image caption: ਭਗਵਾਨ ਸਿੰਘ ਜੌਹਲ

ਬਰਸੀ ‘ਤੇ ਵਿਸ਼ੇਸ਼ ਧੜੱਲੇਦਾਰ ਸਿੱਖ ਆਗੂ ਸਨ - ਮਾਸਟਰ ਤਾਰਾ ਸਿੰਘ

20ਵੀਂ ਸਦੀ ਦੇ ਉੱਘੇ ਸਿੱਖ ਆਗੂ ਮਾਸਟਰ ਤਾਰਾ ਸਿੰਘ ਅਜਿਹੇ ਧੜੱਲੇਦਾਰ ਸਿੱਖ ਆਗੂ ਸਨ, ਜਿਨ੍ਹਾਂ ਸਮੁੱਚਾ ਜੀਵਨ ਸ਼੍ਰੋਮਣੀ ਅਕਾਲੀ ਦਲ ਅਤੇ ਸਿੱਖ ਹਿੱਤਾਂ ਲਈ ਸੰਘਰਸ਼ ਕਰਦਿਆਂ ਬਤੀਤ ਕੀਤਾ । ਮਾਸਟਰ ਜੀ ਦਾ ਜਨਮ ਪੱਛਮੀ ਪੰਜਾਬ (ਪਾਕਿਸਤਾਨ) ਦੇ ਜ਼ਿਲ੍ਹਾ ਰਾਵਲਪਿੰਡੀ ਦੇ ਹਰਿਆਲ ਨਾਂਅ ਦੇ ਪਿੰਡ ਵਿੱਚ ਮਾਤਾ ਮੂਲਾਂ ਦੇਵੀ ਦੀ ਕੁੱਖ ਤੋਂ ਪਿਤਾ ਬਖ਼ਸ਼ੀ ਗੋਪੀ ਚੰਦ ਮਲਹੋਤਰਾ (ਜੋ ਕਿੱਤੇ ਵਜੋਂ ਪਟਵਾਰੀ ਸਨ) ਦੇ ਘਰ 24 ਜੂਨ, 1885 ਈ: ਨੂੰ ਹੋਇਆ । ਮਾਸਟਰ ਜੀ ਦਾ ਪਹਿਲਾਂ ਨਾਂਅ ਨਾਨਕ ਚੰਦ ਸੀ, ਪਰ ਸਿੰਘ ਸਭਾ ਲਹਿਰ ਅਤੇ ਸੰਤ ਬਾਬਾ ਅਤਰ ਸਿੰਘ ਮਸਤੂਆਣਾ ਦੇ ਪ੍ਰਭਾਵ ਵਿੱਚ 1902 ਈ: ਵਿੱਚ ਆਪ ਅੰਮ੍ਰਿਤ ਛੱਕ ਕੇ ਸਿੰਘ ਸਜ ਗਏ ਅਤੇ ਨਾਨਕ ਚੰਦ ਤੋਂ ਤਾਰਾ ਸਿੰਘ ਬਣ ਗਏ । ਮੁੱਢਲੀ ਸਿੱਖਿਆ ਉਨ੍ਹਾਂ ਪਿੰਡ ਦੇ ਮਦਰਸੇ ਤੋਂ ਪ੍ਰਾਪਤ ਕੀਤੀ । ਉੱਚ ਸਿੱਖਿਆ ਖ਼ਾਲਸਾ ਕਾਲਜ ਅੰਮ੍ਰਿਤਸਰ ਤੋਂ ਪ੍ਰਾਪਤ ਕੀਤੀ । ਇਥੋਂ ਗਰੈਜੂਏਸ਼ਨ ਕਰਨ ਤੋਂ ਪਿੱਛੋਂ ਲਾਹੌਰ ਤੋਂ ਬੀ।ਟੀ। ਪਾਸ ਕੀਤੀ । ਇਸ ਟੀਚਰ ਟ੍ਰੇਨਿੰਗ ਦੀ ਬੈਚੂਲਰ ਦੀ ਡਿਗਰੀ ਤੋਂ ਪਿੱਛੋਂ ਮਾਸਟਰ ਤਾਰਾ ਸਿੰਘ ਖ਼ਾਲਸਾ ਹਾਈ ਸਕੂਲ ਦੇ ਹੈੱਡਮਾਸਟਰ ਵਜੋਂ ਨਿਯੁਕਤ ਹੋਏ ।
ਗੁਰਦੁਆਰਾ ਸੁਧਾਰ ਲਹਿਰ ਲਈ ਚੱਲੇ ਸੰਘਰਸ਼ ਵਿੱਚ ਅੰਗ੍ਰੇਜ਼ ਸਰਕਾਰ ਨੇ ਬਾਕੀ ਅਕਾਲੀ ਲੀਡਰਾਂ ਸਮੇਤ ਮਾਸਟਰ ਜੀ ਨੂੰ ਵੀ ਗ੍ਰਿਫਤਾਰ ਕਰ ਲਿਆ । ਜਦੋਂ ਰਿਹਾਈ ਹੋਈ, ਉਸ ਸਮੇਂ ਅੰਗ੍ਰੇਜ਼ ਹਕੂਮਤ ਵੱਲੋਂ ਗੁਰਦੁਆਰਾ ਐਕਟ 1925 ਈ: ਵਿੱਚ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧ ਲਈ ਲਾਗੂ ਕੀਤਾ । ਅਕਾਲੀ ਦਲ ਇਸ ਐਕਟ ਦੇ ਪਾਸ ਹੋਣ ਤੋਂ ਬਾਅਦ ਦੋ ਧੜਿਆਂ ਵਿੱਚ ਵੰਡਿਆ ਗਿਆ । ਮਾਸਟਰ ਜੀ ਦੂਜੇ ਧੜੇ ਨਾਲ ਜੁੜ ਗਏ । ਜਦੋਂ 1926 ਵਿੱਚ ਜੇਲ੍ਹੋਂ ਬਾਹਰ ਆਏ ਤਾਂ ਆਪ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੀਤ ਪ੍ਰਧਾਨ ਬਣਾਇਆ ਗਿਆ । ਇਸ ਤੋਂ ਪਿੱਛੋਂ ਸਮੇਂ-ਸਮੇਂ ਮਾਸਟਰ ਜੀ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵਜੋਂ ਆਪਣੇ ਫਰਜ਼ ਨਿਭਾਉਂਦੇ ਰਹੇ ।
ਦੇਸ਼ ਦੀ ਵੰਡ ਤੋਂ ਬਾਅਦ ਫ਼ਰਵਰੀ 1949 ਈ: ਵਿੱਚ ਜਦੋਂ ਦਿੱਲੀ ਵਿੱਚ ਹੋ ਰਹੀ ਅਕਾਲੀ ਕਾਨਫਰੰਸ ਵਿੱਚ ਆਪ ਹਿੱਸਾ ਲੈਣ ਜਾ ਰਹੇ ਸਨ ਤਾਂ ਅਜ਼ਾਦ ਦੇਸ਼ ਵਿੱਚ ਦਿੱਲੀ ਵਿੱਚ ਦਾਖ਼ਲੇ ਤੋਂ ਪਹਿਲਾਂ ਨਰੇਲਾ ਸਟੇਸ਼ਨ &lsquoਤੇ ਗ੍ਰਿਫਤਾਰ ਕਰ ਲਿਆ ਗਿਆ । ਰਿਹਾਈ ਤੋਂ ਪਿੱਛੋਂ ਆਪ ਨੇ ਭਾਸ਼ਾ &lsquoਤੇ ਆਧਾਰਿਤ ਪੰਜਾਬੀ ਸੂਬੇ ਲਈ ਸੰਘਰਸ਼ ਦਾ ਐਲਾਨ ਕਰ ਦਿੱਤਾ । 1960 ਈ: ਵਿੱਚ ਹੋਈਆਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵਿੱਚ ਮਾਸਟਰ ਜੀ ਨੇ 140 ਸੀਟਾਂ ਵਿੱਚੋਂ 136 ਸੀਟਾਂ ਅਕਾਲੀ ਦਲ ਲਈ ਜਿੱਤੀਆਂ । ਆਪ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣੇ । ਛੇਤੀ ਹੀ ਪ੍ਰਧਾਨਗੀ ਛੱਡ ਕੇ ਸੂਬੇ ਦੇ ਅੰਦੋਲਨ ਵਿੱਚ ਕੁੱਦ ਪਏ । 
ਅੰਮ੍ਰਿਤਸਰ ਵਿੱਚ ਪੰਜਾਬੀ ਸੂਬਾ ਕਨਵੈਨਸ਼ਨ ਵਿੱਚ ਪੰਜਾਬੀ ਸੂਬਾ ਬਨਾਉਣ ਲਈ ਮਤਾ ਪਾਸ ਕਰਵਾਇਆ । ਦਿੱਲੀ ਵਿੱਚ ਪ੍ਰਭਾਵਸ਼ਾਲੀ ਜਲੂਸ ਕੱਢਣ ਦਾ ਐਲਾਨ ਕੀਤਾ । ਇਸ ਜਲੂਸ ਤੋਂ ਪਹਿਲਾਂ ਮਾਸਟਰ ਜੀ ਨੂੰ ਗ੍ਰਿਫਤਾਰ ਕਰ ਲਿਆ ਗਿਆ । ਪਰ ਗ੍ਰਿਫਤਾਰੀ ਤੋਂ ਪਿੱਛੋਂ ਸਿੱਖਾਂ ਨੇ ਪੰਜਾਬੀ ਸੂਬੇ ਦੀ ਮੰਗ ਲਈ ਸ਼ਾਨਦਾਰ ਰੋਸ ਮਾਰਚ ਕੀਤਾ । 4 ਜੁਲਾਈ, 1961 ਨੂੰ ਰਿਹਾਅ ਹੋ ਕੇ ਸੰਤ ਫਤਹਿ ਸਿੰਘ ਵੱਲੋਂ ਸ਼ੁਰੂ ਕੀਤਾ ਮਰਨ ਵਰਤ ਖੁੱਲ੍ਹਵਾਇਆ । ਆਪ ਜੀ ਵੱਲੋਂ ਸੱਚਾ ਢੰਡੋਰਾ ਅਤੇ ਪ੍ਰਦੇਸੀ ਖ਼ਾਲਸਾ ਸਪਤਾਹਿਕ ਮੈਗਜ਼ੀਨ ਸ਼ੁਰੂ ਕੀਤੇ, ਜੋ ਪਿੱਛੋਂ ਅਕਾਲੀ ਅਖ਼ਬਾਰ ਦੇ ਰੂਪ ਵਿੱਚ ਬਦਲ ਗਏ । 1961 ਈ: ਵਿੱਚ ਜਥੇਦਾਰ ਅਖ਼ਬਾਰ ਛਾਪਣਾ ਸ਼ੁਰੂ ਕੀਤਾ । ਉਰਦੂ ਵਿੱਚ ਪੰਥਕ ਹਿੱਤਾਂ ਲਈ ਪ੍ਰਭਾਤ ਅਖ਼ਬਾਰ ਵੀ ਕੱਢਿਆ । 1946 ਈ: ਵਿੱਚ ਆਪ ਜੀ ਵੱਲੋਂ ਸ਼ੁਰੂ ਕੀਤਾ ਗਿਆ ਸੰਤ ਸਿਪਾਹੀ ਮਾਸਿਕ ਹੁਣ ਤੱਕ ਛੱਪ ਰਿਹਾ ਹੈ । ਮਾਸਟਰ ਜੀ ਅਜਿਹੀ ਸ਼ਖ਼ਸੀਅਤ ਸਨ, ਜਿਨ੍ਹਾਂ ਦਾ ਪੂਰਾ ਜੀਵਨ ਸਿੱਖ ਹਿੱਤਾਂ ਲਈ ਸੰਘਰਸ਼ ਕਰਦਿਆਂ ਬੀਤਿਆ । ਮਾਸਟਰ ਜੀ ਆਪਣੇ ਲੱਖਾਂ ਸਨੇਹੀਆਂ ਤੇ ਪਿਆਰਿਆਂ ਨੂੰ 22 ਨਵੰਬਰ, 1967 ਈ: ਨੂੰ ਸਦੀਵੀ ਵਿਛੋੜਾ ਦੇ ਗਏ ।
30 ਨਵੰਬਰ ਬਰਸੀ &lsquoਤੇ ਵਿਸ਼ੇਸ਼
ਬਾਬਾ ਗੁਰਮੁੱਖ ਸਿੰਘ ਕਾਰਸੇਵਾ ਵਾਲਿਆਂ ਨੂੰ ਯਾਦ ਕਰਦਿਆਂ
ਰੱਬੀ ਰੰਗ ਵਿੱਚ ਰੰਗ-ਰਤੜੀਆਂ ਆਤਮਾਵਾਂ ਦੇ ਜੀਵਨ ਦਾ ਅੰਤਿਮ ਨਿਸ਼ਾਨਾ ਮਨੁੱਖਤਾ ਦੇ ਪਰਉਪਕਾਰ ਲਈ ਜੀਵਨ ਬਤੀਤ ਕਰਨਾ ਹੁੰਦਾ ਹੈ । ਬਾਬਾ ਗੁਰਮੁੱਖ ਸਿੰਘ ਕਾਰਸੇਵਾ ਵਾਲਿਆਂ ਦਾ ਜੀਵਨ ਇਸ ਗੱਲ ਦੀ ਪ੍ਰਤੱਖ ਉਦਾਹਰਣ ਹੈ । ਜਿਨ੍ਹਾਂ ਕਾਰਸੇਵਾ ਦੇ ਨਾਂਅ ਉੱਪਰ ਕਦਾਚਿਤ ਵੀ ਕਿਸੇ ਸ਼ਰਧਾਲੂ ਤੋਂ ਕੁਝ ਨਹੀਂ ਸੀ ਮੰਗਿਆ, ਉਨ੍ਹਾਂ ਵੱਲੋਂ ਕਾਰਸੇਵਾ ਸੇਵਾ ਦੇ ਖੇਤਰ ਵਿੱਚ ਕੀਤੇ ਕਾਰਜਾਂ ਤੋਂ ਪ੍ਰਭਾਵਿਤ ਹੋ ਕੇ ਸ਼ਰਧਾਲੂ ਸਵੈ-ਇੱਛਾ ਨਾਲ ਹੀ ਸੇਵਾ ਵਿੱਚ ਯੋਗਦਾਨ ਪਾਉਂਦੇ ਸਨ । ਅਜੋਕੇ ਸਮੇਂ ਵਿੱਚ ਅਜਿਹੇ ਵਿਰਲੇ ਇਨਸਾਨ ਉਂਗਲਾਂ &lsquoਤੇ ਗਿਣਨ ਯੋਗ ਹੋਣਗੇ । ਇਕ ਨਿਸ਼ਠਾਵਾਨ ਕਾਰਸੇਵਕ, ਬੇਲਾਗ, ਬੇਦਾਗ, ਰੱਬੀ ਰੂਹ ਬਾਬਾ ਗੁਰਮੁੱਖ ਸਿੰਘ ਦਾ ਜਨਮ 1849 ਈ: ਵਿੱਚ ਪਟਿਆਲਾ ਰਿਆਸਤ ਦੇ ਦਿਆਲਗੜ੍ਹ ਬੂੜੀਆ ਨਾਂਅ ਦੇ ਪਿੰਡ ਵਿੱਚ ਭਾਈ ਕਰਮ ਸਿੰਘ ਦੇ ਘਰ ਮਾਤਾ ਗੁਰਦੇਈ ਦੀ ਕੁੱਖ ਤੋਂ ਹੋਇਆ । ਉਸ ਸਮੇਂ ਗੁਰੂ ਘਰਾਂ ਦੀਆਂ ਇਮਾਰਤਾਂ ਵਧੇਰੇ ਕਰਕੇ ਕੱਚੀਆਂ ਸਨ । ਸੰਗਤ ਲਈ ਸੁੱਖ ਸਹੂਲਤਾਂ ਦੀ ਘਾਟ ਵੀ ਤਕਰੀਬਨ ਹਰ ਗੁਰੂ ਘਰ ਵਿੱਚ ਹੀ ਸੀ । ਜਨਮ ਤੋਂ ਹੀ ਇਨ੍ਹਾਂ ਦੇ ਹਿਰਦੇ ਵਿੱਚ ਆਪਣੇ ਸਾਧੂ ਸੁਭਾਅ ਪਿਤਾ ਤੋਂ ਗੁਰਬਾਣੀ ਪੜ੍ਹਨ ਅਤੇ ਵਿਚਾਰਨ ਦੇ ਸੰਸਕਾਰ ਬਣਨੇ ਸ਼ੁਰੂ ਹੋ ਗਏ । ਜਵਾਨੀ ਦੇ ਦਿਨਾਂ ਵਿੱਚ ਆਪ ਨੇ ਪਟਿਆਲਾ ਰਿਆਸਤ ਦੇ ਫ਼ੀਲ ਖਾਨੇ ਦੀ ਨੌਕਰੀ ਕੀਤੀ, ਬਾਅਦ ਵਿੱਚ ਉਸ ਸਮੇਂ ਦੀ ਅੰਗ੍ਰੇਜ਼ੀ ਫੌਜ ਵਿੱਚ ਭਰਤੀ ਹੋ ਗਏ । ਪਰ ਇਨਸਾਨੀਅਤ ਦੀ ਸੇਵਾ ਤੇ ਪਰਉਪਕਾਰੀ ਸੁਭਾਅ ਕਾਰਨ ਫੌਜ ਵਿੱਚ ਮਨ ਨਾ ਲੱਗਾ । ਉਥੋਂ ਅਸਤੀਫਾ ਦੇ ਕੇ ਪਟਿਆਲਾ ਤੋਂ ਕੁਝ ਦੂਰੀ &lsquoਤੇ ਇਕ ਬੀਆਵਾਨ ਥਾਂ &lsquoਤੇ ਪ੍ਰਭੂ ਦੇ ਚਿੰਤਨ ਵਿੱਚ ਜੁੱਟ ਗਏ । 12 ਸਾਲ ਤੱਕ ਗੁਰਬਾਣੀ ਸ਼ਬਦ ਦੀ ਅਰਾਧਨਾ ਕਰਨ ਤੋਂ ਪਿੱਛੋਂ ਮਨ ਪੂਰੀ ਤਰ੍ਹਾਂ ਸਾਧਿਆ ਗਿਆ । ਆਪਣੇ ਨਾਲ ਪਿਆਰ ਕਰਨ ਵਾਲੀਆਂ ਸਿੱਖ ਸੰਗਤਾਂ ਨਾਲ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੀ ਯਾਤਰਾ ਕੀਤੀ । 1903 ਈ: ਵਿੱਚ ਅੰਮ੍ਰਿਤਸਰ ਜਾ ਕੇ ਸ੍ਰੀ ਹਰਿਮੰਦਰ ਸਾਹਿਬ ਦੇ ਮਲਵਈ ਬੁੰਗੇ ਵਿੱਚ ਜਾ ਆਸਣ ਲਾਇਆ । ਉਥੇ ਹੀ ਸ੍ਰੀ ਦਰਬਾਰ ਸਾਹਿਬ ਦੇ ਉੱਘੇ ਕੀਰਤਨੀਏ ਭਾਈ ਸ਼ਾਮ ਸਿੰਘ ਦੀ ਸੰਗਤ ਮਿਲੀ । ਇਨ੍ਹਾਂ ਦੇ ਨਿੱਜੀ ਜੀਵਨ ਤੋਂ ਅਜਿਹੀ ਸਿੱਖਿਆ ਮਿਲੀ, ਜਿਸ ਨਾਲ ਅਕਾਲ ਪੁਰਖ ਵਾਹਿਗੁਰੂ ਦੀ ਬੰਦਗੀ ਤੋਂ ਇਲਾਵਾ ਆਪਣੇ ਜੀਵਨ ਦਾ ਨਿਸ਼ਾਨਾ ਕੇਵਲ ਗੁਰੂ ਘਰ ਦੀ ਨਿਸ਼ਕਾਮ ਸੇਵਾ ਬਣ ਗਿਆ ।
ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਪਵਿੱਤਰ ਸਰੋਵਰ ਦੀਆਂ ਪੌੜੀਆਂ ਦੀ ਸਫ਼ਾਈ ਤੋਂ ਨਿੱਤ ਦਾ ਜੀਵਨ ਆਰੰਭ ਹੁੰਦਾ ਸੀ । 1914 ਈ: ਵਿੱਚ ਕਾਰਸੇਵਾ ਨੂੰ ਆਪਣੇ ਜੀਵਨ ਦਾ ਅਹਿਮ ਅੰਗ ਸਮਝ ਕੇ ਸੇਵਾ ਆਰੰਭੀ । ਸਭ ਤੋਂ ਪਹਿਲਾਂ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪੰਜਾਂ ਸਰੋਵਰਾਂ ਵਿੱਚੋਂ ਸੰਤੋਖਸਰ ਸਾਹਿਬ ਦੇ ਸਰੋਵਰ ਦੀ ਕਾਰਸੇਵਾ ਸ਼ੁਰੂ ਕੀਤੀ । ਫਿਰ ਲਗਾਤਾਰ ਇਹ ਸਿਲਸਿਲਾ ਚੱਲਦਾ ਰਿਹਾ । 1923 ਤੋਂ 1928 ਤੱਕ ਆਪ ਨੇ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਸਾਹਿਬ ਦੇ ਸਰੋਵਰ ਦੀ ਸਫ਼ਾਈ, ਪੌੜੀਆਂ ਬਨਾਉਣ ਅਤੇ ਪਵਿੱਤਰ ਸਰੋਵਰ ਲਈ ਨਿਰੰਤਰ ਜਲ ਦੀ ਤਾਜ਼ਾ ਸਪਲਾਈ ਲਈ ਹੰਸਲੀ ਦੀ ਸੇਵਾ ਆਰੰਭੀ । ਇਸ ਸ਼ਲਾਘਾਯੋਗ ਕਾਰਜ ਦੀ ਹਰ ਪਾਸੇ ਖੂਬ ਪ੍ਰਸ਼ੰਸਾ ਹੋਈ । ਇਸ ਤੋਂ ਪਿੱਛੋਂ ਇਨ੍ਹਾਂ ਉਦਾਸੀ ਮਹਾਂਪੁਰਸ਼ ਸੰਤ ਪ੍ਰੀਤਮ ਦਾਸ ਅਤੇ ਸੰਤ ਸੰਤੋਖ ਦਾਸ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਪਵਿੱਤਰ ਅੰਮ੍ਰਿਤ ਸਰੋਵਰ ਲਈ ਜਲ ਪਹੁੰਚਾਉਣ ਵਾਲੀ ਹੰਸਲੀ ਦਾ ਨਵ-ਨਿਰਮਾਣ ਕਰਵਾਇਆ । ਅੰਮ੍ਰਿਤਸਰ ਤੋਂ ਬਾਅਦ ਵਿੱਚ ਸ੍ਰੀ ਮੁਕਤਸਰ ਸਾਹਿਬ ਦੇ ਗੁਰਧਾਮ ਦਾ ਨਵ-ਨਿਰਮਾਣ ਕਰਵਾਇਆ, ਫਿਰ ਸ੍ਰੀ ਖਡੂਰ ਸਾਹਿਬ ਦੇ ਗੁਰਦੁਆਰਾ ਤਪਿਆਣਾ ਸਾਹਿਬ ਦੀ ਇਮਾਰਤ ਦੀ ਨਵ-ਉਸਾਰੀ ਕਰਵਾਈ, ਨਾਲ ਹੀ ਪਵਿੱਤਰ ਸਰੋਵਰ ਵੀ ਤਿਆਰ ਕਰਵਾਇਆ । ਇਸ ਤੋਂ ਬਾਅਦ ਬਾਬਾ ਬਕਾਲਾ ਸਾਹਿਬ ਦੇ ਪਵਿੱਤਰ ਸਰੋਵਰ ਦੀਆਂ ਪੌੜੀਆਂ ਤੋਂ ਇਲਾਵਾ ਪਰਿਕਰਮਾ ਨੂੰ ਵੀ ਪੱਕੇ ਫਰਸ਼ ਵਿੱਚ ਬਦਲਿਆ । ਇਹ ਸਾਰੇ ਕਾਰਜ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਹੀ ਹੋਏ । ਉਦੋਂ ਤੱਕ ਆਵਾਜਾਈ, ਸੜਕਾਂ, ਮੋਟਰ-ਗੱਡੀਆਂ ਦੀਆਂ ਸਹੂਲਤਾਂ ਵੀ ਨਾ-ਮਾਤਰ ਹੀ ਹੁੰਦੀਆਂ ਸਨ । ਸੰਗਤ ਵਿੱਚੋਂ ਮਾਇਕ ਸਹਾਇਤਾ ਵੀ ਬਹੁਤ ਘੱਟ ਆਉਂਦੀ ਸੀ ।
ਆਜ਼ਾਦੀ ਮਿਲਣ ਤੋਂ ਥੋੜ੍ਹਾ ਸਮਾਂ ਪਹਿਲਾਂ ਆਪ ਨੇ ਸ੍ਰੀ ਨਨਕਾਣਾ ਸਾਹਿਬ ਵਿਖੇ ਗੁਰਦੁਆਰਾ ਬਲ-ਲੀਲਾ ਅਤੇ ਗੁਰਦੁਆਰਾ ਕਿਆਰਾ ਸਾਹਿਬ ਦੀਆਂ ਇਮਾਰਤਾਂ ਦੀ ਨਵਉਸਾਰੀ ਕਰਵਾਈ । 1947 ਈ: ਵਿੱਚ ਜਦੋਂ ਆਪ ਗੁਰੂ ਨਾਨਕ ਸਾਹਿਬ ਦੇ ਜਨਮ-ਅਸਥਾਨ ਦੀ ਨਵੀਂ ਇਮਾਰਤ ਦੀ ਤਿਆਰੀ ਦੀ ਯੋਜਨਾ ਉਲੀਕ ਰਹੇ ਸਨ ਤਾਂ ਬਦਕਿਸਮਤੀ ਨਾਲ ਪੰਜਾਬ ਦੋ ਟੋਟਿਆਂ ਵਿੱਚ ਵੰਡਿਆ ਗਿਆ । ਸ੍ਰੀ ਨਨਕਾਣਾ ਸਾਹਿਬ ਦੇ ਗੁਰਦੁਆਰਾ ਜਨਮ ਅਸਥਾਨ ਦੀ ਇਮਾਰਤ ਦੀ ਸੇਵਾ ਦੇ ਨਵ-ਨਿਰਮਾਣ ਦੀ ਸੇਵਾ ਨਾ ਕਰਵਾਉਣ ਦੀ ਹਿਰਦੇ ਵੇਦਕ ਘਟਨਾ ਦਾ ਦੁੱਖ, ਦੇਸ਼ ਦੀ ਵੰਡ ਦਾ ਦੁੱਖ, ਭਰੇ-ਭਕੁੰਨੇ ਘਰਾਂ ਨੂੰ ਛੱਡ ਕੇ ਸ਼ਰਨਾਰਥੀ ਬਣ ਜਾਣ ਦੀਆਂ ਅਸਹਿ ਘਟਨਾਵਾਂ ਨੇ ਬਾਬਾ ਜੀ ਦੇ ਦਇਆ, ਨਿਮਰਤਾ ਅਤੇ ਪਰਉਪਕਾਰੀ ਮਨ &lsquoਤੇ ਡੂੰਘੀ ਸੱਟ ਮਾਰੀ ।
ਜਦੋਂ ਆਪ ਦੇਸ਼ ਦੀ ਵੰਡ ਤੋਂ ਬਾਅਦ ਅੰਮ੍ਰਿਤਸਰ ਦੀ ਪਵਿੱਤਰ ਧਰਤੀ &lsquoਤੇ ਪੁੱਜੇ ਤਾਂ ਸ਼ਰਨਾਰਥੀਆਂ ਦਾ ਹੜ੍ਹ ਵੇਖ ਕੇ ਦਇਆ ਨਾਲ ਭਰਿਆ ਮਨ ਪਸੀਜਿਆ ਗਿਆ, ਭੁੱਖੇ ਭਾਣੇ ਸ਼ਰਨਾਰਥੀਆਂ ਲਈ ਲੰਗਰ ਦੀ ਸੇਵਾ ਆਰੰਭ ਕਰ ਦਿੱਤੀ । ਨਾਲ ਹੀ ਸੋਚ ਰਹੇ ਸਨ ਧੰਨ ਗੁਰੂ ਰਾਮਦਾਸ ਜੀ ਦੇ ਇਸ ਪਾਵਨ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਨੂੰ ਹੋਰ ਖੁੱਲ੍ਹਾ ਕੀਤਾ ਜਾਵੇ । 30 ਨਵੰਬਰ, 1947 ਨੂੰ ਪੰਜਾਬ ਦੇ ਹੋਏ ਦੋ ਟੋਟਿਆਂ ਦੇ ਗ਼ਮ ਅਤੇ ਵਿਛੜੇ ਗੁਰਧਾਮਾਂ ਦੇ ਨਾ ਸਹਾਰੇ ਜਾ ਸਕਣ ਦੇ ਦੁੱਖ ਦੀ ਚੀਸ ਦੌਰਾਨ ਉਨ੍ਹਾਂ ਨੂੰ ਸਦੀਵੀ ਬੁਲਾਵਾ ਆ ਗਿਆ । ਉਨ੍ਹਾਂ ਦਾ ਸਸਕਾਰ ਅਪਰਬਾਰੀ ਦੁਆਬ ਨਹਿਰ ਦੇ ਕਿਨਾਰੇ ਉਥੇ ਹੀ ਕੀਤਾ ਗਿਆ, ਜਿਥੇ ਉਹ ਆਪਣੀ ਕੁਟੀਆ ਵਿੱਚ ਬਿਰਾਜਦੇ ਸਨ । ਆਪ ਸੱਚਮੁੱਚ ਹੀ ਸੇਵਾ ਦੀ ਮੂਰਤੀ ਬਣ ਕੇ ਜੀਵੇ । ਅੱਜ ਤਕਰੀਬਨ ਹਰੇਕ ਕਾਰ ਸੇਵਕ ਉਨ੍ਹਾਂ ਨੂੰ ਆਪਣਾ ਪ੍ਰੇਰਨਾ-ਸਰੋਤ ਮੰਨਦਾ ਹੈ । ਅਨੇਕਾਂ ਕਾਰਸੇਵਾਂ ਕਰਨ ਵਾਲੀਆਂ ਹਸਤੀਆਂ ਅੱਜ ਉਨ੍ਹਾਂ ਦੀ ਵਿਦਾਈ ਵਾਲੇ ਦਿਨ ਉਨ੍ਹਾਂ ਦੀ ਯਾਦ ਵਿੱਚ ਜੁੜ ਰਹੀਆਂ ਹਨ । -ਭਗਵਾਨ ਸਿੰਘ ਜੌਹਲ