪਹਿਲੇ ਦੀ ਨਕਲ ਜਾਂ ਕਿਸੇ ਪੁਰਾਣੇ ਦਾ ਸੋਧਿਆ ਰੂਪ ਨਹੀਂ ਸੀ ਤੇ ਨਾ ਹੀ ਪਹਿਲੇ ਧਰਮਾਂ ਦਾ ਮਿਸ਼ਰਣ ਜਾਂ ਉਨ੍ਹਾਂ ਦੇ ਚੰਗੇ ਤੱਤਾਂ ਦਾ ਅਰਕ ਸੀ । ਇਹ ਆਪਣੇ ਆਪ ਵਿੱਚ ਮੁਕੰਮਲ ਸੀ, ਇਕ ਦਮ ਅਸਲੀ, ਮੌਲਿਕ ਤੇ ਸੁਤੰਤਰ । ਤੀਸਰੇ ਪੰਥ ਦੇ ਸੱਚ ਨੂੰ ਜੇਕਰ ਇਨ੍ਹਾਂ ਮੌਲਿਕ ਅਰਥਾਂ ਵਿੱਚ ਨਹੀਂ ਸਮਝਿਆ ਜਾਂਦਾ ਤਾਂ ਇਸ ਵਿੱਚੋਂ ਅਟੱਲ ਰੂਪ ਵਿੱਚ ਇਸ ਦੀ ਗਲਤ ਪੇਸ਼ਕਾਰੀ ਦੇ ਬਿਪਰ-ਸੰਸਕਾਰੀ ਰੁਝਾਨ ਜਨਮ ਲੈਂਦੇ ਹਨ । ਸਿੱਖ ਧਰਮ ਦੀ ਗਲਤ ਪੇਸ਼ਕਾਰੀ ਕਰਨ ਲਈ ਆਰ।ਐੱਸ।ਐੱਸ। ਨੇ ਕਈ ਸਿੱਖ ਚਿਹਰਿਆਂ ਵਾਲੇ ਲੇਖਕ ਤਿਆਰ ਕਰ ਲਏ ਹਨ, ਜਿਹੜੇ ਗੁਰੂ ਨਾਨਕ ਪਾਤਸ਼ਾਹ ਦਾ ਉਨ੍ਹਾਂ ਦੀ ਬਾਣੀ ਤੇ ਅਧਾਰਿਤ ਬਿੰਬ ਉਸਾਰਨ ਦੀ ਬਜਾਇ ਸਿੱਖ ਇਤਿਹਾਸ ਦੇ ਸੈਕੰਡਰੀ ਸਰੋਤ ਜਨਮ ਸਾਖੀਆਂ ਆਦਿ &lsquoਤੇ ਅਧਾਰਿਤ ਉਸਾਰ ਰਹੇ ਹਨ । ਸਿੱਖ ਦੇ ਇਤਿਹਾਸ ਦੇ ਸੈਕੰਡਰੀ ਸਰੋਤਾਂ &lsquoਤੇ ਅਧਾਰਿਤ ਗੁਰੂ ਨਾਨਕ ਪਾਤਸ਼ਾਹ ਦਾ ਬਿੰਬ ਉਸਾਰਨ ਵਾਲਿਆਂ ਵਿੱਚ ਹਰਪਾਲ ਸਿੰਘ ਪੰਨੂ ਮੋਹਰੀ ਰੋਲ ਅਦਾ ਕਰ ਰਿਹਾ ਹੈ । 
    ਗੁਰੂ ਨਾਨਕ ਪਾਤਸ਼ਾਹ ਨੇ ਮਨੁੱਖਾਂ ਦੀਆਂ ਮਾਨਸਿਕ, ਸਮਾਜਿਕ ਤੇ ਰਾਜਸੀ ਗੁਲਾਮੀ ਦੀਆਂ ਜੰਜੀਰਾਂ ਧੁਰ ਕੀ ਬਾਣੀ ਨਾਲ ਕੱਟ ਦਿੱਤੀਆਂ । ਉਨ੍ਹਾਂ ਨੂੰ ਇਹ ਦ੍ਰਿੜ ਕਰਵਾਇਆ ਕਿ ਮਨੁੱਖ ਨੂੰ ਮਿਲੀਆਂ ਰੱਬੀ ਸ਼ਕਤੀਆਂ ਉੱਤੇ ਦੂਸਰੇ ਹੋਰ ਕਿਸੇ ਹੁਕਮਰਾਨ ਜਾਂ ਉੱਚ ਪੱਦਵੀ ਵਾਲੇ ਦਾ ਅਧਿਕਾਰ ਨਹੀਂ ਹੈ । ਹਰ ਮਨੁੱਖ ਵਿੱਚ ਰੱਬ ਦਾ ਅੰਸ਼ ਹੈ । ਹਰ ਇਕ ਮਨੁੱਖ ਰੱਬ ਦੀ ਕੁਦਰਤ ਦਾ ਸਰਬ-ਰਾਹ ਹੈ । ਹਰ ਇਕ ਮਨੁੱਖ ਬਾਣੀ ਦਾ ਸਰੂਪ (ਸਤਿਗੁਰ ਕੀ ਬਾਣੀ ਸਤਿ ਸਰੂਪੁ ਹੈ ਗੁਰਬਾਣੀ ਬਣੀਐ (ਅੰਗ 304) ਤੋਂ ਗਿਆਨ ਦੀ ਜੋਤਿ ਜਗਾ ਕੇ ਨੀਚੋਂ ਊਚ ਬਣ ਸਕਦਾ ਹੈ । ਅਗਿਆਨੀ ਤੋਂ ਬ੍ਰਹਮ ਗਿਆਨੀ ਹੋ ਸਕਦਾ ਹੈ । ਗੁਰੂ ਨਾਨਕ ਧਰਮ ਦੇ ਮੁੱਢਲੇ ਅਸੂਲ ਹਨ : ਪ੍ਰਮਾਤਮਾ-ਅਕਾਲਪੁਰਖ ਸਾਰੀ ਸ੍ਰਿਸ਼ਟੀ ਦਾ ਰਚਣਹਾਰ ਹੋਣ ਕਾਰਨ ਸਭ ਮਨੁੱਖਾਂ ਦਾ ਸਾਂਝਾ ਮਾਤਾ-ਪਿਤਾ ਹੈ, ਇਸਤਰੀ ਮਰਦ ਬਰਾਬਰ ਹਨ । ਇਹ ਵੀ ਨਹੀਂ ਕਿਹਾ ਜਾ ਸਕਦਾ ਕਿ ਅਕਾਲ ਪੁਰਖ ਨਰ ਹੈ ਜਾਂ ਨਾਰੀ । ਅਕਾਲ ਪੁਰਖ ਨੂੰ ਮੁਕੰਮਲ ਤੌਰ ਉੱਤੇ ਜਾਣਿਆ ਨਹੀਂ ਜਾ ਸਕਦਾ । ਦੇਸ਼ ਲਈ ਤਬਲੀਗ (ਜਬਰੀ ਧਰਮ ਤਬਦੀਲੀ ਦੀ ਮੁਹਿੰਮ) ਨਿਰਾਰਥਕ ਹੈ, ਹਰ ਮਨੁੱਖ ਨੂੰ ਆਪਣੇ ਅਕੀਦੇ ਅਨੁਸਾਰ ਜ਼ਿੰਦਗੀ ਬਤੀਤ ਕਰਨ ਦਾ ਮੁਕੰਮਲ ਅਧਿਕਾਰ ਹੈ, ਮੁਕਤੀ ਦਾ ਅਰਥ, ਗੁਰੂ ਦੁਆਰਾ ਪ੍ਰਗਟ ਕੀਤੇ ਅਕਾਲ ਪੁਰਖ ਦੇ ਗੁਣਾਂ ਨੂੰ ਆਪਣੇ ਸੁਭਾਅ ਅਤੇ ਕਰਮ ਵਿੱਚ ਸਮੋ ਕੇ (1) ਉਸ ਵਰਗਾ ਹੀ ਬਣ ਜਾਣਾ ਹੈ ਅਤੇ (2) ਇਹ ਮੁਕਾਮ ਹਾਸਲ ਕਰਕੇ ਮਨੁੱਖ ਮਾਤਰ ਦੀ ਸੇਵਾ ਲਈ ਸਮਾਜ ਦੀ ਆਰਥਿਕ ਅਤੇ ਅਧਿਆਤਮਕ ਉੱਨਤੀ ਨੂੰ ਚਰਮ-ਸੀਮਾ ਉੱਤੇ ਲੈ ਜਾਣ ਲਈ ਨਿਰੰਤਰ ਜੂਝਣਾ ਹੈ । ਏਸ ਅਵਸਥਾ ਨੂੰ ਪਹੁੰਚਣ ਲਈ ਗੁਰਬਾਣੀ ਵਿੱਚ ਦੱਸੇ ਰਾਹ ਉੱਤੇ ਚੱਲਦਿਆਂ ਆਪਣੇ ਤਨ-ਮਨ ਨੂੰ ਨਿਰੰਤਰ ਯਤਨ ਕਰਕੇ ਆਪਣੇ ਮੂਲ (ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ-ਅੰਗ 440) ਅੰਤਮ ਸੱਚ ਨਾਲ ਇੱਕਸੁਰ ਕਰਨਾ ਹੈ । ਅੰਤਿਮ ਸੱਚ ਨੂੰ ਹੋਰ ਸਪੱਸ਼ਟ ਕਰਦੇ ਹੋਏ ਗੁਰੂ ਦੱਸਦੇ ਹਨ ਕਿ ਅਕਾਲ ਪੁਰਖ ਨਿਰਭਉ, ਨਿਰਵੈਰ ਹੈ ਅਤੇ ਸੱਚ ਨਿਆਂ, ਪਿਆਰ ਉਸ ਦਾ ਸਰੂਪ ਹੈ । 
    ਜੀਵਨ ਮੁਕਤ ਮਨੁੱਖ ਦਾ ਨਾਂਅ ਗੁਰੂ ਨੇ ਖ਼ਾਲਸਾ ਅਤੇ ਮਨੁੱਖਤਾ ਦੇ ਪ੍ਰਿਤਪਾਲਣ, ਸੇਵਾ ਸੰਭਾਲ, ਸੁਰੱਖਿਆ ਦਾ ਕੰਮ ਉਸ ਦੇ ਜਿਮੇਂ ਧਾਰਮਿਕ ਫਰਜ਼ ਵਜੋਂ ਲਗਾਇਆ । ਸਾਰੀ ਸ੍ਰਿਸ਼ਟੀ ਅਕਾਲ ਪੁਰਖ ਵਿੱਚ ਸਮਾਈ ਹੋਈ ਹੈ । ਅਕਾਲ ਪੁਰਖ ਤੋਂ ਬਾਹਰ ਕੁਝ ਵੀ ਨਹੀਂ । ਇਤਿਹਾਸ ਗਵਾਹ ਹੈ ਕਿ ਸਿੱਖ ਪੰਥ ਨੇ ਗੁਰੂ ਦੇ ਅਕੀਦੇ ਉੱਤੇ ਖਰਾ ਉਤਰਨ ਲਈ ਅਣਥੱਕ ਘਾਲਣਾਵਾਂ ਘਾਲੀਆਂ । ਮਣਾਂ-ਮੂੰਹੀ ਸ਼ਹੀਦੀਆਂ ਏਸ ਰਾਹ ਉੱਤੇ ਚੱਲਦੇ ਹੋਏ ਮਿੱਥ ਕੇ ਦਿੱਤੀਆਂ (ਹਵਾਲਾ-ਹਿੰਦ ਵਿੱਚ ਗੈਰ-ਹਿੰਦੂਤਵੀਆਂ ਦਾ ਦਮਨ, ਇਤਿਹਾਸ ਤੇ ਨੀਤੀਆਂ, ਲੇਖਕ ਸ: ਗੁਰਤੇਜ ਸਿੰਘ)
ਗੁਰੂ ਨਾਨਕ ਸਾਹਿਬ ਬਾਰੇ ਸਿੱਖ ਸੁਰਤਿ ਦੀ ਪਰਵਾਜ਼ ਵਿੱਚ ਪ੍ਰੋ: ਹਰਿੰਦਰ ਸਿੰਘ ਮਹਿਬੂਬ ਲਿਖਦੇ ਹਨ : ਸੁਲਤਾਨਪੁਰ ਲੋਧੀ ਗੁਰੂ ਨਾਨਕ ਸਾਹਿਬ ਦੀ ਵੱਡੀ ਭੈਣ ਬੀਬੀ ਨਾਨਕੀ ਦਾ ਸਹੁਰਾ ਘਰ ਸੀ । ਇਸ ਸ਼ਹਿਰ ਵਿੱਚ ਮੋਦੀ ਖਾਨੇ ਦੀ ਮੁਲਾਜ਼ਮਤ ਕਰਦਿਆਂ ਜਦੋਂ ਗੁਰੂ ਜੀ ਨੇ ਲਗਪਗ ਤਿੰਨ ਸਾਲ ਲੰਘਾਏ ਤਾਂ ਪਹਿਲੀ ਵੈਸਾਖ 1499 ਈ: ਨੂੰ ਸ਼ਹਿਰ ਦੇ ਨਾਲ ਵੱਗਦੀ ਵੇਈਂ ਨਦੀ ਵਿੱਚ ਆਪ ਨੇ ਇਲਹਾਮ ਅਤੇ ਧਰਤੀ ਧਰਮਸਾਲ ਦੀ ਤਸੀਰ ਦਾ ਸੰਗਮ ਕਰਵਾਉਂਦੇ ਉਸ ਪੈਗੰਬਰੀ ਆਵੇਸ਼ ਨੂੰ ਉਤਾਰਿਆ, ਜਿਸ ਵਿੱਚ ਗਿਆਨ, ਧਿਆਨ, ਸੱਭਿਅਤਾ ਅਤੇ ਇਖਲਾਕ ਦੇ ਮਹਾਨ ਅਮਲ ਦੀਆਂ ਅਨੇਕਾਂ ਚਮਤਕਾਰੀ ਮੰਜ਼ਿਲਾਂ ਸਮਾਈਆਂ ਹੋਈਆਂ ਸਨ : (ੳ) ਨਾਨਕਿ ਰਾਜੁ ਚਲਾਇਆ ਸਚੁ ਕੋਟੁ ਸਤਾਣੀ ਨੀਵ ਦੈ - ਗੁ: ਗ੍ਰੰ: ਸਾ: ਪੰਨਾ 966 (ਅ) ਮਾਰਿਆ ਸਿੱਕਾ ਜਗਤ੍ਰਿ ਵਿਚਿ ਨਾਨਕ ਨਿਰਮਲ ਪੰਥ ਚਲਾਇਆ-ਭਾਈ ਗੁਰਦਾਸ ਜੀ ਵਾਰ ਪਹਿਲੀ, ਪਾਉੜੀ 45) 
ਆਤਮਕ ਨੇਮ ਅਨੁਸਾਰ ਦਸਮ ਪਾਤਸ਼ਾਹ ਦਾ ਖ਼ਾਲਸਾ ਪੰਥ ਗੁਰੂ ਨਾਨਕ ਸਾਹਿਬ ਦੇ ਨਿਰਮਲ ਪੰਥ ਦਾ ਹੀ ਅਰਥ-ਰੂਪਾਂਤਰ ਹੈ । ਨਿਰਮਲ ਪੰਥ ਦਾ ਆਤਮਕ ਮੰਡਲ ਦੋ ਸਾਲ ਪਿੱਛੋਂ ਭਾਵ 1699 ਈ: ਦੀ ਵੈਸਾਖੀ ਨੂੰ ਆਪਣੇ ਪੂਰਨ ਨਿਖਾਰ ਵਿੱਚ ਖ਼ਾਲਸ ਨਾਮ ਨਾਲ ਦ੍ਰਿਸ਼ਟਮਾਨ ਹੁੰਦਾ ਹੈ । ਇਸ ਤਰ੍ਹਾਂ ਸ਼ਾਬਦਿਕ ਅਰਥ ਅਤੇ ਅਧਿਆਤਮਕ ਰਮਜ਼ ਨੇ ਦੋ ਸਦੀਆਂ ਤੱਕ ਜੀਵਨ ਦੀਆਂ ਅਨੇਕਾਂ ਤੈਹਾਂ ਵਿੱਚ ਪ੍ਰਵੇਸ਼ ਕਰਕੇ ਆਪਣੀ ਰੂਹਾਨੀ ਇਕਸੁਰਤਾ ਦ੍ਰਿੜ ਕਰਵਾਈ ।
ਵੇਈਂ ਨਦੀ ਵਾਲੀ ਦੈਵੀ ਪਰ ਇਤਿਹਾਸਕ ਘਟਨਾ ਤੋਂ ਦੋ ਮਹੀਨੇ ਪਿੱਛੋਂ ਗੁਰੂ ਜੀ ਦੀ ਪਹਿਲੀ ਉਦਾਸੀ ਆਰੰਭ ਹੋਈ । ਗੁਰੂ ਨਾਨਕ ਸਾਹਿਬ ਨੇ ਜ਼ਿੰਦਗੀ ਵਿੱਚ ਚਾਰ ਉਦਾਸੀਆਂ ਕੀਤੀਆਂ, ਜਿਨ੍ਹਾਂ ਵਿੱਚੋਂ ਹਰ ਇਕ ਉਦਾਸੀ ਕਿਸੇ ਵਿਸ਼ੇਸ਼ ਦੈਵੀ ਆਦਰਸ਼ ਦਾ ਸਹਿਜ ਦ੍ਰਿਸ਼ ਬਣਾਉਂਦੀ ਸੀ । ਹਰ ਇਕ ਉਦਾਸੀ ਪੰਜਾਬ ਤੋਂ ਅਰੰਭ ਹੁੰਦੀ ਸੀ ਅਤੇ ਜੀਵਨ ਦੀ ਵੰਨ-ਸੁਵੰਨਤਾ ਅਤੇ ਅਨੇਕਤਾ ਦਰਮਿਆਨ ਹਰ ਵਾਰ ਵੱਖਰੇ ਵੱਖਰੇ ਵਿਲੱਖਣ ਅਧਿਆਤਮਕ ਤਰਕ ਨੂੰ ਸਿਰਜਦੀ ਹੋਈ ਪੰਜਾਬ ਵਿੱਚ ਹੀ ਸਮਾਪਤ ਹੁੰਦੀ ਸੀ ॥॥॥।
ਗੁਰੂ ਸਾਹਿਬ ਦੀ ਪਗ-ਪ੍ਰਤਿਭਾ ਦੀ ਸਹੀ ਰਫ਼ਤਾਰ ਅਤੇ ਇਸ ਦੀ ਬਹੁਰੰਗੇ ਕਰਮ-ਖੇਤਰ ਵਿੱਚ ਪਲਟਣ ਦੀ ਪ੍ਰਕਿਰਿਆ ਦੇ ਗਿਆਨ ਤੋਂ ਕੋਰਾ ਹੋਣ ਕਾਰਨ ਹੀ ਮੈਕਲੋਡ (ਅ।ਹ। ਮਛਟੲੂਧ) ਆਪਣੀ ਪੁਸਤਕ ਗੁਰੂ ਨਾਨਕ ਅਤੇ ਸਿੱਖ ਧਰਮ (ਗEੜE ਨਾਂਞਾਂਖ ਾਂਞਧ ਥੋੲ ਸਣਖੋ ੜੲਟਣਘਣੂਞ) ਵਿੱਚ ਇਕਹਿਰੇ, ਸਤਈ ਅਤੇ ਅਖ਼ਬਾਰੀ ਤਰਕ ਦਾ ਸਹਾਰਾ ਲੈ ਕੇ ਚਾਰ ਉਦਾਸੀਆਂ ਦੀ ਯਥਾਰਥਕ ਵਿਸ਼ਾਲਤਾ ਤੋਂ ਮੁਨਕਰ ਹੁੰਦਾ ਹੈ । (ਪ੍ਰੋ: ਹਰਿੰਦਰ ਸਿੰਘ ਮਹਿਬੂਬ) ਭਾਈ ਗੁਰਦਾਸ ਨੇ ਆਪਣੀ ਪਹਿਲੀ ਵਾਰ ਦੀ ਸੈਂਤਵੀਂ (37) ਪੌੜੀ ਵਿੱਚ ਚਾਰ ਉਦਾਸੀਆਂ ਦਾ ਸਾਰ ਅੰਸ਼ ਇਸ ਪ੍ਰਕਾਰ ਲਿਖਿਆ ਹੈ : ਗੜ ਬਗਦਾਦੁ ਨਿਵਾਇਕੇ ਮਕਾ ਮਦੀਨਾ ਸਭੇ ਨਿਵਾਇਆ । ਸਿਧ ਚਉਰਾਸੀਹ ਮੰਡਲੀ ਖਟਿ ਦਰਸਨਿ ਪਾਖੰਡਿ ਜਿਣਾਇਆ । ਪਤਾਲਾ ਅਕਾਸ ਲਖ ਜੀਤੀ ਧਰਤੀ ਜਗਤੁ ਸਬਾਇਆ । ਜੀਤੀ ਨੌਂ ਖੰਡ ਮੇਦਨੀ ਸਤਿਨਾਮ ਦਾ ਚਕ੍ਰ ਫਿਰਾਇਆ । ਭਇਆ ਅਨੰਦ ਜਗਤੁ ਵਿਚਿ ਕਲਿਤਾਰਨ ਗੁਰ ਨਾਨਕ ਆਇਆ । 
ਭਾਈ ਕਾਨ੍ਹ ਸਿੰਘ ਜੀ ਨਾਭਾ ਅਨੁਸਾਰ ਜ਼ਿਲ੍ਹਾ ਗੁਰਦਾਸਪੁਰ ਤੇ ਤਹਿਸੀਲ ਸ਼ਕਰਗੜ ਵਿਖੇ ਰਾਵੀ ਦੇ ਕੰਢੇ ਗੁਰੂ ਨਾਨਕ ਨੇ ਨਗਰ ਵਸਾਇਆ । ਇਥੇ ਪੱਕਾ ਨਿਵਾਸ ਉਦਾਸੀਆਂ ਦੀ ਸਮਾਪਤੀ ਤੋਂ ਬਾਅਦ 1522 ਈ: ਵਿੱਚ ਉਦੋਂ ਕੀਤਾ ਜਦੋਂ ਭਾਈ ਗੁਰਦਾਸ ਜੀ ਪਹਿਲੀ ਵਾਰ ਦੀ 38ਵੀਂ ਪੌੜੀ ਵਿੱਚ ਲਿਖਦੇ ਹਨ : ਫਿਰਿ ਬਾਬਾ ਆਇਆ ਕਰਤਾ ਪੁਰ ਭੇਖ ਉਦਾਸੀ ਸਗਲ ਉਤਾਰਾ । ਪਹਿਰਿ ਸੰਸਾਰੀ ਕਪੜੇ ਮੰਜੀ ਬੈਠ ਕੀਆ ਅਵਤਾਰਾ । ਇਹ ਨਗਰ ਵਸਾਉਣਾਂ ਸਟੇਟ ਅੰਦਰ ਸਟੇਟ ਵਸਾਉਣ ਦੀ ਕਲਾ, ਗੁਰੂ ਨਾਨਕ ਦੇ ਘਰ ਅਤੇ ਗੱਦੀ ਦੀ ਪਰੰਪਰਾ ਰਹੀ ਹੈ । ਕਿਹੜੇ ਕਿਹੜੇ ਗੁਰੂ ਸਾਹਿਬ ਨੇ ਕਿਹੜੇ ਕਿਹੜੇ ਨਗਰ ਵਸਾਏ ਦਾ ਵਿਸ਼ਾ ਇਕ ਵੱਖਰੇ ਲੇਖ ਦੀ ਮੰਗ ਕਰਦਾ ਹੈ । ਗੁਰੂ ਨਾਨਕ ਸਾਹਿਬ ਨੇ ਅਕਾਲ ਪੁਰਖ ਦੇ ਹੁਕਮ ਅਨੁਸਾਰ ਪੰਥ ਦੇ ਮਿਸ਼ਨ ਨੂੰ ਤੇ ਸੱਚ ਪ੍ਰਗਟਾਵ ਦੇ ਸਿਧਾਂਤਾਂ ਨੂੰ ਇਕ ਅਮਰ, ਅਟੱਲ ਤੇ ਸਥਾਈ ਰੂਪ ਦੇਣ ਲਈ ਕਰਤਾਰਪੁਰ ਵਿਖੇ ਆਪਣੇ ਸਾਜੇ ਗੁਰਮੁੱਖ ਪੰਥ ਦੀਆਂ ਸਮਾਜਿਕ, ਸੱਭਿਆਚਾਰਕ ਤੇ ਅਧਿਆਤਮਕ ਸੰਸਥਾਵਾਂ ਬਣਾਈਆਂ । ਗੁਰਮੁੱਖ ਪੰਥ ਲਈ ਸ਼ੁੱਭ ਆਚਰਣ ਦੀ ਰਹਿਤ ਥਾਪੀ । ਉਨ੍ਹਾਂ ਦੇ ਗਿਆਨ ਤੇ ਅਧਿਆਤਮਕ ਸਾਧਨਾ ਲਈ ਨਿਤਨੇਮ ਤੇ ਨਿਤ ਕਰਮ ਦ੍ਰਿੜ ਕਰਵਾਏ ਜੋ ਅੱਜ ਤੱਕ ਸਾਰੇ ਸਿੱਖ ਪੰਥ ਲਈ ਮਰਿਯਾਦਾ ਦੇ ਪ੍ਰਮੁੱਖ ਨੇਮ ਬਣੇ ਹੋਏ ਹਨ । ਇਹ ਨੇਮ ਇਹ ਨਿੱਤ ਕਰਮ, ਹਰ ਸਿੱਖ ਲਈ ਕਿਰਤ ਕਰੋ, ਨਾਮ ਜਪੋ, ਵੰਡ ਛਕੋ ਦੀ ਅਰੰਭਤਾ ਤੋਂ ਲੈ ਕੇ, ਪੂਜਾ ਅਕਾਲ ਕੀ ਪਰਚਾ ਸ਼ਬਦ ਦਾ, ਦੀਦਾਰ ਖ਼ਾਲਸੇ ਦਾ ਅਤੇ ਸਿੱਖ ਭਲਾ ਸਰਬੱਤ ਦਾ ਸੋਚੇ, ਤੱਕ ਜੁਗੋ ਜੁਗ ਅਟੱਲ ਰਹਿਣਗੇ । ਇਥੇ ਇਹ ਵੀ ਦੱਸਣ ਯੋਗ ਹੈ ਕਿ ਸਿੱਖ ਧਰਮ ਦੇ ਵਿਕਾਸ ਵਿੱਚ ਵਿਕਸਿਤ ਹੋਣ ਵਾਲੀਆਂ ਸੰਸਥਾਵਾਂ ਦਾ ਮੂਲ ਰੂਪ ਗੁਰੂ ਨਾਨਕ ਸਾਹਿਬ ਦੀ ਬਾਣੀ ਵਿੱਚ ਹੈ । ਸਿੱਖ ਧਰਮ ਨੇ ਜੋ ਵੀ ਸੰਸਥਾ ਖੜ੍ਹੀ ਕੀਤੀ ਹੈ ਉਹ ਗੁਰੂ ਨਾਨਕ ਸਾਹਿਬ ਦੀ ਬਾਣੀ ਵਿੱਚੋਂ ਪ੍ਰਾਪਤ ਸ਼ਬਦ ਦੇ ਅਰਥਾਂ ਉੱਤੇ ਉਸਾਰੀ ਗਈ ਹੈ : ਲੰਗਰ, ਸੰਗਤ, ਪੰਗਤ, ਦਰਬਾਰ ਸਾਹਿਬ, ਗ੍ਰੰਥ ਸਾਹਿਬ, ਅਕਾਲ ਤਖ਼ਤ, ਮੀਰੀ-ਪੀਰੀ, ਪੰਜ ਪਿਆਰੇ ਸਿੱਖ ਸਿੰਘ ਆਦਿ । ਅੰਤ ਵਿੱਚ ਇਨ੍ਹਾਂ ਸਤਰਾਂ ਨਾਲ ਸਮਾਪਤੀ ਕਰਦਾ ਹਾਂ : ਮਾਰਿਆ ਸਿਕਾ ਜਗਤ੍ਰਿ ਵਿਚਿ ਨਾਨਕ ਨਿਰਮਲ ਪੰਥ ਚਲਾਇਆ ॥ ਥਾਪਿਆ ਲਹਿਣਾ ਜੀਵਦੇ ਗੁਰਿਆਈ ਸਿਰਿ ਛਤ੍ਰ ਫਿਰਾਇਆ ॥ ਜੋਤੀ ਜੋਤਿ ਮਿਲਾਇਕੈ ਸਤਿਗੁਰ ਨਾਨਕ ਰੂਪ ਵਟਾਇਆ॥ ਲਖਿ ਨ ਕੋਈ ਸਕਈ ਆਚਰਜੇ ਆਚਰਜ ਦਿਖਾਇਆ॥ ਕਾਇਆ ਪਲਟਿ ਸਰੂਪ ਬਣਾਇਆ॥
ਭੁੱਲਾਂ ਚੁੱਕਾਂ ਦੀ ਖਿਮਾਂ
ਗੁਰੂ ਪੰਥ ਦਾ ਦਾਸ-ਜਥੇਦਾਰ ਮਹਿੰਦਰ ਸਿੰਘ ਯੂ।ਕੇ।
ਪਾਠਕਾਂ ਦੇ ਪੱਤਰ
ਅਜਿਹੀਆਂ ਲਿਖਤਾਂ ਪੰਜਾਬ ਟਾਈਮਜ਼ ਦੀ ਪੰਥਕ ਸ਼ਾਖਾ ਨੂੰ ਢਾਹ ਲਾਉਂਦੀਆਂ ਹਨ
ਸਤਿਕਾਰ ਯੋਗ ਸੰਪਾਦਕ ਜੀੳ,
ਵਾਹਿਗੁਰੂ ਜੀ ਕਾ ਖ਼ਾਲਸਾ॥ਵਾਹਿਗੁਰੂ ਜੀ ਕੀ ਫਤਹਿ॥
ਆਪ ਜੀ ਨੇ ਪਿਛਲੇ ਹਫ਼ਤੇ ਦੇ ਪੰਜਾਬ ਟਾਈਮਜ਼ ਦੇ ਅੰਕ ਨੰ: 3055 ਦੇ 29 ਸਫ਼ਾ ਉੱਤੇ ਲੇਖਕਾਂ ਲਈ ਜਰੂਰੀ ਸੂਚਨਾ ਦੇ ਸਿਰਲੇਖ ਹੇਠ ਲਿਖਿਆ ਹੈ ਅਦਾਰਾ ਪੰਜਾਬ ਟਾਈਮਜ਼ ਵੱਲੋਂ ਆਪਣੇ ਸਾਰੇ ਲੇਖਕਾਂ, ਕਵੀਆਂ ਅਤੇ ਕਾਲਮ ਨਵੀਸਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਆਪਣੀਆਂ ਰਚਨਾਵਾਂ ਵਿੱਚ ਗੁਰਬਾਣੀ ਦੀ ਵਰਤੋਂ ਘੱਟ ਤੋਂ ਘੱਟ ਕਰਿਆ ਕਰਨ । ਆਪਣੀ ਲਿਖਤ ਵਿੱਚ ਜੇ ਲੋੜ ਹੈ ਤਾਂ ਸਹੀ ਗੁਰਬਾਣੀ ਦੀ ਵਰਤੋਂ ਕਰਿਆ ਕਰਨ । ਜੇ ਗੁਰਬਾਣੀ ਦੀ ਸਤਰ ਵਰਤਦੇ ਹਨ, ਤਾਂ ਉਸ ਨਾਲ ਰੈਫਰੈਂਸ ਵਜੋਂ ਪੰਨਾ ਜਰੂਰ ਲਿਖਣ । ਕਈ ਵਾਰ ਗੁਰਬਾਣੀ ਦੀਆਂ ਤੁਕਾਂ ਵਿੱਚ ਕਾਫੀ ਗਲਤੀਆਂ ਹੁੰਦੀਆਂ ਹਨ । ਪੰਨਾ ਨੰਬਰ ਨਾ ਲਿਖਣ ਕਾਰਨ ਉਨ੍ਹਾਂ ਦੀ ਲਿਖਤ ਪੇਪਰ ਵਿੱਚ ਨਹੀਂ ਛਾਪੀ ਜਾਵੇਗੀ-ਸੰਪਾਦਕ, ਡਾਇਰੈਕਟਰ ।
ਦਾਸ ਆਪ ਜੀ ਦਾ ਧਿਆਨ ਪੰਜਾਬ ਟਾਈਮਜ਼ ਵਿੱਚ ਹਰ ਹਫ਼ਤੇ ਛੱਪਣ ਵਾਲੀ ਪੜਚੋਲੀਆ ਬੀਬੀ ਵੱਲੋਂ ਵਰਤੀਆਂ ਗਈਆਂ ਗੁਰਬਾਣੀ ਦੀਆਂ ਕੁਝ ਗਲਤ ਤੁਕਾਂ ਵੱਲ ਦਿਵਾਉਣਾ ਚਾਹੁੰਦਾ ਹੈ, ਜਿਨ੍ਹਾਂ ਵਿੱਚ ਪੰਨਾ ਲਿਖਣ ਦੀ ਤਾਂ ਦੂਰ ਦੀ ਗੱਲ ਲਗਾਂ ਮਾਤਰਾਂ ਵੀ ਸਹੀ ਨਹੀਂ ਹੁੰਦੀਆਂ । ਪਿਛਲੇ ਹਫ਼ਤੇ ਦੇ ਪੰਜਾਬ ਟਾਈਮਜ਼ ਦੇ ਪੰਨਾ 43 ਉੱਤੇ ਤਾਂ ਪੜਚੋਲੀਆ ਜੀ ਨੇ ਗੁਰਬਾਣੀ ਦੀ ਪੂਰੀ ਪੰਗਤੀ ਹੀ ਬਦਲ ਦਿੱਤੀ । ਪੜਚੋਲੀਆ ਜੀ ਲਿਖਦੇ ਹਨ &ldquoਬੀਜੇ ਦਾਖ ਬਜ਼ੌਰੀਆ ਕਿੱਕਰ ਬੀਜੇ ਜੱਟ&rdquo॥, ਜਦਕਿ ਗੁਰਬਾਣੀ ਦੀ ਸਹੀ ਪੰਗਤੀ ਇਹ ਹੈ : ਫਰੀਦਾ ਲੋੜੈ ਦਾਖ ਬਿਜਉਰੀਆਂ ਕਿਕਰਿ ਬੀਜੈ ਜਟੁ॥ (ਗੁ: ਗੁੰ: ਸਾ: ਪੰਨਾ 1378) ਇਸੇ ਤਰ੍ਹਾਂ 22-8-2024 ਦੇ ਪੰਜਾਬ ਟਾਈਮਜ਼ ਦੇ ਪੰਨਾ 47 ਉੱਤੇ ਪੜਚੋਲੀਆ ਜੀ ਲਿਖਦੇ ਹਨ : ਮੈਂ ਜਾਣਾ ਦੁੱਖ ਮੁਝ ਕੋ ਦੁੱਖ ਸਵਾਇਆ ਜੱਗ, ਜਦਕਿ ਸਹੀ ਪੰਗਤੀ ਇਸ ਪ੍ਰਕਾਰ ਹੈ : ਫਰੀਦਾ ਮੈਂ ਜਾਨਿਆ ਦੁਖ ਮੁਝ ਕੁ ਦੁਖ ਸਵਾਇਐ ਜਗਿ (ਗੁ: ਗ੍ਰੰ: ਸਾ: ਪੰਨਾ 1381) ਪੜਚੋਲੀਆ ਜੀ ਸਿੱਖ ਧਰਮ ਦੀ ਹੇਠੀ ਕਰਨ ਲਈ ਕਈ ਪੰਗਤੀਆਂ ਤਾਂ ਕੋਲੋਂ ਬਣਾ ਕੇ ਵੀ ਲਿਖ ਦਿੰਦੀ ਹੈ, ਜਿਸ ਉੱਤੇ ਪੰਨਾ ਨੰ: ਨਹੀਂ ਲਿਖਿਆ ਹੁੰਦਾ । ਮਿਸਾਲ ਵਜੋਂ 25-4-2024 ਪੰਜਾਬ ਟਾਈਮਜ਼ ਦੇ ਸਫ਼ਾ 43 ਉੱਤੇ ਪੜਚੋਲੀਆ ਜੀ ਲਿਖਦੇ ਹਨ, ਨਾਨਕ ਜਾਣੇ ਚੋਜ਼ ਨਾ ਤੇਰੇ । ਸ਼ਾਇਦ ਹੀ ਕੋਈ ਐਸਾ ਹਫ਼ਤਾ ਹੋਵੇਗਾ ਜਿਸ ਪੰਜਾਬ ਟਾਈਮਜ਼ ਦੇ ਅੰਕ ਵਿੱਚ ਪੜਚੋਲੀਆ ਬੀਬੀ ਨੇ ਸਿੱਖ ਧਰਮ, ਗੁਰੂ ਨਾਨਕ ਤੇ ਗੁਰ-ਇਤਿਹਾਸ ਬਾਰੇ ਗਲਤ ਅਤੇ ਤੱਥਾਂ ਰਹਿਤ ਨਾਂਹ-ਪੱਖੀ ਟਿੱਪਣੀਆਂ ਨਾ ਕੀਤੀਆਂ ਹੋਣ। ਅਜਿਹੀਆਂ ਲਿਖਤਾਂ ਪੰਜਾਬ ਟਾਈਮਜ਼ ਦੀ ਪੰਥਕ ਸ਼ਾਖਾ ਨੂੰ ਢਾਹ ਲਾਉਂਦੀਆਂ ਹਨ । ਆਸ ਕਰਦਾ ਹਾਂ ਕਿ ਅਦਾਰਾ ਪੰਜਾਬ ਟਾਈਮਜ਼ ਇਸ &lsquoਤੇ ਜਰੂਰ ਵਿਚਾਰ ਕਰੇਗਾ ।
ਭੁੱਲਾਂ ਚੁੱਕਾਂ ਦੀ ਖਿਮਾਂ
ਗੁਰੂ ਪੰਥ ਦਾ ਦਾਸ
ਜਥੇਦਾਰ ਮਹਿੰਦਰ ਸਿੰਘ ਯੂ।ਕੇ।