image caption: ਭਗਵਾਨ ਸਿੰਘ ਜੌਹਲ

ਪ੍ਰਕਾਸ਼ ਪੁਰਬ ਤੇ ਵਿਸ਼ੇਸ਼ ਪ੍ਰਗਟੁ ਭਈ ਸਗਲੇ ਜੁਗ ਅੰਤਰੁ ਗੁਰੂ ਨਾਨਕ ਦੀ ਵਡਿਆਈ

ਜਗਤ ਗੁਰੂ ਸਾਹਿਬ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਅਨੁਸਾਰ ਅਕਾਲ ਪੁਰਖ ਵਾਹਿਗੁਰੂ ਸਾਡੀ ਕਾਇਨਾਤ ਦਾ ਕਰਤਾ, ਭਰਤਾ ਤੇ ਹਰਤਾ ਹੈ । ਉਸ ਵਾਹਿਗੁਰੂ ਦੀ ਸਦੀਵੀ ਹੋਂਦ ਦਾ ਪ੍ਰਗਟਾਵਾ ਗੁਰੂ ਸਾਹਿਬ ਨੇ ਆਦਿ ਸਚੁ ਜੁਗਾਦਿ ਸਚੁ ॥ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ॥ ਆਖ ਕੇ ਕੀਤਾ ਹੈ । ਸਾਰੀ ਸ੍ਰਿਸ਼ਟੀ ਦਾ ਰਚਨਹਾਰਾ ਹੋਣ ਕਰਕੇ, ਉਹ ਸਾਰੇ ਕਾਰਜਾਂ ਨੂੰ ਵੀ ਆਪ ਹੀ ਕਰਦਾ ਹੈ । ਉਸ ਦੀ ਬੰਦਗੀ ਕਰਨ ਵਿੱਚ ਹੀ ਸਭ ਦਾ ਭਲਾ ਹੈ । ਗੁਰੂ ਸਾਹਿਬ ਦੀ ਪਾਵਨ ਬਾਣੀ ਉਸੇ ਨਾਲ ਜੁੜਨ ਦਾ ਸੰਦੇਸ਼ ਤੇ ਪ੍ਰੇਰਨਾ ਦਿੰਦੀ ਹੈ । ਉਹ ਮਾਲਕ ਪ੍ਰਭੂ ਸਰਬ-ਸ਼ਕਤੀਮਾਨ, ਸਰਬ-ਗਿਆਤਾ ਤੇ ਸਰਬ-ਵਿਆਪਕ ਵੀ ਹੈ । ਉਸ ਦੀ ਜੋਤਿ ਨਾਲ ਹੀ ਸੰਸਾਰ ਦੇ ਸਰਬ ਜੀਵਾਂ ਦਾ ਆਉਣ ਜਾਣ ਚੱਲ ਰਿਹਾ ਹੈ । ਸਭ ਜੀਵਾਂ ਵਿੱਚ ਹੀ ਉਸ ਦੇ ਗਿਆਨ ਦਾ ਪ੍ਰਕਾਸ਼ ਹੋ ਰਿਹਾ ਹੈ । ਉਸ ਦੀ ਬੰਦਗੀ ਤੇ ਅਰਾਧਨਾ ਨਾਲ ਮੁਕਤੀ ਮਿਲ ਸਕਦੀ ਹੈ । ਉਸ ਦੀ ਬਖ਼ਸ਼ਿਸ਼ ਨਾਲ ਸਭ ਪ੍ਰਾਪਤੀਆਂ ਹੋ ਸਕਦੀਆਂ ਹਨ । ਉਸ ਨਾਲ ਜੁੜ ਕੇ ਜੀਵ ਦੇਵਤਾ ਬਣ ਜਾਂਦਾ ਹੈ । ਉਸ ਦੀ ਛੋਹ ਮਨੁੱਖ ਨੂੰ ਪਾਰਸ ਬਣਾ ਦਿੰਦੀ ਹੈ । ਜਿਹੜੇ ਕੌਤਕ ਸ੍ਰੀ ਨਨਕਾਣਾ ਸਾਹਿਬ ਜੀ ਦੀ ਪਾਵਨ ਧਰਤੀ &lsquoਤੇ ਵਰਤੇ, ਉਨ੍ਹਾਂ ਵਿੱਚੋਂ ਗੁਰੂ ਸਾਹਿਬ ਦੀ ਸ਼ਖ਼ਸੀਅਤ ਦੇ ਦੈਵੀ ਹੋਣ ਦਾ ਪ੍ਰਗਟਾਵਾ ਹੁੰਦਾ ਹੈ, ਧੰਨ ਗੁਰੂ ਨਾਨਕ ਸਾਹਿਬ ਦੇ ਸਤਿਕਾਰਯੋਗ ਮਾਤਾ ਜੀ ਅਤੇ ਪਿਤਾ ਜੀ ਦੇ ਵੱਡੇ ਕਰਮਾਂ ਦਾ ਫ਼ਲ ਹੀ ਸੀ ਕਿ ਉਨ੍ਹਾਂ ਦੇ ਗ੍ਰਹਿ ਵਿਖੇ ਗੁਰੂ ਸਾਹਿਬ ਦਾ ਪ੍ਰਕਾਸ਼ ਹੋਇਆ । ਗੁਰੂ ਸਾਹਿਬ ਵੱਲੋਂ ਉਚਾਰਨ ਕੀਤੀ ਧੁਰ ਕੀ ਬਾਣੀ ਵੀ ਉਨ੍ਹਾਂ ਦੇ ਦੈਵੀ ਹੋਣ ਦਾ ਪ੍ਰਗਟਾਵਾ ਕਰਦੀ ਹੈ । ਉਨ੍ਹਾਂ ਦੀ ਅਕਾਲ ਪੁਰਖ ਨਾਲ ਦੈਵੀ ਸਾਂਝ ਦਾ ਪ੍ਰਗਟਾਵਾ ਵੀ ਪਾਵਨ ਬਾਣੀ ਹੀ ਕਰਦੀ ਹੈ । 
ਅਪਰੰਪਰ ਪਾਰਬ੍ਰਹਮੁ ਪਰਮੇਸਰੁ ਨਾਨਕ ਗੁਰ ਮਿਲਿਆ ਸੋਈ ਜੀਉ । (ਅੰਗ 599)
ਜਦੋਂ ਅਸੀਂ ਵੱਖ-ਵੱਖ ਸਰੋਤਾਂ ਤੋਂ ਗੁਰੂ ਸਾਹਿਬ ਦਾ ਜੀਵਨ-ਦਰਸ਼ਨ ਵਾਚਦੇ ਹਾਂ, ਤਾਂ ਸਚਮੁੱਚ ਹੀ ਉਨ੍ਹਾਂ ਦੀ ਦੈਵੀ-ਹਸਤੀ ਵਿੱਚੋਂ ਸੂਰਜ ਵਰਗਾ ਤੇਜ, ਚੰਦਰਮਾ ਵਰਗੀ ਸ਼ਾਂਤੀ, ਸਮੁੰਦਰ ਵਰਗਾ ਸਹਿਜ, ਦ੍ਰਿੜ੍ਹਤਾ ਸੁਮੇਰ ਪਰਬਤ ਜਿਹੀ, ਰੁੱਖਾਂ ਵਰਗੀ ਜੀਰਾਂਦ, ਨਿਮਰਤਾ ਦੇ ਦਰਸ਼ਨ ਸਹਿਜ ਸੁਭਾਅ ਹੀ ਹੋ ਜਾਂਦੇ ਹਨ । ਗੁਰੂ ਸਾਹਿਬ ਦੀ ਇਕੋ ਨਜ਼ਰ ਹੀ ਮਨੁੱਖਾਂ ਤੇ ਜੀਵ-ਜੰਤੂਆਂ ਦੇ ਜੀਵਨ ਨੂੰ ਬਦਲਣ ਲਈ ਸਮਰੱਥ ਹੈ । ਆਪਣੀਆਂ ਚਾਰੋਂ ਉਦਾਸੀਆਂ ਦੌਰਾਨ ਜਿਸ ਮਾਰਗ ਤੇ ਵੀ ਗੁਰੂ ਬਾਬਾ ਜੀ ਗਏ, ਮੁੱੜ ਉਸ ਸਥਾਨ &lsquoਤੇ ਨਹੀਂ ਜਾ ਸਕੇ, ਪ੍ਰੰਤੂ ਉਨ੍ਹਾਂ ਦੁਆਰਾ ਸਥਾਪਿਤ ਸੰਗਤ ਨਿਰੰਤਰ ਹੁਣ ਤੱਕ ਵੀ ਕਾਇਮ ਹੈ । ਜਿਥੇ ਵੀ ਗੁਰੂ ਸਾਹਿਬ ਦੇ ਚਰਨ ਟਿਕੇ, ਉਹ ਥਾਵਾਂ ਪੂਜਣਯੋਗ ਹੋ ਗਈਆਂ, ਜਦੋਂ ਗੁਰੂ ਬਾਬਾ ਜੀ ਜੰਗਲਾਂ-ਬੇਲਿਆਂ, ਰੇਗਿਸਤਾਨਾਂ, ਪਹਾੜਾਂ, ਸਮੁੰਦਰਾਂ, ਨਦੀਆਂ ਦਾ ਭਰਮਣ ਕਰਦੇ ਸਨ, ਕਦੇ ਵੀ ਭੈਅ, ਡਰ, ਦੁਬਿਧਾ ਉਨ੍ਹਾਂ ਦੇ ਜੀਵਨ ਵਿੱਚ ਵਿਖਾਈ ਹੀ ਨਹੀਂ ਦਿੱਤੀ । ਸਮੁੱਚੇ ਸੰਸਾਰ ਨੂੰ ਸੱਚ, ਹੱਕ, ਸਦਾਚਾਰ, ਮਨੁੱਖਤਾ ਦੇ ਭਲੇ ਦੇ ਮਾਰਗ ਤੇ ਪਾਉਣ ਲਈ ਗੁਰੂ ਬਾਬਾ ਜੀ ਨੇ ਜਿਹੜਾ ਕਾਰਜ ਆਰੰਭ ਕੀਤਾ, ਉਸ ਵਿੱਚ ਜਿਹੜੀ ਵੀ ਰੁਕਾਵਟ ਆਈ, ਉਸ ਨੂੰ ਸੰਵਾਦ, ਵਿਚਾਰ-ਚਰਚਾ, ਵਿਚਾਰ-ਵਟਾਂਦਰਾ ਕਰਦਿਆਂ ਦੂਰ ਕੀਤਾ । ਪਰ ਕਦੇ ਵੀ ਨਿਮਰਤਾ, ਸਹਿਜ, ਦ੍ਰਿੜ੍ਹਤਾ ਤੇ ਨਿਡਰਤਾ ਦਾ ਪੱਲਾ ਨਹੀਂ ਛੱਡਿਆ ।
ਗੁਰੂ ਬਾਬਾ ਜੀ ਨਾਲ ਮੇਲ-ਮਿਲਾਪ ਤੋਂ ਬਾਅਦ ਵੱਡੇ-ਵੱਡੇ ਲੋਭੀ, ਲਾਲਚੀ, ਦੰਭੀ, ਪਾਖੰਡੀ, ਹੰਕਾਰੀ, ਬਹੁ-ਰੂਪੀਏ ਤੇ ਖੂੰਖਾਰ ਮਨੁੱਖਾਂ ਦੇ ਮਨ ਵਿੱਚ ਪ੍ਰੇਮ, ਦਇਆ ਵਰਗੀ ਭਾਵਨਾ ਹੀ ਪੈਦਾ ਨਹੀਂ ਹੋਈ, ਸਗੋਂ ਅਜਿਹੇ ਦਰਿੰਦੇ ਮਨੁੱਖ, ਗੁਰੂ ਬਾਬਾ ਜੀ ਦੇ ਦੱਸੇ ਸਤਿ ਦੇ ਮਾਰਗ ਦੇ ਧਾਰਨੀ ਬਣ ਗਏ । ਜਿਸ ਨੇ ਵੀ ਗੁਰੂ ਸਾਹਿਬ ਨਾਲ ਸੰਵਾਦ ਰਚਾਉਣ ਦਾ ਯਤਨ ਕੀਤਾ, ਗੁਰੂ ਸਾਹਿਬ ਦੇ ਅਗੰਮੀ ਬਚਨਾਂ ਤੋਂ ਅਜਿਹਾ ਪ੍ਰਭਾਵਿਤ ਹੋਇਆ ਤੇ ਚਰਨਾਂ ਤੇ ਢਹਿ ਕੇ ਪਿਛਲੇ ਕੀਤੇ ਕਰਮਾਂ ਲਈ ਖਿਮਾਂ ਜਾਚਨਾ ਕਰਦਿਆਂ ਮੁੜ ਸੱਚ ਦੇ ਮਾਰਗ &lsquoਤੇ ਚੱਲਣ ਦਾ ਵਾਅਦਾ ਕੀਤਾ । ਗੁਰੂ ਸਾਹਿਬ ਦੀ ਵੱਡਿਆਈ ਦੀਆਂ ਅਜਿਹੀਆਂ ਸਾਖੀਆਂ ਤੇ ਕਥਾਵਾਂ ਸੁਣਨ ਨੂੰ ਮਿਲਦੀਆਂ ਹਨ, ਜਿਸ ਅਸਥਾਨ &lsquoਤੇ ਗੁਰੂ ਸਾਹਿਬ ਗਏ, ਹੁਣ ਤੱਕ ਉਥੋਂ ਦੇ ਸਥਾਨਿਕ ਲੋਕਾਂ ਵਿੱਚ ਪੀੜ੍ਹੀ-ਦਰ-ਪੀੜ੍ਹੀ ਉਹੋ ਕਥਾ, ਕਹਾਣੀਆਂ ਲੋਕਾਂ ਵਿੱਚ ਪ੍ਰਚੱਲਤ ਹਨ ।
ਗੁਰੂ ਬਾਬਾ ਜੀ ਦੀ ਪਾਰਸ ਛੋਹ ਅਜਿਹੀ ਸਮਰੱਥਾ ਰੱਖਦੀ ਹੈ, ਜਿਸ ਨਾਲ ਬੋਲੇ ਤੇ ਗੂੰਗੇ, ਬੋਲਣ ਤੇ ਸੁਣਨ ਲੱਗ ਪਏ । ਅੱਖਾਂ ਤੋਂ ਅੰਨੇ੍ਹ ਦੇਖਣ ਦੀ ਤਾਕਤ ਪ੍ਰਾਪਤ ਕਰ ਗਏ । ਪਿੰਗਲਿਆਂ ਵਿੱਚ ਪਰਬਤਾਂ ਨੂੰ ਪਾਰ ਕਰਨ ਦੀ ਸ਼ਕਤੀ ਆ ਗਈ । ਅਸਲ ਵਿੱਚ ਉਸ ਪ੍ਰਭੂ ਦੀ ਸ਼ਕਤੀ ਹੈ ਕਿ ਨਦੀਆਂ-ਦਰਿਆਵਾਂ ਦੀ ਥਾਂ ਤੇ ਟਿੱਬੇ ਤੇ ਮਾਰੂਥਲਾਂ ਵਿੱਚ ਹਰਿਆਵਲ ਪੈਦਾ ਕਰ ਦਿੱਤੀ ਹੈ । ਉਹ ਨੀਵਿਆਂ ਤੇ ਕਮਜ਼ੋਰਾਂ ਨੂੰ ਤਾਕਤਵਰ, ਤਾਕਤਵਰ ਲਸ਼ਕਰਾਂ ਨੂੰ ਨੇਸਤੋ-ਨਾਮੂਦ ਕਰ ਸਕਦਾ ਹੈ । ਪ੍ਰਭੂ ਦਾ ਦਇਆਵਾਨ ਸਰੂਪ ਸਾਡੇ ਹਜ਼ਾਰਾਂ ਗੁਨਾਹਾਂ ਨੂੰ ਬਖ਼ਸ਼ ਦਿੰਦਾ ਹੈ । ਉਹ ਪ੍ਰਭੂ ਏਡਾ ਵੱਡਾ ਗੁਣੀ-ਨਿਧਾਨ ਅਥਵਾ ਗੁਣਾਂ ਦਾ ਖ਼ਜ਼ਾਨਾ ਹੈ, ਉਸ ਦੇ ਸਾਰੇ ਪੱਖਾਂ ਨੂੰ ਸੰਪੂਰਨ ਰੂਪ ਵਿੱਚ ਮਨੁੱਖੀ ਅਕਲ ਤੇ ਬੁੱਧੀ ਬਿਆਨ ਨਹੀਂ ਕਰ ਸਕਦੀ । ਉਸ ਦੀ ਰਜ਼ਾ ਵਿੱਚ ਹੀ ਸੁੱਖ ਹੈ, ਉਸ ਦੇ ਹੁਕਮ ਵਿੱਚ ਹੀ ਸਫ਼ਲਤਾ ਹੈ । ਗੁਰੂ ਬਾਬਾ ਜੀ ਪਾਵਨ ਬਾਣੀ ਵਿੱਚ ਥਾਂ-ਪੁਰ-ਥਾਂ, ਉਸ ਸੱਚੇ-ਪ੍ਰਭੂ ਦੀ ਉਸਤਤ, ਵੱਡਿਆਈ, ਮਹਿਮਾਂ ਤੇ ਸ਼ੋਭਾ ਕਰਨ ਦੀ ਪ੍ਰੇਰਨਾ ਦਿੰਦੇ ਹਨ । ਗੁਰੂ ਬਾਬਾ ਜੀ ਦੀ ਬਾਣੀ ਦਾ ਇਹ ਸਿਧਾਂਤ ਹੈ ਕਿ ਉਹ ਉਪਾਸਨਾ ਨਹੀਂ ਕਰਵਾਉਂਦੇ, ਗੁਰੂ ਸਾਹਿਬ ਜੀ ਦੇ ਸਿਧਾਂਤ ਮੁਤਾਬਿਕ ਮਨੁੱਖ ਸਦਾਚਾਰ ਤੇ ਸੱਚ ਨਾਲ ਜੁੜ ਕੇ ਪ੍ਰਮਾਤਮਾਂ ਦੀ ਬੰਦਗੀ ਕਰਨਾ ਹੈ, ਉਹ ਪ੍ਰਭੂ ਬੰਦਗੀ ਵਿੱਚੋਂ ਪ੍ਰਗਟ ਹੁੰਦਾ ਹੈ । ਗੁਰੂ ਸਾਹਿਬ ਦੀ ਦ੍ਰਿਸ਼ਟੀ ਦਾ ਪ੍ਰਭਾਵ ਅਜਿਹਾ ਹੈ, ਜਿਹੜਾ ਜੀਵ ਵੀ ਇਸ ਦ੍ਰਿਸ਼ਟੀ ਵਿੱਚ ਆ ਜਾਂਦਾ ਹੈ, ਉਸ ਵਿੱਚ ਅੰਤਰੀਵੀ-ਗਿਆਨ ਦੀ ਜੋਤ ਪ੍ਰਗਟ ਹੋ ਜਾਂਦੀ ਹੈ । ਹੁਣ ਉਸ ਮਨੁੱਖ ਨੂੰ ਸਰਬੱਤ-ਸੰਸਾਰ ਵਿੱਚੋਂ ਉਸ ਦੀ ਅਗੰਮੀ-ਜੋਤ ਵਿਖਾਈ ਦਿੰਦੀ ਹੈ । ਸਰਬੱਤ ਦਾ ਭਲਾ ਹਿਰਦੇ ਦੇ ਤਲ ਤੋਂ ਪ੍ਰਗਟ ਹੁੰਦਾ ਹੈ । 
ਅਸੀਂ ਵੇਖਦੇ ਹਾਂ ਸੰਸਾਰ ਦੇ ਸਮੂਹ ਗੁਰੂ-ਨਾਮ-ਲੇਵਾ ਲੋਕ ਜਾਹਰ-ਪੀਰ, ਜਗਤ ਗੁਰੂ ਬਾਬਾ ਧੰਨ ਸ੍ਰੀ ਨਾਨਕ ਦੇਵ ਜੀ ਨੂੰ ਸਮੂਹ ਬੁਰਾਈਆਂ ਅਤੇ ਪਾਪਾਂ ਦਾ ਨਾਸ਼ਕ ਮੰਨਦੇ ਹਨ । ਉਨ੍ਹਾਂ ਦੁਆਰਾ ਦਰਸਾਏ ਮਾਰਗ &lsquoਤੇ ਚਲਣਾ ਚੰਗੇ ਕਰਮਾਂ ਦੀ ਨਿਸ਼ਾਨੀ ਮੰਨਦੇ ਹਨ । ਹੁਣ ਅਜਿਹੇ ਮਨੁੱਖ ਗੁਰੂ ਬਾਬਾ ਜੀ ਦੀ ਫਿਲਾਸਫ਼ੀ ਤੇ ਅਜਿਹਾ ਦ੍ਰਿੜ੍ਹ ਵਿਸ਼ਵਾਸ ਕਰ ਲੈਂਦੇ ਹਨ, ਜਿਸ ਨਾਲ ਵਹਿਮਾਂ-ਭਰਮਾਂ, ਸ਼ੁੱਭ-ਅਸ਼ੁੱਭ, ਸ਼ਗਨ-ਅਸ਼ਗਨ ਤੋਂ ਸਦੀਵੀ ਛੁਟਕਾਰਾ ਪ੍ਰਾਪਤ ਕਰ ਲੈਂਦੇ ਹਨ । ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਦੀ ਵੱਡਿਆਈ ਕਰਨ ਨਾਲ ਰਿਸ਼ੀਆਂ, ਮੁਨੀਆਂ, ਪੀਰਾਂ-ਫ਼ਕੀਰਾਂ, ਦੇਵੀ-ਦੇਵਤਿਆਂ ਵੱਲੋਂ ਦਿੱਤੀਆਂ ਜਾਂਦੀਆਂ ਬਖ਼ਸ਼ਿਸ਼ਾਂ, ਸ਼ੁੱਭ-ਅਸੀਸਾਂ ਤੇ ਸਮੂਹ ਤੀਰਥਾਂ ਦਾ ਫ਼ਲ ਸਹਿਜ ਸੁਭਾਅ ਹੀ ਪ੍ਰਾਪਤ ਹੋ ਜਾਂਦਾ ਹੈ । ਗੁਰੂ ਸਾਹਿਬ ਜੀ ਦੀ ਤਾਬਿਆ ਆਉਣ ਨਾਲ ਤਿੰਨ ਤਾਪ ਵੀ ਦੂਰ ਹੋ ਜਾਂਦੇ ਹਨ । ਕਮਲ ਫੁੱਲ ਵਾਂਗ ਚਿੱਕੜ ਵਿੱਚ ਰਹਿ ਕੇ ਵੀ ਮਨੁੱਖ ਨਿਰਲੇਪ ਰਹਿੰਦਾ ਹੈ ।
ਅਸਲ ਵਿੱਚ ਗੁਰੂ ਬਾਬਾ ਜੀ ਨੇ ਆਤਮਾ-ਪ੍ਰਮਾਤਮਾ ਦੇ ਮੇਲ ਦੀ ਵਿਧੀ ਆਪਣੀ ਪਾਵਨ ਬਾਣੀ ਵਿੱਚ ਦਰਸਾਈ ਹੈ । ਇਹੋ ਪਾਵਨ ਬਾਣੀ ਮਨੁੱਖੀ ਜੀਵਨ ਦਾ ਆਧਾਰ ਹੈ । ਸ਼ਬਦ-ਗੁਰੂ ਦੀ ਪ੍ਰਾਪਤੀ ਦਾ ਮਾਰਗ ਧੰਨ ਗੁਰੂ ਨਾਨਕ ਦੇਵ ਜੀ ਦੇ ਦੈਵੀ-ਗੁਣਾਂ ਦੀ ਮਹਿਮਾ, ਉਸਤਤ, ਵੱਡਿਆਈ ਵਿੱਚੋਂ ਹੀ ਪ੍ਰਗਟ ਹੁੰਦਾ ਹੈ । ਐਸੀ ਪ੍ਰੀਤ ਸਾਡੇ ਹਿਰਦੇ ਘਰ ਵਿੱਚ ਵੀ ਪ੍ਰਵੇਸ਼ ਕਰ ਜਾਵੇ । ਸਾਨੂੰ ਵੀ 550 ਸਾਲਾਂ ਆਗਮਨ ਪੁਰਬ ਇਸ ਮਾਰਗ ਦਾ ਪਾਂਧੀ ਬਣਨ ਦਾ ਸੁਭਾਗ ਪ੍ਰਾਪਤ ਹੋਵੇ । 
ਜਾਲਉ ਐਸੀ ਰੀਤਿ ਜਿਤੁ ਮੈ ਪਿਆਰਾ ਵੀਸਰੈ ॥ 
ਨਾਨਕ ਸਾਈ ਭਲੀ ਪਰੀਤਿ ਜਿਤੁ ਸਾਹਿਬ ਸੇਤੀ ਪਤਿ ਰਹੈ ॥ (ਅੰਗ 590) 
-ਭਗਵਾਨ ਸਿੰਘ ਜੌਹਲ